ਦੂਜਾ ਸਮੂਏਲ
11 ਸਾਲ ਦੇ ਸ਼ੁਰੂ ਵਿਚ* ਯਾਨੀ ਉਸ ਸਮੇਂ ਜਦੋਂ ਰਾਜੇ ਯੁੱਧਾਂ ਵਿਚ ਜਾਇਆ ਕਰਦੇ ਹਨ, ਦਾਊਦ ਨੇ ਯੋਆਬ, ਆਪਣੇ ਸੇਵਕਾਂ ਅਤੇ ਇਜ਼ਰਾਈਲ ਦੀ ਪੂਰੀ ਫ਼ੌਜ ਨੂੰ ਅੰਮੋਨੀਆਂ ਨੂੰ ਤਬਾਹ ਕਰਨ ਲਈ ਭੇਜਿਆ ਅਤੇ ਉਨ੍ਹਾਂ ਨੇ ਰੱਬਾਹ ਨੂੰ ਘੇਰ ਲਿਆ,+ ਪਰ ਦਾਊਦ ਆਪ ਯਰੂਸ਼ਲਮ ਵਿਚ ਹੀ ਰਿਹਾ।+
2 ਇਕ ਸ਼ਾਮ* ਦਾਊਦ ਆਪਣੇ ਪਲੰਘ ਤੋਂ ਉੱਠਿਆ ਅਤੇ ਆਪਣੇ ਮਹਿਲ* ਦੀ ਛੱਤ ʼਤੇ ਟਹਿਲਣ ਲੱਗਾ। ਛੱਤ ਉੱਤੋਂ ਉਸ ਨੇ ਇਕ ਔਰਤ ਨੂੰ ਨਹਾਉਂਦੇ ਦੇਖਿਆ ਅਤੇ ਉਹ ਔਰਤ ਬਹੁਤ ਸੋਹਣੀ ਸੀ। 3 ਦਾਊਦ ਨੇ ਕਿਸੇ ਨੂੰ ਉਸ ਔਰਤ ਬਾਰੇ ਪੁੱਛ-ਪੜਤਾਲ ਕਰਨ ਲਈ ਭੇਜਿਆ ਅਤੇ ਉਸ ਆਦਮੀ ਨੇ ਦੱਸਿਆ: “ਉਹ ਅਲੀਆਮ+ ਦੀ ਧੀ ਅਤੇ ਹਿੱਤੀ+ ਊਰੀਯਾਹ+ ਦੀ ਪਤਨੀ ਬਥ-ਸ਼ਬਾ+ ਹੈ।” 4 ਫਿਰ ਦਾਊਦ ਨੇ ਉਸ ਨੂੰ ਬੁਲਾਉਣ ਲਈ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ।+ ਉਹ ਉਸ ਕੋਲ ਆਈ ਅਤੇ ਉਸ ਨੇ ਉਸ ਨਾਲ ਸੰਬੰਧ ਬਣਾਏ।+ (ਇਹ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਆਪ ਨੂੰ ਆਪਣੀ ਅਸ਼ੁੱਧਤਾ* ਤੋਂ ਸ਼ੁੱਧ ਕਰ ਰਹੀ ਸੀ।)+ ਉਸ ਤੋਂ ਬਾਅਦ ਉਹ ਆਪਣੇ ਘਰ ਵਾਪਸ ਚਲੀ ਗਈ।
5 ਉਹ ਔਰਤ ਗਰਭਵਤੀ ਹੋਈ ਅਤੇ ਉਸ ਨੇ ਦਾਊਦ ਨੂੰ ਸੰਦੇਸ਼ ਭੇਜਿਆ: “ਮੈਂ ਮਾਂ ਬਣਨ ਵਾਲੀ ਹਾਂ।” 6 ਇਹ ਪਤਾ ਲੱਗਣ ਤੇ ਦਾਊਦ ਨੇ ਯੋਆਬ ਨੂੰ ਸੰਦੇਸ਼ ਭੇਜਿਆ: “ਹਿੱਤੀ ਊਰੀਯਾਹ ਨੂੰ ਮੇਰੇ ਕੋਲ ਘੱਲ।” ਇਸ ਲਈ ਯੋਆਬ ਨੇ ਊਰੀਯਾਹ ਨੂੰ ਦਾਊਦ ਕੋਲ ਭੇਜ ਦਿੱਤਾ। 