ਗਲਾਤੀਆਂ ਨੂੰ ਚਿੱਠੀ
6 ਭਰਾਵੋ, ਜੇ ਕੋਈ ਇਨਸਾਨ ਅਣਜਾਣੇ ਵਿਚ ਗ਼ਲਤ ਕਦਮ ਉਠਾ ਲਵੇ, ਤਾਂ ਤੁਸੀਂ ਜਿਹੜੇ ਸਮਝਦਾਰ ਹੋ,* ਉਸ ਨੂੰ ਨਰਮਾਈ ਨਾਲ ਸੁਧਾਰਨ ਦੀ ਕੋਸ਼ਿਸ਼ ਕਰੋ।+ ਪਰ ਤੁਸੀਂ ਆਪਣੇ ਉੱਤੇ ਵੀ ਨਜ਼ਰ ਰੱਖੋ,+ ਕਿਤੇ ਤੁਸੀਂ ਵੀ ਭਰਮਾਏ ਨਾ ਜਾਓ।+ 2 ਇਕ-ਦੂਜੇ ਦਾ ਬੋਝ ਉਠਾਉਂਦੇ ਰਹੋ+ ਅਤੇ ਇਸ ਤਰ੍ਹਾਂ ਮਸੀਹ ਦਾ ਕਾਨੂੰਨ ਪੂਰਾ ਕਰੋ+ 3 ਕਿਉਂਕਿ ਜੇ ਕੋਈ ਕੁਝ ਨਾ ਹੁੰਦੇ ਹੋਏ ਵੀ ਆਪਣੇ ਆਪ ਨੂੰ ਕੁਝ ਸਮਝੇ,+ ਤਾਂ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ। 4 ਹਰ ਇਨਸਾਨ ਖ਼ੁਦ ਆਪਣੇ ਕੰਮ ਦੀ ਜਾਂਚ ਕਰੇ।+ ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਕੰਮ ਤੋਂ ਖ਼ੁਸ਼ ਹੋਵੇਗਾ। ਉਹ ਆਪਣੀ ਤੁਲਨਾ ਕਿਸੇ ਹੋਰ ਨਾਲ ਨਾ ਕਰੇ+ 5 ਕਿਉਂਕਿ ਹਰੇਕ ਨੂੰ ਆਪੋ-ਆਪਣਾ ਭਾਰ* ਚੁੱਕਣਾ ਪਵੇਗਾ।+
6 ਇਸ ਤੋਂ ਇਲਾਵਾ, ਹਰ ਕੋਈ ਜਿਸ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ* ਦਿੱਤੀ ਜਾ ਰਹੀ ਹੈ, ਉਹ ਆਪਣੇ ਸਿੱਖਿਅਕ ਨਾਲ ਆਪਣੀ ਹਰ ਚੰਗੀ ਚੀਜ਼ ਸਾਂਝੀ ਕਰੇ।+
7 ਧੋਖਾ ਨਾ ਖਾਓ: ਕੋਈ ਵੀ ਪਰਮੇਸ਼ੁਰ ਨੂੰ ਮੂਰਖ ਨਹੀਂ ਬਣਾ ਸਕਦਾ।* ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ;+ 8 ਜਿਹੜਾ ਇਨਸਾਨ ਸਰੀਰ ਦੀਆਂ ਗ਼ਲਤ ਇੱਛਾਵਾਂ ਅਨੁਸਾਰ ਬੀਜਦਾ ਹੈ, ਉਹ ਸਰੀਰ ਤੋਂ ਵਿਨਾਸ਼ ਦੀ ਫ਼ਸਲ ਵੱਢੇਗਾ, ਪਰ ਜਿਹੜਾ ਇਨਸਾਨ ਪਵਿੱਤਰ ਸ਼ਕਤੀ ਅਨੁਸਾਰ ਬੀਜਦਾ ਹੈ, ਉਹ ਪਵਿੱਤਰ ਸ਼ਕਤੀ ਦੁਆਰਾ ਹਮੇਸ਼ਾ ਦੀ ਜ਼ਿੰਦਗੀ ਦੀ ਫ਼ਸਲ ਵੱਢੇਗਾ।+ 9 ਇਸ ਲਈ, ਆਓ ਆਪਾਂ ਚੰਗੇ ਕੰਮ ਕਰਨੇ ਨਾ ਛੱਡੀਏ ਕਿਉਂਕਿ ਜੇ ਅਸੀਂ ਹਿੰਮਤ ਨਹੀਂ ਹਾਰਾਂਗੇ, ਤਾਂ ਸਮਾਂ ਆਉਣ ਤੇ ਅਸੀਂ ਚੰਗੀ ਫ਼ਸਲ ਜ਼ਰੂਰ ਵੱਢਾਂਗੇ।+ 10 ਤਾਂ ਫਿਰ, ਜਦ ਤਕ ਸਾਡੇ ਕੋਲ ਮੌਕਾ* ਹੈ, ਆਓ ਆਪਾਂ ਸਾਰਿਆਂ ਦਾ ਭਲਾ ਕਰਦੇ ਰਹੀਏ, ਪਰ ਖ਼ਾਸ ਕਰਕੇ ਆਪਣੇ ਮਸੀਹੀ ਭੈਣਾਂ-ਭਰਾਵਾਂ ਦਾ।
