ਪਹਿਲਾ ਰਾਜਿਆਂ
1 ਹੁਣ ਰਾਜਾ ਦਾਊਦ ਬੁੱਢਾ ਤੇ ਕਾਫ਼ੀ ਉਮਰ ਦਾ ਹੋ ਗਿਆ ਸੀ।+ ਉਹ ਉਸ ਨੂੰ ਕੱਪੜਿਆਂ ਨਾਲ ਢਕਦੇ ਸਨ, ਪਰ ਉਸ ਨੂੰ ਨਿੱਘ ਨਹੀਂ ਸੀ ਮਿਲਦਾ। 2 ਇਸ ਲਈ ਉਸ ਦੇ ਸੇਵਕਾਂ ਨੇ ਉਸ ਨੂੰ ਕਿਹਾ: “ਹੇ ਮੇਰੇ ਪ੍ਰਭੂ ਤੇ ਮਹਾਰਾਜ, ਸਾਨੂੰ ਇਜਾਜ਼ਤ ਦੇ ਕਿ ਅਸੀਂ ਇਕ ਕੁਆਰੀ ਕੁੜੀ ਨੂੰ ਲੱਭੀਏ ਜੋ ਮਹਾਰਾਜ ਦੀ ਸੇਵਾ ਅਤੇ ਦੇਖ-ਭਾਲ ਕਰੇਗੀ। ਉਹ ਤੇਰੀਆਂ ਬਾਹਾਂ ਵਿਚ ਪਵੇਗੀ ਤਾਂਕਿ ਮੇਰੇ ਪ੍ਰਭੂ ਤੇ ਮਹਾਰਾਜ ਨੂੰ ਨਿੱਘ ਮਿਲੇ।” 3 ਉਨ੍ਹਾਂ ਨੇ ਇਜ਼ਰਾਈਲ ਦੇ ਸਾਰੇ ਇਲਾਕੇ ਵਿਚ ਇਕ ਖ਼ੂਬਸੂਰਤ ਕੁੜੀ ਦੀ ਭਾਲ ਕੀਤੀ ਤੇ ਉਨ੍ਹਾਂ ਨੂੰ ਸ਼ੂਨੰਮੀ+ ਅਬੀਸ਼ਗ+ ਮਿਲ ਗਈ। ਉਹ ਉਸ ਨੂੰ ਰਾਜੇ ਕੋਲ ਲੈ ਆਏ। 4 ਉਹ ਕੁੜੀ ਬੇਹੱਦ ਖ਼ੂਬਸੂਰਤ ਸੀ ਅਤੇ ਉਹ ਰਾਜੇ ਦੀ ਦੇਖ-ਭਾਲ ਤੇ ਸੇਵਾ ਕਰਨ ਲੱਗ ਪਈ, ਪਰ ਰਾਜੇ ਨੇ ਉਸ ਨਾਲ ਸਰੀਰਕ ਸੰਬੰਧ ਨਹੀਂ ਬਣਾਏ।
5 ਇਸ ਦੌਰਾਨ, ਹੱਗੀਥ ਦਾ ਪੁੱਤਰ ਅਦੋਨੀਯਾਹ+ ਇਹ ਕਹਿੰਦੇ ਹੋਏ ਆਪਣੇ ਆਪ ਨੂੰ ਉੱਚਾ ਕਰ ਰਿਹਾ ਸੀ: “ਮੈਂ ਹੀ ਰਾਜਾ ਬਣਾਂਗਾ!” ਉਸ ਨੇ ਆਪਣੇ ਲਈ ਇਕ ਰਥ ਬਣਵਾਇਆ ਤੇ ਘੋੜਸਵਾਰ ਰੱਖੇ ਅਤੇ ਆਪਣੇ ਅੱਗੇ-ਅੱਗੇ ਦੌੜਨ ਲਈ 50 ਆਦਮੀ ਠਹਿਰਾਏ।+ 6 ਪਰ ਉਸ ਦੇ ਪਿਤਾ ਨੇ ਕਦੇ ਵੀ ਇਹ ਕਹਿ ਕੇ ਉਸ ਨੂੰ ਰੋਕਿਆ ਨਹੀਂ:* “ਤੂੰ ਇਸ ਤਰ੍ਹਾਂ ਕਿਉਂ ਕੀਤਾ?” ਉਹ ਅਬਸ਼ਾਲੋਮ ਤੋਂ ਬਾਅਦ ਪੈਦਾ ਹੋਇਆ ਸੀ ਅਤੇ ਉਹ ਬਹੁਤ ਸੋਹਣਾ-ਸੁਨੱਖਾ ਸੀ। 7 ਉਸ ਨੇ ਸਰੂਯਾਹ ਦੇ ਪੁੱਤਰ ਯੋਆਬ ਅਤੇ ਪੁਜਾਰੀ ਅਬਯਾਥਾਰ+ ਨਾਲ ਗੱਲ ਕੀਤੀ ਅਤੇ ਉਹ ਅਦੋਨੀਯਾਹ ਦੀ ਮਦਦ ਕਰਨ ਤੇ ਉਸ ਦਾ ਸਾਥ ਦੇਣ ਲਈ ਤਿਆਰ ਹੋ ਗਏ।