ਕੂਚ
6 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਹੁਣ ਤੂੰ ਦੇਖੀਂ ਮੈਂ ਫ਼ਿਰਊਨ ਦਾ ਕੀ ਹਾਲ ਕਰਦਾਂ।+ ਮੈਂ ਆਪਣੇ ਬਲਵੰਤ ਹੱਥ ਨਾਲ ਉਸ ਨੂੰ ਇੰਨਾ ਮਜਬੂਰ ਕਰ ਦਿਆਂਗਾ ਕਿ ਉਹ ਮੇਰੇ ਲੋਕਾਂ ਨੂੰ ਜਾਣ ਦੇਵੇਗਾ, ਸਗੋਂ ਮੇਰੀ ਤਾਕਤ ਦੇਖ ਕੇ ਉਹ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢਣ ਲਈ ਮਜਬੂਰ ਹੋ ਜਾਵੇਗਾ।”+
2 ਫਿਰ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ: “ਮੈਂ ਯਹੋਵਾਹ ਹਾਂ। 3 ਮੈਂ ਅਬਰਾਹਾਮ, ਇਸਹਾਕ ਤੇ ਯਾਕੂਬ ਸਾਮ੍ਹਣੇ ਸਰਬਸ਼ਕਤੀਮਾਨ ਪਰਮੇਸ਼ੁਰ ਵਜੋਂ ਪ੍ਰਗਟ ਹੁੰਦਾ ਸੀ,+ ਪਰ ਮੈਂ ਆਪਣੇ ਨਾਂ ਯਹੋਵਾਹ+ ਦੇ ਸੰਬੰਧ ਵਿਚ ਉਨ੍ਹਾਂ ਸਾਮ੍ਹਣੇ ਆਪਣੇ ਆਪ ਨੂੰ ਕਦੀ ਪੂਰੀ ਤਰ੍ਹਾਂ ਜ਼ਾਹਰ ਨਹੀਂ ਕੀਤਾ।+ 4 ਮੈਂ ਉਨ੍ਹਾਂ ਨਾਲ ਇਕਰਾਰ ਵੀ ਕੀਤਾ ਸੀ ਕਿ ਮੈਂ ਉਨ੍ਹਾਂ ਨੂੰ ਕਨਾਨ ਦੇਸ਼ ਦਿਆਂਗਾ ਜਿੱਥੇ ਉਹ ਪਰਦੇਸੀਆਂ ਵਜੋਂ ਰਹੇ ਸਨ।+ 5 ਮੈਂ ਇਜ਼ਰਾਈਲੀਆਂ ਦੀਆਂ ਆਹਾਂ ਸੁਣੀਆਂ ਹਨ ਜਿਨ੍ਹਾਂ ਤੋਂ ਮਿਸਰੀ ਗ਼ੁਲਾਮੀ ਕਰਾ ਰਹੇ ਹਨ ਅਤੇ ਮੈਨੂੰ ਆਪਣਾ ਇਕਰਾਰ ਯਾਦ ਹੈ।+
6 “ਇਸ ਲਈ ਇਜ਼ਰਾਈਲੀਆਂ ਨੂੰ ਕਹਿ: ‘ਮੈਂ ਯਹੋਵਾਹ ਹਾਂ। ਮੈਂ ਤੁਹਾਨੂੰ ਮਿਸਰੀਆਂ ਦੀ ਗ਼ੁਲਾਮੀ ਅਤੇ ਮਜ਼ਦੂਰੀ ਦੇ ਜੂਲੇ ਹੇਠੋਂ ਕੱਢਾਂਗਾ+ ਅਤੇ ਮੈਂ ਆਪਣੀ ਤਾਕਤਵਰ ਬਾਂਹ* ਨਾਲ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਤੁਹਾਨੂੰ ਬਚਾਵਾਂਗਾ।