ਫਿਲੇਮੋਨ ਨੂੰ ਚਿੱਠੀ
1 ਮੈਂ ਪੌਲੁਸ, ਜਿਹੜਾ ਯਿਸੂ ਮਸੀਹ ਦੀ ਖ਼ਾਤਰ ਕੈਦ ਵਿਚ ਹਾਂ,+ ਭਰਾ ਤਿਮੋਥਿਉਸ+ ਨਾਲ ਮਿਲ ਕੇ ਆਪਣੇ ਪਿਆਰੇ ਭਰਾ ਅਤੇ ਸਹਿਕਰਮੀ ਫਿਲੇਮੋਨ, 2 ਆਪਣੀ ਭੈਣ ਅੱਫੀਆ, ਸਾਡੇ ਨਾਲ ਦੇ ਫ਼ੌਜੀ ਅਰਖਿਪੁੱਸ+ ਅਤੇ ਤੇਰੇ ਘਰ ਵਿਚ ਇਕੱਠੀ ਹੁੰਦੀ ਮੰਡਲੀ+ ਨੂੰ ਇਹ ਚਿੱਠੀ ਲਿਖ ਰਿਹਾ ਹਾਂ:
3 ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ।
4 ਮੈਂ ਪ੍ਰਾਰਥਨਾ ਵਿਚ ਤੇਰਾ ਜ਼ਿਕਰ ਕਰਦਿਆਂ ਹਮੇਸ਼ਾ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ+ 5 ਕਿਉਂਕਿ ਮੈਂ ਪ੍ਰਭੂ ਯਿਸੂ ਉੱਤੇ ਤੇਰੀ ਨਿਹਚਾ ਅਤੇ ਉਸ ਲਈ ਅਤੇ ਸਾਰੇ ਪਵਿੱਤਰ ਸੇਵਕਾਂ ਲਈ ਤੇਰੇ ਪਿਆਰ ਬਾਰੇ ਸੁਣਦਾ ਰਹਿੰਦਾ ਹਾਂ। 6 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਦੂਸਰਿਆਂ ਨਾਲ ਜਿਸ ਨਿਹਚਾ ਦਾ ਹਿੱਸੇਦਾਰ ਹੈ, ਉਹ ਨਿਹਚਾ ਤੈਨੂੰ ਉਨ੍ਹਾਂ ਬਰਕਤਾਂ ਦਾ ਅਹਿਸਾਸ ਕਰਾਵੇ ਜੋ ਸਾਨੂੰ ਮਸੀਹ ਦੇ ਰਾਹੀਂ ਮਿਲੀਆਂ ਹਨ। 7 ਮੇਰੇ ਭਰਾ, ਮੈਨੂੰ ਤੇਰੇ ਪਿਆਰ ਬਾਰੇ ਸੁਣ ਕੇ ਬਹੁਤ ਖ਼ੁਸ਼ੀ ਅਤੇ ਤਸੱਲੀ ਮਿਲੀ ਹੈ ਕਿਉਂਕਿ ਤੇਰੇ ਤੋਂ ਪਵਿੱਤਰ ਸੇਵਕਾਂ ਦੇ ਦਿਲਾਂ ਨੂੰ ਤਾਜ਼ਗੀ ਮਿਲੀ ਹੈ।
