ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼
10 ਫਿਰ ਮੈਂ ਇਕ ਹੋਰ ਤਾਕਤਵਰ ਦੂਤ ਨੂੰ ਆਕਾਸ਼ੋਂ ਉੱਤਰਦੇ ਦੇਖਿਆ। ਉਸ ਨੇ ਬੱਦਲ ਨੂੰ ਪਹਿਨਿਆ* ਹੋਇਆ ਸੀ ਅਤੇ ਉਸ ਦੇ ਸਿਰ ਉੱਤੇ ਸਤਰੰਗੀ ਪੀਂਘ ਸੀ ਅਤੇ ਉਸ ਦਾ ਮੂੰਹ ਸੂਰਜ ਵਾਂਗ ਚਮਕ ਰਿਹਾ ਸੀ+ ਅਤੇ ਉਸ ਦੀਆਂ ਲੱਤਾਂ* ਅੱਗ ਦੇ ਥੰਮ੍ਹਾਂ ਵਰਗੀਆਂ ਸਨ। 2 ਉਸ ਦੇ ਹੱਥ ਵਿਚ ਖੁੱਲ੍ਹੀ ਹੋਈ ਇਕ ਪੱਤਰੀ ਸੀ। ਉਸ ਨੇ ਆਪਣਾ ਸੱਜਾ ਪੈਰ ਸਮੁੰਦਰ ਉੱਤੇ ਅਤੇ ਖੱਬਾ ਪੈਰ ਧਰਤੀ ਉੱਤੇ ਰੱਖਿਆ ਹੋਇਆ ਸੀ। 3 ਉਸ ਨੇ ਸ਼ੇਰ ਦੀ ਦਹਾੜ ਵਰਗੀ ਉੱਚੀ ਆਵਾਜ਼ ਵਿਚ ਪੁਕਾਰਿਆ।+ ਜਦੋਂ ਉਸ ਨੇ ਪੁਕਾਰਿਆ, ਤਾਂ ਸੱਤ ਗਰਜਾਂ ਦੀਆਂ ਆਵਾਜ਼ਾਂ+ ਸੁਣਾਈ ਦਿੱਤੀਆਂ।
4 ਜਦੋਂ ਸੱਤ ਗਰਜਾਂ ਨੇ ਗੱਲ ਕੀਤੀ, ਤਾਂ ਮੈਂ ਲਿਖਣ ਹੀ ਲੱਗਾ ਸੀ। ਪਰ ਮੈਂ ਆਕਾਸ਼ੋਂ ਇਹ ਆਵਾਜ਼ ਸੁਣੀ:+ “ਸੱਤ ਗਰਜਾਂ ਨੇ ਜੋ ਕਿਹਾ ਹੈ, ਉਸ ਨੂੰ ਗੁਪਤ ਰੱਖ ਅਤੇ ਉਸ ਨੂੰ ਨਾ ਲਿਖ।” 5 ਮੈਂ ਜਿਸ ਦੂਤ ਨੂੰ ਸਮੁੰਦਰ ਅਤੇ ਧਰਤੀ ਉੱਤੇ ਖੜ੍ਹਾ ਦੇਖਿਆ ਸੀ, ਉਸ ਨੇ ਆਪਣਾ ਸੱਜਾ ਹੱਥ ਆਕਾਸ਼ ਵੱਲ ਚੁੱਕਿਆ 6 ਅਤੇ ਯੁਗੋ-ਯੁਗ ਜੀਉਂਦੇ ਰਹਿਣ ਵਾਲੇ ਸਿਰਜਣਹਾਰ ਦੀ,+ ਜਿਸ ਨੇ ਆਕਾਸ਼, ਧਰਤੀ ਅਤੇ ਸਮੁੰਦਰ ਅਤੇ ਇਨ੍ਹਾਂ ਵਿਚਲੀਆਂ ਚੀਜ਼ਾਂ ਨੂੰ ਬਣਾਇਆ ਹੈ,+ ਸਹੁੰ ਖਾ ਕੇ ਕਿਹਾ: “ਹੋਰ ਉਡੀਕ ਨਹੀਂ ਕਰਨੀ ਪਵੇਗੀ। 