ਦੂਜਾ ਸਮੂਏਲ
1 ਸ਼ਾਊਲ ਦੀ ਮੌਤ ਤੋਂ ਬਾਅਦ ਜਦੋਂ ਦਾਊਦ ਅਮਾਲੇਕੀਆਂ ਨੂੰ ਹਰਾ ਕੇ* ਮੁੜਿਆ, ਤਾਂ ਉਹ ਸਿਕਲਗ+ ਵਿਚ ਦੋ ਦਿਨ ਰਿਹਾ। 2 ਤੀਜੇ ਦਿਨ ਸ਼ਾਊਲ ਦੀ ਛਾਉਣੀ ਵਿੱਚੋਂ ਇਕ ਆਦਮੀ ਆਪਣੇ ਕੱਪੜੇ ਪਾੜੀ ਅਤੇ ਸਿਰ ʼਤੇ ਮਿੱਟੀ ਪਾਈ ਆਇਆ। ਜਦੋਂ ਉਹ ਦਾਊਦ ਕੋਲ ਪਹੁੰਚਿਆ, ਤਾਂ ਉਸ ਨੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ।
3 ਦਾਊਦ ਨੇ ਉਸ ਨੂੰ ਪੁੱਛਿਆ: “ਤੂੰ ਕਿੱਥੋਂ ਆਇਆ ਹੈਂ?” ਉਸ ਨੇ ਜਵਾਬ ਦਿੱਤਾ: “ਮੈਂ ਇਜ਼ਰਾਈਲ ਦੀ ਛਾਉਣੀ ਵਿੱਚੋਂ ਬਚ ਕੇ ਆਇਆ ਹਾਂ।” 4 ਦਾਊਦ ਨੇ ਉਸ ਨੂੰ ਪੁੱਛਿਆ: “ਉੱਥੇ ਕੀ ਹੋਇਆ? ਮੈਨੂੰ ਦੱਸ।” ਉਸ ਨੇ ਜਵਾਬ ਦਿੱਤਾ: “ਲੋਕ ਯੁੱਧ ਵਿੱਚੋਂ ਭੱਜ ਗਏ ਅਤੇ ਕਈ ਡਿਗ ਗਏ ਤੇ ਮਾਰੇ ਗਏ। ਇੱਥੋਂ ਤਕ ਕਿ ਸ਼ਾਊਲ ਅਤੇ ਉਸ ਦਾ ਪੁੱਤਰ ਯੋਨਾਥਾਨ ਵੀ ਮਾਰੇ ਗਏ।”+ 5 ਫਿਰ ਦਾਊਦ ਨੇ ਖ਼ਬਰ ਲਿਆਉਣ ਵਾਲੇ ਨੌਜਵਾਨ ਨੂੰ ਪੁੱਛਿਆ: “ਤੈਨੂੰ ਕਿੱਦਾਂ ਪਤਾ ਕਿ ਸ਼ਾਊਲ ਅਤੇ ਉਸ ਦਾ ਪੁੱਤਰ ਯੋਨਾਥਾਨ ਮਰ ਗਏ ਹਨ?” 6 ਨੌਜਵਾਨ ਨੇ ਉਸ ਨੂੰ ਜਵਾਬ ਦਿੱਤਾ: “ਇਤਫ਼ਾਕ ਨਾਲ ਮੈਂ ਉਸ ਸਮੇਂ ਗਿਲਬੋਆ ਪਹਾੜ+ ਉੱਤੇ ਸੀ ਅਤੇ ਉੱਥੇ ਮੈਂ ਸ਼ਾਊਲ ਨੂੰ ਬਰਛੇ ਦਾ ਸਹਾਰਾ ਲਈ ਦੇਖਿਆ ਅਤੇ ਰਥ ਤੇ ਘੋੜਸਵਾਰ ਉਸ ਦੇ ਨੇੜੇ ਆ ਪਹੁੰਚੇ ਸਨ।+ 7 ਜਦੋਂ ਉਸ ਨੇ ਪਿੱਛੇ ਮੁੜ ਕੇ ਮੈਨੂੰ ਦੇਖਿਆ, ਤਾਂ ਉਸ ਨੇ ਮੈਨੂੰ ਬੁਲਾਇਆ ਅਤੇ ਮੈਂ ਕਿਹਾ, ‘ਜੀ ਹਜ਼ੂਰ!’ 8 ਉਸ ਨੇ ਮੈਨੂੰ ਪੁੱਛਿਆ, ‘ਤੂੰ ਕੌਣ ਹੈਂ?’ ਮੈਂ ਜਵਾਬ ਦਿੱਤਾ, ‘ਮੈਂ ਇਕ ਅਮਾਲੇਕੀ+ ਹਾਂ।’ 9 ਫਿਰ ਉਸ ਨੇ ਕਿਹਾ, ‘ਕਿਰਪਾ ਕਰ ਕੇ ਮੇਰੇ ਕੋਲ ਆ ਅਤੇ ਮੈਨੂੰ ਜਾਨੋਂ ਮਾਰ ਦੇ ਕਿਉਂਕਿ ਮੈਂ ਤੜਫ ਰਿਹਾ ਹਾਂ, ਪਰ ਮੇਰੀ ਜਾਨ ਨਹੀਂ ਨਿਕਲ ਰਹੀ।’ 10 ਇਸ ਲਈ ਮੈਂ ਉਸ ਕੋਲ ਗਿਆ ਅਤੇ ਉਸ ਨੂੰ ਜਾਨੋਂ ਮਾਰ ਦਿੱਤਾ+ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਇੰਨਾ ਜ਼ਖ਼ਮੀ ਸੀ ਕਿ ਉਸ ਨੇ ਜੀਉਂਦਾ ਨਹੀਂ ਬਚਣਾ ਸੀ। ਫਿਰ ਮੈਂ ਉਸ ਦੇ ਸਿਰ ਤੋਂ ਤਾਜ ਅਤੇ ਉਸ ਦਾ ਬਾਜ਼ੂਬੰਦ ਲਾਹ ਲਿਆ ਅਤੇ ਆਪਣੇ ਮਾਲਕ ਕੋਲ ਇੱਥੇ ਲੈ ਆਇਆਂ।”
