ਦੂਜਾ ਸਮੂਏਲ
13 ਦਾਊਦ ਦੇ ਪੁੱਤਰ ਅਬਸ਼ਾਲੋਮ ਦੀ ਇਕ ਭੈਣ ਸੀ ਜੋ ਬਹੁਤ ਸੋਹਣੀ ਸੀ ਤੇ ਉਸ ਦਾ ਨਾਂ ਤਾਮਾਰ+ ਸੀ ਅਤੇ ਦਾਊਦ ਦੇ ਪੁੱਤਰ ਅਮਨੋਨ+ ਨੂੰ ਉਸ ਨਾਲ ਪਿਆਰ ਹੋ ਗਿਆ। 2 ਅਮਨੋਨ ਆਪਣੀ ਭੈਣ ਤਾਮਾਰ ਲਈ ਇੰਨਾ ਬੇਚੈਨ ਸੀ ਕਿ ਉਹ ਬੀਮਾਰ ਪੈ ਗਿਆ ਕਿਉਂਕਿ ਉਹ ਕੁਆਰੀ ਸੀ ਅਤੇ ਅਮਨੋਨ ਨੂੰ ਉਸ ਨਾਲ ਕੁਝ ਵੀ ਕਰਨਾ ਨਾਮੁਮਕਿਨ ਲੱਗਦਾ ਸੀ। 3 ਪਰ ਅਮਨੋਨ ਦਾ ਇਕ ਦੋਸਤ ਸੀ ਜਿਸ ਦਾ ਨਾਂ ਯਹੋਨਾਦਾਬ+ ਸੀ ਜੋ ਦਾਊਦ ਦੇ ਭਰਾ ਸ਼ਿਮਾਹ+ ਦਾ ਪੁੱਤਰ ਸੀ; ਯਹੋਨਾਦਾਬ ਬਹੁਤ ਚਲਾਕ ਆਦਮੀ ਸੀ। 4 ਉਸ ਨੇ ਉਸ ਨੂੰ ਕਿਹਾ: “ਤੂੰ ਰਾਜੇ ਦਾ ਪੁੱਤਰ ਹੋ ਕੇ ਕਿਉਂ ਹਰ ਸਵੇਰ ਇੰਨਾ ਨਿਰਾਸ਼ ਰਹਿੰਦਾਂ? ਕੀ ਤੂੰ ਮੈਨੂੰ ਨਹੀਂ ਦੱਸੇਂਗਾ?” ਅਮਨੋਨ ਨੇ ਉਸ ਨੂੰ ਜਵਾਬ ਦਿੱਤਾ: “ਮੈਨੂੰ ਤਾਮਾਰ ਨਾਲ ਪਿਆਰ ਹੋ ਗਿਆ ਹੈ ਜੋ ਮੇਰੇ ਭਰਾ ਅਬਸ਼ਾਲੋਮ ਦੀ ਭੈਣ+ ਹੈ।” 5 ਯਹੋਨਾਦਾਬ ਨੇ ਉਸ ਨੂੰ ਜਵਾਬ ਦਿੱਤਾ: “ਆਪਣੇ ਪਲੰਘ ʼਤੇ ਪੈ ਜਾ ਅਤੇ ਬੀਮਾਰ ਹੋਣ ਦਾ ਢੌਂਗ ਕਰ। ਜਦੋਂ ਤੇਰਾ ਪਿਤਾ ਤੈਨੂੰ ਦੇਖਣ ਆਵੇ, ਤਾਂ ਉਸ ਨੂੰ ਕਹੀਂ, ‘ਕਿਰਪਾ ਕਰ ਕੇ ਮੇਰੀ ਭੈਣ ਤਾਮਾਰ ਨੂੰ ਭੇਜ ਕਿ ਉਹ ਮੈਨੂੰ ਕੁਝ ਖਾਣ ਲਈ ਦੇਵੇ। ਜੇ ਉਹ ਆਪਣੇ ਹੱਥੀਂ ਮੇਰੀਆਂ ਅੱਖਾਂ ਸਾਮ੍ਹਣੇ ਬੀਮਾਰਾਂ ਵਾਲਾ ਖਾਣਾ* ਤਿਆਰ ਕਰੇ, ਤਾਂ ਮੈਂ ਉਸ ਦੇ ਹੱਥੋਂ ਖਾਵਾਂਗਾ।’”
