ਪਹਿਲਾ ਰਾਜਿਆਂ
16 ਫਿਰ ਹਨਾਨੀ+ ਦੇ ਪੁੱਤਰ ਯੇਹੂ+ ਨੂੰ ਬਾਸ਼ਾ ਦੇ ਖ਼ਿਲਾਫ਼ ਯਹੋਵਾਹ ਦਾ ਇਹ ਬਚਨ ਆਇਆ: 2 “ਮੈਂ ਤੈਨੂੰ ਧੂੜ ਵਿੱਚੋਂ ਉਠਾਇਆ ਅਤੇ ਆਪਣੀ ਪਰਜਾ ਇਜ਼ਰਾਈਲ ਦਾ ਆਗੂ ਬਣਾਇਆ,+ ਪਰ ਤੂੰ ਯਾਰਾਬੁਆਮ ਦੇ ਰਾਹ ʼਤੇ ਚੱਲਦਾ ਰਿਹਾ ਅਤੇ ਮੇਰੀ ਪਰਜਾ ਇਜ਼ਰਾਈਲ ਤੋਂ ਪਾਪ ਕਰਵਾਇਆ ਜਿਸ ਕਰਕੇ ਉਨ੍ਹਾਂ ਨੇ ਆਪਣੇ ਪਾਪਾਂ ਨਾਲ ਮੇਰਾ ਕ੍ਰੋਧ ਭੜਕਾਇਆ।+ 3 ਇਸ ਲਈ ਮੈਂ ਬਾਸ਼ਾ ਅਤੇ ਉਸ ਦੇ ਘਰਾਣੇ ਨੂੰ ਹੂੰਝ ਦਿਆਂਗਾ ਅਤੇ ਮੈਂ ਉਸ ਦੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਾਂਗ ਕਰ ਦਿਆਂਗਾ।+ 4 ਬਾਸ਼ਾ ਦੇ ਪਰਿਵਾਰ ਦਾ ਜਿਹੜਾ ਵੀ ਸ਼ਹਿਰ ਵਿਚ ਮਰੇਗਾ, ਉਸ ਨੂੰ ਕੁੱਤੇ ਖਾ ਜਾਣਗੇ; ਅਤੇ ਉਸ ਦੇ ਪਰਿਵਾਰ ਦਾ ਜਿਹੜਾ ਵੀ ਮੈਦਾਨ ਵਿਚ ਮਰੇਗਾ, ਉਸ ਨੂੰ ਆਕਾਸ਼ ਦੇ ਪੰਛੀ ਖਾ ਜਾਣਗੇ।”
5 ਬਾਸ਼ਾ ਦੀ ਬਾਕੀ ਕਹਾਣੀ, ਉਸ ਦੇ ਸਾਰੇ ਕੰਮਾਂ ਅਤੇ ਉਸ ਦੀ ਤਾਕਤ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 6 ਫਿਰ ਬਾਸ਼ਾ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਤਿਰਸਾਹ+ ਵਿਚ ਦਫ਼ਨਾਇਆ ਗਿਆ; ਉਸ ਦਾ ਪੁੱਤਰ ਏਲਾਹ ਉਸ ਦੀ ਜਗ੍ਹਾ ਰਾਜਾ ਬਣ ਗਿਆ। 7 ਨਾਲੇ ਹਨਾਨੀ ਦੇ ਪੁੱਤਰ ਯੇਹੂ ਦੇ ਜ਼ਰੀਏ ਯਹੋਵਾਹ ਦਾ ਬਚਨ ਬਾਸ਼ਾ ਅਤੇ ਉਸ ਦੇ ਘਰਾਣੇ ਖ਼ਿਲਾਫ਼ ਇਨ੍ਹਾਂ ਦੋ ਕਾਰਨਾਂ ਕਰਕੇ ਆਇਆ: ਇਕ ਤਾਂ ਇਹ ਕਿ ਉਸ ਨੇ ਯਾਰਾਬੁਆਮ ਦੇ ਘਰਾਣੇ ਵਾਂਗ ਆਪਣੇ ਹੱਥਾਂ ਦੇ ਕੰਮਾਂ ਨਾਲ ਯਹੋਵਾਹ ਦਾ ਕ੍ਰੋਧ ਭੜਕਾ ਕੇ ਉਸ ਦੀਆਂ ਨਜ਼ਰਾਂ ਵਿਚ ਹਰ ਤਰ੍ਹਾਂ ਦੀ ਬੁਰਾਈ ਕੀਤੀ ਅਤੇ ਦੂਜਾ ਇਹ ਕਿ ਉਸ ਨੇ ਉਸ* ਨੂੰ ਮਾਰ ਸੁੱਟਿਆ।+
