ਯਿਰਮਿਯਾਹ
38 ਮੱਤਾਨ ਦੇ ਪੁੱਤਰ ਸ਼ਫਟਯਾਹ, ਪਸ਼ਹੂਰ ਦੇ ਪੁੱਤਰ ਗਦਲਯਾਹ, ਸ਼ਲਮਯਾਹ ਦੇ ਪੁੱਤਰ ਯੂਕਲ+ ਅਤੇ ਮਲਕੀਯਾਹ ਦੇ ਪੁੱਤਰ ਪਸ਼ਹੂਰ+ ਨੇ ਯਿਰਮਿਯਾਹ ਨੂੰ ਇਹ ਗੱਲਾਂ ਸਾਰੇ ਲੋਕਾਂ ਨੂੰ ਕਹਿੰਦਿਆਂ ਸੁਣਿਆ: 2 “ਯਹੋਵਾਹ ਇਹ ਕਹਿੰਦਾ ਹੈ, ‘ਜਿਹੜੇ ਇਸ ਸ਼ਹਿਰ ਵਿਚ ਰਹਿਣਗੇ, ਉਹ ਤਲਵਾਰ, ਕਾਲ਼ ਅਤੇ ਮਹਾਂਮਾਰੀ* ਨਾਲ ਮਰਨਗੇ,+ ਪਰ ਜਿਹੜਾ ਵੀ ਖ਼ੁਦ ਨੂੰ ਕਸਦੀਆਂ ਦੇ ਹਵਾਲੇ ਕਰੇਗਾ,* ਉਹ ਜੀਉਂਦਾ ਰਹੇਗਾ ਅਤੇ ਉਸ ਦੀ ਜਾਨ ਸਲਾਮਤ ਰਹੇਗੀ* ਅਤੇ ਉਹ ਬਚ ਜਾਵੇਗਾ।’+ 3 ਯਹੋਵਾਹ ਕਹਿੰਦਾ ਹੈ, ‘ਇਹ ਸ਼ਹਿਰ ਜ਼ਰੂਰ ਬਾਬਲ ਦੇ ਰਾਜੇ ਦੀ ਫ਼ੌਜ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਇਸ ਉੱਤੇ ਕਬਜ਼ਾ ਕਰ ਲਵੇਗਾ।’”+
4 ਫਿਰ ਹਾਕਮਾਂ ਨੇ ਰਾਜਾ ਸਿਦਕੀਯਾਹ ਨੂੰ ਕਿਹਾ: “ਇਸ ਬੰਦੇ ਨੂੰ ਮਾਰ ਸੁੱਟ+ ਕਿਉਂਕਿ ਇਹ ਅਜਿਹੀਆਂ ਗੱਲਾਂ ਕਰ ਕੇ ਸ਼ਹਿਰ ਵਿਚ ਬਾਕੀ ਬਚੇ ਫ਼ੌਜੀਆਂ ਅਤੇ ਸਾਰੇ ਲੋਕਾਂ ਦੇ ਹੌਸਲੇ ਢਾਹ* ਰਿਹਾ ਹੈ। ਇਹ ਲੋਕਾਂ ਦਾ ਭਲਾ ਨਹੀਂ, ਸਗੋਂ ਬੁਰਾ ਚਾਹੁੰਦਾ ਹੈ।” 5 ਰਾਜਾ ਸਿਦਕੀਯਾਹ ਨੇ ਜਵਾਬ ਦਿੱਤਾ: “ਦੇਖੋ! ਉਹ ਤੁਹਾਡੇ ਹੱਥਾਂ ਵਿਚ ਹੈ। ਰਾਜਾ ਤੁਹਾਨੂੰ ਕੁਝ ਵੀ ਕਰਨ ਤੋਂ ਰੋਕ ਨਹੀਂ ਸਕਦਾ।”
6 ਇਸ ਲਈ ਉਨ੍ਹਾਂ ਨੇ ਯਿਰਮਿਯਾਹ ਨੂੰ ਫੜ ਕੇ ਰਾਜੇ ਦੇ ਪੁੱਤਰ ਮਲਕੀਯਾਹ ਦੇ ਪਾਣੀ ਦੇ ਕੁੰਡ ਵਿਚ ਸੁੱਟ ਦਿੱਤਾ ਜੋ ਪਹਿਰੇਦਾਰਾਂ ਦੇ ਵਿਹੜੇ ਵਿਚ ਸੀ।+ ਉਨ੍ਹਾਂ ਨੇ ਯਿਰਮਿਯਾਹ ਨੂੰ ਰੱਸੀਆਂ ਨਾਲ ਲਮਕਾ ਕੇ ਕੁੰਡ ਵਿਚ ਉਤਾਰਿਆ। ਕੁੰਡ ਵਿਚ ਪਾਣੀ ਨਹੀਂ ਸੀ, ਸਗੋਂ ਚਿੱਕੜ ਸੀ ਅਤੇ ਯਿਰਮਿਯਾਹ ਚਿੱਕੜ ਵਿਚ ਖੁੱਭਣ ਲੱਗ ਪਿਆ।