6 ਇਸ ਲਈ ਅਮਨੋਨ ਲੰਮਾ ਪੈ ਗਿਆ ਤੇ ਬੀਮਾਰ ਹੋਣ ਦਾ ਢੌਂਗ ਕਰਨ ਲੱਗਾ ਅਤੇ ਰਾਜਾ ਉਸ ਨੂੰ ਦੇਖਣ ਆਇਆ। ਫਿਰ ਅਮਨੋਨ ਨੇ ਰਾਜੇ ਨੂੰ ਕਿਹਾ: “ਕਿਰਪਾ ਕਰ ਕੇ ਮੇਰੀ ਭੈਣ ਤਾਮਾਰ ਨੂੰ ਭੇਜ ਕਿ ਉਹ ਮੇਰੀਆਂ ਨਜ਼ਰਾਂ ਸਾਮ੍ਹਣੇ ਦਿਲ ਦੇ ਆਕਾਰ ਦੀਆਂ ਦੋ ਟਿੱਕੀਆਂ ਪਕਾਵੇ ਤੇ ਮੈਂ ਉਸ ਦੇ ਹੱਥੋਂ ਖਾਣਾ ਖਾਵਾਂ।” 7 ਇਹ ਸੁਣ ਕੇ ਦਾਊਦ ਨੇ ਤਾਮਾਰ ਨੂੰ ਘਰੇ ਇਹ ਸੰਦੇਸ਼ ਭੇਜਿਆ: “ਆਪਣੇ ਭਰਾ ਅਮਨੋਨ ਦੇ ਘਰ ਜਾਹ ਅਤੇ ਉਸ ਲਈ ਖਾਣਾ* ਤਿਆਰ ਕਰ।” 8 ਇਸ ਲਈ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਗਈ। ਉਹ ਬਿਸਤਰੇ ʼਤੇ ਲੰਮਾ ਪਿਆ ਹੋਇਆ ਸੀ। ਉਸ ਨੇ ਗੁੰਨ੍ਹਿਆ ਆਟਾ ਲਿਆ ਅਤੇ ਉਸ ਦੀਆਂ ਨਜ਼ਰਾਂ ਸਾਮ੍ਹਣੇ ਆਟੇ ਦੀਆਂ ਟਿੱਕੀਆਂ ਬਣਾ ਕੇ ਪਕਾਈਆਂ। 9 ਫਿਰ ਉਸ ਨੇ ਤਵੇ ਤੋਂ ਟਿੱਕੀਆਂ ਲਾਹ ਕੇ ਉਸ ਅੱਗੇ ਪਰੋਸੀਆਂ। ਪਰ ਅਮਨੋਨ ਨੇ ਖਾਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਹਿਣ ਲੱਗਾ: “ਸਾਰਿਆਂ ਨੂੰ ਮੇਰੇ ਕੋਲੋਂ ਚਲੇ ਜਾਣ ਲਈ ਕਹਿ!” ਇਸ ਲਈ ਸਾਰੇ ਉਸ ਕੋਲੋਂ ਚਲੇ ਗਏ।
10 ਹੁਣ ਅਮਨੋਨ ਨੇ ਤਾਮਾਰ ਨੂੰ ਕਿਹਾ: “ਖਾਣਾ* ਮੇਰੇ ਸੌਣ ਵਾਲੇ ਕਮਰੇ ਵਿਚ ਲਿਆ ਤਾਂਕਿ ਮੈਂ ਤੇਰੇ ਹੱਥੋਂ ਖਾਵਾਂ।” ਇਸ ਲਈ ਤਾਮਾਰ ਨੇ ਦਿਲ ਦੇ ਆਕਾਰ ਦੀਆਂ ਟਿੱਕੀਆਂ ਲਈਆਂ ਜੋ ਉਸ ਨੇ ਬਣਾਈਆਂ ਸਨ ਅਤੇ ਆਪਣੇ ਭਰਾ ਅਮਨੋਨ ਦੇ ਕਮਰੇ ਵਿਚ ਲੈ ਗਈ। 