8 ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ 26ਵੇਂ ਸਾਲ ਬਾਸ਼ਾ ਦਾ ਪੁੱਤਰ ਏਲਾਹ ਤਿਰਸਾਹ ਵਿਚ ਇਜ਼ਰਾਈਲ ਉੱਤੇ ਰਾਜਾ ਬਣਿਆ ਅਤੇ ਉਸ ਨੇ ਦੋ ਸਾਲ ਰਾਜ ਕੀਤਾ। 9 ਜਦੋਂ ਉਹ ਤਿਰਸਾਹ ਵਿਚ ਰਾਜੇ ਦੇ ਘਰਾਣੇ ਉੱਤੇ ਨਿਯੁਕਤ ਅਧਿਕਾਰੀ ਆਰਸਾ ਦੇ ਘਰ ਪੀ-ਪੀ ਕੇ ਟੱਲੀ ਹੋ ਰਿਹਾ ਸੀ, ਤਾਂ ਉਸ ਦੇ ਸੇਵਕ ਜ਼ਿਮਰੀ ਨੇ, ਜੋ ਉਸ ਦੀ ਅੱਧੀ ਰਥ-ਸੈਨਾ ਦਾ ਮੁਖੀ ਸੀ, ਉਸ ਖ਼ਿਲਾਫ਼ ਸਾਜ਼ਸ਼ ਘੜੀ। 10 ਜ਼ਿਮਰੀ ਅੰਦਰ ਆਇਆ ਅਤੇ ਉਸ ʼਤੇ ਵਾਰ ਕਰ ਕੇ+ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦੀ ਜਗ੍ਹਾ ਖ਼ੁਦ ਰਾਜਾ ਬਣ ਗਿਆ। ਇਹ ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦਾ 27ਵਾਂ ਸਾਲ ਸੀ। 11 ਜਦੋਂ ਉਹ ਰਾਜਾ ਬਣਿਆ, ਤਾਂ ਸਿੰਘਾਸਣ ʼਤੇ ਬੈਠਦੇ ਸਾਰ ਉਸ ਨੇ ਬਾਸ਼ਾ ਦੇ ਸਾਰੇ ਘਰਾਣੇ ਨੂੰ ਮਾਰ ਸੁੱਟਿਆ। ਉਸ ਨੇ ਇਕ ਵੀ ਨਰ* ਨੂੰ ਨਹੀਂ ਬਖ਼ਸ਼ਿਆ, ਚਾਹੇ ਉਹ ਉਸ ਦੇ ਰਿਸ਼ਤੇਦਾਰਾਂ* ਵਿੱਚੋਂ ਸੀ ਜਾਂ ਉਸ ਦੇ ਦੋਸਤਾਂ ਵਿੱਚੋਂ। 12 ਇਸ ਤਰ੍ਹਾਂ ਜ਼ਿਮਰੀ ਨੇ ਬਾਸ਼ਾ ਦੇ ਪੂਰੇ ਘਰਾਣੇ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਯੇਹੂ ਨਬੀ ਰਾਹੀਂ ਬਾਸ਼ਾ ਦੇ ਖ਼ਿਲਾਫ਼ ਬੋਲਿਆ ਸੀ।+ 13 ਇਹ ਉਨ੍ਹਾਂ ਸਾਰੇ ਪਾਪਾਂ ਕਰਕੇ ਹੋਇਆ ਜੋ ਬਾਸ਼ਾ ਅਤੇ ਉਸ ਦੇ ਪੁੱਤਰ ਏਲਾਹ ਨੇ ਕੀਤੇ ਸਨ ਅਤੇ ਜੋ ਉਨ੍ਹਾਂ ਨੇ ਇਜ਼ਰਾਈਲ ਤੋਂ ਕਰਾਏ ਸਨ ਜਿਨ੍ਹਾਂ ਨੇ ਆਪਣੀਆਂ ਨਿਕੰਮੀਆਂ ਮੂਰਤੀਆਂ ਦੀ ਪੂਜਾ ਕੀਤੀ ਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਭੜਕਾਇਆ।+ 14 ਏਲਾਹ ਦੀ ਬਾਕੀ ਕਹਾਣੀ ਅਤੇ ਉਸ ਦੇ ਸਾਰੇ ਕੰਮਾਂ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।
