ਬਿਵਸਥਾ ਸਾਰ
10 “ਉਸ ਵੇਲੇ ਯਹੋਵਾਹ ਨੇ ਮੈਨੂੰ ਕਿਹਾ: ‘ਤੂੰ ਆਪਣੇ ਲਈ ਪਹਿਲਾਂ ਵਰਗੀਆਂ ਪੱਥਰ ਦੀਆਂ ਦੋ ਫੱਟੀਆਂ ਘੜ+ ਅਤੇ ਪਹਾੜ ʼਤੇ ਮੇਰੇ ਕੋਲ ਆ। ਨਾਲੇ ਆਪਣੇ ਲਈ ਲੱਕੜ ਦਾ ਇਕ ਸੰਦੂਕ ਵੀ ਬਣਾ। 2 ਮੈਂ ਉਨ੍ਹਾਂ ਫੱਟੀਆਂ ਉੱਤੇ ਉਹੀ ਗੱਲਾਂ ਲਿਖਾਂਗਾ ਜਿਹੜੀਆਂ ਮੈਂ ਪਹਿਲੀਆਂ ਫੱਟੀਆਂ ʼਤੇ ਲਿਖੀਆਂ ਸਨ ਜਿਨ੍ਹਾਂ ਨੂੰ ਤੂੰ ਚਕਨਾਚੂਰ ਕਰ ਦਿੱਤਾ ਸੀ। ਤੂੰ ਉਹ ਫੱਟੀਆਂ ਸੰਦੂਕ ਵਿਚ ਰੱਖੀਂ।’ 3 ਇਸ ਲਈ ਮੈਂ ਕਿੱਕਰ ਦੀ ਲੱਕੜ ਦਾ ਸੰਦੂਕ ਬਣਾਇਆ ਅਤੇ ਪਹਿਲਾਂ ਵਰਗੀਆਂ ਪੱਥਰ ਦੀਆਂ ਦੋ ਫੱਟੀਆਂ ਘੜੀਆਂ ਅਤੇ ਮੈਂ ਆਪਣੇ ਹੱਥਾਂ ਵਿਚ ਉਨ੍ਹਾਂ ਦੋਵਾਂ ਫੱਟੀਆਂ ਨੂੰ ਲੈ ਕੇ ਪਹਾੜ ʼਤੇ ਗਿਆ।+ 4 ਫਿਰ ਉਸ ਨੇ ਉਹੀ ਗੱਲਾਂ ਉਨ੍ਹਾਂ ਫੱਟੀਆਂ ʼਤੇ ਲਿਖੀਆਂ ਜਿਹੜੀਆਂ ਉਸ ਨੇ ਪਹਿਲਾਂ ਲਿਖੀਆਂ ਸਨ।+ ਇਹ ਉਹੀ ਦਸ ਹੁਕਮ*+ ਸਨ ਜਿਹੜੇ ਯਹੋਵਾਹ ਨੇ ਤੁਹਾਨੂੰ ਪਹਾੜ ʼਤੇ ਅੱਗ ਵਿੱਚੋਂ ਦੀ ਗੱਲ ਕਰਦੇ ਹੋਏ ਦਿੱਤੇ ਸਨ+ ਜਿਸ ਦਿਨ ਸਾਰੀ ਮੰਡਲੀ ਇਕੱਠੀ ਹੋਈ ਸੀ।+ ਫਿਰ ਯਹੋਵਾਹ ਨੇ ਉਹ ਫੱਟੀਆਂ ਮੈਨੂੰ ਦੇ ਦਿੱਤੀਆਂ। 5 ਫਿਰ ਮੈਂ ਮੁੜਿਆ ਅਤੇ ਪਹਾੜ ਤੋਂ ਥੱਲੇ ਉੱਤਰ ਆਇਆ+ ਅਤੇ ਉਨ੍ਹਾਂ ਫੱਟੀਆਂ ਨੂੰ ਉਸ ਸੰਦੂਕ ਵਿਚ ਰੱਖ ਦਿੱਤਾ ਜਿਹੜਾ ਮੈਂ ਬਣਾਇਆ ਸੀ, ਜਿਵੇਂ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ। ਇਹ ਫੱਟੀਆਂ ਸੰਦੂਕ ਵਿਚ ਹੀ ਪਈਆਂ ਰਹੀਆਂ।
6 “ਫਿਰ ਇਜ਼ਰਾਈਲੀ ਬਏਰੋਥ ਬਨੇ-ਯਾਕਾਨ ਤੋਂ ਤੁਰੇ ਅਤੇ ਮੋਸੇਰਾਹ ਵਿਚ ਆ ਗਏ। ਉੱਥੇ ਹਾਰੂਨ ਦੀ ਮੌਤ ਹੋ ਗਈ ਅਤੇ ਉਸ ਨੂੰ ਦਫ਼ਨਾਇਆ ਗਿਆ+ ਅਤੇ ਉਸ ਦਾ ਪੁੱਤਰ ਅਲਆਜ਼ਾਰ ਉਸ ਦੀ ਥਾਂ ਪੁਜਾਰੀ ਵਜੋਂ ਸੇਵਾ ਕਰਨ ਲੱਗਾ।+ 7 ਉੱਥੋਂ ਉਹ ਗੁਦਗੋਦਾਹ ਚਲੇ ਗਏ ਅਤੇ ਗੁਦਗੋਦਾਹ ਤੋਂ ਯਾਟਬਾਥਾਹ ਗਏ+ ਜਿੱਥੇ ਪਾਣੀ ਦੇ ਚਸ਼ਮੇ ਵਹਿੰਦੇ ਹਨ।