11 ਜਿਉਂ ਹੀ ਉਹ ਉਸ ਲਈ ਟਿੱਕੀਆਂ ਲਿਆਈ, ਤਾਂ ਉਸ ਨੇ ਤਾਮਾਰ ਨੂੰ ਫੜ ਲਿਆ ਅਤੇ ਕਿਹਾ: “ਆ ਮੇਰੀ ਭੈਣ, ਮੇਰੇ ਨਾਲ ਲੰਮੀ ਪੈ।” 12 ਪਰ ਉਸ ਨੇ ਉਸ ਨੂੰ ਕਿਹਾ: “ਨਾ ਮੇਰੇ ਭਰਾ, ਮੇਰੀ ਇੱਜ਼ਤ ʼਤੇ ਦਾਗ਼ ਨਾ ਲਾ ਕਿਉਂਕਿ ਇਜ਼ਰਾਈਲ ਵਿਚ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਾਂਦਾ।+ ਇਹ ਸ਼ਰਮਨਾਕ ਕੰਮ ਨਾ ਕਰ।+ 13 ਮੈਂ ਇਸ ਬਦਨਾਮੀ ਦੇ ਦਾਗ਼ ਨਾਲ ਕਿਵੇਂ ਜੀਉਂਦੀ ਰਹਾਂਗੀ? ਅਤੇ ਤੈਨੂੰ ਇਜ਼ਰਾਈਲ ਵਿਚ ਇਕ ਜ਼ਲੀਲ ਇਨਸਾਨ ਸਮਝਿਆ ਜਾਵੇਗਾ। ਕਿਰਪਾ ਕਰ ਕੇ ਰਾਜੇ ਨਾਲ ਗੱਲ ਕਰ ਕਿਉਂਕਿ ਉਹ ਤੈਨੂੰ ਮੇਰਾ ਹੱਥ ਦੇਣ ਤੋਂ ਮਨ੍ਹਾ ਨਹੀਂ ਕਰੇਗਾ।” 14 ਪਰ ਉਸ ਨੇ ਉਸ ਦੀ ਇਕ ਨਾ ਸੁਣੀ ਅਤੇ ਉਸ ਨਾਲੋਂ ਤਕੜਾ ਹੋਣ ਕਰਕੇ ਉਸ ਨਾਲ ਬਲਾਤਕਾਰ ਕੀਤਾ ਤੇ ਇਸ ਤਰ੍ਹਾਂ ਉਸ ਦੀ ਇੱਜ਼ਤ ਦਾਗ਼ਦਾਰ ਕਰ ਦਿੱਤੀ। 15 ਫਿਰ ਅਮਨੋਨ ਉਸ ਨਾਲ ਸਖ਼ਤ ਨਫ਼ਰਤ ਕਰਨ ਲੱਗਾ ਅਤੇ ਉਸ ਦੀ ਇਹ ਨਫ਼ਰਤ ਉਸ ਦੇ ਪਿਆਰ ਨਾਲੋਂ ਕਿਤੇ ਜ਼ਿਆਦਾ ਸੀ ਜੋ ਉਹ ਪਹਿਲਾਂ ਕਰਦਾ ਸੀ। ਅਮਨੋਨ ਨੇ ਉਸ ਨੂੰ ਕਿਹਾ: “ਉੱਠ, ਚਲੀ ਜਾ ਇੱਥੋਂ!” 16 ਇਹ ਸੁਣ ਕੇ ਉਸ ਨੇ ਕਿਹਾ: “ਨਹੀਂ ਮੇਰੇ ਭਰਾ, ਹੁਣ ਮੈਨੂੰ ਆਪਣੇ ਕੋਲੋਂ ਭੇਜਣਾ ਉਸ ਬੁਰੇ ਕੰਮ ਨਾਲੋਂ ਵੀ ਭੈੜਾ ਹੈ ਜੋ ਤੂੰ ਮੇਰੇ ਨਾਲ ਕੀਤਾ!” ਪਰ ਉਸ ਨੇ ਉਸ ਦੀ ਗੱਲ ਨਹੀਂ ਮੰਨੀ।