15 ਯਹੂਦਾਹ ਦੇ ਰਾਜੇ ਆਸਾ ਦੇ ਰਾਜ ਦੇ 27ਵੇਂ ਸਾਲ ਜ਼ਿਮਰੀ ਨੇ ਤਿਰਸਾਹ ਵਿਚ ਸੱਤ ਦਿਨ ਰਾਜ ਕੀਤਾ। ਉਸ ਸਮੇਂ ਫ਼ੌਜਾਂ ਨੇ ਫਲਿਸਤੀਆਂ ਦੇ ਸ਼ਹਿਰ ਗਿਬਥੋਨ+ ਖ਼ਿਲਾਫ਼ ਡੇਰਾ ਲਾਇਆ ਹੋਇਆ ਸੀ। 16 ਕੁਝ ਸਮੇਂ ਬਾਅਦ ਡੇਰਾ ਲਾਈ ਬੈਠੀਆਂ ਫ਼ੌਜਾਂ ਨੇ ਇਹ ਸੁਣਿਆ: “ਜ਼ਿਮਰੀ ਨੇ ਸਾਜ਼ਸ਼ ਘੜੀ ਅਤੇ ਰਾਜੇ ਨੂੰ ਮਾਰ ਸੁੱਟਿਆ।” ਇਸ ਲਈ ਉਸੇ ਦਿਨ ਸਾਰੇ ਇਜ਼ਰਾਈਲ ਨੇ ਛਾਉਣੀ ਵਿਚ ਸੈਨਾ ਦੇ ਮੁਖੀ ਆਮਰੀ+ ਨੂੰ ਇਜ਼ਰਾਈਲ ਉੱਤੇ ਰਾਜਾ ਬਣਾ ਦਿੱਤਾ। 17 ਆਮਰੀ ਅਤੇ ਉਸ ਦੇ ਨਾਲ ਦੇ ਸਾਰੇ ਇਜ਼ਰਾਈਲੀ ਗਿਬਥੋਨ ਤੋਂ ਗਏ ਅਤੇ ਉਨ੍ਹਾਂ ਨੇ ਤਿਰਸਾਹ ਨੂੰ ਘੇਰਾ ਪਾ ਲਿਆ। 18 ਜਦੋਂ ਜ਼ਿਮਰੀ ਨੇ ਦੇਖਿਆ ਕਿ ਸ਼ਹਿਰ ਨੂੰ ਕਬਜ਼ੇ ਵਿਚ ਕਰ ਲਿਆ ਗਿਆ ਹੈ, ਤਾਂ ਉਹ ਰਾਜੇ ਦੇ ਮਹਿਲ ਦੇ ਮਜ਼ਬੂਤ ਬੁਰਜ ਵਿਚ ਗਿਆ ਅਤੇ ਉਸ ਨੇ ਮਹਿਲ ਨੂੰ ਅੱਗ ਲਾ ਦਿੱਤੀ ਜਿੱਥੇ ਉਹ ਆਪ ਵੀ ਸੜ ਕੇ ਮਰ ਗਿਆ।+ 19 ਇਹ ਉਸ ਦੇ ਆਪਣੇ ਪਾਪਾਂ ਕਾਰਨ ਹੋਇਆ ਜੋ ਉਸ ਨੇ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਕੰਮ ਕਰ ਕੇ ਅਤੇ ਯਾਰਾਬੁਆਮ ਦੇ ਰਾਹ ʼਤੇ ਚੱਲ ਕੇ ਕੀਤੇ ਸਨ ਅਤੇ ਉਸ ਪਾਪ ਕਰਕੇ ਜੋ ਉਸ ਨੇ ਇਜ਼ਰਾਈਲ ਤੋਂ ਕਰਾਇਆ ਸੀ।+ 20 ਜ਼ਿਮਰੀ ਦੀ ਬਾਕੀ ਕਹਾਣੀ ਅਤੇ ਉਸ ਦੀ ਸਾਜ਼ਸ਼ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।