7 ਜਦੋਂ ਊਰੀਯਾਹ ਦਾਊਦ ਕੋਲ ਆਇਆ, ਤਾਂ ਦਾਊਦ ਨੇ ਉਸ ਨੂੰ ਪੁੱਛਿਆ ਕਿ ਯੋਆਬ ਦਾ ਕੀ ਹਾਲ-ਚਾਲ ਹੈ, ਫ਼ੌਜੀਆਂ ਦਾ ਕੀ ਹਾਲ ਹੈ ਅਤੇ ਯੁੱਧ ਕਿਵੇਂ ਚੱਲ ਰਿਹਾ। 8 ਫਿਰ ਦਾਊਦ ਨੇ ਊਰੀਯਾਹ ਨੂੰ ਕਿਹਾ: “ਆਪਣੇ ਘਰ ਜਾਹ ਅਤੇ ਆਰਾਮ ਕਰ।”* ਜਦੋਂ ਊਰੀਯਾਹ ਰਾਜੇ ਦੇ ਘਰੋਂ ਚਲਾ ਗਿਆ, ਤਾਂ ਰਾਜੇ ਵੱਲੋਂ ਉਸ ਦੇ ਪਿੱਛੇ ਇਕ ਤੋਹਫ਼ਾ* ਭੇਜਿਆ ਗਿਆ। 9 ਪਰ ਊਰੀਯਾਹ ਆਪਣੇ ਮਾਲਕ ਦੇ ਬਾਕੀ ਸਾਰੇ ਸੇਵਕਾਂ ਨਾਲ ਰਾਜੇ ਦੇ ਘਰ ਦੇ ਦਰਵਾਜ਼ੇ ਕੋਲ ਸੌਂ ਗਿਆ ਅਤੇ ਉਹ ਆਪਣੇ ਘਰ ਨਹੀਂ ਗਿਆ। 10 ਇਸ ਲਈ ਦਾਊਦ ਨੂੰ ਦੱਸਿਆ ਗਿਆ: “ਊਰੀਯਾਹ ਆਪਣੇ ਘਰ ਨਹੀਂ ਗਿਆ।” ਇਹ ਸੁਣ ਕੇ ਦਾਊਦ ਨੇ ਊਰੀਯਾਹ ਨੂੰ ਕਿਹਾ: “ਤੂੰ ਹੁਣੇ-ਹੁਣੇ ਸਫ਼ਰ ਤੋਂ ਆਇਆ ਹੈਂ। ਤਾਂ ਫਿਰ ਤੂੰ ਆਪਣੇ ਘਰ ਕਿਉਂ ਨਹੀਂ ਗਿਆ?” 11 ਊਰੀਯਾਹ ਨੇ ਦਾਊਦ ਨੂੰ ਜਵਾਬ ਦਿੱਤਾ: “ਸੰਦੂਕ+ ਤੰਬੂ ਵਿਚ ਪਿਆ ਹੈ ਤੇ ਇਜ਼ਰਾਈਲ ਅਤੇ ਯਹੂਦਾਹ ਵੀ ਤੰਬੂਆਂ ਵਿਚ ਰਹਿ ਰਹੇ ਹਨ। ਨਾਲੇ ਮੇਰਾ ਮਾਲਕ ਯੋਆਬ ਅਤੇ ਮੇਰੇ ਮਾਲਕ ਦੇ ਸੇਵਕਾਂ ਨੇ ਖੁੱਲ੍ਹੇ ਮੈਦਾਨ ਵਿਚ ਡੇਰੇ ਲਾਏ ਹੋਏ ਹਨ। ਤਾਂ ਫਿਰ ਮੈਂ ਕਿਵੇਂ ਆਪਣੇ ਘਰ ਜਾ ਕੇ ਖਾ-ਪੀ ਸਕਦਾਂ ਅਤੇ ਆਪਣੀ ਪਤਨੀ ਨਾਲ ਲੰਮਾ ਪੈ ਸਕਦਾਂ?+ ਮੈਨੂੰ ਤੇਰੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਇਸ ਤਰ੍ਹਾਂ ਨਹੀਂ ਕਰਾਂਗਾ!”