8 “ਉਸ ਵੇਲੇ ਯਹੋਵਾਹ ਨੇ ਲੇਵੀ ਦੇ ਗੋਤ ਨੂੰ ਵੱਖਰਾ ਕੀਤਾ+ ਤਾਂਕਿ ਉਹ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਚੁੱਕਣ+ ਅਤੇ ਯਹੋਵਾਹ ਦੇ ਸਾਮ੍ਹਣੇ ਖੜ੍ਹੇ ਹੋ ਕੇ ਉਸ ਦੀ ਸੇਵਾ ਕਰਨ ਅਤੇ ਉਸ ਦੇ ਨਾਂ ʼਤੇ ਲੋਕਾਂ ਨੂੰ ਬਰਕਤ ਦੇਣ,+ ਜਿਵੇਂ ਉਹ ਅੱਜ ਕਰਦੇ ਹਨ। 9 ਇਸੇ ਕਰਕੇ ਲੇਵੀਆਂ ਨੂੰ ਉਨ੍ਹਾਂ ਦੇ ਭਰਾਵਾਂ ਨਾਲ ਕੋਈ ਵੀ ਹਿੱਸਾ ਜਾਂ ਵਿਰਾਸਤ ਨਹੀਂ ਦਿੱਤੀ ਗਈ। ਯਹੋਵਾਹ ਹੀ ਉਨ੍ਹਾਂ ਦੀ ਵਿਰਾਸਤ ਹੈ ਠੀਕ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ।+ 10 ਮੈਂ ਪਹਿਲਾਂ ਵਾਂਗ 40 ਦਿਨ ਅਤੇ 40 ਰਾਤਾਂ ਪਹਾੜ ʼਤੇ ਰਿਹਾ।+ ਇਸ ਵਾਰ ਵੀ ਯਹੋਵਾਹ ਨੇ ਮੇਰੀ ਗੱਲ ਸੁਣੀ।+ ਯਹੋਵਾਹ ਤੁਹਾਨੂੰ ਨਾਸ਼ ਨਹੀਂ ਕਰਨਾ ਚਾਹੁੰਦਾ ਸੀ। 11 ਫਿਰ ਯਹੋਵਾਹ ਨੇ ਮੈਨੂੰ ਕਿਹਾ, ‘ਤੂੰ ਇੱਥੋਂ ਜਾਣ ਦੀ ਤਿਆਰੀ ਕਰ ਅਤੇ ਲੋਕਾਂ ਦੀ ਅਗਵਾਈ ਕਰ ਤਾਂਕਿ ਉਹ ਉਸ ਦੇਸ਼ ਵਿਚ ਜਾ ਕੇ ਉਸ ʼਤੇ ਕਬਜ਼ਾ ਕਰਨ ਜੋ ਮੈਂ ਉਨ੍ਹਾਂ ਨੂੰ ਦੇਣ ਦੀ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।’+
12 “ਹੇ ਇਜ਼ਰਾਈਲ, ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਤੋਂ ਹੋਰ ਕੀ ਚਾਹੁੰਦਾ ਹੈ?+ ਸਿਰਫ਼ ਇਹੀ ਕਿ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਰੱਖ,+ ਉਸ ਦੇ ਸਾਰੇ ਰਾਹਾਂ ʼਤੇ ਚੱਲ,+ ਉਸ ਨੂੰ ਪਿਆਰ ਕਰ, ਆਪਣੇ ਪੂਰੇ ਦਿਲ ਨਾਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰ+ 13 ਅਤੇ ਯਹੋਵਾਹ ਦੇ ਸਾਰੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰ ਜਿਹੜੇ ਮੈਂ ਅੱਜ ਤੇਰੇ ਭਲੇ ਲਈ ਤੈਨੂੰ ਦੇ ਰਿਹਾ ਹਾਂ।