11 ਇਹ ਸੁਣਦੇ ਸਾਰ ਦਾਊਦ ਨੇ ਆਪਣੇ ਕੱਪੜੇ ਪਾੜੇ ਅਤੇ ਉਸ ਦੇ ਨਾਲ ਦੇ ਸਾਰੇ ਬੰਦਿਆਂ ਨੇ ਵੀ ਇਸੇ ਤਰ੍ਹਾਂ ਕੀਤਾ। 12 ਅਤੇ ਉਹ ਸ਼ਾਮ ਤਕ ਸ਼ਾਊਲ ਤੇ ਉਸ ਦੇ ਪੁੱਤਰ ਯੋਨਾਥਾਨ ਲਈ, ਯਹੋਵਾਹ ਦੇ ਲੋਕਾਂ ਤੇ ਇਜ਼ਰਾਈਲ ਦੇ ਘਰਾਣੇ ਲਈ+ ਰੋਂਦੇ-ਕੁਰਲਾਉਂਦੇ ਰਹੇ ਅਤੇ ਉਨ੍ਹਾਂ ਨੇ ਵਰਤ ਰੱਖਿਆ+ ਕਿਉਂਕਿ ਉਹ ਤਲਵਾਰ ਨਾਲ ਮਾਰੇ ਗਏ ਸਨ।
13 ਦਾਊਦ ਨੇ ਖ਼ਬਰ ਲਿਆਉਣ ਵਾਲੇ ਨੌਜਵਾਨ ਨੂੰ ਪੁੱਛਿਆ: “ਤੂੰ ਕਿੱਥੋਂ ਦਾ ਰਹਿਣ ਵਾਲਾ ਹੈਂ? ਉਸ ਨੇ ਕਿਹਾ: “ਮੈਂ ਇਕ ਅਮਾਲੇਕੀ ਦਾ ਪੁੱਤਰ ਹਾਂ ਜੋ ਇਜ਼ਰਾਈਲ ਵਿਚ ਪਰਦੇਸੀ ਹੈ।” 14 ਫਿਰ ਦਾਊਦ ਨੇ ਉਸ ਨੂੰ ਕਿਹਾ: “ਤੂੰ ਡਰਿਆ ਕਿਉਂ ਨਹੀਂ ਜਦੋਂ ਤੂੰ ਯਹੋਵਾਹ ਦੇ ਚੁਣੇ ਹੋਏ ਨੂੰ ਮਾਰਨ ਲਈ ਉਸ ਉੱਤੇ ਹੱਥ ਚੁੱਕਿਆ?”+ 15 ਫਿਰ ਦਾਊਦ ਨੇ ਇਕ ਨੌਜਵਾਨ ਨੂੰ ਬੁਲਾ ਕੇ ਕਿਹਾ: “ਅੱਗੇ ਵਧ ਕੇ ਉਸ ਨੂੰ ਮਾਰ ਸੁੱਟ।” ਉਸ ਨੇ ਉਸ ਨੂੰ ਵੱਢ ਸੁੱਟਿਆ ਅਤੇ ਉਹ ਮਰ ਗਿਆ।+ 16 ਦਾਊਦ ਨੇ ਉਸ ਨੂੰ ਕਿਹਾ: “ਤੇਰਾ ਖ਼ੂਨ ਤੇਰੇ ਸਿਰ ਪਵੇ ਕਿਉਂਕਿ ਤੂੰ ਆਪਣੇ ਮੂੰਹੋਂ ਇਹ ਕਹਿ ਕੇ ਆਪਣੇ ਖ਼ਿਲਾਫ਼ ਗਵਾਹੀ ਦਿੱਤੀ, ‘ਮੈਂ ਆਪ ਯਹੋਵਾਹ ਦੇ ਚੁਣੇ ਹੋਏ ਨੂੰ ਮੌਤ ਦੇ ਘਾਟ ਉਤਾਰਿਆ।’”+
17 ਫਿਰ ਦਾਊਦ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਲਈ ਵਿਰਲਾਪ ਦਾ ਗੀਤ* ਗਾਇਆ+ 18 ਅਤੇ ਕਿਹਾ ਕਿ ਯਹੂਦਾਹ ਦੇ ਲੋਕਾਂ ਨੂੰ ਵਿਰਲਾਪ ਦਾ ਇਹ ਗੀਤ ਸਿਖਾਇਆ ਜਾਵੇ ਜੋ “ਕਮਾਨ” ਕਹਾਉਂਦਾ ਹੈ ਅਤੇ ਯਾਸ਼ਰ ਦੀ ਕਿਤਾਬ+ ਵਿਚ ਲਿਖਿਆ ਹੋਇਆ ਹੈ:
19 “ਹੇ ਇਜ਼ਰਾਈਲ, ਤੇਰਾ ਸੁਹੱਪਣ ਤੇਰੀਆਂ ਉੱਚੀਆਂ ਥਾਵਾਂ ʼਤੇ ਵੱਢਿਆ ਪਿਆ ਹੈ।+
ਹਾਇ, ਸੂਰਮੇ ਕਿਵੇਂ ਡਿਗ ਪਏ!