+ 7 ਮੈਂ ਤੁਹਾਨੂੰ ਆਪਣੇ ਲੋਕਾਂ ਵਜੋਂ ਕਬੂਲ ਕਰਾਂਗਾ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ+ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇ ਜੂਲੇ ਹੇਠੋਂ ਕੱਢ ਰਿਹਾ ਹੈ। 8 ਮੈਂ ਤੁਹਾਨੂੰ ਉਸ ਦੇਸ਼ ਵਿਚ ਲੈ ਜਾਵਾਂਗਾ ਜੋ ਮੈਂ ਅਬਰਾਹਾਮ, ਇਸਹਾਕ ਤੇ ਯਾਕੂਬ ਨੂੰ ਦੇਣ ਦੀ ਸਹੁੰ* ਖਾਧੀ ਸੀ; ਮੈਂ ਤੁਹਾਨੂੰ ਉਸ ਦੇਸ਼ ਦਾ ਮਾਲਕ ਬਣਾਵਾਂਗਾ।+ ਮੈਂ ਯਹੋਵਾਹ ਹਾਂ।’”+
9 ਬਾਅਦ ਵਿਚ ਮੂਸਾ ਨੇ ਇਹ ਸੰਦੇਸ਼ ਇਜ਼ਰਾਈਲੀਆਂ ਨੂੰ ਦਿੱਤਾ, ਪਰ ਉਨ੍ਹਾਂ ਨੇ ਮੂਸਾ ਦੀ ਗੱਲ ਨਹੀਂ ਸੁਣੀ ਕਿਉਂਕਿ ਉਹ ਨਿਰਾਸ਼ ਹੋ ਚੁੱਕੇ ਸਨ ਅਤੇ ਗ਼ੁਲਾਮੀ ਦਾ ਕਸ਼ਟ ਸਹਿ ਰਹੇ ਸਨ।+
10 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 11 “ਤੂੰ ਅੰਦਰ ਜਾ ਕੇ ਮਿਸਰ ਦੇ ਰਾਜੇ ਫ਼ਿਰਊਨ ਨੂੰ ਕਹਿ ਕਿ ਉਹ ਆਪਣੇ ਦੇਸ਼ ਤੋਂ ਇਜ਼ਰਾਈਲੀਆਂ ਨੂੰ ਜਾਣ ਦੇਵੇ।” 12 ਪਰ ਮੂਸਾ ਨੇ ਯਹੋਵਾਹ ਨੂੰ ਕਿਹਾ: “ਦੇਖ! ਇਜ਼ਰਾਈਲੀਆਂ ਨੇ ਤਾਂ ਮੇਰੀ ਗੱਲ ਸੁਣੀ ਨਹੀਂ,+ ਫਿਰ ਫ਼ਿਰਊਨ ਕਿਉਂ ਸੁਣੇਗਾ? ਨਾਲੇ ਮੈਂ ਸਾਫ਼-ਸਾਫ਼ ਬੋਲ ਵੀ ਨਹੀਂ ਸਕਦਾ।”*+ 13 ਪਰ ਯਹੋਵਾਹ ਨੇ ਦੁਬਾਰਾ ਮੂਸਾ ਤੇ ਹਾਰੂਨ ਨੂੰ ਉਹ ਹੁਕਮ ਦੱਸੇ ਜੋ ਉਨ੍ਹਾਂ ਨੇ ਇਜ਼ਰਾਈਲੀਆਂ ਅਤੇ ਮਿਸਰ ਦੇ ਰਾਜੇ ਫ਼ਿਰਊਨ ਨੂੰ ਦੇਣੇ ਸਨ ਤਾਂਕਿ ਉਹ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਉਣ।