+ 14 ਦੇਖ, ਆਕਾਸ਼ ਯਹੋਵਾਹ ਦੇ ਹਨ, ਇੱਥੋਂ ਤਕ ਕਿ ਉੱਚੇ ਤੋਂ ਉੱਚੇ ਆਕਾਸ਼ ਵੀ, ਨਾਲੇ ਧਰਤੀ ਅਤੇ ਇਸ ਦੀ ਹਰ ਚੀਜ਼ ਉਸ ਦੀ ਹੈ।+ 15 ਪਰ ਯਹੋਵਾਹ ਸਿਰਫ਼ ਤੇਰੇ ਪਿਉ-ਦਾਦਿਆਂ ਦੇ ਨੇੜੇ ਆਇਆ ਅਤੇ ਉਨ੍ਹਾਂ ਨੂੰ ਪਿਆਰ ਕੀਤਾ ਅਤੇ ਉਸ ਨੇ ਸਾਰੀਆਂ ਕੌਮਾਂ ਵਿੱਚੋਂ ਉਨ੍ਹਾਂ ਦੀ ਸੰਤਾਨ ਯਾਨੀ ਤੈਨੂੰ ਚੁਣਿਆ,+ ਜਿਵੇਂ ਅੱਜ ਤੂੰ ਚੁਣਿਆ ਹੋਇਆ ਹੈਂ। 16 ਆਪਣੇ ਦਿਲ ਨੂੰ ਸ਼ੁੱਧ* ਕਰ+ ਅਤੇ ਢੀਠਪੁਣਾ ਛੱਡ ਦੇ।*+ 17 ਤੇਰਾ ਪਰਮੇਸ਼ੁਰ ਯਹੋਵਾਹ ਸਾਰੇ ਈਸ਼ਵਰਾਂ ਨਾਲੋਂ ਮਹਾਨ+ ਹੈ ਅਤੇ ਉਹ ਪ੍ਰਭੂਆਂ ਦਾ ਪ੍ਰਭੂ, ਮਹਾਨ ਪਰਮੇਸ਼ੁਰ, ਤਾਕਤਵਰ ਅਤੇ ਸ਼ਰਧਾ ਦੇ ਲਾਇਕ ਹੈ। ਉਹ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ+ ਅਤੇ ਨਾ ਹੀ ਰਿਸ਼ਵਤ ਲੈਂਦਾ ਹੈ। 18 ਉਹ ਯਤੀਮਾਂ* ਅਤੇ ਵਿਧਵਾਵਾਂ ਦਾ ਨਿਆਂ ਕਰਦਾ ਹੈ+ ਅਤੇ ਪਰਦੇਸੀਆਂ ਨੂੰ ਪਿਆਰ ਕਰਦਾ ਹੈ+ ਅਤੇ ਉਨ੍ਹਾਂ ਨੂੰ ਰੋਟੀ ਅਤੇ ਕੱਪੜਾ ਦਿੰਦਾ ਹੈ। 19 ਤੂੰ ਵੀ ਪਰਦੇਸੀਆਂ ਨੂੰ ਪਿਆਰ ਕਰ ਕਿਉਂਕਿ ਤੂੰ ਮਿਸਰ ਵਿਚ ਪਰਦੇਸੀ ਸੀ।+
20 “ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਰੱਖ, ਉਸੇ ਦੀ ਭਗਤੀ ਕਰ,+ ਉਸ ਨਾਲ ਚਿੰਬੜਿਆ ਰਹਿ ਅਤੇ ਉਸ ਦੇ ਨਾਂ ਦੀ ਸਹੁੰ ਖਾਹ। 21 ਤੂੰ ਸਿਰਫ਼ ਉਸੇ ਦੀ ਮਹਿਮਾ ਕਰ।+ ਉਹ ਤੇਰਾ ਪਰਮੇਸ਼ੁਰ ਹੈ ਜਿਸ ਨੇ ਤੇਰੇ ਲਈ ਇਹ ਸਾਰੇ ਵੱਡੇ-ਵੱਡੇ ਅਤੇ ਹੈਰਾਨੀਜਨਕ ਕੰਮ ਕੀਤੇ ਜੋ ਤੂੰ ਆਪਣੀ ਅੱਖੀਂ ਦੇਖੇ।+ 22 ਜਦੋਂ ਤੇਰੇ ਪਿਉ-ਦਾਦੇ ਮਿਸਰ ਗਏ, ਤਾਂ ਉਹ ਸਿਰਫ਼ 70 ਜਣੇ ਸਨ+ ਅਤੇ ਹੁਣ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੇਰੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਵਧਾਈ ਹੈ।+