ਦੂਜਾ ਇਤਿਹਾਸ
7 ਜਿਉਂ ਹੀ ਸੁਲੇਮਾਨ ਪ੍ਰਾਰਥਨਾ ਕਰ ਹਟਿਆ,+ ਤਾਂ ਆਕਾਸ਼ ਤੋਂ ਅੱਗ ਵਰ੍ਹੀ+ ਤੇ ਹੋਮ-ਬਲ਼ੀ ਤੇ ਬਲੀਦਾਨ ਭਸਮ ਹੋ ਗਏ ਅਤੇ ਭਵਨ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ।+ 2 ਪੁਜਾਰੀ ਯਹੋਵਾਹ ਦੇ ਭਵਨ ਵਿਚ ਦਾਖ਼ਲ ਨਾ ਹੋ ਸਕੇ ਕਿਉਂਕਿ ਯਹੋਵਾਹ ਦਾ ਭਵਨ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ ਸੀ।+ 3 ਜਦੋਂ ਉੱਪਰੋਂ ਅੱਗ ਵਰ੍ਹੀ ਅਤੇ ਯਹੋਵਾਹ ਦੀ ਮਹਿਮਾ ਭਵਨ ਉੱਤੇ ਛਾ ਗਈ, ਤਾਂ ਇਜ਼ਰਾਈਲ ਦੇ ਸਾਰੇ ਲੋਕ ਦੇਖ ਰਹੇ ਸਨ ਅਤੇ ਉਨ੍ਹਾਂ ਨੇ ਫ਼ਰਸ਼ ʼਤੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ ਅਤੇ ਇਹ ਕਹਿ ਕੇ ਯਹੋਵਾਹ ਦਾ ਧੰਨਵਾਦ ਕੀਤਾ, “ਕਿਉਂਕਿ ਉਹ ਚੰਗਾ ਹੈ; ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”
4 ਫਿਰ ਰਾਜੇ ਅਤੇ ਸਾਰੇ ਲੋਕਾਂ ਨੇ ਮਿਲ ਕੇ ਯਹੋਵਾਹ ਅੱਗੇ ਬਲ਼ੀਆਂ ਚੜ੍ਹਾਈਆਂ।+ 5 ਰਾਜਾ ਸੁਲੇਮਾਨ ਨੇ 22,000 ਗਾਂਵਾਂ-ਬਲਦਾਂ ਅਤੇ 1,20,000 ਭੇਡਾਂ ਦੀ ਬਲ਼ੀ ਚੜ੍ਹਾਈ। ਇਸ ਤਰ੍ਹਾਂ ਰਾਜੇ ਅਤੇ ਸਾਰੇ ਲੋਕਾਂ ਨੇ ਸੱਚੇ ਪਰਮੇਸ਼ੁਰ ਦੇ ਭਵਨ ਦਾ ਉਦਘਾਟਨ ਕੀਤਾ।+ 6 ਪੁਜਾਰੀ ਸੇਵਾ ਲਈ ਆਪੋ-ਆਪਣੀ ਠਹਿਰਾਈ ਜਗ੍ਹਾ ʼਤੇ ਖੜ੍ਹੇ ਸਨ ਜਿਵੇਂ ਲੇਵੀ ਖੜ੍ਹੇ ਸਨ ਜਿਨ੍ਹਾਂ ਕੋਲ ਯਹੋਵਾਹ ਲਈ ਗੀਤ ਗਾਉਂਦੇ ਵੇਲੇ ਵਜਾਉਣ ਲਈ ਸਾਜ਼ ਹੁੰਦੇ ਸਨ।