17 ਫਿਰ ਉਸ ਨੇ ਆਪਣੇ ਨੌਜਵਾਨ ਸੇਵਾਦਾਰ ਨੂੰ ਬੁਲਾ ਕੇ ਕਿਹਾ: “ਇਹਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਲੈ ਜਾਹ ਅਤੇ ਇਹਨੂੰ ਬਾਹਰ ਕੱਢ ਕੇ ਦਰਵਾਜ਼ਾ ਬੰਦ ਕਰ ਦੇ।” 18 (ਉਸ ਵੇਲੇ ਉਸ ਨੇ ਇਕ ਖ਼ਾਸ* ਪੁਸ਼ਾਕ ਪਾਈ ਹੋਈ ਸੀ ਕਿਉਂਕਿ ਰਾਜੇ ਦੀਆਂ ਕੁਆਰੀਆਂ ਧੀਆਂ ਇਸ ਤਰ੍ਹਾਂ ਦੇ ਕੱਪੜੇ ਪਾਉਂਦੀਆਂ ਹੁੰਦੀਆਂ ਸਨ।) ਇਸ ਲਈ ਉਸ ਦਾ ਸੇਵਾਦਾਰ ਉਸ ਨੂੰ ਬਾਹਰ ਲੈ ਗਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ। 19 ਫਿਰ ਤਾਮਾਰ ਨੇ ਆਪਣੇ ਸਿਰ ʼਤੇ ਸੁਆਹ ਪਾਈ+ ਅਤੇ ਆਪਣੀ ਸੋਹਣੀ ਪੁਸ਼ਾਕ ਪਾੜ ਲਈ; ਉਸ ਨੇ ਆਪਣੇ ਹੱਥ ਸਿਰ ʼਤੇ ਰੱਖੇ ਅਤੇ ਚਲੀ ਗਈ ਤੇ ਰੋਂਦੀ-ਰੋਂਦੀ ਤੁਰਦੀ ਗਈ।
20 ਉਸ ਦੀ ਇਹ ਹਾਲਤ ਦੇਖ ਕੇ ਉਸ ਦੇ ਭਰਾ ਅਬਸ਼ਾਲੋਮ+ ਨੇ ਉਸ ਨੂੰ ਪੁੱਛਿਆ: “ਕੀ ਤੇਰੀ ਇਹ ਹਾਲਤ ਤੇਰੇ ਭਰਾ ਅਮਨੋਨ ਨੇ ਕੀਤੀ? ਹੇ ਮੇਰੀਏ ਭੈਣੇ, ਹੁਣ ਕਿਸੇ ਨੂੰ ਦੱਸੀਂ ਨਾ। ਉਹ ਤੇਰਾ ਭਰਾ ਹੈ।+ ਆਪਣਾ ਮਨ ਇਸ ਗੱਲ ਉੱਤੇ ਨਾ ਲਾਈ ਰੱਖੀਂ।” ਫਿਰ ਤਾਮਾਰ ਸਾਰਿਆਂ ਤੋਂ ਦੂਰ ਆਪਣੇ ਭਰਾ ਅਬਸ਼ਾਲੋਮ ਦੇ ਘਰ ਰਹਿਣ ਲੱਗੀ। 21 ਜਦੋਂ ਰਾਜਾ ਦਾਊਦ ਨੇ ਇਹ ਸਭ ਸੁਣਿਆ, ਤਾਂ ਉਸ ਦਾ ਖ਼ੂਨ ਖੌਲ ਉੱਠਿਆ।+ ਪਰ ਉਹ ਆਪਣੇ ਪੁੱਤਰ ਅਮਨੋਨ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੁੰਦਾ ਸੀ ਕਿਉਂਕਿ ਉਹ ਉਸ ਨੂੰ ਪਿਆਰ ਕਰਦਾ ਸੀ ਤੇ ਉਹ ਉਸ ਦਾ ਜੇਠਾ ਪੁੱਤਰ ਸੀ। 