14 ਇਹ ਗੋਤਾਂ ਦੇ ਮੁਖੀ ਹਨ: “ਇਜ਼ਰਾਈਲ ਦੇ ਜੇਠੇ ਮੁੰਡੇ+ ਰਊਬੇਨ ਦੇ ਪੁੱਤਰ ਸਨ ਹਾਨੋਕ, ਪੱਲੂ, ਹਸਰੋਨ ਅਤੇ ਕਰਮੀ।+ ਇਹ ਰਊਬੇਨ ਦੇ ਪਰਿਵਾਰ ਹਨ।
15 ਸ਼ਿਮਓਨ ਦੇ ਪੁੱਤਰ ਸਨ: ਯਮੂਏਲ, ਯਾਮੀਨ, ਓਹਦ, ਯਾਕੀਨ, ਸੋਹਰ ਅਤੇ ਸ਼ਾਊਲ ਜੋ ਇਕ ਕਨਾਨੀ ਔਰਤ ਦਾ ਪੁੱਤਰ ਸੀ।+ ਇਹ ਸ਼ਿਮਓਨ ਦੇ ਪਰਿਵਾਰ ਹਨ।
16 ਲੇਵੀ+ ਦੇ ਪੁੱਤਰਾਂ ਦੇ ਨਾਂ ਹਨ: ਗੇਰਸ਼ੋਨ, ਕਹਾਥ ਅਤੇ ਮਰਾਰੀ।+ ਇਨ੍ਹਾਂ ਤੋਂ ਹੀ ਉਨ੍ਹਾਂ ਦੇ ਆਪੋ-ਆਪਣੇ ਪਰਿਵਾਰ ਬਣੇ। ਲੇਵੀ 137 ਸਾਲ ਜੀਉਂਦਾ ਰਿਹਾ।
17 ਗੇਰਸ਼ੋਨ ਦੇ ਪੁੱਤਰ ਸਨ: ਲਿਬਨੀ ਅਤੇ ਸ਼ਿਮਈ ਜਿਨ੍ਹਾਂ ਤੋਂ ਉਨ੍ਹਾਂ ਦੇ ਆਪੋ-ਆਪਣੇ ਪਰਿਵਾਰ ਬਣੇ।+
18 ਕਹਾਥ ਦੇ ਪੁੱਤਰ ਸਨ: ਅਮਰਾਮ, ਯਿਸਹਾਰ, ਹਬਰੋਨ ਅਤੇ ਉਜ਼ੀਏਲ।+ ਕਹਾਥ 133 ਸਾਲ ਜੀਉਂਦਾ ਰਿਹਾ।
19 ਮਰਾਰੀ ਦੇ ਪੁੱਤਰ ਸਨ: ਮਹਲੀ ਅਤੇ ਮੂਸ਼ੀ।
ਇਹ ਲੇਵੀਆਂ ਦੇ ਪਰਿਵਾਰ ਸਨ ਜਿਨ੍ਹਾਂ ਤੋਂ ਉਨ੍ਹਾਂ ਦੇ ਆਪੋ-ਆਪਣੇ ਪਰਿਵਾਰ ਬਣੇ।+
20 ਅਮਰਾਮ ਨੇ ਆਪਣੇ ਪਿਤਾ ਦੀ ਭੈਣ ਯੋਕਬਦ ਨਾਲ ਵਿਆਹ ਕਰਾਇਆ।+ ਯੋਕਬਦ ਨੇ ਹਾਰੂਨ ਤੇ ਮੂਸਾ ਨੂੰ ਜਨਮ ਦਿੱਤਾ।+ ਅਮਰਾਮ 137 ਸਾਲ ਜੀਉਂਦਾ ਰਿਹਾ।
21 ਯਿਸਹਾਰ ਦੇ ਪੁੱਤਰ ਸਨ: ਕੋਰਹ,+ ਨਫਗ ਤੇ ਜ਼ਿਕਰੀ।
22 ਉਜ਼ੀਏਲ ਦੇ ਪੁੱਤਰ ਸਨ: ਮੀਸ਼ਾਏਲ, ਅਲਸਾਫਾਨ+ ਅਤੇ ਸਿਥਰੀ।