+ 8 ਪਰ ਸਾਦੋਕ+ ਪੁਜਾਰੀ, ਯਹੋਯਾਦਾ ਦੇ ਪੁੱਤਰ ਬਨਾਯਾਹ,+ ਨਾਥਾਨ+ ਨਬੀ, ਸ਼ਿਮਈ,+ ਰੇਈ ਅਤੇ ਦਾਊਦ ਦੇ ਤਾਕਤਵਰ ਯੋਧਿਆਂ+ ਨੇ ਅਦੋਨੀਯਾਹ ਦਾ ਸਾਥ ਨਹੀਂ ਦਿੱਤਾ।
9 ਅਖ਼ੀਰ ਅਦੋਨੀਯਾਹ ਨੇ ਏਨ-ਰੋਗੇਲ ਦੇ ਨੇੜੇ ਜ਼ੋਹਲਥ ਦੇ ਪੱਥਰ ਕੋਲ ਭੇਡਾਂ, ਪਸ਼ੂਆਂ ਅਤੇ ਪਲ਼ੇ ਹੋਏ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਣ ਦਾ ਇੰਤਜ਼ਾਮ ਕੀਤਾ।+ ਉਸ ਨੇ ਆਪਣੇ ਸਾਰੇ ਭਰਾਵਾਂ ਯਾਨੀ ਰਾਜੇ ਦੇ ਪੁੱਤਰਾਂ ਅਤੇ ਯਹੂਦਾਹ ਦੇ ਸਾਰੇ ਆਦਮੀਆਂ ਯਾਨੀ ਰਾਜੇ ਦੇ ਸੇਵਕਾਂ ਨੂੰ ਸੱਦਾ ਦਿੱਤਾ। 10 ਪਰ ਉਸ ਨੇ ਨਾਥਾਨ ਨਬੀ, ਬਨਾਯਾਹ, ਤਾਕਤਵਰ ਯੋਧਿਆਂ ਅਤੇ ਆਪਣੇ ਭਰਾ ਸੁਲੇਮਾਨ ਨੂੰ ਨਹੀਂ ਸੱਦਿਆ। 11 ਫਿਰ ਨਾਥਾਨ+ ਨੇ ਸੁਲੇਮਾਨ ਦੀ ਮਾਂ ਬਥ-ਸ਼ਬਾ+ ਨੂੰ ਕਿਹਾ: “ਕੀ ਤੂੰ ਨਹੀਂ ਸੁਣਿਆ ਕਿ ਹੱਗੀਥ ਦਾ ਪੁੱਤਰ ਅਦੋਨੀਯਾਹ+ ਰਾਜਾ ਬਣ ਗਿਆ ਹੈ ਅਤੇ ਸਾਡੇ ਪ੍ਰਭੂ ਦਾਊਦ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ? 12 ਹੁਣ ਕਿਰਪਾ ਕਰ ਕੇ ਆ ਤਾਂਕਿ ਮੈਂ ਤੈਨੂੰ ਸਲਾਹ ਦਿਆਂ ਜਿਸ ਨਾਲ ਤੂੰ ਆਪਣੀ ਤੇ ਆਪਣੇ ਪੁੱਤਰ ਸੁਲੇਮਾਨ ਦੀ ਜਾਨ ਬਚਾ ਸਕੇਂ।+ 13 ਤੂੰ ਰਾਜਾ ਦਾਊਦ ਕੋਲ ਅੰਦਰ ਜਾ ਕੇ ਕਹਿ, ‘ਹੇ ਮੇਰੇ ਪ੍ਰਭੂ ਤੇ ਮਹਾਰਾਜ, ਕੀ ਤੂੰ ਸਹੁੰ ਖਾ ਕੇ ਆਪਣੀ ਦਾਸੀ ਨੂੰ ਇਹ ਨਹੀਂ ਕਿਹਾ ਸੀ: “ਤੇਰਾ ਪੁੱਤਰ ਸੁਲੇਮਾਨ ਮੇਰੇ ਤੋਂ ਬਾਅਦ ਰਾਜਾ ਬਣੇਗਾ ਅਤੇ ਉਹੀ ਮੇਰੇ ਸਿੰਘਾਸਣ ਉੱਤੇ ਬੈਠੇਗਾ”?+ ਤਾਂ ਫਿਰ, ਅਦੋਨੀਯਾਹ ਕਿੱਦਾਂ ਰਾਜਾ ਬਣ ਗਿਆ?’ 14 ਜਦੋਂ ਤੂੰ ਰਾਜੇ ਨਾਲ ਗੱਲ ਕਰ ਰਹੀ ਹੋਵੇਂਗੀ, ਤਾਂ ਮੈਂ ਤੇਰੇ ਮਗਰ ਅੰਦਰ ਆ ਜਾਵਾਂਗਾ ਤੇ ਤੇਰੀ ਗੱਲ ਦੀ ਹਾਮੀ ਭਰਾਂਗਾ।”
