ਯੂਨਾਹ
1 ਅਮਿੱਤਈ ਦੇ ਪੁੱਤਰ ਯੂਨਾਹ*+ ਨੂੰ ਯਹੋਵਾਹ ਦਾ ਇਹ ਸੰਦੇਸ਼ ਆਇਆ: 2 “ਉੱਠ, ਵੱਡੇ ਸ਼ਹਿਰ ਨੀਨਵਾਹ+ ਨੂੰ ਜਾਹ ਅਤੇ ਉੱਥੇ ਦੇ ਲੋਕਾਂ ਨੂੰ ਸਜ਼ਾ ਸੁਣਾ ਕਿਉਂਕਿ ਮੈਂ ਉਨ੍ਹਾਂ ਦੀ ਬੁਰਾਈ ਵੱਲ ਧਿਆਨ ਦਿੱਤਾ ਹੈ।”
3 ਪਰ ਯੂਨਾਹ ਯਹੋਵਾਹ ਤੋਂ ਦੂਰ ਤਰਸ਼ੀਸ਼ ਵੱਲ ਨੂੰ ਭੱਜ ਗਿਆ; ਉਹ ਯਾਪਾ ਨੂੰ ਗਿਆ ਜਿੱਥੋਂ ਇਕ ਜਹਾਜ਼ ਤਰਸ਼ੀਸ਼ ਨੂੰ ਚੱਲਾ ਸੀ। ਉਹ ਕਿਰਾਇਆ ਦੇ ਕੇ ਹੋਰ ਲੋਕਾਂ ਨਾਲ ਜਹਾਜ਼ ਵਿਚ ਚੜ੍ਹ ਗਿਆ ਅਤੇ ਯਹੋਵਾਹ ਤੋਂ ਦੂਰ ਤਰਸ਼ੀਸ਼ ਨੂੰ ਚਲਾ ਗਿਆ।
4 ਫਿਰ ਯਹੋਵਾਹ ਨੇ ਸਮੁੰਦਰ ਵਿਚ ਤੇਜ਼ ਹਨੇਰੀ ਵਗਾਈ ਅਤੇ ਭਿਆਨਕ ਤੂਫ਼ਾਨ ਆਇਆ ਜਿਸ ਕਰਕੇ ਜਹਾਜ਼ ਡੁੱਬਣ ਦਾ ਖ਼ਤਰਾ ਪੈਦਾ ਹੋ ਗਿਆ। 5 ਜਹਾਜ਼ ਦੇ ਚਾਲਕ ਡਰ ਦੇ ਮਾਰੇ ਆਪੋ-ਆਪਣੇ ਦੇਵਤਿਆਂ ਨੂੰ ਮਦਦ ਲਈ ਪੁਕਾਰਨ ਲੱਗੇ। ਨਾਲੇ ਉਹ ਜਹਾਜ਼ ਨੂੰ ਹਲਕਾ ਕਰਨ ਲਈ ਇਸ ਵਿੱਚੋਂ ਸਾਮਾਨ ਸਮੁੰਦਰ ਵਿਚ ਸੁੱਟਣ ਲੱਗੇ।+ ਪਰ ਯੂਨਾਹ ਜਹਾਜ਼ ਦੇ ਤਹਿਖਾਨੇ ਵਿਚ ਗੂੜ੍ਹੀ ਨੀਂਦ ਸੁੱਤਾ ਪਿਆ ਸੀ। 6 ਜਹਾਜ਼ ਦੇ ਕਪਤਾਨ ਨੇ ਉਸ ਕੋਲ ਆ ਕੇ ਕਿਹਾ: “ਤੂੰ ਕਿਉਂ ਸੁੱਤਾ ਪਿਆ ਹੈਂ? ਉੱਠ, ਆਪਣੇ ਦੇਵਤੇ ਨੂੰ ਪੁਕਾਰ। ਸ਼ਾਇਦ ਸੱਚਾ ਪਰਮੇਸ਼ੁਰ ਸਾਡੇ ਵੱਲ ਧਿਆਨ ਦੇਵੇ ਅਤੇ ਸਾਡੀ ਜਾਨ ਬਚ ਜਾਵੇ।”+
7 ਫਿਰ ਉਹ ਇਕ-ਦੂਜੇ ਨੂੰ ਕਹਿਣ ਲੱਗੇ: “ਆਓ ਆਪਾਂ ਗੁਣੇ ਪਾ ਕੇ ਦੇਖੀਏ+ ਕਿ ਸਾਡੇ ਉੱਤੇ ਇਹ ਬਿਪਤਾ ਕਿਸ ਦੀ ਵਜ੍ਹਾ ਨਾਲ ਆਈ ਹੈ?” ਉਨ੍ਹਾਂ ਨੇ ਗੁਣੇ ਪਾਏ ਅਤੇ ਗੁਣਾ ਯੂਨਾਹ ਦੇ ਨਾਂ ʼਤੇ ਨਿਕਲਿਆ।+ 8 ਉਨ੍ਹਾਂ ਨੇ ਉਸ ਨੂੰ ਕਿਹਾ: “ਸਾਨੂੰ ਦੱਸ, ਕੀ ਤੇਰੇ ਕਰਕੇ ਸਾਡੇ ʼਤੇ ਇਹ ਬਿਪਤਾ ਆਈ ਹੈ? ਤੂੰ ਕੀ ਕੰਮ ਕਰਦਾ ਹੈਂ? ਤੂੰ ਕਿੱਥੋਂ ਆਇਆ ਹੈਂ? ਤੇਰਾ ਦੇਸ਼ ਕਿਹੜਾ ਹੈ ਅਤੇ ਤੂੰ ਕਿਹੜੀ ਕੌਮ ਦਾ ਹੈਂ?