22 ਅਬਸ਼ਾਲੋਮ ਨੇ ਅਮਨੋਨ ਨੂੰ ਬੁਰਾ-ਭਲਾ ਕੁਝ ਨਾ ਕਿਹਾ; ਪਰ ਅਬਸ਼ਾਲੋਮ ਅਮਨੋਨ ਨਾਲ ਨਫ਼ਰਤ ਕਰਦਾ ਸੀ+ ਕਿਉਂਕਿ ਉਸ ਨੇ ਉਸ ਦੀ ਭੈਣ ਤਾਮਾਰ ਨੂੰ ਬੇਇੱਜ਼ਤ ਕੀਤਾ ਸੀ।+
23 ਪੂਰੇ ਦੋ ਸਾਲਾਂ ਬਾਅਦ ਅਬਸ਼ਾਲੋਮ ਦੀਆਂ ਭੇਡਾਂ ਦੀ ਉੱਨ ਕਤਰਨ ਵਾਲੇ ਆਦਮੀ ਇਫ਼ਰਾਈਮ+ ਦੇ ਨੇੜੇ ਬਆਲ-ਹਸੋਰ ਵਿਚ ਸਨ ਅਤੇ ਅਬਸ਼ਾਲੋਮ ਨੇ ਰਾਜੇ ਦੇ ਸਾਰੇ ਪੁੱਤਰਾਂ ਨੂੰ ਸੱਦਿਆ।+ 24 ਇਸ ਲਈ ਅਬਸ਼ਾਲੋਮ ਨੇ ਰਾਜੇ ਕੋਲ ਆ ਕੇ ਕਿਹਾ: “ਤੇਰਾ ਸੇਵਕ ਆਪਣੀਆਂ ਭੇਡਾਂ ਦੀ ਉੱਨ ਕਤਰਵਾ ਰਿਹਾ ਹੈ। ਕਿਰਪਾ ਕਰ ਕੇ ਰਾਜਾ ਅਤੇ ਉਸ ਦੇ ਸੇਵਕ ਮੇਰੇ ਨਾਲ ਆਉਣ।” 25 ਪਰ ਰਾਜੇ ਨੇ ਅਬਸ਼ਾਲੋਮ ਨੂੰ ਕਿਹਾ: “ਨਹੀਂ ਮੇਰੇ ਪੁੱਤਰ। ਜੇ ਅਸੀਂ ਸਾਰੇ ਜਣੇ ਆਵਾਂਗੇ, ਤਾਂ ਅਸੀਂ ਤੇਰੇ ʼਤੇ ਬੋਝ ਬਣ ਜਾਵਾਂਗੇ।” ਵਾਰ-ਵਾਰ ਮਿੰਨਤਾਂ ਕਰਨ ਤੇ ਵੀ ਉਹ ਜਾਣ ਲਈ ਰਾਜ਼ੀ ਨਹੀਂ ਹੋਇਆ, ਪਰ ਰਾਜੇ ਨੇ ਉਸ ਨੂੰ ਅਸੀਸ ਦਿੱਤੀ। 26 ਫਿਰ ਅਬਸ਼ਾਲੋਮ ਨੇ ਉਸ ਨੂੰ ਕਿਹਾ: “ਜੇ ਤੂੰ ਨਹੀਂ ਆ ਸਕਦਾ, ਤਾਂ ਕਿਰਪਾ ਕਰ ਕੇ ਮੇਰੇ ਭਰਾ ਅਮਨੋਨ ਨੂੰ ਸਾਡੇ ਨਾਲ ਭੇਜ ਦੇ।”+ ਰਾਜੇ ਨੇ ਉਸ ਨੂੰ ਜਵਾਬ ਦਿੱਤਾ: “ਉਹ ਤੇਰੇ ਨਾਲ ਕਿਉਂ ਜਾਵੇ?” 27 ਪਰ ਅਬਸ਼ਾਲੋਮ ਉਸ ਅੱਗੇ ਮਿੰਨਤਾਂ ਕਰਦਾ ਰਿਹਾ, ਇਸ ਲਈ ਉਸ ਨੇ ਅਮਨੋਨ ਅਤੇ ਆਪਣੇ ਸਾਰੇ ਪੁੱਤਰਾਂ ਨੂੰ ਉਸ ਨਾਲ ਭੇਜ ਦਿੱਤਾ।