12 ਫਿਰ ਦਾਊਦ ਨੇ ਊਰੀਯਾਹ ਨੂੰ ਕਿਹਾ: “ਤੂੰ ਅੱਜ ਵੀ ਇੱਥੇ ਹੀ ਰਹਿ ਅਤੇ ਕੱਲ੍ਹ ਮੈਂ ਤੈਨੂੰ ਭੇਜ ਦਿਆਂਗਾ।” ਇਸ ਲਈ ਊਰੀਯਾਹ ਉਸ ਦਿਨ ਅਤੇ ਅਗਲੇ ਦਿਨ ਯਰੂਸ਼ਲਮ ਵਿਚ ਹੀ ਰਿਹਾ। 13 ਫਿਰ ਦਾਊਦ ਨੇ ਉਸ ਨੂੰ ਬੁਲਾਇਆ ਕਿ ਉਹ ਉਸ ਨਾਲ ਖਾਵੇ-ਪੀਵੇ ਅਤੇ ਉਸ ਨੇ ਉਸ ਨੂੰ ਇੰਨੀ ਪਿਲਾ ਦਿੱਤੀ ਕਿ ਉਹ ਸ਼ਰਾਬੀ ਹੋ ਗਿਆ। ਪਰ ਸ਼ਾਮ ਨੂੰ ਉਹ ਜਾ ਕੇ ਆਪਣੇ ਮਾਲਕ ਦੇ ਸੇਵਕਾਂ ਨਾਲ ਆਪਣੇ ਬਿਸਤਰੇ ʼਤੇ ਸੌਂ ਗਿਆ ਅਤੇ ਘਰ ਨਹੀਂ ਗਿਆ। 14 ਸਵੇਰ ਨੂੰ ਦਾਊਦ ਨੇ ਯੋਆਬ ਨੂੰ ਇਕ ਚਿੱਠੀ ਲਿਖੀ ਅਤੇ ਊਰੀਯਾਹ ਦੇ ਹੱਥ ਭੇਜ ਦਿੱਤੀ। 15 ਉਸ ਨੇ ਚਿੱਠੀ ਵਿਚ ਲਿਖਿਆ: “ਊਰੀਯਾਹ ਨੂੰ ਲੜਾਈ ਵਿਚ ਸਭ ਤੋਂ ਅੱਗੇ ਰੱਖੀਂ ਜਿੱਥੇ ਘਮਸਾਣ ਯੁੱਧ ਹੋ ਰਿਹਾ ਹੋਵੇ। ਫਿਰ ਤੁਸੀਂ ਪਿੱਛੇ ਹਟ ਜਾਇਓ ਤਾਂਕਿ ਉਸ ਉੱਤੇ ਵਾਰ ਹੋਵੇ ਅਤੇ ਉਹ ਮਾਰਿਆ ਜਾਵੇ।”+
16 ਯੋਆਬ ਨੇ ਸ਼ਹਿਰ ਉੱਤੇ ਸਖ਼ਤ ਨਜ਼ਰ ਰੱਖੀ ਹੋਈ ਸੀ ਅਤੇ ਉਸ ਨੇ ਊਰੀਯਾਹ ਨੂੰ ਉਸ ਜਗ੍ਹਾ ਤੈਨਾਤ ਕਰ ਦਿੱਤਾ ਜਿੱਥੇ ਉਸ ਨੂੰ ਪਤਾ ਸੀ ਕਿ ਤਾਕਤਵਰ ਯੋਧੇ ਲੜ ਰਹੇ ਸਨ। 17 ਜਦ ਸ਼ਹਿਰ ਦੇ ਆਦਮੀ ਬਾਹਰ ਆ ਕੇ ਯੋਆਬ ਨਾਲ ਲੜੇ, ਤਾਂ ਦਾਊਦ ਦੇ ਕੁਝ ਸੇਵਕ ਮਾਰੇ ਗਏ ਅਤੇ ਮਰਨ ਵਾਲਿਆਂ ਵਿਚ ਹਿੱਤੀ ਊਰੀਯਾਹ ਵੀ ਸੀ।