9 ਉਸ ਨੇ ਜਵਾਬ ਦਿੱਤਾ: “ਮੈਂ ਇਬਰਾਨੀ ਹਾਂ ਅਤੇ ਸਵਰਗ ਦੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਦਾ ਹਾਂ* ਜਿਸ ਨੇ ਧਰਤੀ ਅਤੇ ਸਮੁੰਦਰ ਨੂੰ ਬਣਾਇਆ ਹੈ।”
10 ਇਹ ਸੁਣ ਕੇ ਉਹ ਹੋਰ ਵੀ ਡਰ ਗਏ ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤੂੰ ਇਹ ਕੀ ਕੀਤਾ?” (ਯੂਨਾਹ ਨੇ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਯਹੋਵਾਹ ਤੋਂ ਦੂਰ ਭੱਜ ਰਿਹਾ ਸੀ।) 11 ਇਸ ਲਈ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਅਸੀਂ ਤੇਰੇ ਨਾਲ ਕੀ ਕਰੀਏ ਤਾਂਕਿ ਸਮੁੰਦਰ ਸ਼ਾਂਤ ਹੋ ਜਾਵੇ?” ਤੂਫ਼ਾਨ ਕਰਕੇ ਸਮੁੰਦਰ ਵਿਚ ਹਲਚਲ ਵਧਦੀ ਜਾ ਰਹੀ ਸੀ। 12 ਉਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੈਨੂੰ ਚੁੱਕ ਕੇ ਸਮੁੰਦਰ ਵਿਚ ਸੁੱਟ ਦਿਓ। ਇਸ ਨਾਲ ਸਮੁੰਦਰ ਸ਼ਾਂਤ ਹੋ ਜਾਵੇਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਇਹ ਭਿਆਨਕ ਤੂਫ਼ਾਨ ਮੇਰੇ ਕਰਕੇ ਹੀ ਆਇਆ ਹੈ।” 13 ਪਰ ਇਸ ਤਰ੍ਹਾਂ ਕਰਨ ਦੀ ਬਜਾਇ, ਆਦਮੀਆਂ ਨੇ ਜਹਾਜ਼ ਨੂੰ ਕੰਢੇ ʼਤੇ ਲਿਆਉਣ ਲਈ ਪੂਰੇ ਜ਼ੋਰ ਨਾਲ ਚੱਪੂ ਮਾਰੇ, ਪਰ ਤੂਫ਼ਾਨੀ ਲਹਿਰਾਂ ਦਾ ਜ਼ੋਰ ਬਹੁਤ ਜ਼ਿਆਦਾ ਹੋਣ ਕਰਕੇ ਉਨ੍ਹਾਂ ਦਾ ਵੱਸ ਨਾ ਚੱਲਿਆ।
14 ਫਿਰ ਉਨ੍ਹਾਂ ਨੇ ਯਹੋਵਾਹ ਨੂੰ ਪੁਕਾਰ ਕੇ ਕਿਹਾ: “ਹੇ ਯਹੋਵਾਹ, ਇਸ ਆਦਮੀ ਕਰਕੇ ਸਾਨੂੰ ਨਾਸ਼ ਨਾ ਹੋਣ ਦੇ! ਸਾਨੂੰ ਬੇਕਸੂਰ ਆਦਮੀ ਦੀ ਮੌਤ* ਦਾ ਜ਼ਿੰਮੇਵਾਰ ਨਾ ਠਹਿਰਾਈਂ। ਹੇ ਯਹੋਵਾਹ, ਇਹ ਸਭ ਕੁਝ ਤੇਰੀ ਹੀ ਮਰਜ਼ੀ ਨਾਲ ਹੋਇਆ ਹੈ।” 15 ਫਿਰ ਉਨ੍ਹਾਂ ਨੇ ਯੂਨਾਹ ਨੂੰ ਚੁੱਕ ਕੇ ਸਮੁੰਦਰ ਵਿਚ ਸੁੱਟ ਦਿੱਤਾ ਅਤੇ ਸਮੁੰਦਰ ਸ਼ਾਂਤ ਹੋ ਗਿਆ। 16 ਇਸ ਕਰਕੇ ਉਨ੍ਹਾਂ ਆਦਮੀਆਂ ʼਤੇ ਯਹੋਵਾਹ ਦਾ ਡਰ ਛਾ ਗਿਆ+ ਅਤੇ ਉਨ੍ਹਾਂ ਨੇ ਯਹੋਵਾਹ ਅੱਗੇ ਬਲ਼ੀ ਚੜ੍ਹਾਈ ਅਤੇ ਸੁੱਖਣਾਂ ਸੁੱਖੀਆਂ।
17 ਉਦੋਂ ਯਹੋਵਾਹ ਨੇ ਇਕ ਵੱਡੀ ਸਾਰੀ ਮੱਛੀ ਭੇਜੀ ਜਿਸ ਨੇ ਯੂਨਾਹ ਨੂੰ ਨਿਗਲ਼ ਲਿਆ ਅਤੇ ਯੂਨਾਹ ਮੱਛੀ ਦੇ ਢਿੱਡ ਵਿਚ ਤਿੰਨ ਦਿਨ ਅਤੇ ਤਿੰਨ ਰਾਤਾਂ ਰਿਹਾ।+