20 ਤੂੰ ਇਸ ਬਾਰੇ ਗਥ ਵਿਚ ਨਾ ਦੱਸੀਂ;+
ਅਸ਼ਕਲੋਨ ਦੀਆਂ ਗਲੀਆਂ ਵਿਚ ਇਸ ਦਾ ਢੰਡੋਰਾ ਨਾ ਪਿੱਟੀਂ,
ਨਹੀਂ ਤਾਂ ਫਲਿਸਤੀਆਂ ਦੀਆਂ ਧੀਆਂ ਖ਼ੁਸ਼ੀ ਮਨਾਉਣਗੀਆਂ,
ਬੇਸੁੰਨਤੇ ਬੰਦਿਆਂ ਦੀਆਂ ਧੀਆਂ ਖ਼ੁਸ਼ੀ ਨਾਲ ਝੂਮਣਗੀਆਂ।
21 ਹੇ ਗਿਲਬੋਆ ਦੇ ਪਹਾੜੋ,+
ਤੁਹਾਡੇ ਉੱਤੇ ਨਾ ਤ੍ਰੇਲ ਪਵੇ, ਨਾ ਹੀ ਮੀਂਹ ਵਰ੍ਹੇ,
ਨਾ ਖੇਤਾਂ ਵਿਚ ਪਵਿੱਤਰ ਭੇਟਾਂ ਲਈ ਕੁਝ ਉੱਗੇ+
ਕਿਉਂਕਿ ਉੱਥੇ ਸੂਰਮਿਆਂ ਦੀ ਢਾਲ ਪਲੀਤ ਹੋਈ
ਅਤੇ ਸ਼ਾਊਲ ਦੀ ਢਾਲ ʼਤੇ ਹੁਣ ਤੇਲ ਨਹੀਂ ਮਲ਼ਿਆ ਜਾਂਦਾ।
22 ਵੱਢਿਆਂ ਹੋਇਆਂ ਦੇ ਖ਼ੂਨ ਤੋਂ, ਸੂਰਮਿਆਂ ਦੀ ਚਰਬੀ ਤੋਂ
ਯੋਨਾਥਾਨ ਦੀ ਕਮਾਨ ਕਦੇ ਸੱਖਣੀ ਨਹੀਂ ਮੁੜੀ+
ਅਤੇ ਸ਼ਾਊਲ ਦੀ ਤਲਵਾਰ ਸਫ਼ਲ ਹੋਏ ਬਿਨਾਂ ਨਹੀਂ ਮੁੜੀ।+
24 ਹੇ ਇਜ਼ਰਾਈਲ ਦੀਓ ਧੀਓ, ਸ਼ਾਊਲ ਲਈ ਕੀਰਨੇ ਪਾਓ,
ਜਿਸ ਨੇ ਤੁਹਾਨੂੰ ਸੁਰਖ਼ ਲਾਲ, ਸੋਹਣੇ ਕੱਪੜੇ ਪੁਆਏ
ਅਤੇ ਸੋਨੇ ਦੇ ਗਹਿਣੇ ਪਹਿਨਾਏ।
25 ਹਾਇ, ਸੂਰਮੇ ਕਿਵੇਂ ਯੁੱਧ ਵਿਚ ਡਿਗ ਪਏ!
ਯੋਨਾਥਾਨ ਤੇਰੀਆਂ ਉੱਚੀਆਂ ਥਾਵਾਂ ʼਤੇ ਵੱਢਿਆ ਪਿਆ ਹੈ!+
ਮੇਰੇ ਲਈ ਤੇਰਾ ਪਿਆਰ ਤਾਂ ਔਰਤਾਂ ਦੇ ਪਿਆਰ ਨਾਲੋਂ ਵੀ ਗਹਿਰਾ ਸੀ।+
27 ਹਾਇ, ਸੂਰਮੇ ਕਿਵੇਂ ਡਿਗ ਪਏ
ਅਤੇ ਯੁੱਧ ਦੇ ਹਥਿਆਰ ਕਿਵੇਂ ਮਿਟ ਗਏ!