15 ਇਸ ਲਈ ਬਥ-ਸ਼ਬਾ ਰਾਜੇ ਕੋਲ ਉਸ ਦੇ ਸੌਣ ਵਾਲੇ ਕਮਰੇ ਵਿਚ ਗਈ। ਰਾਜਾ ਬਹੁਤ ਬੁੱਢਾ ਹੋ ਚੁੱਕਾ ਸੀ ਅਤੇ ਸ਼ੂਨੰਮੀ ਅਬੀਸ਼ਗ+ ਰਾਜੇ ਦੀ ਸੇਵਾ ਕਰ ਰਹੀ ਸੀ। 16 ਫਿਰ ਬਥ-ਸ਼ਬਾ ਨੇ ਗੋਡਿਆਂ ਭਾਰ ਬੈਠ ਕੇ ਰਾਜੇ ਅੱਗੇ ਸਿਰ ਨਿਵਾਇਆ ਅਤੇ ਰਾਜੇ ਨੇ ਉਸ ਨੂੰ ਪੁੱਛਿਆ: “ਦੱਸ, ਤੇਰੀ ਕੀ ਇੱਛਾ ਹੈਂ?” 17 ਉਸ ਨੇ ਜਵਾਬ ਦਿੱਤਾ: “ਹੇ ਮੇਰੇ ਪ੍ਰਭੂ, ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾ ਕੇ ਆਪਣੀ ਦਾਸੀ ਨੂੰ ਕਿਹਾ ਸੀ, ‘ਤੇਰਾ ਪੁੱਤਰ ਸੁਲੇਮਾਨ ਮੇਰੇ ਤੋਂ ਬਾਅਦ ਰਾਜਾ ਬਣੇਗਾ ਅਤੇ ਉਹੀ ਮੇਰੇ ਸਿੰਘਾਸਣ ਉੱਤੇ ਬੈਠੇਗਾ।’+ 18 ਪਰ ਦੇਖ! ਅਦੋਨੀਯਾਹ ਰਾਜਾ ਬਣ ਚੁੱਕਾ ਹੈ ਅਤੇ ਮੇਰੇ ਪ੍ਰਭੂ ਤੇ ਮਹਾਰਾਜ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ।+ 19 ਉਸ ਨੇ ਬਹੁਤ ਸਾਰੇ ਬਲਦਾਂ, ਪਲ਼ੇ ਹੋਏ ਜਾਨਵਰਾਂ ਅਤੇ ਭੇਡਾਂ ਦੀ ਬਲ਼ੀ ਚੜ੍ਹਾਈ ਅਤੇ ਰਾਜੇ ਦੇ ਸਾਰੇ ਪੁੱਤਰਾਂ, ਪੁਜਾਰੀ ਅਬਯਾਥਾਰ ਅਤੇ ਫ਼ੌਜ ਦੇ ਮੁਖੀ ਯੋਆਬ ਨੂੰ ਸੱਦਿਆ;+ ਪਰ ਉਸ ਨੇ ਤੇਰੇ ਸੇਵਕ ਸੁਲੇਮਾਨ ਨੂੰ ਨਹੀਂ ਸੱਦਿਆ।+ 20 ਹੁਣ ਹੇ ਮੇਰੇ ਪ੍ਰਭੂ ਤੇ ਮਹਾਰਾਜ, ਸਾਰੇ ਇਜ਼ਰਾਈਲ ਦੀਆਂ ਅੱਖਾਂ ਤੇਰੇ ʼਤੇ ਟਿਕੀਆਂ ਹਨ ਤਾਂਕਿ ਤੂੰ ਦੱਸੇਂ ਕਿ ਤੇਰੇ ਤੋਂ ਬਾਅਦ ਕੌਣ ਮੇਰੇ ਪ੍ਰਭੂ ਤੇ ਮਹਾਰਾਜ ਦੇ ਸਿੰਘਾਸਣ ਉੱਤੇ ਬੈਠੇਗਾ। 