+ 18 ਫਿਰ ਯੋਆਬ ਨੇ ਦਾਊਦ ਨੂੰ ਯੁੱਧ ਦੀ ਸਾਰੀ ਖ਼ਬਰ ਦਿੱਤੀ। 19 ਉਸ ਨੇ ਸੰਦੇਸ਼ ਲੈ ਕੇ ਜਾਣ ਵਾਲੇ ਨੂੰ ਹਿਦਾਇਤ ਦਿੱਤੀ: “ਜਦ ਤੂੰ ਰਾਜੇ ਨੂੰ ਯੁੱਧ ਦੀ ਸਾਰੀ ਖ਼ਬਰ ਦੇ ਹਟੇਂ, 20 ਤਾਂ ਹੋ ਸਕਦਾ ਹੈ ਕਿ ਰਾਜਾ ਗੁੱਸੇ ਹੋਵੇ ਅਤੇ ਤੈਨੂੰ ਕਹੇ, ‘ਤੁਹਾਨੂੰ ਲੜਾਈ ਲਈ ਸ਼ਹਿਰ ਦੇ ਇੰਨੀ ਨੇੜੇ ਜਾਣ ਦੀ ਕੀ ਲੋੜ ਸੀ? ਕੀ ਤੁਹਾਨੂੰ ਨਹੀਂ ਸੀ ਪਤਾ ਕਿ ਉਹ ਕੰਧ ਉੱਤੋਂ ਦੀ ਤੀਰ ਮਾਰਨਗੇ? 21 ਭੁੱਲ ਗਏ, ਯਰੂਬਸ਼ਥ+ ਦੇ ਪੁੱਤਰ ਅਬੀਮਲਕ+ ਨੂੰ ਕਿਸ ਨੇ ਮਾਰਿਆ ਸੀ? ਕੀ ਇਕ ਔਰਤ ਨੇ ਨਹੀਂ ਜਿਸ ਨੇ ਕੰਧ ਉੱਤੋਂ ਦੀ ਚੱਕੀ ਦਾ ਉੱਪਰਲਾ ਪੁੜ ਉਸ ਉੱਤੇ ਸੁੱਟਿਆ ਸੀ ਜਿਸ ਕਰਕੇ ਤੇਬੇਸ ਵਿਚ ਉਸ ਦੀ ਮੌਤ ਹੋ ਗਈ ਸੀ? ਤੁਸੀਂ ਕੰਧ ਦੇ ਇੰਨੀ ਨੇੜੇ ਕਿਉਂ ਗਏ?’ ਫਿਰ ਤੂੰ ਕਹੀਂ, ‘ਤੇਰਾ ਸੇਵਕ ਹਿੱਤੀ ਊਰੀਯਾਹ ਵੀ ਮਾਰਿਆ ਗਿਆ।’”
22 ਫਿਰ ਸੰਦੇਸ਼ ਦੇਣ ਵਾਲਾ ਚਲਾ ਗਿਆ ਅਤੇ ਦਾਊਦ ਨੂੰ ਉਹ ਸਭ ਕੁਝ ਦੱਸਿਆ ਜੋ ਯੋਆਬ ਨੇ ਉਸ ਨੂੰ ਦੱਸਣ ਲਈ ਕਿਹਾ ਸੀ। 