+ (ਰਾਜਾ ਦਾਊਦ ਨੇ ਇਹ ਸਾਜ਼ ਇਸ ਲਈ ਬਣਾਏ ਸਨ ਤਾਂਕਿ ਇਨ੍ਹਾਂ ਨੂੰ ਉਸ ਵੇਲੇ ਵਜਾਇਆ ਜਾਵੇ ਜਦ ਦਾਊਦ ਉਨ੍ਹਾਂ* ਨਾਲ ਮਿਲ ਕੇ ਯਹੋਵਾਹ ਦੀ ਮਹਿਮਾ ਕਰਦਾ ਸੀ ਤੇ ਇਹ ਕਹਿ ਕੇ ਉਸ ਦਾ ਧੰਨਵਾਦ ਕਰਦਾ ਸੀ, “ਕਿਉਂਕਿ ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”) ਪੁਜਾਰੀ ਉਨ੍ਹਾਂ ਦੇ ਅੱਗੇ ਉੱਚੀ-ਉੱਚੀ ਤੁਰ੍ਹੀਆਂ ਵਜਾ ਰਹੇ ਸਨ+ ਤੇ ਸਾਰੇ ਇਜ਼ਰਾਈਲੀ ਖੜ੍ਹੇ ਸਨ।
7 ਫਿਰ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੇ ਅੱਗੇ ਵਿਹੜੇ ਦਾ ਵਿਚਕਾਰਲਾ ਹਿੱਸਾ ਪਵਿੱਤਰ ਕੀਤਾ ਤਾਂਕਿ ਉਹ ਉੱਥੇ ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਦੀ ਚਰਬੀ ਚੜ੍ਹਾ ਸਕੇ+ ਕਿਉਂਕਿ ਸੁਲੇਮਾਨ ਨੇ ਜੋ ਤਾਂਬੇ ਦੀ ਵੇਦੀ+ ਬਣਾਈ ਸੀ, ਉਹ ਹੋਮ-ਬਲ਼ੀਆਂ, ਅਨਾਜ ਦੇ ਚੜ੍ਹਾਵਿਆਂ+ ਅਤੇ ਚਰਬੀ ਲਈ ਛੋਟੀ ਪੈ ਗਈ ਸੀ।+ 8 ਉਸ ਵੇਲੇ ਸੁਲੇਮਾਨ ਨੇ ਲੇਬੋ-ਹਮਾਥ* ਤੋਂ ਲੈ ਕੇ ਮਿਸਰ ਵਾਦੀ ਤਕ ਦੇ ਸਾਰੇ ਇਜ਼ਰਾਈਲੀਆਂ ਦੀ ਵੱਡੀ ਸਾਰੀ ਮੰਡਲੀ ਨਾਲ ਮਿਲ ਕੇ ਸੱਤ ਦਿਨ ਤਿਉਹਾਰ ਮਨਾਇਆ।+ 9 ਪਰ ਅੱਠਵੇਂ ਦਿਨ* ਉਨ੍ਹਾਂ ਨੇ ਖ਼ਾਸ* ਸਭਾ ਰੱਖੀ+ ਕਿਉਂਕਿ ਉਨ੍ਹਾਂ ਨੇ ਸੱਤ ਦਿਨ ਵੇਦੀ ਦਾ ਉਦਘਾਟਨ ਕੀਤਾ ਸੀ ਅਤੇ ਸੱਤ ਦਿਨ ਤਿਉਹਾਰ ਮਨਾਇਆ ਸੀ। 10 ਫਿਰ ਸੱਤਵੇਂ ਮਹੀਨੇ ਦੀ 23 ਤਾਰੀਖ਼ ਨੂੰ ਉਸ ਨੇ ਲੋਕਾਂ ਨੂੰ ਆਪੋ-ਆਪਣੇ ਘਰ ਭੇਜ ਦਿੱਤਾ ਜੋ ਖ਼ੁਸ਼ੀਆਂ ਮਨਾਉਂਦੇ ਹੋਏ+ ਅਤੇ ਉਸ ਭਲਾਈ ਕਰਕੇ ਜੋ ਯਹੋਵਾਹ ਨੇ ਦਾਊਦ, ਸੁਲੇਮਾਨ ਅਤੇ ਆਪਣੀ ਪਰਜਾ ਇਜ਼ਰਾਈਲ ਨਾਲ ਕੀਤੀ ਸੀ, ਦਿਲੋਂ ਆਨੰਦ ਮਨਾਉਂਦੇ ਹੋਏ ਆਪਣੇ ਘਰਾਂ ਨੂੰ ਚਲੇ ਗਏ।+
