ਪਹਿਲਾ ਸਮੂਏਲ
10 ਫਿਰ ਸਮੂਏਲ ਨੇ ਤੇਲ ਦੀ ਕੁੱਪੀ ਲਈ ਅਤੇ ਸ਼ਾਊਲ ਦੇ ਸਿਰ ਉੱਤੇ ਤੇਲ ਪਾ ਦਿੱਤਾ।+ ਫਿਰ ਉਸ ਨੂੰ ਚੁੰਮਿਆ ਅਤੇ ਕਿਹਾ: “ਕੀ ਯਹੋਵਾਹ ਨੇ ਤੈਨੂੰ ਇਸ ਕਰਕੇ ਨਿਯੁਕਤ* ਨਹੀਂ ਕੀਤਾ ਕਿ ਤੂੰ ਉਸ ਦੀ ਵਿਰਾਸਤ+ ਦਾ ਆਗੂ ਬਣੇਂ?+ 2 ਅੱਜ ਜਦ ਤੂੰ ਮੇਰੇ ਕੋਲੋਂ ਵਿਦਾ ਹੋਵੇਂਗਾ, ਤਾਂ ਤੈਨੂੰ ਬਿਨਯਾਮੀਨ ਦੇ ਇਲਾਕੇ ਵਿਚ ਸਲਸਾਹ ਵਿਖੇ ਰਾਕੇਲ ਦੀ ਕਬਰ+ ਕੋਲ ਦੋ ਆਦਮੀ ਮਿਲਣਗੇ ਅਤੇ ਉਹ ਤੈਨੂੰ ਕਹਿਣਗੇ, ‘ਜਿਨ੍ਹਾਂ ਗਧੀਆਂ ਨੂੰ ਤੂੰ ਲੱਭਣ ਗਿਆ ਸੀ, ਉਹ ਲੱਭ ਗਈਆਂ ਹਨ, ਪਰ ਹੁਣ ਤੇਰੇ ਪਿਤਾ ਨੂੰ ਗਧੀਆਂ ਦੀ ਚਿੰਤਾ ਨਹੀਂ,+ ਸਗੋਂ ਉਸ ਨੂੰ ਤੇਰਾ ਫ਼ਿਕਰ ਪਿਆ ਹੈ। ਉਹ ਕਹਿ ਰਿਹਾ ਹੈ: “ਮੇਰਾ ਪੁੱਤਰ ਹੁਣ ਤਕ ਵਾਪਸ ਨਹੀਂ ਆਇਆ, ਮੈਂ ਕੀ ਕਰਾਂ?”’ 3 ਫਿਰ ਤੂੰ ਉੱਥੋਂ ਤੁਰਿਆ ਜਾਈਂ ਜਦ ਤਕ ਤੂੰ ਤਾਬੋਰ ਵਿਚ ਵੱਡੇ ਦਰਖ਼ਤ ਕੋਲ ਨਹੀਂ ਪਹੁੰਚ ਜਾਂਦਾ। ਉੱਥੇ ਤੂੰ ਤਿੰਨ ਆਦਮੀਆਂ ਨੂੰ ਮਿਲੇਂਗਾ ਜੋ ਬੈਤੇਲ+ ਵਿਚ ਸੱਚੇ ਪਰਮੇਸ਼ੁਰ ਕੋਲ ਜਾ ਰਹੇ ਹੋਣਗੇ। ਉਨ੍ਹਾਂ ਵਿੱਚੋਂ ਇਕ ਦੇ ਕੋਲ ਤਿੰਨ ਮੇਮਣੇ ਹੋਣਗੇ, ਇਕ ਦੇ ਕੋਲ ਤਿੰਨ ਰੋਟੀਆਂ ਅਤੇ ਇਕ ਦੇ ਕੋਲ ਦਾਖਰਸ ਦਾ ਇਕ ਵੱਡਾ ਘੜਾ ਹੋਵੇਗਾ। 4 ਉਹ ਤੇਰਾ ਹਾਲ-ਚਾਲ ਪੁੱਛਣਗੇ ਅਤੇ ਤੈਨੂੰ ਦੋ ਰੋਟੀਆਂ ਦੇਣਗੇ ਤੇ ਤੂੰ ਉਨ੍ਹਾਂ ਤੋਂ ਰੋਟੀਆਂ ਜ਼ਰੂਰ ਲੈ ਲਈਂ। 