ਯਿਰਮਿਯਾਹ
52 ਸਿਦਕੀਯਾਹ+ 21 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 11 ਸਾਲ ਯਰੂਸ਼ਲਮ ਵਿਚ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਹਮੂਟਲ+ ਸੀ ਜੋ ਲਿਬਨਾਹ ਦੇ ਰਹਿਣ ਵਾਲੇ ਯਿਰਮਿਯਾਹ ਦੀ ਧੀ ਸੀ। 2 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ, ਠੀਕ ਜਿਵੇਂ ਯਹੋਯਾਕੀਮ ਨੇ ਕੀਤਾ ਸੀ।+ 3 ਯਹੋਵਾਹ ਦਾ ਕ੍ਰੋਧ ਭੜਕਣ ਕਰਕੇ ਯਹੂਦਾਹ ਅਤੇ ਯਰੂਸ਼ਲਮ ਵਿਚ ਇਹ ਸਭ ਕੁਝ ਉਦੋਂ ਤਕ ਹੁੰਦਾ ਰਿਹਾ ਜਦ ਤਕ ਉਸ ਨੇ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਨਹੀਂ ਕਰ ਦਿੱਤਾ।+ ਸਿਦਕੀਯਾਹ ਨੇ ਬਾਬਲ ਦੇ ਰਾਜੇ ਖ਼ਿਲਾਫ਼ ਬਗਾਵਤ ਕਰ ਦਿੱਤੀ।+ 4 ਸਿਦਕੀਯਾਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੀ 10 ਤਾਰੀਖ਼ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ* ਆਪਣੀ ਸਾਰੀ ਫ਼ੌਜ ਨਾਲ ਯਰੂਸ਼ਲਮ ਖ਼ਿਲਾਫ਼ ਆਇਆ। ਉਨ੍ਹਾਂ ਨੇ ਇਸ ਖ਼ਿਲਾਫ਼ ਡੇਰਾ ਲਾਇਆ ਅਤੇ ਇਸ ਦੀ ਘੇਰਾਬੰਦੀ ਕਰਨ ਲਈ ਕੰਧ ਉਸਾਰੀ।+ 5 ਇਹ ਘੇਰਾਬੰਦੀ ਰਾਜਾ ਸਿਦਕੀਯਾਹ ਦੇ ਰਾਜ ਦੇ 11ਵੇਂ ਸਾਲ ਤਕ ਰਹੀ।
6 ਚੌਥੇ ਮਹੀਨੇ ਦੀ 9 ਤਾਰੀਖ਼+ ਨੂੰ ਸ਼ਹਿਰ ਵਿਚ ਕਾਲ਼ ਨੇ ਭਿਆਨਕ ਰੂਪ ਧਾਰ ਲਿਆ ਅਤੇ ਦੇਸ਼ ਦੇ ਲੋਕਾਂ ਕੋਲ ਖਾਣ ਲਈ ਕੁਝ ਵੀ ਨਹੀਂ ਸੀ।+ 7 ਅਖ਼ੀਰ ਵਿਚ ਸ਼ਹਿਰ ਦੀ ਕੰਧ ਤੋੜ ਦਿੱਤੀ ਗਈ ਅਤੇ ਸਾਰੇ ਫ਼ੌਜੀ ਰਾਤ ਨੂੰ ਰਾਜੇ ਦੇ ਬਾਗ਼ ਨੇੜਲੇ ਦੋ ਕੰਧਾਂ ਦੇ ਵਿਚਕਾਰ ਲੱਗੇ ਦਰਵਾਜ਼ੇ ਥਾਣੀਂ ਸ਼ਹਿਰ ਵਿੱਚੋਂ ਭੱਜ ਗਏ। ਉਸ ਵੇਲੇ ਕਸਦੀਆਂ ਨੇ ਸ਼ਹਿਰ ਨੂੰ ਘੇਰਿਆ ਹੋਇਆ ਸੀ; ਉਹ ਅਰਾਬਾਹ ਦੇ ਰਾਹ ਥਾਣੀਂ ਚਲੇ ਗਏ।