21 ਉਸ ਸਮੇਂ ਇਜ਼ਰਾਈਲੀ ਲੋਕ ਦੋ ਗੁੱਟਾਂ ਵਿਚ ਵੰਡੇ ਗਏ। ਅੱਧੇ ਗੀਨਥ ਦੇ ਪੁੱਤਰ ਤਿਬਨੀ ਮਗਰ ਲੱਗ ਗਏ ਜਿਸ ਨੂੰ ਉਹ ਰਾਜਾ ਬਣਾਉਣਾ ਚਾਹੁੰਦੇ ਸਨ ਅਤੇ ਅੱਧੇ ਆਮਰੀ ਮਗਰ ਲੱਗ ਗਏ। 22 ਪਰ ਆਮਰੀ ਮਗਰ ਚੱਲਣ ਵਾਲੇ ਲੋਕ ਗੀਨਥ ਦੇ ਪੁੱਤਰ ਤਿਬਨੀ ਮਗਰ ਚੱਲਣ ਵਾਲੇ ਲੋਕਾਂ ਉੱਤੇ ਭਾਰੀ ਪੈ ਗਏ। ਇਸ ਤਰ੍ਹਾਂ ਤਿਬਨੀ ਦੀ ਮੌਤ ਹੋ ਗਈ ਅਤੇ ਆਮਰੀ ਰਾਜਾ ਬਣ ਗਿਆ।
23 ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ 31ਵੇਂ ਸਾਲ ਆਮਰੀ ਇਜ਼ਰਾਈਲ ਉੱਤੇ ਰਾਜਾ ਬਣਿਆ ਅਤੇ ਉਸ ਨੇ 12 ਸਾਲ ਰਾਜ ਕੀਤਾ। ਤਿਰਸਾਹ ਵਿਚ ਉਸ ਨੇ ਛੇ ਸਾਲ ਰਾਜ ਕੀਤਾ। 24 ਉਸ ਨੇ ਦੋ ਕਿੱਕਾਰ* ਚਾਂਦੀ ਬਦਲੇ ਸ਼ਾਮਰ ਕੋਲੋਂ ਸਾਮਰਿਯਾ ਪਹਾੜ ਖ਼ਰੀਦ ਲਿਆ ਅਤੇ ਉਸ ਪਹਾੜ ਉੱਤੇ ਇਕ ਸ਼ਹਿਰ ਬਣਾਇਆ। ਉਸ ਨੇ ਆਪਣੇ ਬਣਾਏ ਇਸ ਸ਼ਹਿਰ ਦਾ ਨਾਂ ਪਹਾੜ ਦੇ ਮਾਲਕ* ਸ਼ਾਮਰ ਦੇ ਨਾਂ ʼਤੇ ਸਾਮਰਿਯਾ*+ ਰੱਖਿਆ। 25 ਆਮਰੀ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਉਹ ਉਨ੍ਹਾਂ ਸਾਰਿਆਂ ਤੋਂ ਭੈੜਾ ਸੀ ਜੋ ਉਸ ਤੋਂ ਪਹਿਲਾਂ ਆਏ ਸਨ।+ 26 ਉਹ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਸਾਰੇ ਰਾਹਾਂ ʼਤੇ ਚੱਲਦਾ ਰਿਹਾ ਅਤੇ ਉਸ ਨੇ ਉਹੀ ਪਾਪ ਕੀਤਾ ਜੋ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਇਆ ਸੀ ਜਿਨ੍ਹਾਂ ਨੇ ਆਪਣੀਆਂ ਨਿਕੰਮੀਆਂ ਮੂਰਤੀਆਂ ਨਾਲ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਭੜਕਾਇਆ ਸੀ।+ 27 ਆਮਰੀ ਦੀ ਬਾਕੀ ਕਹਾਣੀ, ਉਸ ਦੇ ਸਾਰੇ ਕੰਮਾਂ ਅਤੇ ਉਸ ਦੀ ਤਾਕਤ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 28 ਫਿਰ ਆਮਰੀ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਸਾਮਰਿਯਾ ਵਿਚ ਦਫ਼ਨਾਇਆ ਗਿਆ; ਅਤੇ ਉਸ ਦਾ ਪੁੱਤਰ ਅਹਾਬ+ ਉਸ ਦੀ ਜਗ੍ਹਾ ਰਾਜਾ ਬਣ ਗਿਆ।