11 ਇਸ ਤਰ੍ਹਾਂ ਸੁਲੇਮਾਨ ਨੇ ਯਹੋਵਾਹ ਦਾ ਭਵਨ ਅਤੇ ਆਪਣਾ ਸ਼ਾਹੀ ਮਹਿਲ ਬਣਾਉਣ ਦਾ ਕੰਮ ਪੂਰਾ ਕੀਤਾ;+ ਯਹੋਵਾਹ ਦੇ ਭਵਨ ਤੇ ਆਪਣੇ ਸ਼ਾਹੀ ਮਹਿਲ ਸੰਬੰਧੀ ਉਸ ਦੇ ਦਿਲ ਵਿਚ ਜੋ ਵੀ ਸੀ, ਉਹ ਸਾਰਾ ਕੁਝ ਪੂਰਾ ਕਰਨ ਵਿਚ ਉਹ ਸਫ਼ਲ ਹੋਇਆ।+ 12 ਫਿਰ ਯਹੋਵਾਹ ਸੁਲੇਮਾਨ ਸਾਮ੍ਹਣੇ ਰਾਤ ਨੂੰ ਪ੍ਰਗਟ ਹੋਇਆ+ ਤੇ ਉਸ ਨੂੰ ਕਿਹਾ: “ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਮੈਂ ਇਸ ਜਗ੍ਹਾ ਨੂੰ ਆਪਣੇ ਲਈ ਬਲੀਦਾਨ ਦੇ ਭਵਨ ਵਜੋਂ ਚੁਣਿਆ ਹੈ।+ 13 ਜਦੋਂ ਮੈਂ ਆਕਾਸ਼ ਬੰਦ ਕਰ ਦਿਆਂ ਤੇ ਮੀਂਹ ਨਾ ਪਵੇ ਅਤੇ ਜਦੋਂ ਮੈਂ ਟਿੱਡੀਆਂ ਨੂੰ ਦੇਸ਼ ਨੂੰ ਚੱਟ ਕਰਨ ਦਾ ਹੁਕਮ ਦਿਆਂ ਅਤੇ ਜੇ ਮੈਂ ਆਪਣੀ ਪਰਜਾ ʼਤੇ ਮਹਾਂਮਾਰੀ ਘੱਲਾਂ, 14 ਉਦੋਂ ਜੇ ਮੇਰੀ ਪਰਜਾ ਜੋ ਮੇਰੇ ਨਾਂ ਤੋਂ ਜਾਣੀ ਜਾਂਦੀ ਹੈ+ ਆਪਣੇ ਆਪ ਨੂੰ ਨਿਮਰ ਕਰ ਕੇ+ ਪ੍ਰਾਰਥਨਾ ਕਰੇ ਤੇ ਮੈਨੂੰ ਭਾਲੇ ਅਤੇ ਆਪਣੇ ਬੁਰੇ ਰਾਹਾਂ ਤੋਂ ਮੁੜੇ,+ ਫਿਰ ਮੈਂ ਆਕਾਸ਼ ਤੋਂ ਸੁਣਾਂਗਾ ਅਤੇ ਉਨ੍ਹਾਂ ਦਾ ਪਾਪ ਮਾਫ਼ ਕਰ ਦਿਆਂਗਾ ਤੇ ਉਨ੍ਹਾਂ ਦੇ ਦੇਸ਼ ਨੂੰ ਚੰਗਾ ਕਰਾਂਗਾ।+ 15 ਮੇਰੀਆਂ ਅੱਖਾਂ ਤੇ ਮੇਰੇ ਕੰਨ ਉਸ ਪ੍ਰਾਰਥਨਾ ਵੱਲ ਲੱਗੇ ਰਹਿਣਗੇ ਜੋ ਇਸ ਜਗ੍ਹਾ ʼਤੇ ਕੀਤੀ ਜਾਵੇਗੀ।+ 16 ਮੈਂ ਇਸ ਭਵਨ ਨੂੰ ਚੁਣਿਆ ਹੈ ਤੇ ਇਸ ਨੂੰ ਪਵਿੱਤਰ ਕੀਤਾ ਹੈ ਤਾਂਕਿ ਮੇਰਾ ਨਾਂ ਇੱਥੇ ਸਦਾ ਲਈ ਰਹੇ+ ਅਤੇ ਮੇਰੀਆਂ ਨਜ਼ਰਾਂ ਤੇ ਮੇਰਾ ਦਿਲ ਹਮੇਸ਼ਾ ਇਸ ਵੱਲ ਲੱਗਾ ਰਹੇਗਾ।+
17 “ਨਾਲੇ ਜੇ ਤੂੰ ਆਪਣੇ ਪਿਤਾ ਦਾਊਦ ਵਾਂਗ ਮੇਰੇ ਅੱਗੇ ਚੱਲੇਂ ਅਤੇ ਉਹ ਸਭ ਕੁਝ ਕਰੇਂ ਜੋ ਮੈਂ ਤੈਨੂੰ ਕਰਨ ਦਾ ਹੁਕਮ ਦਿੱਤਾ ਹੈ ਤੇ ਮੇਰੇ ਨਿਯਮਾਂ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰੇਂ,+ 