+ 8 ਪਰ ਕਸਦੀ ਫ਼ੌਜ ਨੇ ਰਾਜੇ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੇ ਸਿਦਕੀਯਾਹ ਨੂੰ ਯਰੀਹੋ ਦੀ ਉਜਾੜ ਵਿਚ ਘੇਰ ਲਿਆ+ ਅਤੇ ਉਸ ਦੇ ਸਾਰੇ ਫ਼ੌਜੀ ਉਸ ਕੋਲੋਂ ਖਿੰਡ-ਪੁੰਡ ਗਏ। 9 ਫਿਰ ਉਨ੍ਹਾਂ ਨੇ ਰਾਜੇ ਨੂੰ ਫੜ ਲਿਆ ਅਤੇ ਉਸ ਨੂੰ ਹਮਾਥ ਦੇਸ਼ ਦੇ ਰਿਬਲਾਹ ਸ਼ਹਿਰ ਵਿਚ ਬਾਬਲ ਦੇ ਰਾਜੇ ਕੋਲ ਲੈ ਆਏ ਅਤੇ ਰਾਜੇ ਨੇ ਉਸ ਨੂੰ ਸਜ਼ਾ ਸੁਣਾਈ। 10 ਬਾਬਲ ਦੇ ਰਾਜੇ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਸ ਦੀਆਂ ਅੱਖਾਂ ਸਾਮ੍ਹਣੇ ਵੱਢ ਦਿੱਤਾ ਅਤੇ ਉਸ ਨੇ ਰਿਬਲਾਹ ਵਿਚ ਯਹੂਦਾਹ ਦੇ ਸਾਰੇ ਹਾਕਮਾਂ ਨੂੰ ਵੀ ਵੱਢ ਸੁੱਟਿਆ। 11 ਫਿਰ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ+ ਅਤੇ ਉਸ ਨੂੰ ਤਾਂਬੇ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਬਾਬਲ ਲੈ ਆਇਆ। ਰਾਜੇ ਨੇ ਸਿਦਕੀਯਾਹ ਨੂੰ ਉਸ ਦੀ ਮੌਤ ਤਕ ਕੈਦ ਵਿਚ ਰੱਖਿਆ।
12 ਪੰਜਵੇਂ ਮਹੀਨੇ ਦੀ 10 ਤਾਰੀਖ਼ ਨੂੰ ਯਾਨੀ ਬਾਬਲ ਦੇ ਰਾਜੇ ਨਬੂਕਦਨੱਸਰ* ਦੇ ਰਾਜ ਦੇ 19ਵੇਂ ਸਾਲ ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ, ਜੋ ਬਾਬਲ ਦੇ ਰਾਜੇ ਦਾ ਸੇਵਕ ਸੀ, ਯਰੂਸ਼ਲਮ ਆਇਆ।+ 13 ਉਸ ਨੇ ਯਹੋਵਾਹ ਦੇ ਭਵਨ, ਰਾਜੇ ਦੇ ਮਹਿਲ ਅਤੇ ਯਰੂਸ਼ਲਮ ਦੇ ਸਾਰੇ ਘਰਾਂ ਨੂੰ ਸਾੜ ਦਿੱਤਾ।+ ਨਾਲੇ ਉਸ ਨੇ ਸਾਰੇ ਵੱਡੇ ਘਰਾਂ ਨੂੰ ਵੀ ਸਾੜ ਸੁੱਟਿਆ। 14 ਪਹਿਰੇਦਾਰਾਂ ਦੇ ਮੁਖੀ ਨਾਲ ਆਈ ਕਸਦੀਆਂ ਦੀ ਸਾਰੀ ਫ਼ੌਜ ਨੇ ਯਰੂਸ਼ਲਮ ਦੁਆਲੇ ਬਣੀਆਂ ਕੰਧਾਂ ਨੂੰ ਢਾਹ ਦਿੱਤਾ।+