8 ਇਸ ਲਈ ਮੈਂ ਮਸੀਹ ਦੇ ਰਸੂਲ ਵਜੋਂ ਬੇਝਿਜਕ ਹੋ ਕੇ ਤੈਨੂੰ ਸਹੀ ਕੰਮ ਕਰਨ ਦਾ ਹੁਕਮ ਦੇ ਸਕਦਾ ਹਾਂ, 9 ਪਰ ਮੈਂ ਤੈਨੂੰ ਪਿਆਰ ਦਾ ਵਾਸਤਾ ਦੇ ਕੇ ਗੁਜ਼ਾਰਸ਼ ਕਰਦਾ ਹਾਂ ਕਿਉਂਕਿ ਮੈਂ ਪੌਲੁਸ ਬੁੱਢਾ ਹੋ ਚੁੱਕਾ ਹਾਂ ਅਤੇ ਹੁਣ ਮਸੀਹ ਯਿਸੂ ਦੀ ਖ਼ਾਤਰ ਕੈਦੀ ਵੀ ਹਾਂ। 10 ਮੈਂ ਆਪਣੇ ਬੱਚੇ ਉਨੇਸਿਮੁਸ+ ਦੀ ਖ਼ਾਤਰ ਤੈਨੂੰ ਬੇਨਤੀ ਕਰਦਾ ਹਾਂ। ਮੈਂ ਕੈਦ ਵਿਚ ਹੁੰਦਿਆਂ ਉਸ ਲਈ ਪਿਤਾ ਸਮਾਨ ਬਣਿਆ।+ 11 ਉਹ ਪਹਿਲਾਂ ਤੇਰੇ ਲਈ ਕਿਸੇ ਕੰਮ ਜੋਗਾ ਨਹੀਂ ਸੀ, ਪਰ ਹੁਣ ਤੇਰੇ ਅਤੇ ਮੇਰੇ ਲਈ ਬੜੇ ਕੰਮ ਦਾ ਹੈ। 12 ਮੈਂ ਉਸ ਨੂੰ, ਹਾਂ, ਆਪਣੇ ਕਲੇਜੇ ਦੇ ਟੁਕੜੇ ਨੂੰ ਤੇਰੇ ਕੋਲ ਵਾਪਸ ਘੱਲ ਰਿਹਾ ਹਾਂ।
13 ਮੈਂ ਤੇਰੀ ਥਾਂ ਉਸ ਨੂੰ ਆਪਣੇ ਕੋਲ ਹੀ ਰੱਖਣਾ ਚਾਹੁੰਦਾ ਹਾਂ ਤਾਂਕਿ ਮੇਰੇ ਕੈਦ ਵਿਚ ਹੁੰਦਿਆਂ ਉਹ ਮੇਰੀ ਸੇਵਾ ਕਰਦਾ ਰਹੇ ਜੋ ਮੈਂ ਖ਼ੁਸ਼ ਖ਼ਬਰੀ ਦੀ ਖ਼ਾਤਰ ਕੱਟ ਰਿਹਾ ਹਾਂ।+ 14 ਪਰ ਮੈਂ ਤੇਰੀ ਸਲਾਹ ਤੋਂ ਬਿਨਾਂ ਕੁਝ ਨਹੀਂ ਕਰਨਾ ਚਾਹੁੰਦਾ ਤਾਂਕਿ ਤੂੰ ਖ਼ੁਸ਼ੀ-ਖ਼ੁਸ਼ੀ ਭਲਾ ਕੰਮ ਕਰੇਂ, ਨਾ ਕਿ ਮਜਬੂਰ ਹੋ ਕੇ।+ 15 ਉਹ ਸ਼ਾਇਦ ਇਸ ਕਰਕੇ ਥੋੜ੍ਹੇ ਸਮੇਂ* ਲਈ ਤੇਰੇ ਤੋਂ ਦੂਰ ਚਲਾ ਗਿਆ ਸੀ ਤਾਂਕਿ ਉਹ ਹਮੇਸ਼ਾ ਲਈ ਤੇਰੇ ਕੋਲ ਵਾਪਸ ਆ ਜਾਵੇ। 16 ਪਰ ਉਹ ਹੁਣ ਸਿਰਫ਼ ਗ਼ੁਲਾਮ ਹੀ ਨਹੀਂ,+ ਸਗੋਂ ਭਰਾ ਵੀ ਹੈ ਅਤੇ ਮੈਨੂੰ ਬਹੁਤ ਪਿਆਰਾ ਹੈ।+ ਪਰ ਤੇਰੇ ਲਈ ਤਾਂ ਹੋਰ ਵੀ ਜ਼ਿਆਦਾ ਕਿਉਂਕਿ ਹੁਣ ਤੁਹਾਡਾ ਦੋਹਾਂ ਦਾ ਰਿਸ਼ਤਾ ਗ਼ੁਲਾਮ ਅਤੇ ਮਾਲਕ ਤੋਂ ਇਲਾਵਾ ਮਸੀਹੀ ਭਰਾਵਾਂ ਵਾਲਾ ਵੀ ਹੈ। 17 ਇਸ ਲਈ ਜੇ ਤੂੰ ਮੈਨੂੰ ਆਪਣਾ ਦੋਸਤ* ਸਮਝਦਾ ਹੈਂ, ਤਾਂ ਤੂੰ ਉਸ ਦਾ ਉਵੇਂ ਹੀ ਪਿਆਰ ਨਾਲ ਸੁਆਗਤ ਕਰੀਂ ਜਿਵੇਂ ਤੂੰ ਮੇਰਾ ਕਰਦਾ। 