5 ਉਸ ਤੋਂ ਬਾਅਦ ਤੂੰ ਸੱਚੇ ਪਰਮੇਸ਼ੁਰ ਦੀ ਪਹਾੜੀ ʼਤੇ ਪਹੁੰਚੇਂਗਾ ਜਿੱਥੇ ਫਲਿਸਤੀਆਂ ਦੀ ਚੌਂਕੀ ਹੈ। ਜਦ ਤੂੰ ਸ਼ਹਿਰ ਪਹੁੰਚੇਂਗਾ, ਤਾਂ ਤੈਨੂੰ ਨਬੀਆਂ ਦੀ ਇਕ ਟੋਲੀ ਮਿਲੇਗੀ ਜੋ ਉੱਚੀ ਜਗ੍ਹਾ ਤੋਂ ਹੇਠਾਂ ਆ ਰਹੀ ਹੋਵੇਗੀ। ਅਤੇ ਜਦ ਉਹ ਭਵਿੱਖਬਾਣੀ ਕਰ ਰਹੇ ਹੋਣਗੇ, ਤਾਂ ਉਨ੍ਹਾਂ ਦੇ ਅੱਗੇ-ਅੱਗੇ ਤਾਰਾਂ ਵਾਲਾ ਸਾਜ਼, ਡਫਲੀ, ਬੰਸਰੀ ਅਤੇ ਰਬਾਬ ਵਜਾਈ ਜਾਵੇਗੀ। 6 ਯਹੋਵਾਹ ਦੀ ਪਵਿੱਤਰ ਸ਼ਕਤੀ ਤੇਰੇ ʼਤੇ ਆ ਕੇ ਤੈਨੂੰ ਤਕੜਾ ਕਰੇਗੀ+ ਅਤੇ ਤੂੰ ਉਨ੍ਹਾਂ ਨਾਲ ਮਿਲ ਕੇ ਭਵਿੱਖਬਾਣੀ ਕਰੇਂਗਾ ਅਤੇ ਤੂੰ ਬਦਲਿਆ-ਬਦਲਿਆ ਇਨਸਾਨ ਲੱਗੇਂਗਾ।+ 7 ਇਹ ਨਿਸ਼ਾਨੀਆਂ ਪੂਰੀਆਂ ਹੋਣ ਤੋਂ ਬਾਅਦ ਜੋ ਵੀ ਤੇਰੇ ਹੱਥ-ਵੱਸ ਹੋਵੇ ਉਹ ਕਰੀਂ ਕਿਉਂਕਿ ਸੱਚਾ ਪਰਮੇਸ਼ੁਰ ਤੇਰੇ ਨਾਲ ਹੈ। 8 ਫਿਰ ਤੂੰ ਮੇਰੇ ਅੱਗੇ-ਅੱਗੇ ਹੇਠਾਂ ਗਿਲਗਾਲ+ ਨੂੰ ਜਾਈਂ ਅਤੇ ਮੈਂ ਵੀ ਤੇਰੇ ਕੋਲ ਉੱਥੇ ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਚੜ੍ਹਾਉਣ ਆਵਾਂਗਾ। ਤੂੰ ਉੱਥੇ ਸੱਤਾਂ ਦਿਨਾਂ ਤਕ ਮੇਰੇ ਆਉਣ ਦਾ ਇੰਤਜ਼ਾਰ ਕਰੀਂ। ਫਿਰ ਮੈਂ ਤੈਨੂੰ ਦੱਸਾਂਗਾ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ।”
9 ਜਿਉਂ ਹੀ ਸ਼ਾਊਲ ਸਮੂਏਲ ਕੋਲੋਂ ਜਾਣ ਲਈ ਮੁੜਿਆ, ਪਰਮੇਸ਼ੁਰ ਨੇ ਉਸ ਦਾ ਦਿਲ ਬਦਲਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਉਹ ਬਿਲਕੁਲ ਅਲੱਗ ਨਜ਼ਰ ਆਉਣ ਲੱਗਾ ਅਤੇ ਇਹ ਸਾਰੀਆਂ ਨਿਸ਼ਾਨੀਆਂ ਉਸੇ ਦਿਨ ਪੂਰੀਆਂ ਹੋਈਆਂ। 