15 ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਕੁਝ ਗ਼ਰੀਬ ਲੋਕਾਂ ਨੂੰ ਅਤੇ ਸ਼ਹਿਰ ਵਿਚ ਬਾਕੀ ਰਹਿ ਗਏ ਲੋਕਾਂ ਨੂੰ ਬੰਦੀ ਬਣਾ ਕੇ ਲੈ ਗਿਆ। ਉਹ ਬਾਕੀ ਬਚੇ ਕਾਰੀਗਰਾਂ ਨੂੰ ਅਤੇ ਬਾਬਲ ਦੇ ਰਾਜੇ ਨਾਲ ਰਲ਼ੇ ਲੋਕਾਂ ਨੂੰ ਵੀ ਬੰਦੀ ਬਣਾ ਕੇ ਲੈ ਗਿਆ।+ 16 ਪਰ ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਦੇਸ਼ ਦੇ ਕੁਝ ਸਭ ਤੋਂ ਗ਼ਰੀਬ ਲੋਕਾਂ ਨੂੰ ਛੱਡ ਗਿਆ ਤਾਂਕਿ ਉਹ ਅੰਗੂਰਾਂ ਦੇ ਬਾਗ਼ਾਂ ਵਿਚ ਕੰਮ ਕਰਨ ਅਤੇ ਉਨ੍ਹਾਂ ਕੋਲੋਂ ਜਬਰੀ ਮਜ਼ਦੂਰੀ ਕਰਾਈ ਜਾਵੇ।+
17 ਕਸਦੀਆਂ ਨੇ ਯਹੋਵਾਹ ਦੇ ਭਵਨ ਦੇ ਤਾਂਬੇ ਦੇ ਥੰਮ੍ਹਾਂ,+ ਯਹੋਵਾਹ ਦੇ ਭਵਨ ਵਿਚ ਰੱਖੀਆਂ ਪਹੀਏਦਾਰ ਗੱਡੀਆਂ+ ਅਤੇ ਤਾਂਬੇ ਦੇ ਹੌਦ+ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਸਾਰਾ ਤਾਂਬਾ ਬਾਬਲ ਲੈ ਗਏ।+ 18 ਨਾਲੇ ਉਹ ਬਾਲਟੀਆਂ, ਬੇਲਚੇ, ਬੱਤੀ ਨੂੰ ਕੱਟਣ ਵਾਲੀਆਂ ਕੈਂਚੀਆਂ, ਕਟੋਰੇ,+ ਪਿਆਲੇ+ ਅਤੇ ਤਾਂਬੇ ਦੀਆਂ ਸਾਰੀਆਂ ਚੀਜ਼ਾਂ ਲੈ ਗਏ ਜੋ ਮੰਦਰ ਵਿਚ ਸੇਵਾ ਕਰਨ ਲਈ ਵਰਤੀਆਂ ਜਾਂਦੀਆਂ ਸਨ। 19 ਪਹਿਰੇਦਾਰਾਂ ਦਾ ਮੁਖੀ ਖਾਲਸ ਸੋਨੇ ਅਤੇ ਚਾਂਦੀ ਦੇ ਬਣੇ+ ਛੋਟੇ ਹੌਦ,+ ਅੱਗ ਚੁੱਕਣ ਵਾਲੇ ਕੜਛੇ, ਕਟੋਰੇ, ਬਾਲਟੀਆਂ, ਸ਼ਮਾਦਾਨ,+ ਪਿਆਲੇ ਅਤੇ ਚੜ੍ਹਾਵੇ ਵੇਲੇ ਵਰਤੇ ਜਾਣ ਵਾਲੇ ਕਟੋਰੇ ਲੈ ਗਿਆ। 