7 ਰਾਜੇ ਦੇ ਮਹਿਲ ਵਿਚ ਉੱਚ ਅਧਿਕਾਰੀ* ਇਥੋਪੀਆਈ ਅਬਦ-ਮਲਕ+ ਨੇ ਸੁਣਿਆ ਕਿ ਯਿਰਮਿਯਾਹ ਨੂੰ ਪਾਣੀ ਦੇ ਕੁੰਡ ਵਿਚ ਸੁੱਟਿਆ ਗਿਆ ਸੀ। ਰਾਜਾ ਉਸ ਵੇਲੇ ਬਿਨਯਾਮੀਨ ਫਾਟਕ ਕੋਲ ਬੈਠਾ ਹੋਇਆ ਸੀ।+ 8 ਇਸ ਲਈ ਅਬਦ-ਮਲਕ ਰਾਜੇ ਦੇ ਮਹਿਲ ਤੋਂ ਬਾਹਰ ਗਿਆ ਅਤੇ ਉਸ ਨੇ ਰਾਜੇ ਨੂੰ ਕਿਹਾ: 9 “ਹੇ ਮੇਰੇ ਮਾਲਕ, ਮੇਰੇ ਮਹਾਰਾਜ, ਇਨ੍ਹਾਂ ਆਦਮੀਆਂ ਨੇ ਯਿਰਮਿਯਾਹ ਨਾਲ ਜੋ ਕੀਤਾ ਹੈ, ਉਹ ਬਹੁਤ ਹੀ ਬੁਰਾ ਹੈ! ਉਨ੍ਹਾਂ ਨੇ ਉਸ ਨੂੰ ਪਾਣੀ ਦੇ ਕੁੰਡ ਵਿਚ ਸੁੱਟ ਦਿੱਤਾ ਹੈ ਅਤੇ ਉਹ ਉੱਥੇ ਭੁੱਖਾ ਮਰ ਜਾਵੇਗਾ ਕਿਉਂਕਿ ਸ਼ਹਿਰ ਵਿਚ ਖਾਣ ਲਈ ਰੋਟੀ ਨਹੀਂ ਹੈ।”+
10 ਫਿਰ ਰਾਜੇ ਨੇ ਇਥੋਪੀਆਈ ਅਬਦ-ਮਲਕ ਨੂੰ ਹੁਕਮ ਦਿੱਤਾ: “ਇੱਥੋਂ ਆਪਣੇ ਨਾਲ 30 ਬੰਦੇ ਲੈ ਜਾ ਅਤੇ ਯਿਰਮਿਯਾਹ ਨਬੀ ਨੂੰ ਪਾਣੀ ਦੇ ਕੁੰਡ ਵਿੱਚੋਂ ਕੱਢ ਲੈ ਤਾਂਕਿ ਉਹ ਮਰ ਨਾ ਜਾਵੇ।” 11 ਇਸ ਲਈ ਅਬਦ-ਮਲਕ ਆਪਣੇ ਨਾਲ ਆਦਮੀ ਲੈ ਗਿਆ ਅਤੇ ਰਾਜੇ ਦੇ ਮਹਿਲ ਵਿਚ ਖ਼ਜ਼ਾਨੇ ਵਾਲੀ ਜਗ੍ਹਾ ਦੇ ਹੇਠਾਂ ਬਣੇ ਕਮਰੇ ਵਿਚ ਗਿਆ।+ ਉੱਥੋਂ ਉਸ ਨੇ ਕੁਝ ਫਟੇ-ਪੁਰਾਣੇ ਕੱਪੜੇ ਲਏ ਅਤੇ ਉਹ ਕੱਪੜੇ ਰੱਸਿਆਂ ਨਾਲ ਬੰਨ੍ਹ ਕੇ ਕੁੰਡ ਵਿਚ ਯਿਰਮਿਯਾਹ ਨੂੰ ਦੇ ਦਿੱਤੇ। 12 ਫਿਰ ਇਥੋਪੀਆਈ ਅਬਦ-ਮਲਕ ਨੇ ਯਿਰਮਿਯਾਹ ਨੂੰ ਕਿਹਾ: “ਇਨ੍ਹਾਂ ਫਟੇ-ਪੁਰਾਣੇ ਕੱਪੜਿਆਂ ਨੂੰ ਆਪਣੀਆਂ ਬਾਹਾਂ* ਹੇਠ ਰੱਖ ਲੈ ਅਤੇ ਫਿਰ ਰੱਸੇ ਬੰਨ੍ਹ ਲੈ।” ਯਿਰਮਿਯਾਹ ਨੇ ਉਸੇ ਤਰ੍ਹਾਂ ਕੀਤਾ। 13 ਫਿਰ ਉਨ੍ਹਾਂ ਨੇ ਯਿਰਮਿਯਾਹ ਨੂੰ ਰੱਸਿਆਂ ਨਾਲ ਪਾਣੀ ਦੇ ਕੁੰਡ ਵਿੱਚੋਂ ਬਾਹਰ ਕੱਢ ਲਿਆ। ਅਤੇ ਯਿਰਮਿਯਾਹ ਪਹਿਰੇਦਾਰਾਂ ਦੇ ਵਿਹੜੇ ਵਿਚ ਰਿਹਾ।+