23 ਫਿਰ ਉਸ ਨੇ ਦਾਊਦ ਨੂੰ ਕਿਹਾ: “ਉਨ੍ਹਾਂ ਦੇ ਆਦਮੀ ਸਾਡੇ ʼਤੇ ਭਾਰੀ ਪੈ ਗਏ ਅਤੇ ਉਹ ਸਾਡੇ ਖ਼ਿਲਾਫ਼ ਲੜਨ ਲਈ ਮੈਦਾਨ ਵਿਚ ਆਏ; ਪਰ ਅਸੀਂ ਉਨ੍ਹਾਂ ਨੂੰ ਸ਼ਹਿਰ ਦੇ ਦਰਵਾਜ਼ੇ ਤਕ ਖਦੇੜ ਦਿੱਤਾ। 24 ਤੀਰਅੰਦਾਜ਼ ਕੰਧ ਉੱਤੋਂ ਤੁਹਾਡੇ ਸੇਵਕਾਂ ʼਤੇ ਤੀਰ ਚਲਾ ਰਹੇ ਸਨ ਅਤੇ ਰਾਜੇ ਦੇ ਕੁਝ ਸੇਵਕ ਮਾਰੇ ਗਏ; ਤੇਰਾ ਸੇਵਕ ਹਿੱਤੀ ਊਰੀਯਾਹ ਵੀ ਮਾਰਿਆ ਗਿਆ।”+ 25 ਇਹ ਸੁਣ ਕੇ ਦਾਊਦ ਨੇ ਉਸ ਨੂੰ ਕਿਹਾ: “ਯੋਆਬ ਨੂੰ ਇਹ ਕਹੀਂ: ‘ਇਸ ਗੱਲ ਕਰਕੇ ਦੁਖੀ ਨਾ ਹੋ ਕਿਉਂਕਿ ਯੁੱਧ ਵਿਚ ਤਾਂ ਕੋਈ ਵੀ ਮਰ ਸਕਦਾ ਹੈ। ਸ਼ਹਿਰ ਵਿਰੁੱਧ ਆਪਣੀ ਲੜਾਈ ਹੋਰ ਤੇਜ਼ ਕਰ ਦੇ ਅਤੇ ਉਸ ਨੂੰ ਜਿੱਤ ਲੈ।’+ ਅਤੇ ਉਸ ਨੂੰ ਹੌਸਲਾ ਦੇਈਂ।”
26 ਜਦ ਊਰੀਯਾਹ ਦੀ ਪਤਨੀ ਨੇ ਸੁਣਿਆ ਕਿ ਉਸ ਦਾ ਪਤੀ ਊਰੀਯਾਹ ਮਰ ਗਿਆ ਹੈ, ਤਾਂ ਉਹ ਆਪਣੇ ਪਤੀ ਦਾ ਸੋਗ ਮਨਾਉਣ ਲੱਗੀ। 27 ਸੋਗ ਮਨਾਉਣ ਦਾ ਸਮਾਂ ਖ਼ਤਮ ਹੁੰਦਿਆਂ ਹੀ ਦਾਊਦ ਨੇ ਕਿਸੇ ਨੂੰ ਭੇਜ ਕੇ ਉਸ ਨੂੰ ਆਪਣੇ ਘਰ ਬੁਲਾ ਲਿਆ। ਉਹ ਉਸ ਦੀ ਪਤਨੀ ਬਣ ਗਈ+ ਅਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਪਰ ਦਾਊਦ ਨੇ ਜੋ ਕੀਤਾ ਸੀ, ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਬੁਰਾ ਸੀ।*+