21 ਨਹੀਂ ਤਾਂ, ਜਿਉਂ ਹੀ ਮੇਰਾ ਪ੍ਰਭੂ ਤੇ ਮਹਾਰਾਜ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਵੇਗਾ, ਤਾਂ ਮੈਨੂੰ ਤੇ ਮੇਰੇ ਪੁੱਤਰ ਸੁਲੇਮਾਨ ਨੂੰ ਗੱਦਾਰ ਸਮਝਿਆ ਜਾਵੇਗਾ।”
22 ਜਦੋਂ ਉਹ ਰਾਜੇ ਨਾਲ ਗੱਲ ਕਰ ਹੀ ਰਹੀ ਸੀ, ਤਾਂ ਨਾਥਾਨ ਨਬੀ ਅੰਦਰ ਆ ਗਿਆ।+ 23 ਰਾਜੇ ਨੂੰ ਉਸੇ ਵੇਲੇ ਦੱਸਿਆ ਗਿਆ: “ਨਾਥਾਨ ਨਬੀ ਆਇਆ ਹੈ!” ਉਹ ਰਾਜੇ ਕੋਲ ਅੰਦਰ ਆਇਆ ਤੇ ਉਸ ਨੇ ਮੂੰਹ ਭਾਰ ਜ਼ਮੀਨ ʼਤੇ ਲੰਮਾ ਪੈ ਕੇ ਰਾਜੇ ਨੂੰ ਨਮਸਕਾਰ ਕੀਤਾ। 24 ਫਿਰ ਨਾਥਾਨ ਨੇ ਕਿਹਾ: “ਹੇ ਮੇਰੇ ਪ੍ਰਭੂ ਤੇ ਮਹਾਰਾਜ, ਕੀ ਤੂੰ ਇੱਦਾਂ ਕਿਹਾ ਸੀ, ‘ਮੇਰੇ ਤੋਂ ਬਾਅਦ ਅਦੋਨੀਯਾਹ ਰਾਜਾ ਬਣੇਗਾ ਅਤੇ ਉਹੀ ਮੇਰੇ ਸਿੰਘਾਸਣ ਉੱਤੇ ਬੈਠੇਗਾ’?+ 25 ਕਿਉਂਕਿ ਅੱਜ ਉਹ ਬਹੁਤ ਸਾਰੇ ਬਲਦਾਂ, ਪਲ਼ੇ ਹੋਏ ਜਾਨਵਰਾਂ ਅਤੇ ਭੇਡਾਂ ਦੀ ਬਲ਼ੀ ਚੜ੍ਹਾਉਣ ਗਿਆ ਹੈ+ ਅਤੇ ਉਸ ਨੇ ਰਾਜੇ ਦੇ ਸਾਰੇ ਪੁੱਤਰਾਂ, ਫ਼ੌਜ ਦੇ ਮੁਖੀਆਂ ਅਤੇ ਪੁਜਾਰੀ ਅਬਯਾਥਾਰ ਨੂੰ ਸੱਦਿਆ ਹੈ।+ ਉਹ ਉੱਥੇ ਉਸ ਨਾਲ ਖਾ-ਪੀ ਰਹੇ ਹਨ ਤੇ ਕਹਿ ਰਹੇ ਹਨ, ‘ਰਾਜਾ ਅਦੋਨੀਯਾਹ ਯੁਗੋ-ਯੁਗ ਜੀਵੇ!’ 26 ਪਰ ਉਸ ਨੇ ਤੇਰੇ ਸੇਵਕ ਨੂੰ, ਹਾਂ, ਮੈਨੂੰ ਨਹੀਂ ਸੱਦਿਆ ਤੇ ਨਾ ਹੀ ਸਾਦੋਕ ਪੁਜਾਰੀ, ਯਹੋਯਾਦਾ ਦੇ ਪੁੱਤਰ ਬਨਾਯਾਹ+ ਅਤੇ ਤੇਰੇ ਸੇਵਕ ਸੁਲੇਮਾਨ ਨੂੰ ਸੱਦਿਆ। 27 ਕੀ ਮੇਰੇ ਪ੍ਰਭੂ ਤੇ ਮਹਾਰਾਜ ਨੇ ਆਪਣੇ ਇਸ ਦਾਸ ਨੂੰ ਦੱਸੇ ਬਿਨਾਂ ਹੀ ਪ੍ਰਵਾਨਗੀ ਦੇ ਦਿੱਤੀ ਹੈ ਕਿ ਮੇਰੇ ਪ੍ਰਭੂ ਤੇ ਮਹਾਰਾਜ ਤੋਂ ਬਾਅਦ ਕੌਣ ਉਸ ਦੇ ਸਿੰਘਾਸਣ ਉੱਤੇ ਬੈਠੇਗਾ?”
