ਇਬਰਾਨੀਆਂ ਨੂੰ ਚਿੱਠੀ
8 ਹੁਣ ਅਸੀਂ ਜੋ ਵੀ ਗੱਲਾਂ ਕਹੀਆਂ ਹਨ, ਉਨ੍ਹਾਂ ਦਾ ਨਿਚੋੜ ਇਹ ਹੈ: ਸਾਡਾ ਮਹਾਂ ਪੁਜਾਰੀ ਅਜਿਹਾ ਹੀ ਹੈ+ ਅਤੇ ਉਹ ਸਵਰਗ ਵਿਚ ਮਹਾਨ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਹੱਥ ਬੈਠ ਗਿਆ ਹੈ+ 2 ਅਤੇ ਉਹ ਉਸ ਅਸਲੀ ਤੰਬੂ ਦੇ ਅੱਤ ਪਵਿੱਤਰ ਕਮਰੇ ਵਿਚ ਸੇਵਾ ਕਰਦਾ ਹੈ+ ਜਿਸ ਨੂੰ ਇਨਸਾਨਾਂ ਨੇ ਨਹੀਂ, ਸਗੋਂ ਯਹੋਵਾਹ* ਨੇ ਖੜ੍ਹਾ ਕੀਤਾ ਹੈ। 3 ਹਰ ਮਹਾਂ ਪੁਜਾਰੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਭੇਟਾਂ ਅਤੇ ਬਲ਼ੀਆਂ ਚੜ੍ਹਾਵੇ, ਇਸ ਲਈ ਇਸ ਮਹਾਂ ਪੁਜਾਰੀ ਲਈ ਵੀ ਜ਼ਰੂਰੀ ਸੀ ਕਿ ਉਹ ਕੁਝ ਚੜ੍ਹਾਵੇ।+ 4 ਜੇ ਉਹ ਧਰਤੀ ʼਤੇ ਹੁੰਦਾ, ਤਾਂ ਉਸ ਨੇ ਪੁਜਾਰੀ ਨਹੀਂ ਬਣਨਾ ਸੀ+ ਕਿਉਂਕਿ ਮੂਸਾ ਦੇ ਕਾਨੂੰਨ ਅਨੁਸਾਰ ਭੇਟਾਂ ਚੜ੍ਹਾਉਣ ਲਈ ਪਹਿਲਾਂ ਹੀ ਪੁਜਾਰੀ ਨਿਯੁਕਤ ਕੀਤੇ ਗਏ ਹਨ। 5 ਪਰ ਇਨ੍ਹਾਂ ਪੁਜਾਰੀਆਂ ਦੀ ਪਵਿੱਤਰ ਸੇਵਾ ਸਵਰਗੀ ਚੀਜ਼ਾਂ+ ਦਾ ਨਮੂਨਾ ਅਤੇ ਪਰਛਾਵਾਂ+ ਹੈ; ਠੀਕ ਜਿਵੇਂ ਜਦੋਂ ਮੂਸਾ ਤੰਬੂ ਬਣਾਉਣ ਲੱਗਾ ਸੀ, ਤਾਂ ਉਸ ਨੂੰ ਪਰਮੇਸ਼ੁਰ ਨੇ ਇਹ ਹੁਕਮ ਦਿੱਤਾ ਸੀ: “ਤੂੰ ਧਿਆਨ ਨਾਲ ਸਾਰੀਆਂ ਚੀਜ਼ਾਂ ਉਸ ਨਮੂਨੇ ਮੁਤਾਬਕ ਬਣਾਈਂ ਜੋ ਤੈਨੂੰ ਪਹਾੜ ਉੱਤੇ ਦਿਖਾਇਆ ਗਿਆ ਹੈ।”+ 6 ਪਰ ਯਿਸੂ ਨੂੰ ਇਨ੍ਹਾਂ ਪੁਜਾਰੀਆਂ ਨਾਲੋਂ ਵੀ ਵਧੀਆ ਸੇਵਾ ਦਾ ਕੰਮ ਸੌਂਪਿਆ ਗਿਆ ਹੈ ਅਤੇ ਉਹ ਪਹਿਲੇ ਇਕਰਾਰ ਨਾਲੋਂ ਵੀ ਵਧੀਆ ਇਕਰਾਰ+ ਦਾ ਵਿਚੋਲਾ ਹੈ।+ ਇਹ ਇਕਰਾਰ ਕਾਨੂੰਨੀ ਮੰਗਾਂ ਅਨੁਸਾਰ ਪਹਿਲੇ ਵਾਅਦਿਆਂ ਨਾਲੋਂ ਵੀ ਵਧੀਆ ਵਾਅਦਿਆਂ ਉੱਤੇ ਆਧਾਰਿਤ ਹੈ।+
