ਬਿਵਸਥਾ ਸਾਰ
17 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਅਜਿਹਾ ਕੋਈ ਬਲਦ ਜਾਂ ਭੇਡ ਨਾ ਚੜ੍ਹਾਇਓ ਜਿਸ ਵਿਚ ਕੋਈ ਨੁਕਸ ਜਾਂ ਖ਼ਰਾਬੀ ਹੋਵੇ ਕਿਉਂਕਿ ਇਹ ਚੜ੍ਹਾਵਾ ਤੁਹਾਡੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ।+
2 “ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਜਿਹੜੇ ਸ਼ਹਿਰ ਦੇਣ ਜਾ ਰਿਹਾ ਹੈ, ਮੰਨ ਲਓ ਕਿ ਉੱਥੇ ਕੋਈ ਆਦਮੀ ਜਾਂ ਔਰਤ ਆਪਣੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਕੋਈ ਬੁਰਾ ਕੰਮ ਕਰਦਾ ਹੈ ਅਤੇ ਉਸ ਦੇ ਇਕਰਾਰ ਦੀ ਉਲੰਘਣਾ ਕਰਦਾ ਹੈ+ 3 ਅਤੇ ਉਹ ਕੁਰਾਹੇ ਪੈ ਕੇ ਦੂਜੇ ਦੇਵਤਿਆਂ ਦੀ ਭਗਤੀ ਕਰਨ ਲੱਗ ਪੈਂਦਾ ਹੈ ਅਤੇ ਉਹ ਉਨ੍ਹਾਂ ਦੇਵਤਿਆਂ ਅੱਗੇ ਜਾਂ ਸੂਰਜ, ਚੰਦ ਅਤੇ ਆਕਾਸ਼ ਦੀ ਸਾਰੀ ਸੈਨਾ ਅੱਗੇ ਮੱਥਾ ਟੇਕਦਾ ਹੈ+ ਜਿਸ ਦਾ ਮੈਂ ਹੁਕਮ ਨਹੀਂ ਦਿੱਤਾ।+ 4 ਜਦ ਤੁਹਾਨੂੰ ਇਸ ਬਾਰੇ ਦੱਸਿਆ ਜਾਂਦਾ ਹੈ ਜਾਂ ਤੁਸੀਂ ਇਸ ਬਾਰੇ ਸੁਣਦੇ ਹੋ, ਤਾਂ ਤੁਸੀਂ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰੋ। ਜੇ ਇਹ ਗੱਲ ਸਾਬਤ ਹੋ ਜਾਂਦੀ ਹੈ+ ਕਿ ਇਜ਼ਰਾਈਲ ਵਿਚ ਇਹ ਘਿਣਾਉਣਾ ਕੰਮ ਸੱਚ-ਮੁੱਚ ਹੋਇਆ ਹੈ, 5 ਤਾਂ ਬੁਰਾ ਕੰਮ ਕਰਨ ਵਾਲੇ ਉਸ ਆਦਮੀ ਜਾਂ ਔਰਤ ਨੂੰ ਸ਼ਹਿਰ ਦੇ ਦਰਵਾਜ਼ੇ ਕੋਲ ਲਿਆਂਦਾ ਜਾਵੇ ਅਤੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇ।+ 6 ਉਸ ਨੂੰ ਦੋ ਜਾਂ ਤਿੰਨ ਗਵਾਹਾਂ ਦੇ ਬਿਆਨ ਦੇ ਆਧਾਰ ʼਤੇ+ ਹੀ ਮੌਤ ਦੀ ਸਜ਼ਾ ਦਿੱਤੀ ਜਾਵੇ। ਉਸ ਨੂੰ ਇਕ ਜਣੇ ਦੀ ਗਵਾਹੀ ʼਤੇ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ।+ 7 ਉਸ ਨੂੰ ਜਾਨੋਂ ਮਾਰਨ ਲਈ ਸਭ ਤੋਂ ਪਹਿਲਾਂ ਗਵਾਹਾਂ ਦਾ ਹੱਥ ਉੱਠੇ ਅਤੇ ਫਿਰ ਦੂਜੇ ਲੋਕਾਂ ਦਾ। ਤੁਸੀਂ ਆਪਣੇ ਲੋਕਾਂ ਵਿੱਚੋਂ ਇਹ ਬੁਰਾਈ ਕੱਢ ਦਿਓ।+
