ਯੂਨਾਹ
2 ਫਿਰ ਯੂਨਾਹ ਨੇ ਮੱਛੀ ਦੇ ਢਿੱਡ ਵਿਚ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋਏ+ 2 ਕਿਹਾ:
“ਮੈਂ ਦੁੱਖ ਦੇ ਮਾਰੇ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੈਨੂੰ ਜਵਾਬ ਦਿੱਤਾ।+
3 ਜਦ ਤੂੰ ਮੈਨੂੰ ਗਹਿਰਾਈਆਂ, ਹਾਂ, ਸਮੁੰਦਰ ਦੀਆਂ ਗਹਿਰਾਈਆਂ ਵਿਚ ਸੁੱਟਿਆ,
ਤਦ ਪਾਣੀ ਦੀਆਂ ਤਰੰਗਾਂ ਨੇ ਮੈਨੂੰ ਲਪੇਟ ਲਿਆ।+
ਤੇਰੀਆਂ ਸਾਰੀਆਂ ਉੱਚੀਆਂ-ਉੱਚੀਆਂ ਲਹਿਰਾਂ ਮੈਨੂੰ ਰੋੜ੍ਹ ਕੇ ਲੈ ਗਈਆਂ।+
4 ਮੈਂ ਕਿਹਾ, ‘ਤੂੰ ਮੈਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ ਹੈ!
ਮੈਂ ਤੇਰੇ ਪਵਿੱਤਰ ਮੰਦਰ ਦੇ ਦਰਸ਼ਣ ਦੁਬਾਰਾ ਕਿਵੇਂ ਕਰਾਂਗਾ?’
5 ਪਾਣੀਆਂ ਨੇ ਮੈਨੂੰ ਢਕ ਲਿਆ ਅਤੇ ਮੇਰੀ ਜਾਨ ʼਤੇ ਬਣ ਆਈ;+
ਡੂੰਘੇ ਪਾਣੀਆਂ ਨੇ ਮੈਨੂੰ ਆਪਣੀ ਬੁੱਕਲ ਵਿਚ ਲੈ ਲਿਆ।
ਸਮੁੰਦਰੀ ਘਾਹ ਨੇ ਮੇਰੇ ਸਿਰ ਦੁਆਲੇ ਲਪੇਟਾ ਮਾਰ ਲਿਆ।
6 ਮੈਂ ਡੁੱਬਦਾ-ਡੁੱਬਦਾ ਪਹਾੜਾਂ ਦੀਆਂ ਨੀਂਹਾਂ ਤਕ ਚਲਾ ਗਿਆ।
ਧਰਤੀ ਦੇ ਦਰਵਾਜ਼ੇ ਮੇਰੇ ਲਈ ਹਮੇਸ਼ਾ ਵਾਸਤੇ ਬੰਦ ਹੋ ਗਏ।
ਪਰ ਹੇ ਮੇਰੇ ਪਰਮੇਸ਼ੁਰ ਯਹੋਵਾਹ, ਤੂੰ ਮੇਰੀ ਜਾਨ ਨੂੰ ਕਬਰ* ਵਿੱਚੋਂ ਕੱਢਿਆ।+
7 ਜਦ ਮੇਰੀ ਜਾਨ ਨਿਕਲਣ ਵਾਲੀ ਸੀ, ਤਾਂ ਮੈਂ ਯਹੋਵਾਹ ਨੂੰ ਹੀ ਯਾਦ ਕੀਤਾ।+
ਤਦ ਮੇਰੀਆਂ ਪ੍ਰਾਰਥਨਾਵਾਂ ਤੇਰੇ ਪਵਿੱਤਰ ਮੰਦਰ ਵਿਚ ਤੇਰੇ ਹਜ਼ੂਰ ਪਹੁੰਚੀਆਂ।+
8 ਜਿਹੜੇ ਨਿਕੰਮੀਆਂ ਮੂਰਤਾਂ ਨੂੰ ਪੂਜਦੇ ਹਨ, ਉਹ ਅਟੱਲ ਪਿਆਰ ਦਿਖਾਉਣ ਵਾਲੇ ਨੂੰ ਭੁੱਲ ਜਾਂਦੇ ਹਨ।
9 ਪਰ ਮੈਂ ਤੇਰਾ ਧੰਨਵਾਦ ਕਰਾਂਗਾ ਅਤੇ ਤੈਨੂੰ ਬਲੀਦਾਨ ਚੜ੍ਹਾਵਾਂਗਾ।
ਮੈਂ ਆਪਣੀਆਂ ਸੁੱਖਣਾਂ ਪੂਰੀਆਂ ਕਰਾਂਗਾ।+
ਯਹੋਵਾਹ ਹੀ ਮੁਕਤੀ ਦਿੰਦਾ ਹੈ।”+
10 ਫਿਰ ਯਹੋਵਾਹ ਨੇ ਮੱਛੀ ਨੂੰ ਹੁਕਮ ਦਿੱਤਾ ਅਤੇ ਮੱਛੀ ਨੇ ਯੂਨਾਹ ਨੂੰ ਸੁੱਕੀ ਜ਼ਮੀਨ ਉੱਤੇ ਉਗਲ਼ ਦਿੱਤਾ।