28 ਫਿਰ ਰਾਜਾ ਦਾਊਦ ਨੇ ਕਿਹਾ: “ਬਥ-ਸ਼ਬਾ ਨੂੰ ਬੁਲਾਓ।” ਇਸ ਲਈ ਉਹ ਅੰਦਰ ਆਈ ਤੇ ਰਾਜੇ ਦੇ ਸਾਮ੍ਹਣੇ ਖੜ੍ਹ ਗਈ। 29 ਫਿਰ ਰਾਜੇ ਨੇ ਸਹੁੰ ਖਾਧੀ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਸ ਨੇ ਮੈਨੂੰ ਸਾਰੇ ਦੁੱਖਾਂ ਤੋਂ ਛੁਟਕਾਰਾ ਦਿਵਾਇਆ,+ 30 ਜਿਵੇਂ ਮੈਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾ ਕੇ ਤੈਨੂੰ ਕਿਹਾ ਸੀ, ‘ਤੇਰਾ ਪੁੱਤਰ ਸੁਲੇਮਾਨ ਮੇਰੇ ਤੋਂ ਬਾਅਦ ਰਾਜਾ ਬਣੇਗਾ ਅਤੇ ਉਹੀ ਮੇਰੀ ਜਗ੍ਹਾ ਮੇਰੇ ਸਿੰਘਾਸਣ ਉੱਤੇ ਬੈਠੇਗਾ!’ ਮੈਂ ਅੱਜ ਉੱਦਾਂ ਹੀ ਕਰਾਂਗਾ।” 31 ਫਿਰ ਬਥ-ਸ਼ਬਾ ਨੇ ਰਾਜੇ ਅੱਗੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ ਤੇ ਕਿਹਾ: “ਮੇਰਾ ਪ੍ਰਭੂ ਰਾਜਾ ਦਾਊਦ ਯੁਗੋ-ਯੁਗ ਜੀਵੇ!”
32 ਉਸੇ ਵੇਲੇ ਰਾਜਾ ਦਾਊਦ ਨੇ ਕਿਹਾ: “ਸਾਦੋਕ ਪੁਜਾਰੀ, ਨਾਥਾਨ ਨਬੀ ਅਤੇ ਯਹੋਯਾਦਾ ਦੇ ਪੁੱਤਰ ਬਨਾਯਾਹ+ ਨੂੰ ਬੁਲਾਓ।”+ ਇਸ ਲਈ ਉਹ ਰਾਜੇ ਕੋਲ ਆਏ। 33 ਰਾਜੇ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਪ੍ਰਭੂ ਦੇ ਸੇਵਕਾਂ ਨੂੰ ਨਾਲ ਲੈ ਜਾਓ ਅਤੇ ਮੇਰੇ ਪੁੱਤਰ ਸੁਲੇਮਾਨ ਨੂੰ ਮੇਰੀ ਖੱਚਰ ʼਤੇ ਬਿਠਾਓ+ ਅਤੇ ਉਸ ਨੂੰ ਹੇਠਾਂ ਗੀਹੋਨ+ ਲੈ ਜਾਓ। 34 ਉੱਥੇ ਸਾਦੋਕ ਪੁਜਾਰੀ ਅਤੇ ਨਾਥਾਨ ਨਬੀ ਉਸ ਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕਰਨਗੇ;+ ਫਿਰ ਤੁਸੀਂ ਨਰਸਿੰਗਾ ਵਜਾ ਕੇ ਕਹਿਓ, ‘ਰਾਜਾ ਸੁਲੇਮਾਨ ਯੁਗੋ-ਯੁਗ ਜੀਵੇ!’+ 35 ਫਿਰ ਉਸ ਦੇ ਮਗਰ-ਮਗਰ ਵਾਪਸ ਆਇਓ ਅਤੇ ਉਹ ਅੰਦਰ ਆ ਕੇ ਮੇਰੇ ਸਿੰਘਾਸਣ ਉੱਤੇ ਬੈਠੇਗਾ ਅਤੇ ਮੇਰੀ ਜਗ੍ਹਾ ਰਾਜਾ ਹੋਵੇਗਾ। ਮੈਂ ਉਸ ਨੂੰ ਇਜ਼ਰਾਈਲ ਅਤੇ ਯਹੂਦਾਹ ਉੱਤੇ ਆਗੂ ਠਹਿਰਾਵਾਂਗਾ।” 