8 “ਜੇ ਤੁਹਾਡੇ ਕਿਸੇ ਸ਼ਹਿਰ ਵਿਚ ਕੋਈ ਅਜਿਹਾ ਮਸਲਾ ਖੜ੍ਹਾ ਹੁੰਦਾ ਹੈ ਜਿਸ ਨੂੰ ਹੱਲ ਕਰਨਾ ਤੁਹਾਡੇ ਲਈ ਬਹੁਤ ਮੁਸ਼ਕਲ ਹੈ, ਚਾਹੇ ਉਹ ਕਿਸੇ ਦੇ ਕਤਲ ਦਾ ਹੋਵੇ+ ਜਾਂ ਕਾਨੂੰਨੀ ਦਾਅਵੇ ਦਾ ਹੋਵੇ ਜਾਂ ਮਾਰ-ਕੁਟਾਈ ਦਾ ਹੋਵੇ ਜਾਂ ਲੜਾਈ-ਝਗੜੇ ਦਾ ਹੋਵੇ, ਤਾਂ ਤੁਸੀਂ ਉਸ ਮਸਲੇ ਨੂੰ ਉਸ ਜਗ੍ਹਾ ਪੇਸ਼ ਕਰਿਓ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਚੁਣੇਗਾ।+ 9 ਤੁਸੀਂ ਉਸ ਮਸਲੇ ਨੂੰ ਉਸ ਵੇਲੇ ਦੇ ਲੇਵੀ ਪੁਜਾਰੀਆਂ ਅਤੇ ਨਿਆਂਕਾਰ+ ਦੇ ਸਾਮ੍ਹਣੇ ਪੇਸ਼ ਕਰਿਓ ਅਤੇ ਉਹ ਤੁਹਾਨੂੰ ਮਸਲੇ ਦਾ ਫ਼ੈਸਲਾ ਸੁਣਾਉਣਗੇ।+ 10 ਫਿਰ ਉਹ ਯਹੋਵਾਹ ਦੀ ਚੁਣੀ ਹੋਈ ਜਗ੍ਹਾ ਤੋਂ ਜੋ ਵੀ ਫ਼ੈਸਲਾ ਤੁਹਾਨੂੰ ਸੁਣਾਉਣਗੇ, ਤੁਸੀਂ ਉਸ ਮੁਤਾਬਕ ਕਾਰਵਾਈ ਕਰਿਓ। ਤੁਸੀਂ ਧਿਆਨ ਨਾਲ ਉਨ੍ਹਾਂ ਸਾਰੀਆਂ ਹਿਦਾਇਤਾਂ ਮੁਤਾਬਕ ਚੱਲਿਓ ਜੋ ਉਹ ਤੁਹਾਨੂੰ ਦੇਣਗੇ। 11 ਉਹ ਜਿਹੜਾ ਕਾਨੂੰਨ ਤੁਹਾਨੂੰ ਦਿਖਾਉਣਗੇ ਅਤੇ ਫ਼ੈਸਲਾ ਸੁਣਾਉਣਗੇ, ਤੁਸੀਂ ਉਸੇ ਮੁਤਾਬਕ ਕਾਰਵਾਈ ਕਰਿਓ।+ ਤੁਸੀਂ ਉਨ੍ਹਾਂ ਦੇ ਫ਼ੈਸਲੇ ਤੋਂ ਸੱਜੇ ਜਾਂ ਖੱਬੇ ਨਾ ਮੁੜਿਓ।+ 12 ਜੇ ਕੋਈ ਆਦਮੀ ਕਿਸੇ ਨਿਆਂਕਾਰ ਦੀ ਜਾਂ ਤੁਹਾਡੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰਨ ਵਾਲੇ ਪੁਜਾਰੀ ਦੀ ਗੱਲ ਨਾ ਸੁਣਨ ਦੀ ਗੁਸਤਾਖ਼ੀ ਕਰਦਾ ਹੈ, ਤਾਂ ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+ ਤੁਸੀਂ ਇਜ਼ਰਾਈਲ ਵਿੱਚੋਂ ਇਹ ਬੁਰਾਈ ਕੱਢ ਦਿਓ।+ 13 ਫਿਰ ਜਦੋਂ ਸਾਰੇ ਲੋਕ ਇਸ ਬਾਰੇ ਸੁਣਨਗੇ, ਤਾਂ ਉਹ ਡਰਨਗੇ ਅਤੇ ਫਿਰ ਕਦੇ ਗੁਸਤਾਖ਼ੀ ਨਹੀਂ ਕਰਨਗੇ।+