10 ਉਹ ਉੱਥੋਂ ਪਹਾੜੀ ʼਤੇ ਗਏ ਅਤੇ ਉਸ ਨੂੰ ਨਬੀਆਂ ਦੀ ਇਕ ਟੋਲੀ ਮਿਲੀ। ਉਸੇ ਵੇਲੇ ਪਰਮੇਸ਼ੁਰ ਦੀ ਸ਼ਕਤੀ ਨੇ ਉਸ ਨੂੰ ਤਕੜਾ ਕੀਤਾ+ ਅਤੇ ਉਹ ਵੀ ਉਨ੍ਹਾਂ ਨਾਲ ਮਿਲ ਕੇ ਭਵਿੱਖਬਾਣੀ ਕਰਨ ਲੱਗ ਪਿਆ।+ 11 ਜਿਹੜੇ ਲੋਕ ਉਸ ਨੂੰ ਜਾਣਦੇ ਸਨ, ਜਦ ਉਨ੍ਹਾਂ ਸਾਰਿਆਂ ਨੇ ਉਸ ਨੂੰ ਨਬੀਆਂ ਨਾਲ ਭਵਿੱਖਬਾਣੀ ਕਰਦਿਆਂ ਦੇਖਿਆ, ਤਾਂ ਉਹ ਇਕ-ਦੂਜੇ ਨੂੰ ਕਹਿਣ ਲੱਗੇ: “ਕੀਸ਼ ਦੇ ਮੁੰਡੇ ਨੂੰ ਕੀ ਹੋਇਆ? ਕੀ ਸ਼ਾਊਲ ਵੀ ਨਬੀ ਬਣ ਗਿਆ ਹੈ?” 12 ਫਿਰ ਉੱਥੋਂ ਦੇ ਇਕ ਆਦਮੀ ਨੇ ਕਿਹਾ: “ਪਰ ਇਨ੍ਹਾਂ ਦਾ ਪਿਤਾ ਕੌਣ ਹੈ?” ਇਸ ਲਈ ਇਹ ਇਕ ਕਹਾਵਤ ਬਣ ਗਈ: “ਕੀ ਸ਼ਾਊਲ ਵੀ ਨਬੀ ਬਣ ਗਿਆ ਹੈ?”+
13 ਜਦ ਉਹ ਭਵਿੱਖਬਾਣੀ ਕਰ ਹਟਿਆ, ਤਾਂ ਉਹ ਉੱਚੀ ਜਗ੍ਹਾ ʼਤੇ ਆਇਆ। 14 ਬਾਅਦ ਵਿਚ ਸ਼ਾਊਲ ਦੇ ਪਿਤਾ ਦੇ ਭਰਾ ਨੇ ਸ਼ਾਊਲ ਅਤੇ ਉਸ ਦੇ ਸੇਵਾਦਾਰ ਨੂੰ ਪੁੱਛਿਆ: “ਤੁਸੀਂ ਕਿੱਥੇ ਗਏ ਸੀ?” ਉਸ ਨੇ ਜਵਾਬ ਦਿੱਤਾ: “ਅਸੀਂ ਗਧੀਆਂ ਲੱਭਣ ਗਏ ਸੀ,+ ਪਰ ਜਦ ਉਹ ਸਾਨੂੰ ਨਹੀਂ ਲੱਭੀਆਂ, ਤਾਂ ਅਸੀਂ ਸਮੂਏਲ ਕੋਲ ਚਲੇ ਗਏ।” 15 ਸ਼ਾਊਲ ਦੇ ਪਿਤਾ ਦੇ ਭਰਾ ਨੇ ਉਸ ਨੂੰ ਪੁੱਛਿਆ: “ਕਿਰਪਾ ਕਰ ਕੇ ਮੈਨੂੰ ਦੱਸ, ਸਮੂਏਲ ਨੇ ਤੈਨੂੰ ਕੀ ਕਿਹਾ?” 16 ਸ਼ਾਊਲ ਨੇ ਆਪਣੇ ਪਿਤਾ ਦੇ ਭਰਾ ਨੂੰ ਜਵਾਬ ਦਿੱਤਾ: “ਉਸ ਨੇ ਸਾਨੂੰ ਦੱਸਿਆ ਕਿ ਗਧੀਆਂ ਲੱਭ ਗਈਆਂ ਹਨ।” ਪਰ ਸ਼ਾਊਲ ਨੇ ਇਹ ਨਹੀਂ ਦੱਸਿਆ ਕਿ ਸਮੂਏਲ ਨੇ ਉਸ ਨੂੰ ਕਿਹਾ ਸੀ ਕਿ ਉਹ ਰਾਜਾ ਬਣੇਗਾ।