28 ਫਿਰ ਅਬਸ਼ਾਲੋਮ ਨੇ ਆਪਣੇ ਸੇਵਾਦਾਰਾਂ ਨੂੰ ਹੁਕਮ ਦਿੱਤਾ: “ਧਿਆਨ ਰੱਖਿਓ, ਜਦੋਂ ਅਮਨੋਨ ਦਾ ਦਿਲ ਦਾਖਰਸ ਪੀ ਕੇ ਨਸ਼ੇ ਵਿਚ ਮਸਤ ਹੋ ਜਾਵੇ, ਤਾਂ ਮੈਂ ਤੁਹਾਨੂੰ ਕਹਾਂਗਾ, ‘ਅਮਨੋਨ ਨੂੰ ਮਾਰ ਸੁੱਟੋ!’ ਤੁਸੀਂ ਉਸ ਵੇਲੇ ਉਸ ਨੂੰ ਜਾਨੋਂ ਮਾਰ ਦੇਣਾ। ਡਰਿਓ ਨਾ ਕਿਉਂਕਿ ਇਹ ਮੇਰਾ ਹੁਕਮ ਹੈ। ਤਕੜੇ ਅਤੇ ਦਲੇਰ ਬਣਿਓ।” 29 ਇਸ ਲਈ ਅਬਸ਼ਾਲੋਮ ਦੇ ਸੇਵਾਦਾਰਾਂ ਨੇ ਅਮਨੋਨ ਨਾਲ ਉਸੇ ਤਰ੍ਹਾਂ ਕੀਤਾ ਜਿਵੇਂ ਅਬਸ਼ਾਲੋਮ ਨੇ ਹੁਕਮ ਦਿੱਤਾ ਸੀ; ਰਾਜੇ ਦੇ ਬਾਕੀ ਪੁੱਤਰ ਉੱਠੇ ਅਤੇ ਆਪੋ-ਆਪਣੀ ਖੱਚਰ ʼਤੇ ਸਵਾਰ ਹੋ ਕੇ ਭੱਜ ਗਏ। 30 ਜਦੋਂ ਉਹ ਅਜੇ ਰਾਹ ਵਿਚ ਹੀ ਸਨ, ਤਾਂ ਦਾਊਦ ਨੂੰ ਖ਼ਬਰ ਮਿਲੀ: “ਅਬਸ਼ਾਲੋਮ ਨੇ ਰਾਜੇ ਦੇ ਸਾਰੇ ਪੁੱਤਰਾਂ ਨੂੰ ਮਾਰ ਦਿੱਤਾ ਹੈ ਅਤੇ ਉਨ੍ਹਾਂ ਵਿੱਚੋਂ ਇਕ ਵੀ ਜੀਉਂਦਾ ਨਹੀਂ ਬਚਿਆ।” 31 ਇਹ ਸੁਣ ਕੇ ਰਾਜਾ ਉੱਠਿਆ ਤੇ ਉਸ ਨੇ ਆਪਣੇ ਕੱਪੜੇ ਪਾੜੇ ਅਤੇ ਜ਼ਮੀਨ ʼਤੇ ਪੈ ਗਿਆ। ਉਸ ਦੇ ਸਾਰੇ ਸੇਵਕ ਵੀ ਆਪਣੇ ਕੱਪੜੇ ਪਾੜੀ ਉਸ ਕੋਲ ਖੜ੍ਹ ਗਏ।
32 ਪਰ ਦਾਊਦ ਦੇ ਭਰਾ ਸ਼ਿਮਾਹ+ ਦੇ ਪੁੱਤਰ ਯਹੋਨਾਦਾਬ+ ਨੇ ਕਿਹਾ: “ਮੇਰਾ ਮਾਲਕ ਇਹ ਨਾ ਸੋਚੇ ਕਿ ਉਨ੍ਹਾਂ ਨੇ ਰਾਜੇ ਦੇ ਸਾਰੇ ਪੁੱਤਰ ਮਾਰ ਦਿੱਤੇ ਹਨ, ਸਿਰਫ਼ ਅਮਨੋਨ ਮਾਰਿਆ ਗਿਆ ਹੈ।