14 “ਜਦੋਂ ਤੁਸੀਂ ਉਸ ਦੇਸ਼ ਵਿਚ ਜਾਓਗੇ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਵਾਲਾ ਹੈ ਅਤੇ ਤੁਸੀਂ ਉਸ ʼਤੇ ਕਬਜ਼ਾ ਕਰ ਲਵੋਗੇ ਅਤੇ ਉਸ ਵਿਚ ਰਹਿਣ ਲੱਗ ਪਵੋਗੇ ਅਤੇ ਤੁਸੀਂ ਕਹੋਗੇ, ‘ਆਓ ਆਪਾਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਵਾਂਗ ਆਪਣੇ ਲਈ ਇਕ ਰਾਜਾ ਨਿਯੁਕਤ ਕਰੀਏ,’+ 15 ਤਾਂ ਤੁਸੀਂ ਆਪਣੇ ਲਈ ਉਹ ਰਾਜਾ ਨਿਯੁਕਤ ਕਰਿਓ ਜਿਸ ਨੂੰ ਤੁਹਾਡਾ ਪਰਮੇਸ਼ੁਰ ਯਹੋਵਾਹ ਚੁਣੇਗਾ।+ ਤੁਸੀਂ ਆਪਣੇ ਇਜ਼ਰਾਈਲੀ ਭਰਾਵਾਂ ਵਿੱਚੋਂ ਕਿਸੇ ਨੂੰ ਰਾਜਾ ਨਿਯੁਕਤ ਕਰਿਓ। ਤੁਹਾਨੂੰ ਕਿਸੇ ਪਰਦੇਸੀ ਨੂੰ ਰਾਜਾ ਬਣਾਉਣ ਦੀ ਇਜਾਜ਼ਤ ਨਹੀਂ ਹੈ ਜੋ ਤੁਹਾਡਾ ਭਰਾ ਨਹੀਂ ਹੈ। 16 ਪਰ ਰਾਜਾ ਆਪਣੇ ਲਈ ਬਹੁਤ ਸਾਰੇ ਘੋੜੇ ਨਾ ਰੱਖੇ+ ਜਾਂ ਆਪਣੇ ਲੋਕਾਂ ਨੂੰ ਹੋਰ ਘੋੜੇ ਲਿਆਉਣ ਲਈ ਮਿਸਰ ਨਾ ਭੇਜੇ ਕਿਉਂਕਿ ਯਹੋਵਾਹ ਨੇ ਤੁਹਾਨੂੰ ਕਿਹਾ ਹੈ, ‘ਤੁਸੀਂ ਵਾਪਸ ਮਿਸਰ ਨਹੀਂ ਜਾਣਾ।’ 17 ਨਾਲੇ ਉਹ ਬਹੁਤ ਸਾਰੀਆਂ ਪਤਨੀਆਂ ਨਾ ਰੱਖੇ ਤਾਂਕਿ ਉਸ ਦਾ ਦਿਲ ਸਹੀ ਰਾਹ ਤੋਂ ਭਟਕ ਨਾ ਜਾਵੇ+ ਅਤੇ ਨਾ ਹੀ ਉਹ ਆਪਣੇ ਲਈ ਢੇਰ ਸਾਰਾ ਸੋਨਾ-ਚਾਂਦੀ ਇਕੱਠਾ ਕਰੇ।+ 18 ਜਦ ਉਹ ਰਾਜ ਕਰਨ ਲਈ ਸਿੰਘਾਸਣ ʼਤੇ ਬੈਠੇ, ਤਾਂ ਉਹ ਲੇਵੀ ਪੁਜਾਰੀਆਂ ਕੋਲ ਰੱਖੇ ਇਸ ਕਾਨੂੰਨ ਨੂੰ ਆਪਣੇ ਹੱਥੀਂ ਇਕ ਕਿਤਾਬ* ਵਿਚ ਲਿਖੇ।+
19 “ਇਹ ਕਿਤਾਬ ਉਸ ਦੇ ਕੋਲ ਰਹੇ ਅਤੇ ਉਹ ਜ਼ਿੰਦਗੀ ਭਰ ਇਸ ਨੂੰ ਪੜ੍ਹੇ+ ਤਾਂਕਿ ਉਹ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਰੱਖਣਾ ਸਿੱਖੇ ਅਤੇ ਇਸ ਕਾਨੂੰਨ ਵਿਚ ਲਿਖੀਆਂ ਗੱਲਾਂ ਅਤੇ ਨਿਯਮਾਂ ਦੀ ਪਾਲਣਾ ਕਰੇ।+ 20 ਇਸ ਤਰ੍ਹਾਂ ਉਹ ਆਪਣੇ ਦਿਲ ਵਿਚ ਖ਼ੁਦ ਨੂੰ ਆਪਣੇ ਭਰਾਵਾਂ ਤੋਂ ਉੱਚਾ ਨਹੀਂ ਸਮਝੇਗਾ ਅਤੇ ਇਨ੍ਹਾਂ ਹੁਕਮਾਂ ਤੋਂ ਸੱਜੇ-ਖੱਬੇ ਨਹੀਂ ਮੁੜੇਗਾ ਜਿਸ ਕਰਕੇ ਉਹ ਅਤੇ ਉਸ ਦੇ ਪੁੱਤਰ ਇਜ਼ਰਾਈਲ ਵਿਚ ਲੰਬੇ ਸਮੇਂ ਤਕ ਰਾਜ ਕਰ ਸਕਣਗੇ।