17 ਫਿਰ ਸਮੂਏਲ ਨੇ ਮਿਸਪਾਹ ਵਿਚ ਲੋਕਾਂ ਨੂੰ ਯਹੋਵਾਹ ਅੱਗੇ ਇਕੱਠਾ ਕੀਤਾ+ 18 ਅਤੇ ਇਜ਼ਰਾਈਲੀਆਂ ਨੂੰ ਕਿਹਾ: “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਮੈਂ ਹੀ ਇਜ਼ਰਾਈਲ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ+ ਅਤੇ ਤੁਹਾਨੂੰ ਮਿਸਰ ਹੱਥੋਂ ਅਤੇ ਉਨ੍ਹਾਂ ਸਾਰੇ ਰਾਜਾਂ ਹੱਥੋਂ ਛੁਡਾਇਆ ਸੀ ਜੋ ਤੁਹਾਡੇ ਉੱਤੇ ਅਤਿਆਚਾਰ ਕਰ ਰਹੇ ਸਨ। 19 ਪਰ ਅੱਜ ਤੁਸੀਂ ਆਪਣੇ ਪਰਮੇਸ਼ੁਰ ਨੂੰ ਠੁਕਰਾ ਦਿੱਤਾ ਹੈ।+ ਉਹੀ ਤੁਹਾਡਾ ਬਚਾਉਣ ਵਾਲਾ ਹੈ ਜਿਸ ਨੇ ਤੁਹਾਨੂੰ ਸਾਰੀਆਂ ਬਿਪਤਾਵਾਂ ਅਤੇ ਦੁੱਖਾਂ ਤੋਂ ਬਚਾਇਆ, ਪਰ ਤੁਸੀਂ ਕਿਹਾ: “ਨਹੀਂ, ਤੂੰ ਸਾਡੇ ਉੱਤੇ ਇਕ ਰਾਜਾ ਨਿਯੁਕਤ ਕਰ।” ਹੁਣ ਤੁਸੀਂ ਯਹੋਵਾਹ ਅੱਗੇ ਆਪਣੇ-ਆਪਣੇ ਗੋਤਾਂ ਅਨੁਸਾਰ ਅਤੇ ਘਰਾਣਿਆਂ ਅਨੁਸਾਰ* ਇਕੱਠੇ ਹੋਵੋ।’”
20 ਫਿਰ ਸਮੂਏਲ ਨੇ ਇਜ਼ਰਾਈਲ ਦੇ ਸਾਰੇ ਗੋਤਾਂ ਨੂੰ ਅੱਗੇ ਆਉਣ ਲਈ ਕਿਹਾ+ ਅਤੇ ਬਿਨਯਾਮੀਨ ਦਾ ਗੋਤ ਚੁਣਿਆ ਗਿਆ।+ 21 ਫਿਰ ਉਸ ਨੇ ਬਿਨਯਾਮੀਨ ਦੇ ਗੋਤ ਨੂੰ ਆਪਣੇ-ਆਪਣੇ ਪਰਿਵਾਰਾਂ ਅਨੁਸਾਰ ਅੱਗੇ ਆਉਣ ਲਈ ਕਿਹਾ ਅਤੇ ਮਤਰੀ ਦਾ ਪਰਿਵਾਰ ਚੁਣਿਆ ਗਿਆ। ਅਖ਼ੀਰ ਕੀਸ਼ ਦਾ ਪੁੱਤਰ ਸ਼ਾਊਲ ਚੁਣਿਆ ਗਿਆ।