36 ਉਸੇ ਵੇਲੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਰਾਜੇ ਨੂੰ ਕਿਹਾ: “ਆਮੀਨ! ਮੇਰੇ ਪ੍ਰਭੂ ਤੇ ਮਹਾਰਾਜ ਦਾ ਪਰਮੇਸ਼ੁਰ ਯਹੋਵਾਹ ਇਸੇ ਤਰ੍ਹਾਂ ਕਰੇ। 37 ਜਿਵੇਂ ਯਹੋਵਾਹ ਮੇਰੇ ਪ੍ਰਭੂ ਤੇ ਮਹਾਰਾਜ ਦੇ ਨਾਲ ਸੀ, ਉਸੇ ਤਰ੍ਹਾਂ ਉਹ ਸੁਲੇਮਾਨ ਦੇ ਨਾਲ ਵੀ ਹੋਵੇ+ ਅਤੇ ਉਹ ਉਸ ਦੇ ਰਾਜ ਨੂੰ ਮੇਰੇ ਪ੍ਰਭੂ ਰਾਜਾ ਦਾਊਦ ਦੇ ਰਾਜ ਨਾਲੋਂ ਵੀ ਜ਼ਿਆਦਾ ਬੁਲੰਦ ਕਰੇ।”+
38 ਫਿਰ ਸਾਦੋਕ ਪੁਜਾਰੀ, ਨਾਥਾਨ ਨਬੀ, ਯਹੋਯਾਦਾ ਦਾ ਪੁੱਤਰ ਬਨਾਯਾਹ,+ ਕਰੇਤੀ ਅਤੇ ਪਲੇਤੀ+ ਸੁਲੇਮਾਨ ਨੂੰ ਰਾਜਾ ਦਾਊਦ ਦੀ ਖੱਚਰ ʼਤੇ ਬਿਠਾ ਕੇ+ ਹੇਠਾਂ ਗੀਹੋਨ+ ਲੈ ਆਏ। 39 ਫਿਰ ਸਾਦੋਕ ਪੁਜਾਰੀ ਨੇ ਤੰਬੂ+ ਵਿੱਚੋਂ ਤੇਲ ਵਾਲਾ ਸਿੰਗ ਲਿਆ+ ਅਤੇ ਸੁਲੇਮਾਨ ਉੱਤੇ ਤੇਲ ਪਾ ਕੇ ਉਸ ਨੂੰ ਨਿਯੁਕਤ ਕੀਤਾ+ ਅਤੇ ਉਹ ਨਰਸਿੰਗਾ ਵਜਾਉਣ ਲੱਗੇ ਤੇ ਸਾਰੇ ਲੋਕ ਉੱਚੀ-ਉੱਚੀ ਕਹਿਣ ਲੱਗੇ: “ਰਾਜਾ ਸੁਲੇਮਾਨ ਯੁਗੋ-ਯੁਗ ਜੀਵੇ!” 40 ਇਸ ਤੋਂ ਬਾਅਦ, ਸਾਰੇ ਲੋਕ ਉਸ ਦੇ ਮਗਰ-ਮਗਰ ਬੰਸਰੀਆਂ ਵਜਾਉਂਦੇ ਤੇ ਗੱਜ-ਵੱਜ ਕੇ ਖ਼ੁਸ਼ੀਆਂ ਮਨਾਉਂਦੇ ਹੋਏ ਉਤਾਂਹ ਗਏ ਅਤੇ ਉਨ੍ਹਾਂ ਦੇ ਸ਼ੋਰ ਨਾਲ ਧਰਤੀ ਕੰਬ ਰਹੀ ਸੀ।+
41 ਅਦੋਨੀਯਾਹ ਅਤੇ ਉਸ ਦੁਆਰਾ ਸੱਦੇ ਗਏ ਸਾਰੇ ਜਣਿਆਂ ਨੇ ਇਹ ਸ਼ੋਰ ਸੁਣਿਆ। ਉਦੋਂ ਤਕ ਉਹ ਖਾ-ਪੀ ਚੁੱਕੇ ਸਨ।+ ਨਰਸਿੰਗੇ ਦੀ ਆਵਾਜ਼ ਸੁਣਦਿਆਂ ਸਾਰ ਯੋਆਬ ਨੇ ਕਿਹਾ: “ਸ਼ਹਿਰ ਵਿਚ ਇੰਨਾ ਰੌਲ਼ਾ-ਰੱਪਾ ਕਿਉਂ ਹੈ?” 