23 ਹਾਰੂਨ ਨੇ ਅਮੀਨਾਦਾਬ ਦੀ ਧੀ ਅਲੀਸਬਾ ਨਾਲ ਵਿਆਹ ਕਰਾਇਆ ਜੋ ਨਹਸ਼ੋਨ+ ਦੀ ਭੈਣ ਸੀ। ਅਲੀਸਬਾ ਨੇ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ+ ਨੂੰ ਜਨਮ ਦਿੱਤਾ।
24 ਕੋਰਹ ਦੇ ਪੁੱਤਰ ਸਨ: ਅਸੀਰ, ਅਲਕਾਨਾਹ ਅਤੇ ਅਬੀਆਸਾਫ਼।+ ਇਹ ਕੋਰਹ ਦੇ ਪਰਿਵਾਰ ਸਨ।+
25 ਹਾਰੂਨ ਦੇ ਪੁੱਤਰ ਅਲਆਜ਼ਾਰ+ ਨੇ ਫੂਟੀਏਲ ਦੀ ਇਕ ਧੀ ਨਾਲ ਵਿਆਹ ਕਰਾਇਆ। ਉਸ ਨੇ ਫ਼ੀਨਹਾਸ+ ਨੂੰ ਜਨਮ ਦਿੱਤਾ।
ਇਹ ਲੇਵੀਆਂ ਦੇ ਘਰਾਣਿਆਂ ਦੇ ਮੁਖੀ ਹਨ ਜਿਨ੍ਹਾਂ ਤੋਂ ਉਨ੍ਹਾਂ ਦੇ ਆਪੋ-ਆਪਣੇ ਪਰਿਵਾਰ ਬਣੇ।+
26 ਇਹ ਹਾਰੂਨ ਤੇ ਮੂਸਾ ਦੀ ਵੰਸ਼ਾਵਲੀ ਹੈ। ਯਹੋਵਾਹ ਨੇ ਇਨ੍ਹਾਂ ਦੋਵਾਂ ਨੂੰ ਕਿਹਾ: “ਇਜ਼ਰਾਈਲੀਆਂ ਦੇ ਦਲ* ਬਣਾ ਕੇ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਓ।”+ 27 ਮੂਸਾ ਤੇ ਹਾਰੂਨ ਨੇ ਹੀ ਮਿਸਰ ਦੇ ਰਾਜੇ ਫ਼ਿਰਊਨ ਨੂੰ ਕਿਹਾ ਸੀ ਕਿ ਉਹ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਕੇ ਲੈ ਜਾਣਗੇ।+
28 ਜਿਸ ਦਿਨ ਯਹੋਵਾਹ ਨੇ ਮੂਸਾ ਨਾਲ ਮਿਸਰ ਵਿਚ ਗੱਲ ਕੀਤੀ ਸੀ, 29 ਯਹੋਵਾਹ ਨੇ ਮੂਸਾ ਨੂੰ ਦੱਸਿਆ: “ਮੈਂ ਯਹੋਵਾਹ ਹਾਂ। ਮੈਂ ਤੈਨੂੰ ਜੋ ਕਹਿ ਰਿਹਾ ਹਾਂ, ਉਹ ਸਭ ਕੁਝ ਮਿਸਰ ਦੇ ਰਾਜੇ ਫ਼ਿਰਊਨ ਨੂੰ ਦੱਸ।” 30 ਫਿਰ ਮੂਸਾ ਨੇ ਯਹੋਵਾਹ ਨੂੰ ਕਿਹਾ: “ਫ਼ਿਰਊਨ ਮੇਰੀ ਗੱਲ ਕਿਉਂ ਸੁਣੇਗਾ, ਮੈਂ ਤਾਂ ਸਾਫ਼-ਸਾਫ਼ ਬੋਲ ਵੀ ਨਹੀਂ ਸਕਦਾ?”*+