+ ਇਹ ਅਬਸ਼ਾਲੋਮ ਦੇ ਹੁਕਮ ʼਤੇ ਹੋਇਆ ਹੈ; ਉਸ ਨੇ ਉਸੇ ਦਿਨ ਇਸ ਤਰ੍ਹਾਂ ਕਰਨ ਦਾ ਫ਼ੈਸਲਾ ਕਰ ਲਿਆ ਸੀ+ ਜਿਸ ਦਿਨ ਅਮਨੋਨ ਨੇ ਉਸ ਦੀ ਭੈਣ+ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ।+ 33 ਹੁਣ ਮੇਰਾ ਪ੍ਰਭੂ ਅਤੇ ਮਹਾਰਾਜ ਇਸ ਖ਼ਬਰ ਵੱਲ ਧਿਆਨ ਨਾ ਦੇਵੇ ਕਿ ‘ਰਾਜੇ ਦੇ ਸਾਰੇ ਪੁੱਤਰ ਮਾਰੇ ਗਏ ਹਨ’; ਸਿਰਫ਼ ਅਮਨੋਨ ਮਾਰਿਆ ਗਿਆ ਹੈ।”
34 ਇਸ ਦੌਰਾਨ ਅਬਸ਼ਾਲੋਮ ਭੱਜ ਗਿਆ ਸੀ।+ ਬਾਅਦ ਵਿਚ ਪਹਿਰੇਦਾਰ ਨੇ ਆਪਣੀਆਂ ਨਜ਼ਰਾਂ ਚੁੱਕ ਕੇ ਦੇਖਿਆ ਕਿ ਪਹਾੜ ਨਾਲ ਲੱਗਦੇ ਰਾਹ ਥਾਣੀਂ ਬਹੁਤ ਸਾਰੇ ਲੋਕ ਆ ਰਹੇ ਸਨ ਜੋ ਰਾਹ ਉਸ ਦੇ ਪਿੱਛੇ ਸੀ। 35 ਫਿਰ ਯਹੋਨਾਦਾਬ+ ਨੇ ਰਾਜੇ ਨੂੰ ਕਿਹਾ: “ਦੇਖ! ਰਾਜੇ ਦੇ ਪੁੱਤਰ ਵਾਪਸ ਆ ਗਏ ਹਨ। ਬਿਲਕੁਲ ਉਸੇ ਤਰ੍ਹਾਂ ਹੋਇਆ ਹੈ ਜਿਵੇਂ ਤੇਰੇ ਸੇਵਕ ਨੇ ਕਿਹਾ ਸੀ।” 36 ਜਿਉਂ ਹੀ ਉਸ ਨੇ ਆਪਣੀ ਗੱਲ ਪੂਰੀ ਕੀਤੀ, ਰਾਜੇ ਦੇ ਪੁੱਤਰ ਪਹੁੰਚ ਗਏ ਜੋ ਉੱਚੀ-ਉੱਚੀ ਰੋ ਰਹੇ ਸਨ; ਰਾਜਾ ਅਤੇ ਉਸ ਦੇ ਸਾਰੇ ਸੇਵਕ ਵੀ ਭੁੱਬਾਂ ਮਾਰ-ਮਾਰ ਕੇ ਰੋਣ ਲੱਗੇ। 37 ਪਰ ਅਬਸ਼ਾਲੋਮ ਭੱਜ ਕੇ ਗਸ਼ੂਰ ਦੇ ਰਾਜੇ ਅਮੀਹੂਦ ਦੇ ਪੁੱਤਰ ਤਲਮਈ+ ਕੋਲ ਚਲਾ ਗਿਆ। ਦਾਊਦ ਨੇ ਕਈ ਦਿਨਾਂ ਤਕ ਆਪਣੇ ਪੁੱਤਰ ਦਾ ਸੋਗ ਮਨਾਇਆ। 38 ਭੱਜ ਕੇ ਜਾਣ ਤੋਂ ਬਾਅਦ ਅਬਸ਼ਾਲੋਮ ਗਸ਼ੂਰ+ ਵਿਚ ਤਿੰਨ ਸਾਲ ਰਿਹਾ।
39 ਅਖ਼ੀਰ ਦਾਊਦ ਅਬਸ਼ਾਲੋਮ ਨੂੰ ਮਿਲਣ ਲਈ ਤਰਸਣ ਲੱਗਾ ਕਿਉਂਕਿ ਉਹ ਅਮਨੋਨ ਦੀ ਮੌਤ ਦੇ ਗਮ ਵਿੱਚੋਂ ਬਾਹਰ ਆ ਚੁੱਕਾ ਸੀ।*