42 ਉਹ ਹਾਲੇ ਗੱਲ ਕਰ ਹੀ ਰਿਹਾ ਸੀ ਕਿ ਪੁਜਾਰੀ ਅਬਯਾਥਾਰ ਦਾ ਪੁੱਤਰ ਯੋਨਾਥਾਨ+ ਉੱਥੇ ਆ ਗਿਆ। ਫਿਰ ਅਦੋਨੀਯਾਹ ਨੇ ਕਿਹਾ: “ਅੰਦਰ ਆਜਾ, ਤੂੰ ਚੰਗਾ* ਆਦਮੀ ਹੈਂ ਤੇ ਤੂੰ ਜ਼ਰੂਰ ਕੋਈ ਚੰਗੀ ਖ਼ਬਰ ਲਿਆਇਆ ਹੋਵੇਂਗਾ।” 43 ਪਰ ਯੋਨਾਥਾਨ ਨੇ ਅਦੋਨੀਯਾਹ ਨੂੰ ਕਿਹਾ: “ਨਹੀਂ, ਮੈਂ ਚੰਗੀ ਖ਼ਬਰ ਨਹੀਂ ਲਿਆਇਆ! ਸਾਡੇ ਪ੍ਰਭੂ ਰਾਜਾ ਦਾਊਦ ਨੇ ਸੁਲੇਮਾਨ ਨੂੰ ਰਾਜਾ ਬਣਾ ਦਿੱਤਾ ਹੈ। 44 ਰਾਜੇ ਨੇ ਉਸ ਨਾਲ ਸਾਦੋਕ ਪੁਜਾਰੀ, ਨਾਥਾਨ ਨਬੀ, ਯਹੋਯਾਦਾ ਦੇ ਪੁੱਤਰ ਬਨਾਯਾਹ, ਕਰੇਤੀਆਂ ਅਤੇ ਪਲੇਤੀਆਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਉਸ ਨੂੰ ਰਾਜੇ ਦੀ ਖੱਚਰ ਉੱਤੇ ਬਿਠਾਇਆ।+ 45 ਫਿਰ ਸਾਦੋਕ ਪੁਜਾਰੀ ਅਤੇ ਨਾਥਾਨ ਨਬੀ ਨੇ ਗੀਹੋਨ ਵਿਚ ਉਸ ਨੂੰ ਰਾਜਾ ਨਿਯੁਕਤ ਕੀਤਾ। ਉਸ ਤੋਂ ਬਾਅਦ ਉਹ ਖ਼ੁਸ਼ੀਆਂ ਮਨਾਉਂਦੇ ਹੋਏ ਉੱਥੋਂ ਉਤਾਂਹ ਆ ਗਏ ਜਿਸ ਕਰਕੇ ਸ਼ਹਿਰ ਵਿਚ ਇੰਨਾ ਸ਼ੋਰ ਮਚਿਆ ਹੋਇਆ ਹੈ। ਇਹ ਉਹੀ ਸ਼ੋਰ ਹੈ ਜੋ ਤੁਸੀਂ ਸੁਣਿਆ। 46 ਹੋਰ ਤਾਂ ਹੋਰ, ਸੁਲੇਮਾਨ ਸ਼ਾਹੀ ਸਿੰਘਾਸਣ ਉੱਤੇ ਬੈਠ ਚੁੱਕਾ ਹੈ। 47 ਇਕ ਹੋਰ ਗੱਲ, ਰਾਜੇ ਦੇ ਸੇਵਕ ਸਾਡੇ ਪ੍ਰਭੂ ਰਾਜਾ ਦਾਊਦ ਨੂੰ ਇਹ ਵਧਾਈਆਂ ਦੇ ਰਹੇ ਹਨ, ‘ਤੇਰਾ ਪਰਮੇਸ਼ੁਰ ਸੁਲੇਮਾਨ ਦੇ ਨਾਂ ਨੂੰ ਤੇਰੇ ਨਾਂ ਨਾਲੋਂ ਵੀ ਜ਼ਿਆਦਾ ਮਸ਼ਹੂਰ ਕਰੇ ਤੇ ਉਹ ਉਸ ਦੇ ਰਾਜ ਨੂੰ ਤੇਰੇ ਰਾਜ ਨਾਲੋਂ ਜ਼ਿਆਦਾ ਬੁਲੰਦ ਕਰੇ!’ ਇਹ ਸੁਣ ਕੇ ਰਾਜੇ ਨੇ ਆਪਣੇ ਪਲੰਘ ʼਤੇ ਪਰਮੇਸ਼ੁਰ ਅੱਗੇ ਸਿਰ ਨਿਵਾਇਆ। 48 ਨਾਲੇ ਰਾਜੇ ਨੇ ਕਿਹਾ, ‘ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਅੱਜ ਮੇਰੇ ਸਿੰਘਾਸਣ ʼਤੇ ਕਿਸੇ ਨੂੰ ਬਿਠਾਇਆ ਤੇ ਮੈਨੂੰ ਆਪਣੀ ਅੱਖੀਂ ਇਹ ਦੇਖਣ ਦਾ ਮੌਕਾ ਦਿੱਤਾ!’”