20 ਰਾਜਾ ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਜੋ ਦੋ ਥੰਮ੍ਹ, ਪਹੀਏਦਾਰ ਗੱਡੀਆਂ, ਵੱਡਾ ਹੌਦ ਅਤੇ ਹੌਦ ਦੇ ਹੇਠਾਂ 12 ਤਾਂਬੇ ਦੇ ਬਲਦ+ ਬਣਾਏ ਸਨ, ਉਨ੍ਹਾਂ ਨੂੰ ਬਣਾਉਣ ਲਈ ਇੰਨਾ ਤਾਂਬਾ ਲੱਗਾ ਸੀ ਕਿ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਸੀ।
21 ਹਰੇਕ ਥੰਮ੍ਹ ਦੀ ਉਚਾਈ 18 ਹੱਥ* ਅਤੇ ਘੇਰਾ 12 ਹੱਥ ਸੀ।*+ ਇਹ ਚਾਰ ਉਂਗਲਾਂ* ਮੋਟੇ ਸਨ ਅਤੇ ਅੰਦਰੋਂ ਖੋਖਲੇ ਸਨ। 22 ਉਸ ਉੱਤੇ ਤਾਂਬੇ ਦਾ ਕੰਗੂਰਾ* ਬਣਿਆ ਹੋਇਆ ਸੀ; ਕੰਗੂਰੇ ਦੀ ਉਚਾਈ ਪੰਜ ਹੱਥ ਸੀ+ ਅਤੇ ਕੰਗੂਰੇ ʼਤੇ ਬਣੀ ਜਾਲ਼ੀ ਅਤੇ ਇਸ ਦੁਆਲੇ ਬਣੇ ਸਾਰੇ ਅਨਾਰ ਤਾਂਬੇ ਦੇ ਸਨ। ਦੂਸਰਾ ਥੰਮ੍ਹ ਅਤੇ ਅਨਾਰ ਵੀ ਇਸੇ ਤਰ੍ਹਾਂ ਦੇ ਸਨ। 23 ਇਸ ਦੇ ਆਲੇ-ਦੁਆਲੇ 96 ਅਨਾਰ ਬਣੇ ਹੋਏ ਸਨ; ਜਾਲ਼ੀ ਦੇ ਆਲੇ-ਦੁਆਲੇ ਕੁੱਲ 100 ਅਨਾਰ ਸਨ।+
24 ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਮੁੱਖ ਪੁਜਾਰੀ ਸਰਾਯਾਹ,+ ਦੂਸਰੇ ਪੁਜਾਰੀ ਸਫ਼ਨਯਾਹ+ ਅਤੇ ਤਿੰਨ ਦਰਬਾਨਾਂ ਨੂੰ ਵੀ ਲੈ ਗਿਆ।+ 25 ਉਹ ਸ਼ਹਿਰ ਵਿੱਚੋਂ ਇਕ ਦਰਬਾਰੀ ਨੂੰ ਲੈ ਗਿਆ ਜੋ ਫ਼ੌਜੀਆਂ ਉੱਤੇ ਅਧਿਕਾਰੀ ਸੀ ਅਤੇ ਸ਼ਹਿਰ ਵਿਚ ਮਿਲੇ ਰਾਜੇ ਦੇ ਸੱਤ ਸਲਾਹਕਾਰਾਂ ਨੂੰ, ਫ਼ੌਜ ਦੇ ਮੁਖੀ ਦੇ ਸਕੱਤਰ ਨੂੰ ਜੋ ਦੇਸ਼ ਦੇ ਲੋਕਾਂ ਨੂੰ ਫ਼ੌਜ ਵਿਚ ਭਰਤੀ ਕਰਦਾ ਸੀ ਅਤੇ ਦੇਸ਼ ਦੇ ਆਮ ਲੋਕਾਂ ਵਿੱਚੋਂ 60 ਆਦਮੀਆਂ ਨੂੰ ਲੈ ਗਿਆ ਜੋ ਅਜੇ ਵੀ ਸ਼ਹਿਰ ਵਿਚ ਸਨ। 26 ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਉਨ੍ਹਾਂ ਨੂੰ ਰਿਬਲਾਹ ਵਿਚ ਬਾਬਲ ਦੇ ਰਾਜੇ ਕੋਲ ਲੈ ਆਇਆ। 27 ਬਾਬਲ ਦੇ ਰਾਜੇ ਨੇ ਹਮਾਥ ਦੇਸ਼ ਦੇ ਰਿਬਲਾਹ ਸ਼ਹਿਰ ਵਿਚ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ।+ ਇਸ ਤਰ੍ਹਾਂ ਯਹੂਦਾਹ ਨੂੰ ਆਪਣੇ ਦੇਸ਼ ਵਿੱਚੋਂ ਕੱਢ ਕੇ ਗ਼ੁਲਾਮੀ ਵਿਚ ਲਿਜਾਇਆ ਗਿਆ।+