18 ਇਸ ਤੋਂ ਇਲਾਵਾ, ਜੇ ਉਸ ਨੇ ਤੇਰਾ ਕੋਈ ਨੁਕਸਾਨ ਕੀਤਾ ਹੈ ਜਾਂ ਤੇਰਾ ਕੁਝ ਦੇਣਾ ਹੈ, ਤਾਂ ਉਹ ਮੇਰੇ ਖਾਤੇ ਪਾ ਦੇਈਂ। 19 ਮੈਂ ਪੌਲੁਸ ਆਪਣੇ ਹੱਥੀਂ ਲਿਖ ਰਿਹਾ ਹਾਂ ਕਿ ਜੋ ਵੀ ਤੇਰਾ ਬਣਦਾ ਹੈ, ਮੈਂ ਦੇ ਦਿਆਂਗਾ। ਨਾਲੇ ਮੈਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਤੂੰ ਆਪਣੀ ਜ਼ਿੰਦਗੀ ਲਈ ਮੇਰਾ ਕਰਜ਼ਦਾਰ ਹੈਂ। 20 ਹਾਂ ਮੇਰੇ ਭਰਾ, ਪ੍ਰਭੂ ਦੀ ਖ਼ਾਤਰ ਮੈਨੂੰ ਇਹ ਮਦਦ ਦੇ; ਮਸੀਹ ਦੀ ਖ਼ਾਤਰ ਤੂੰ ਮੇਰਾ ਦਿਲ ਖ਼ੁਸ਼ ਕਰ।
21 ਮੈਨੂੰ ਭਰੋਸਾ ਹੈ ਕਿ ਤੂੰ ਮੇਰੀ ਗੱਲ ਮੰਨੇਂਗਾ ਅਤੇ ਮੈਂ ਤੈਨੂੰ ਜੋ ਕਰਨ ਲਈ ਕਹਾਂਗਾ, ਤੂੰ ਉਸ ਤੋਂ ਵੀ ਵੱਧ ਕਰੇਂਗਾ। ਇਸੇ ਲਈ ਮੈਂ ਤੈਨੂੰ ਲਿਖ ਰਿਹਾ ਹਾਂ। 22 ਨਾਲੇ ਮੇਰੇ ਰਹਿਣ ਦਾ ਵੀ ਇੰਤਜ਼ਾਮ ਕਰ ਰੱਖੀਂ ਕਿਉਂਕਿ ਮੈਨੂੰ ਉਮੀਦ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਸਦਕਾ ਮੈਂ ਕੈਦ ਤੋਂ ਛੁੱਟ ਕੇ ਤੁਹਾਨੂੰ ਮਿਲਣ ਆਵਾਂਗਾ।*+
23 ਮਸੀਹ ਯਿਸੂ ਦੀ ਖ਼ਾਤਰ ਕੈਦ ਵਿਚ ਮੇਰੇ ਸਾਥੀ ਇਪਫ੍ਰਾਸ+ ਵੱਲੋਂ ਨਮਸਕਾਰ, 24 ਨਾਲੇ ਮੇਰੇ ਨਾਲ ਸੇਵਾ ਕਰਨ ਵਾਲੇ ਮਰਕੁਸ, ਅਰਿਸਤਰਖੁਸ,+ ਦੇਮਾਸ+ ਅਤੇ ਲੂਕਾ+ ਵੱਲੋਂ ਵੀ ਨਮਸਕਾਰ।
25 ਤੁਹਾਡੇ ਸਹੀ ਰਵੱਈਏ ਕਰਕੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ਸਾਰਿਆਂ ਉੱਤੇ ਹੋਵੇ।