14 ਰਾਜਾ ਸਿਦਕੀਯਾਹ ਨੇ ਯਹੋਵਾਹ ਦੇ ਘਰ ਵਿਚ ਤੀਸਰੇ ਦਰਵਾਜ਼ੇ ਕੋਲ ਯਿਰਮਿਯਾਹ ਨਬੀ ਨੂੰ ਆਪਣੇ ਕੋਲ ਸੱਦਿਆ। ਉਸ ਨੇ ਯਿਰਮਿਯਾਹ ਨੂੰ ਕਿਹਾ: “ਮੈਂ ਤੈਨੂੰ ਕੁਝ ਪੁੱਛਣਾ ਚਾਹੁੰਦਾਂ। ਮੇਰੇ ਤੋਂ ਕੁਝ ਨਾ ਲੁਕਾਈਂ।” 15 ਯਿਰਮਿਯਾਹ ਨੇ ਸਿਦਕੀਯਾਹ ਨੂੰ ਕਿਹਾ: “ਜੇ ਮੈਂ ਤੈਨੂੰ ਦੱਸਿਆ, ਤਾਂ ਤੂੰ ਜ਼ਰੂਰ ਮੈਨੂੰ ਜਾਨੋਂ ਮਾਰ ਦੇਵੇਂਗਾ। ਜੇ ਮੈਂ ਤੈਨੂੰ ਕੋਈ ਸਲਾਹ ਦਿੱਤੀ, ਤਾਂ ਤੂੰ ਨਹੀਂ ਮੰਨੇਂਗਾ।” 16 ਇਸ ਲਈ ਰਾਜਾ ਸਿਦਕੀਯਾਹ ਨੇ ਗੁਪਤ ਵਿਚ ਯਿਰਮਿਯਾਹ ਨਾਲ ਸਹੁੰ ਖਾਧੀ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਜਿਸ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ, ਮੈਂ ਤੈਨੂੰ ਜਾਨੋਂ ਨਹੀਂ ਮਾਰਾਂਗਾ ਅਤੇ ਮੈਂ ਤੈਨੂੰ ਇਨ੍ਹਾਂ ਆਦਮੀਆਂ ਦੇ ਹਵਾਲੇ ਨਹੀਂ ਕਰਾਂਗਾ ਜਿਹੜੇ ਤੇਰੀ ਜਾਨ ਦੇ ਪਿੱਛੇ ਪਏ ਹੋਏ ਹਨ।”
17 ਫਿਰ ਯਿਰਮਿਯਾਹ ਨੇ ਸਿਦਕੀਯਾਹ ਨੂੰ ਕਿਹਾ: “ਸੈਨਾਵਾਂ ਦਾ ਪਰਮੇਸ਼ੁਰ ਅਤੇ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਜੇ ਤੂੰ ਆਪਣੇ ਆਪ ਨੂੰ ਬਾਬਲ ਦੇ ਰਾਜੇ ਦੇ ਹਾਕਮਾਂ ਦੇ ਹਵਾਲੇ ਕਰ ਦੇਵੇਂਗਾ,* ਤਾਂ ਤੇਰੀ ਜਾਨ ਬਚ ਜਾਵੇਗੀ। ਇਸ ਸ਼ਹਿਰ ਨੂੰ ਅੱਗ ਨਾਲ ਨਹੀਂ ਸਾੜਿਆ ਜਾਵੇਗਾ। ਤੂੰ ਅਤੇ ਤੇਰਾ ਘਰਾਣਾ ਬਚ ਜਾਵੇਗਾ।