49 ਤਦ ਅਦੋਨੀਯਾਹ ਦੁਆਰਾ ਸੱਦੇ ਸਾਰੇ ਜਣੇ ਖ਼ੌਫ਼ ਖਾਣ ਲੱਗੇ ਤੇ ਹਰ ਕੋਈ ਉੱਠ ਕੇ ਆਪੋ-ਆਪਣੇ ਰਾਹ ਪੈ ਗਿਆ। 50 ਅਦੋਨੀਯਾਹ ਵੀ ਸੁਲੇਮਾਨ ਤੋਂ ਡਰ ਗਿਆ, ਇਸ ਲਈ ਉਹ ਉੱਠਿਆ ਤੇ ਉਸ ਨੇ ਜਾ ਕੇ ਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਫੜ ਲਿਆ।+ 51 ਸੁਲੇਮਾਨ ਨੂੰ ਇਹ ਖ਼ਬਰ ਦਿੱਤੀ ਗਈ: “ਅਦੋਨੀਯਾਹ ਰਾਜਾ ਸੁਲੇਮਾਨ ਤੋਂ ਡਰ ਗਿਆ ਹੈ; ਉਸ ਨੇ ਵੇਦੀ ਦੇ ਸਿੰਗਾਂ ਨੂੰ ਫੜਿਆ ਹੋਇਆ ਹੈ ਤੇ ਉਹ ਕਹਿ ਰਿਹਾ ਹੈ, ‘ਪਹਿਲਾਂ ਰਾਜਾ ਸੁਲੇਮਾਨ ਮੇਰੇ ਨਾਲ ਸਹੁੰ ਖਾਵੇ ਕਿ ਉਹ ਆਪਣੇ ਦਾਸ ਨੂੰ ਤਲਵਾਰ ਨਾਲ ਨਹੀਂ ਮਾਰੇਗਾ।’” 52 ਇਹ ਸੁਣ ਕੇ ਸੁਲੇਮਾਨ ਨੇ ਕਿਹਾ: “ਜੇ ਉਹ ਚੰਗਾ ਇਨਸਾਨ ਬਣ ਕੇ ਦਿਖਾਵੇ, ਤਾਂ ਉਸ ਦਾ ਇਕ ਵੀ ਵਾਲ਼ ਜ਼ਮੀਨ ʼਤੇ ਨਹੀਂ ਡਿਗੇਗਾ; ਪਰ ਜੇ ਉਸ ਵਿਚ ਕੋਈ ਬੁਰਾਈ ਨਜ਼ਰ ਆਈ,+ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ।” 53 ਇਸ ਲਈ ਸੁਲੇਮਾਨ ਨੇ ਕਿਸੇ ਨੂੰ ਭੇਜਿਆ ਕਿ ਉਹ ਉਸ ਨੂੰ ਵੇਦੀ ਤੋਂ ਹੇਠਾਂ ਲੈ ਆਵੇ। ਫਿਰ ਉਸ ਨੇ ਆ ਕੇ ਰਾਜਾ ਸੁਲੇਮਾਨ ਅੱਗੇ ਸਿਰ ਝੁਕਾਇਆ ਜਿਸ ਤੋਂ ਬਾਅਦ ਸੁਲੇਮਾਨ ਨੇ ਉਸ ਨੂੰ ਕਿਹਾ: “ਆਪਣੇ ਘਰ ਚਲਾ ਜਾਹ।”