7 ਪਰ ਉਨ੍ਹਾਂ ਦਿਨਾਂ ਦੌਰਾਨ ਜਦੋਂ ਸੱਤਵਾਂ ਦੂਤ+ ਤੁਰ੍ਹੀ ਵਜਾਉਣ ਲਈ ਤਿਆਰ ਹੋਵੇਗਾ,+ ਤਾਂ ਪਵਿੱਤਰ ਭੇਤ+ ਦੀਆਂ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ ਜਾਣਗੀਆਂ। ਇਹ ਭੇਤ ਉਹੀ ਖ਼ੁਸ਼ ਖ਼ਬਰੀ ਹੈ ਜੋ ਪਰਮੇਸ਼ੁਰ ਨੇ ਆਪਣੇ ਦਾਸਾਂ, ਹਾਂ, ਆਪਣੇ ਨਬੀਆਂ+ ਨੂੰ ਸੁਣਾਈ ਸੀ।”
8 ਮੈਂ ਆਕਾਸ਼ੋਂ ਜਿਹੜੀ ਆਵਾਜ਼ ਸੁਣੀ ਸੀ,+ ਉਸ ਨੇ ਦੁਬਾਰਾ ਮੇਰੇ ਨਾਲ ਗੱਲ ਕਰਦੇ ਹੋਏ ਕਿਹਾ: “ਜਾਹ, ਉਹ ਖੁੱਲ੍ਹੀ ਹੋਈ ਪੱਤਰੀ ਲੈ ਜਿਹੜੀ ਸਮੁੰਦਰ ਅਤੇ ਧਰਤੀ ਉੱਤੇ ਖੜ੍ਹੇ ਦੂਤ ਦੇ ਹੱਥ ਵਿਚ ਹੈ।”+ 9 ਮੈਂ ਦੂਤ ਕੋਲ ਜਾ ਕੇ ਉਸ ਤੋਂ ਛੋਟੀ ਪੱਤਰੀ ਮੰਗੀ। ਉਸ ਨੇ ਮੈਨੂੰ ਕਿਹਾ: “ਇਸ ਨੂੰ ਲੈ ਅਤੇ ਖਾਹ।+ ਇਹ ਤੇਰੇ ਢਿੱਡ ਨੂੰ ਕੌੜਾ ਕਰ ਦੇਵੇਗੀ, ਪਰ ਤੇਰੇ ਮੂੰਹ ਨੂੰ ਸ਼ਹਿਦ ਵਾਂਗ ਮਿੱਠੀ ਲੱਗੇਗੀ।” 10 ਮੈਂ ਦੂਤ ਦੇ ਹੱਥੋਂ ਛੋਟੀ ਪੱਤਰੀ ਲੈ ਕੇ ਖਾ ਲਈ।+ ਮੇਰੇ ਮੂੰਹ ਨੂੰ ਇਹ ਪੱਤਰੀ ਸ਼ਹਿਦ ਵਾਂਗ ਮਿੱਠੀ ਲੱਗੀ,+ ਪਰ ਜਦੋਂ ਮੈਂ ਇਸ ਨੂੰ ਆਪਣੇ ਅੰਦਰ ਲੰਘਾ ਲਿਆ, ਤਾਂ ਇਸ ਨੇ ਮੇਰੇ ਢਿੱਡ ਨੂੰ ਕੌੜਾ ਕਰ ਦਿੱਤਾ। 11 ਉਨ੍ਹਾਂ ਨੇ ਮੈਨੂੰ ਕਿਹਾ: “ਤੂੰ ਦੇਸ਼-ਦੇਸ਼ ਦੇ ਲੋਕਾਂ, ਕੌਮਾਂ ਅਤੇ ਭਾਸ਼ਾਵਾਂ* ਦੇ ਲੋਕਾਂ ਅਤੇ ਬਹੁਤ ਸਾਰੇ ਰਾਜਿਆਂ ਬਾਰੇ ਹੋਰ ਭਵਿੱਖਬਾਣੀਆਂ ਕਰ।”