+ 18 ਪਰ ਜੇ ਤੂੰ ਆਪਣੇ ਆਪ ਨੂੰ ਬਾਬਲ ਦੇ ਰਾਜੇ ਦੇ ਹਾਕਮਾਂ ਦੇ ਹਵਾਲੇ ਨਹੀਂ ਕਰਦਾ,* ਤਾਂ ਇਹ ਸ਼ਹਿਰ ਕਸਦੀਆਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਸੁੱਟਣਗੇ।+ ਤੂੰ ਉਨ੍ਹਾਂ ਦੇ ਹੱਥੋਂ ਬਚ ਨਹੀਂ ਸਕੇਂਗਾ।’”+
19 ਫਿਰ ਰਾਜਾ ਸਿਦਕੀਯਾਹ ਨੇ ਯਿਰਮਿਯਾਹ ਨੂੰ ਕਿਹਾ: “ਮੈਨੂੰ ਉਨ੍ਹਾਂ ਯਹੂਦੀਆਂ ਦਾ ਡਰ ਹੈ ਜਿਹੜੇ ਕਸਦੀਆਂ ਨਾਲ ਰਲ਼ ਗਏ ਹਨ। ਜੇ ਮੈਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ, ਤਾਂ ਉਹ ਮੇਰੇ ਨਾਲ ਬੇਰਹਿਮੀ ਭਰਿਆ ਸਲੂਕ ਕਰਨਗੇ।” 20 ਪਰ ਯਿਰਮਿਯਾਹ ਨੇ ਕਿਹਾ: “ਤੈਨੂੰ ਉਨ੍ਹਾਂ ਦੇ ਹਵਾਲੇ ਨਹੀਂ ਕੀਤਾ ਜਾਵੇਗਾ। ਕਿਰਪਾ ਕਰ ਕੇ ਯਹੋਵਾਹ ਦੀ ਗੱਲ ਮੰਨ ਜੋ ਮੈਂ ਤੈਨੂੰ ਦੱਸ ਰਿਹਾ ਹਾਂ। ਇਸ ਤਰ੍ਹਾਂ ਕਰ ਕੇ ਤੇਰਾ ਭਲਾ ਹੋਵੇਗਾ ਅਤੇ ਤੂੰ ਜੀਉਂਦਾ ਰਹੇਂਗਾ। 21 ਪਰ ਜੇ ਤੂੰ ਆਪਣੇ ਆਪ ਨੂੰ ਉਨ੍ਹਾਂ ਦੇ ਹਵਾਲੇ ਕਰਨ* ਤੋਂ ਇਨਕਾਰ ਕਰਦਾ ਹੈਂ, ਤਾਂ ਯਹੋਵਾਹ ਨੇ ਮੈਨੂੰ ਇਹ ਦੱਸਿਆ ਹੈ: 22 ਦੇਖ! ਯਹੂਦਾਹ ਦੇ ਰਾਜੇ ਦੇ ਮਹਿਲ ਵਿਚ ਬਚੀਆਂ ਔਰਤਾਂ ਨੂੰ ਬਾਬਲ ਦੇ ਰਾਜੇ ਦੇ ਹਾਕਮਾਂ ਕੋਲ ਲਿਜਾਇਆ ਜਾ ਰਿਹਾ ਹੈ+ ਅਤੇ ਉਹ ਕਹਿ ਰਹੀਆਂ ਹਨ,
‘ਜਿਨ੍ਹਾਂ ਆਦਮੀਆਂ ʼਤੇ ਤੂੰ ਭਰੋਸਾ ਕੀਤਾ, ਉਨ੍ਹਾਂ ਨੇ ਤੈਨੂੰ ਧੋਖਾ ਦਿੱਤਾ ਅਤੇ ਉਹ ਤੇਰੇ ʼਤੇ ਹਾਵੀ ਹੋ ਗਏ।+
ਉਨ੍ਹਾਂ ਨੇ ਤੇਰੇ ਪੈਰ ਚਿੱਕੜ ਵਿਚ ਖੋਭ ਦਿੱਤੇ।
ਹੁਣ ਉਹ ਤੈਨੂੰ ਛੱਡ ਕੇ ਭੱਜ ਗਏ ਹਨ।’