7 ਜੇ ਪਹਿਲੇ ਇਕਰਾਰ ਵਿਚ ਕੋਈ ਕਮੀ ਨਾ ਹੁੰਦੀ, ਤਾਂ ਦੂਸਰੇ ਇਕਰਾਰ ਦੀ ਲੋੜ ਨਾ ਪੈਂਦੀ।+ 8 ਪਰਮੇਸ਼ੁਰ ਲੋਕਾਂ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਕਹਿੰਦਾ ਹੈ: “‘ਦੇਖੋ! ਉਹ ਦਿਨ ਆ ਰਹੇ ਹਨ,’ ਯਹੋਵਾਹ* ਕਹਿੰਦਾ ਹੈ ‘ਜਦੋਂ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇਕ ਨਵਾਂ ਇਕਰਾਰ ਕਰਾਂਗਾ। 9 ਇਹ ਇਕਰਾਰ ਉਸ ਇਕਰਾਰ ਵਰਗਾ ਨਹੀਂ ਹੋਵੇਗਾ ਜਿਹੜਾ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਉਸ ਦਿਨ ਕੀਤਾ ਸੀ ਜਿਸ ਦਿਨ ਮੈਂ ਉਨ੍ਹਾਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ ਉਹ ਮੇਰੇ ਇਕਰਾਰ ਪ੍ਰਤੀ ਵਫ਼ਾਦਾਰ ਨਹੀਂ ਰਹੇ, ਇਸ ਲਈ ਮੈਂ ਉਨ੍ਹਾਂ ਦੀ ਦੇਖ-ਭਾਲ ਕਰਨੀ ਛੱਡ ਦਿੱਤੀ,’ ਯਹੋਵਾਹ* ਕਹਿੰਦਾ ਹੈ।
10 “‘ਉਨ੍ਹਾਂ ਦਿਨਾਂ ਤੋਂ ਬਾਅਦ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਇਹ ਇਕਰਾਰ ਕਰਾਂਗਾ,’ ਯਹੋਵਾਹ* ਕਹਿੰਦਾ ਹੈ। ‘ਮੈਂ ਆਪਣੇ ਕਾਨੂੰਨ ਉਨ੍ਹਾਂ ਦੇ ਮਨਾਂ ਵਿਚ ਪਾਵਾਂਗਾ ਅਤੇ ਇਹ ਕਾਨੂੰਨ ਮੈਂ ਉਨ੍ਹਾਂ ਦੇ ਦਿਲਾਂ ʼਤੇ ਲਿਖਾਂਗਾ।+ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।+
11 “‘ਅਤੇ ਉਨ੍ਹਾਂ ਵਿੱਚੋਂ ਕੋਈ ਵੀ ਆਪਣੇ ਗੁਆਂਢੀ ਨੂੰ ਤੇ ਆਪਣੇ ਭਰਾ ਨੂੰ ਇਹ ਕਹਿ ਕੇ ਸਿੱਖਿਆ ਨਹੀਂ ਦੇਵੇਗਾ: “ਯਹੋਵਾਹ* ਨੂੰ ਜਾਣੋ!” ਕਿਉਂਕਿ ਉਹ ਸਾਰੇ, ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ, ਮੈਨੂੰ ਜਾਣਦੇ ਹੋਣਗੇ। 12 ਮੈਂ ਉਨ੍ਹਾਂ ਉੱਤੇ ਦਇਆ ਕਰ ਕੇ ਉਨ੍ਹਾਂ ਦੇ ਬੁਰੇ ਕੰਮ ਮਾਫ਼ ਕਰਾਂਗਾ ਅਤੇ ਮੈਂ ਉਨ੍ਹਾਂ ਦੇ ਪਾਪਾਂ ਨੂੰ ਦੁਬਾਰਾ ਯਾਦ ਨਹੀਂ ਕਰਾਂਗਾ।’”+
13 ਉਸ ਨੇ “ਨਵੇਂ ਇਕਰਾਰ” ਦੀ ਗੱਲ ਕਰ ਕੇ ਪਹਿਲੇ ਇਕਰਾਰ ਨੂੰ ਰੱਦ ਕਰ ਦਿੱਤਾ ਹੈ।+ ਹੁਣ ਇਹ ਰੱਦ ਹੋਇਆ ਇਕਰਾਰ ਪੁਰਾਣਾ ਹੋ ਰਿਹਾ ਹੈ ਅਤੇ ਇਹ ਜਲਦੀ ਹੀ ਖ਼ਤਮ ਹੋ ਜਾਵੇਗਾ।+