18 ਤਾਂ ਮੈਂ ਤੇਰੀ ਰਾਜ-ਗੱਦੀ ਹਮੇਸ਼ਾ ਲਈ ਕਾਇਮ ਕਰਾਂਗਾ+ ਜਿਵੇਂ ਮੈਂ ਤੇਰੇ ਪਿਤਾ ਦਾਊਦ ਨਾਲ ਇਹ ਇਕਰਾਰ ਕੀਤਾ ਸੀ,+ ‘ਇਜ਼ਰਾਈਲ ਉੱਤੇ ਰਾਜ ਕਰਨ ਲਈ ਤੇਰੇ ਵੰਸ਼ ਦਾ ਕੋਈ-ਨਾ-ਕੋਈ ਆਦਮੀ ਹਮੇਸ਼ਾ ਹੋਵੇਗਾ।’+ 19 ਪਰ ਜੇ ਤੁਸੀਂ ਮੂੰਹ ਫੇਰ ਲਿਆ ਅਤੇ ਮੇਰੇ ਨਿਯਮਾਂ ਤੇ ਮੇਰੇ ਹੁਕਮਾਂ ਦੀ ਪਾਲਣਾ ਕਰਨੀ ਛੱਡ ਦਿੱਤੀ ਜੋ ਮੈਂ ਤੁਹਾਨੂੰ ਦਿੱਤੇ ਹਨ ਅਤੇ ਤੁਸੀਂ ਜਾ ਕੇ ਹੋਰ ਦੇਵਤਿਆਂ ਦੀ ਭਗਤੀ ਕੀਤੀ ਤੇ ਉਨ੍ਹਾਂ ਅੱਗੇ ਮੱਥਾ ਟੇਕਿਆ,+ 20 ਤਾਂ ਮੈਂ ਇਜ਼ਰਾਈਲੀਆਂ ਨੂੰ ਆਪਣੇ ਦੇਸ਼ ਵਿੱਚੋਂ ਜੜ੍ਹੋਂ ਉਖਾੜ ਦਿਆਂਗਾ ਜੋ ਮੈਂ ਉਨ੍ਹਾਂ ਨੂੰ ਦਿੱਤਾ ਹੈ+ ਅਤੇ ਆਪਣੇ ਨਾਂ ਲਈ ਪਵਿੱਤਰ ਕੀਤੇ ਇਸ ਭਵਨ ਨੂੰ ਮੈਂ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿਆਂਗਾ ਅਤੇ ਸਾਰੀਆਂ ਕੌਮਾਂ ਇਸ ਨਾਲ ਘਿਰਣਾ ਕਰਨਗੀਆਂ* ਅਤੇ ਇਸ ਦਾ ਮਜ਼ਾਕ ਉਡਾਉਣਗੀਆਂ।+ 21 ਅਤੇ ਇਹ ਭਵਨ ਢਹਿ-ਢੇਰੀ ਹੋ ਜਾਵੇਗਾ। ਇਸ ਕੋਲੋਂ ਲੰਘਣ ਵਾਲਾ ਹਰ ਕੋਈ ਇਸ ਨੂੰ ਦੇਖ ਕੇ ਹੈਰਾਨ ਰਹਿ ਜਾਵੇਗਾ+ ਅਤੇ ਕਹੇਗਾ, ‘ਯਹੋਵਾਹ ਨੇ ਇਸ ਦੇਸ਼ ਅਤੇ ਇਸ ਭਵਨ ਨਾਲ ਇਸ ਤਰ੍ਹਾਂ ਕਿਉਂ ਕੀਤਾ?’+ 22 ਫਿਰ ਉਹ ਕਹਿਣਗੇ, ‘ਇਸ ਤਰ੍ਹਾਂ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ+ ਜੋ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ+ ਅਤੇ ਉਨ੍ਹਾਂ ਨੇ ਹੋਰ ਦੇਵਤਿਆਂ ਨੂੰ ਅਪਣਾ ਲਿਆ, ਉਨ੍ਹਾਂ ਅੱਗੇ ਮੱਥਾ ਟੇਕਿਆ ਤੇ ਉਨ੍ਹਾਂ ਦੀ ਭਗਤੀ ਕੀਤੀ।+ ਇਸੇ ਕਰਕੇ ਉਹ ਉਨ੍ਹਾਂ ਉੱਤੇ ਇਹ ਸਾਰੀ ਬਿਪਤਾ ਲਿਆਇਆ।’”+