23 ਉਹ ਤੇਰੀਆਂ ਪਤਨੀਆਂ ਅਤੇ ਤੇਰੇ ਪੁੱਤਰਾਂ ਨੂੰ ਕਸਦੀਆਂ ਕੋਲ ਲਿਜਾ ਰਹੇ ਹਨ। ਤੂੰ ਉਨ੍ਹਾਂ ਦੇ ਹੱਥੋਂ ਨਹੀਂ ਬਚੇਂਗਾ, ਸਗੋਂ ਬਾਬਲ ਦਾ ਰਾਜਾ ਤੈਨੂੰ ਫੜ ਲਵੇਗਾ+ ਅਤੇ ਤੇਰੇ ਕਰਕੇ ਇਸ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ ਜਾਵੇਗਾ।”+
24 ਫਿਰ ਸਿਦਕੀਯਾਹ ਨੇ ਯਿਰਮਿਯਾਹ ਨੂੰ ਕਿਹਾ: “ਇਹ ਗੱਲਾਂ ਕਿਸੇ ਨੂੰ ਦੱਸੀਂ ਨਾ, ਨਹੀਂ ਤਾਂ ਤੂੰ ਆਪਣੀ ਜਾਨ ਤੋਂ ਹੱਥ ਧੋ ਬੈਠੇਂਗਾ। 25 ਜੇ ਹਾਕਮਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਤੇਰੇ ਨਾਲ ਗੱਲ ਕੀਤੀ ਹੈ ਅਤੇ ਉਹ ਆ ਕੇ ਤੈਨੂੰ ਕਹਿਣ, ‘ਸਾਨੂੰ ਦੱਸ ਕਿ ਤੂੰ ਰਾਜੇ ਨੂੰ ਕੀ ਕਿਹਾ। ਸਾਡੇ ਤੋਂ ਕੋਈ ਗੱਲ ਲੁਕਾਈਂ ਨਾ। ਅਸੀਂ ਤੈਨੂੰ ਜਾਨੋਂ ਨਹੀਂ ਮਾਰਾਂਗੇ।+ ਰਾਜੇ ਨੇ ਤੈਨੂੰ ਕੀ ਕਿਹਾ?’ 26 ਤਾਂ ਤੂੰ ਉਨ੍ਹਾਂ ਨੂੰ ਕਹੀਂ, ‘ਮੈਂ ਰਾਜੇ ਦੀਆਂ ਮਿੰਨਤਾਂ ਕਰ ਰਿਹਾ ਸੀ ਕਿ ਉਹ ਮੈਨੂੰ ਮਰਨ ਲਈ ਯਹੋਨਾਥਾਨ ਦੇ ਘਰ ਵਾਪਸ ਨਾ ਘੱਲੇ।’”+
27 ਕੁਝ ਸਮੇਂ ਬਾਅਦ ਸਾਰੇ ਹਾਕਮ ਯਿਰਮਿਯਾਹ ਕੋਲ ਆਏ ਅਤੇ ਉਨ੍ਹਾਂ ਨੇ ਉਸ ਤੋਂ ਪੁੱਛ-ਗਿੱਛ ਕੀਤੀ। ਉਸ ਨੇ ਉਨ੍ਹਾਂ ਨੂੰ ਉਹੀ ਦੱਸਿਆ ਜੋ ਰਾਜੇ ਨੇ ਉਸ ਨੂੰ ਕਿਹਾ ਸੀ। ਇਸ ਲਈ ਉਨ੍ਹਾਂ ਨੇ ਉਸ ਨੂੰ ਹੋਰ ਕੁਝ ਨਹੀਂ ਕਿਹਾ ਕਿਉਂਕਿ ਕਿਸੇ ਨੇ ਵੀ ਉਨ੍ਹਾਂ ਦੋਵਾਂ ਵਿਚਕਾਰ ਹੋਈ ਗੱਲਬਾਤ ਨਹੀਂ ਸੁਣੀ ਸੀ। 28 ਯਰੂਸ਼ਲਮ ʼਤੇ ਕਬਜ਼ਾ ਹੋਣ ਦੇ ਦਿਨ ਤਕ ਯਿਰਮਿਯਾਹ ਪਹਿਰੇਦਾਰਾਂ ਦੇ ਵਿਹੜੇ+ ਵਿਚ ਰਿਹਾ; ਉਹ ਉਸ ਵੇਲੇ ਵੀ ਉੱਥੇ ਹੀ ਸੀ ਜਦੋਂ ਯਰੂਸ਼ਲਮ ʼਤੇ ਕਬਜ਼ਾ ਕੀਤਾ ਗਿਆ।+