+ ਪਰ ਜਦ ਉਹ ਉਸ ਨੂੰ ਲੱਭਣ ਲੱਗੇ, ਤਾਂ ਉਹ ਕਿਤੇ ਨਹੀਂ ਲੱਭਾ। 22 ਇਸ ਲਈ ਉਨ੍ਹਾਂ ਨੇ ਯਹੋਵਾਹ ਤੋਂ ਪੁੱਛਿਆ:+ “ਕੀ ਉਹ ਆਦਮੀ ਹਾਲੇ ਇੱਥੇ ਆਇਆ ਨਹੀਂ?” ਯਹੋਵਾਹ ਨੇ ਜਵਾਬ ਦਿੱਤਾ: “ਉਹ ਉੱਥੇ ਸਾਮਾਨ ਵਿਚਕਾਰ ਲੁਕਿਆ ਹੋਇਆ ਹੈ।” 23 ਇਸ ਲਈ ਉਹ ਭੱਜ ਕੇ ਉਸ ਨੂੰ ਉੱਥੋਂ ਲੈ ਆਏ। ਜਦ ਉਹ ਲੋਕਾਂ ਵਿਚਕਾਰ ਖੜ੍ਹਾ ਹੋਇਆ, ਤਾਂ ਉਸ ਦਾ ਕੱਦ ਇੰਨਾ ਲੰਬਾ ਸੀ ਕਿ ਸਾਰੇ ਲੋਕ ਉਸ ਦੇ ਮੋਢਿਆਂ ਤਕ ਹੀ ਆਉਂਦੇ ਸਨ।*+ 24 ਸਮੂਏਲ ਨੇ ਸਾਰੇ ਲੋਕਾਂ ਨੂੰ ਕਿਹਾ: “ਦੇਖੋ! ਯਹੋਵਾਹ ਨੇ ਇਸ ਨੂੰ ਚੁਣਿਆ ਹੈ।+ ਕੀ ਸਾਰੇ ਲੋਕਾਂ ਵਿਚ ਹੈ ਕੋਈ ਇਸ ਵਰਗਾ?” ਅਤੇ ਸਾਰੇ ਲੋਕ ਉੱਚੀ-ਉੱਚੀ ਕਹਿਣ ਲੱਗੇ: “ਰਾਜਾ ਯੁਗੋ-ਯੁਗ ਜੀਵੇ!”
25 ਫਿਰ ਸਮੂਏਲ ਨੇ ਲੋਕਾਂ ਨੂੰ ਦੱਸਿਆ ਕਿ ਰਾਜਿਆਂ ਕੋਲ ਕੀ ਕੁਝ ਮੰਗ ਕਰਨ ਦਾ ਹੱਕ ਹੈ+ ਅਤੇ ਇਹ ਸਭ ਇਕ ਕਿਤਾਬ ਵਿਚ ਲਿਖ ਕੇ ਇਸ ਨੂੰ ਯਹੋਵਾਹ ਅੱਗੇ ਰੱਖ ਦਿੱਤਾ। ਇਸ ਤੋਂ ਬਾਅਦ ਸਮੂਏਲ ਨੇ ਸਾਰੇ ਲੋਕਾਂ ਨੂੰ ਆਪੋ-ਆਪਣੇ ਘਰ ਭੇਜ ਦਿੱਤਾ। 26 ਸ਼ਾਊਲ ਵੀ ਗਿਬਆਹ ਵਿਚ ਆਪਣੇ ਘਰ ਚਲਾ ਗਿਆ। ਉਸ ਦੇ ਨਾਲ ਉਹ ਯੋਧੇ ਵੀ ਗਏ ਜਿਨ੍ਹਾਂ ਦੇ ਦਿਲਾਂ ਨੂੰ ਯਹੋਵਾਹ ਨੇ ਉਭਾਰਿਆ ਸੀ। 27 ਪਰ ਕੁਝ ਨਿਕੰਮੇ ਆਦਮੀਆਂ ਨੇ ਕਿਹਾ: “ਇਹ ਸਾਨੂੰ ਕਿਵੇਂ ਬਚਾਵੇਗਾ?”+ ਉਨ੍ਹਾਂ ਨੇ ਉਸ ਨੂੰ ਤੁੱਛ ਸਮਝਿਆ ਅਤੇ ਉਹ ਉਸ ਲਈ ਕੋਈ ਤੋਹਫ਼ਾ ਨਹੀਂ ਲਿਆਏ।+ ਪਰ ਉਸ ਨੇ ਇਸ ਬਾਰੇ ਕੁਝ ਨਹੀਂ ਕਿਹਾ।*