28 ਨਬੂਕਦਨੱਸਰ* ਇਨ੍ਹਾਂ ਲੋਕਾਂ ਨੂੰ ਬੰਦੀ ਬਣਾ ਕੇ ਲੈ ਗਿਆ ਸੀ: ਸੱਤਵੇਂ ਸਾਲ 3,023 ਯਹੂਦੀਆਂ ਨੂੰ।+
29 ਨਬੂਕਦਨੱਸਰ* ਦੇ ਰਾਜ ਦੇ 18ਵੇਂ ਸਾਲ+ ਦੌਰਾਨ ਯਰੂਸ਼ਲਮ ਤੋਂ 832 ਲੋਕਾਂ ਨੂੰ ਲਿਜਾਇਆ ਗਿਆ।
30 ਨਬੂਕਦਨੱਸਰ* ਦੇ ਰਾਜ ਦੇ 23ਵੇਂ ਸਾਲ ਦੌਰਾਨ ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ 745 ਯਹੂਦੀਆਂ ਨੂੰ ਬੰਦੀ ਬਣਾ ਕੇ ਲੈ ਗਿਆ।+
ਕੁੱਲ ਮਿਲਾ ਕੇ 4,600 ਲੋਕਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ।
31 ਫਿਰ ਯਹੂਦਾਹ ਦੇ ਰਾਜੇ ਯਹੋਯਾਕੀਨ ਦੀ ਗ਼ੁਲਾਮੀ ਦੇ 37ਵੇਂ ਸਾਲ+ ਦੇ 12ਵੇਂ ਮਹੀਨੇ ਦੀ 25 ਤਾਰੀਖ਼ ਨੂੰ ਬਾਬਲ ਦੇ ਰਾਜੇ ਅਵੀਲ-ਮਰੋਦਕ ਨੇ ਆਪਣੇ ਰਾਜ ਦੇ ਪਹਿਲੇ ਸਾਲ ਦੌਰਾਨ ਯਹੂਦਾਹ ਦੇ ਰਾਜੇ ਯਹੋਯਾਕੀਨ ਨੂੰ ਕੈਦ ਵਿੱਚੋਂ ਰਿਹਾ ਕਰ ਦਿੱਤਾ।*+ 32 ਉਸ ਨੇ ਯਹੋਯਾਕੀਨ ਨਾਲ ਨਰਮਾਈ ਨਾਲ ਗੱਲ ਕੀਤੀ ਅਤੇ ਉਸ ਨੂੰ ਦੂਜੇ ਰਾਜਿਆਂ ਨਾਲੋਂ ਵੱਧ ਇੱਜ਼ਤ-ਮਾਣ* ਬਖ਼ਸ਼ਿਆ ਜੋ ਉਸ ਦੇ ਨਾਲ ਬਾਬਲ ਵਿਚ ਸਨ। 33 ਯਹੋਯਾਕੀਨ ਨੇ ਕੈਦੀਆਂ ਵਾਲੇ ਕੱਪੜੇ ਲਾਹ ਦਿੱਤੇ ਅਤੇ ਉਹ ਆਪਣੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਰਾਜੇ ਦੇ ਮੇਜ਼ ਤੋਂ ਖਾਣਾ ਖਾਂਦਾ ਰਿਹਾ। 34 ਉਸ ਦੀ ਮੌਤ ਹੋਣ ਤਕ ਸਾਰੀ ਜ਼ਿੰਦਗੀ ਉਸ ਨੂੰ ਰੋਜ਼ਾਨਾ ਬਾਬਲ ਦੇ ਰਾਜੇ ਤੋਂ ਖਾਣਾ ਮਿਲਦਾ ਰਿਹਾ।