29 ਆਮਰੀ ਦਾ ਪੁੱਤਰ ਅਹਾਬ ਯਹੂਦਾਹ ਦੇ ਰਾਜਾ ਆਸਾ ਦੇ ਰਾਜ ਦੇ 38ਵੇਂ ਸਾਲ ਵਿਚ ਇਜ਼ਰਾਈਲ ਉੱਤੇ ਰਾਜਾ ਬਣਿਆ ਅਤੇ ਆਮਰੀ ਦੇ ਪੁੱਤਰ ਅਹਾਬ ਨੇ 22 ਸਾਲ ਸਾਮਰਿਯਾ+ ਵਿਚ ਇਜ਼ਰਾਈਲ ʼਤੇ ਰਾਜ ਕੀਤਾ। 30 ਆਮਰੀ ਦਾ ਪੁੱਤਰ ਅਹਾਬ ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਸਾਰਿਆਂ ਨਾਲੋਂ ਭੈੜਾ ਸੀ ਜੋ ਉਸ ਤੋਂ ਪਹਿਲਾਂ ਆਏ ਸਨ।+ 31 ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ+ ਦੇ ਰਾਹ ʼਤੇ ਚੱਲਣਾ ਜਿਵੇਂ ਉਸ ਲਈ ਛੋਟੀ ਜਿਹੀ ਗੱਲ ਸੀ, ਉਸ ਨੇ ਸੀਦੋਨੀ+ ਰਾਜੇ ਏਥਬਾਲ ਦੀ ਧੀ ਈਜ਼ਬਲ+ ਨਾਲ ਵੀ ਵਿਆਹ ਕਰਾ ਲਿਆ ਅਤੇ ਬਆਲ ਦੀ ਭਗਤੀ ਕਰਨ ਅਤੇ ਉਸ ਨੂੰ ਮੱਥਾ ਟੇਕਣ ਲੱਗਾ।+ 32 ਇਸ ਦੇ ਨਾਲ-ਨਾਲ ਉਸ ਨੇ ਸਾਮਰਿਯਾ ਵਿਚ ਆਪਣੇ ਵੱਲੋਂ ਬਣਾਏ ਬਆਲ ਦੇ ਮੰਦਰ*+ ਵਿਚ ਬਆਲ ਲਈ ਇਕ ਵੇਦੀ ਬਣਾਈ। 33 ਅਹਾਬ ਨੇ ਇਕ ਪੂਜਾ-ਖੰਭਾ* ਵੀ ਖੜ੍ਹਾ ਕੀਤਾ।+ ਅਹਾਬ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਭੜਕਾਉਣ ਲਈ ਆਪਣੇ ਤੋਂ ਪਹਿਲਾਂ ਆਏ ਇਜ਼ਰਾਈਲ ਦੇ ਸਾਰੇ ਰਾਜਿਆਂ ਨਾਲੋਂ ਕਿਤੇ ਜ਼ਿਆਦਾ ਭੈੜੇ ਕੰਮ ਕੀਤੇ।
34 ਉਸ ਦੇ ਦਿਨਾਂ ਵਿਚ ਬੈਤੇਲ ਦੇ ਹੀਏਲ ਨੇ ਦੁਬਾਰਾ ਯਰੀਹੋ ਦੀ ਉਸਾਰੀ ਕੀਤੀ। ਉਸ ਦੀਆਂ ਨੀਹਾਂ ਧਰਨ ਵੇਲੇ ਉਸ ਨੇ ਆਪਣਾ ਜੇਠਾ ਪੁੱਤਰ ਅਬੀਰਾਮ ਗੁਆਇਆ ਅਤੇ ਉਸ ਦੇ ਦਰਵਾਜ਼ੇ ਲਾਉਣ ਵੇਲੇ ਉਸ ਨੇ ਆਪਣਾ ਸਭ ਤੋਂ ਛੋਟਾ ਪੁੱਤਰ ਸਗੂਬ ਗੁਆਇਆ। ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਨੂਨ ਦੇ ਪੁੱਤਰ ਯਹੋਸ਼ੁਆ ਰਾਹੀਂ ਬੋਲਿਆ ਸੀ।+