11 ਦੇਖੋ, ਮੈਂ ਤੁਹਾਨੂੰ ਇਹ ਚਿੱਠੀ ਆਪਣੇ ਹੱਥੀਂ ਕਿੰਨੇ ਵੱਡੇ-ਵੱਡੇ ਅੱਖਰਾਂ ਨਾਲ ਲਿਖੀ ਹੈ।
12 ਉਹ ਸਾਰੇ ਲੋਕ ਜੋ ਦੂਜਿਆਂ ਦੀਆਂ ਨਜ਼ਰਾਂ ਵਿਚ ਚੰਗੇ ਬਣਨਾ ਚਾਹੁੰਦੇ ਹਨ, ਉਹੀ ਤੁਹਾਨੂੰ ਸੁੰਨਤ ਕਰਾਉਣ ਲਈ ਮਜਬੂਰ ਕਰਦੇ ਹਨ, ਪਰ ਉਹ ਇਸ ਤਰ੍ਹਾਂ ਇਸ ਲਈ ਕਰਦੇ ਹਨ ਤਾਂਕਿ ਉਨ੍ਹਾਂ ਨੂੰ ਮਸੀਹ ਦੀ ਤਸੀਹੇ ਦੀ ਸੂਲ਼ੀ* ਖ਼ਾਤਰ ਜ਼ੁਲਮ ਨਾ ਝੱਲਣੇ ਪੈਣ। 13 ਜਿਹੜੇ ਸੁੰਨਤ ਕਰਵਾਉਂਦੇ ਵੀ ਹਨ, ਉਹ ਆਪ ਮੂਸਾ ਦੇ ਕਾਨੂੰਨ ਦੀ ਪਾਲਣਾ ਨਹੀਂ ਕਰਦੇ,+ ਪਰ ਉਹ ਚਾਹੁੰਦੇ ਹਨ ਕਿ ਤੁਸੀਂ ਵੀ ਸੁੰਨਤ ਕਰਾਓ ਤਾਂਕਿ ਉਹ ਤੁਹਾਡੇ ਕਰਕੇ* ਦੂਜਿਆਂ ਸਾਮ੍ਹਣੇ ਸ਼ੇਖ਼ੀ ਮਾਰ ਸਕਣ। 14 ਪਰ ਸਾਡੇ ਪ੍ਰਭੂ ਯਿਸੂ ਮਸੀਹ ਦੀ ਤਸੀਹੇ ਦੀ ਸੂਲ਼ੀ ਤੋਂ ਸਿਵਾਇ ਮੈਂ ਹੋਰ ਕਿਸੇ ਵੀ ਚੀਜ਼ ʼਤੇ ਸ਼ੇਖ਼ੀ ਨਹੀਂ ਮਾਰਨੀ ਚਾਹੁੰਦਾ+ ਜਿਸ ਦੇ ਰਾਹੀਂ ਦੁਨੀਆਂ ਮੇਰੀਆਂ ਨਜ਼ਰਾਂ ਵਿਚ ਮਰ ਚੁੱਕੀ ਹੈ* ਅਤੇ ਮੈਂ ਇਸ ਦੀਆਂ ਨਜ਼ਰਾਂ ਵਿਚ ਮਰ ਚੁੱਕਾ ਹਾਂ।* 15 ਸੁੰਨਤ ਕਰਾਉਣੀ ਜਾਂ ਨਾ ਕਰਾਉਣੀ ਕੋਈ ਮਾਅਨੇ ਨਹੀਂ ਰੱਖਦੀ,+ ਪਰ ਨਵੀਂ ਸ੍ਰਿਸ਼ਟੀ ਮਾਅਨੇ ਰੱਖਦੀ ਹੈ।+ 16 ਮੇਰੀ ਦੁਆ ਹੈ ਕਿ ਇਸ ਅਸੂਲ ਮੁਤਾਬਕ ਸਹੀ ਢੰਗ ਨਾਲ ਚੱਲਣ ਵਾਲੇ ਸਾਰੇ ਲੋਕਾਂ ਉੱਤੇ ਯਾਨੀ ਪਰਮੇਸ਼ੁਰ ਦੇ ਇਜ਼ਰਾਈਲ ਉੱਤੇ ਦਇਆ ਹੋਵੇ ਅਤੇ ਇਸ ਨੂੰ ਸ਼ਾਂਤੀ ਮਿਲੇ।+
17 ਹੁਣ ਤੋਂ ਕੋਈ ਵੀ ਮੇਰੇ ਲਈ ਮੁਸੀਬਤ ਨਾ ਖੜ੍ਹੀ ਕਰੇ ਕਿਉਂਕਿ ਮੇਰੇ ਸਰੀਰ ਉੱਤੇ ਨਿਸ਼ਾਨ ਦਾਗ਼ੇ ਹੋਏ ਹਨ ਕਿ ਮੈਂ ਯਿਸੂ ਦਾ ਦਾਸ ਹਾਂ।+
18 ਭਰਾਵੋ, ਤੁਹਾਡੇ ਸਹੀ ਰਵੱਈਏ ਕਰਕੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ʼਤੇ ਹੋਵੇ। ਆਮੀਨ।