ਪਹਿਲਾ ਰਾਜਿਆਂ
10 ਸ਼ਬਾ ਦੀ ਰਾਣੀ ਨੇ ਯਹੋਵਾਹ ਦੇ ਨਾਂ ਕਰਕੇ ਹੋਏ ਸੁਲੇਮਾਨ ਦੇ ਚਰਚੇ ਸੁਣੇ।+ ਇਸ ਲਈ ਉਹ ਗੁੰਝਲਦਾਰ ਸਵਾਲਾਂ ਨਾਲ* ਉਸ ਦੀ ਪਰੀਖਿਆ ਲੈਣ ਆਈ।+ 2 ਉਹ ਇਕ ਬਹੁਤ ਵੱਡੇ ਕਾਫ਼ਲੇ ਨਾਲ ਯਰੂਸ਼ਲਮ ਆਈ।+ ਉਹ ਬਲਸਾਨ ਦੇ ਤੇਲ,+ ਢੇਰ ਸਾਰੇ ਸੋਨੇ ਅਤੇ ਕੀਮਤੀ ਪੱਥਰਾਂ ਨਾਲ ਲੱਦੇ ਹੋਏ ਊਠ ਲੈ ਕੇ ਆਈ। ਉਹ ਸੁਲੇਮਾਨ ਕੋਲ ਗਈ ਅਤੇ ਉਸ ਨੇ ਉਸ ਨਾਲ ਉਹ ਸਾਰੀਆਂ ਗੱਲਾਂ ਕੀਤੀਆਂ ਜੋ ਉਸ ਦੇ ਦਿਲ ਵਿਚ ਸਨ। 3 ਫਿਰ ਸੁਲੇਮਾਨ ਨੇ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਰਾਜੇ ਲਈ ਉਸ ਨੂੰ ਕੋਈ ਵੀ ਗੱਲ ਸਮਝਾਉਣੀ ਔਖੀ ਨਹੀਂ ਸੀ।*
4 ਜਦੋਂ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਸਾਰੀ ਬੁੱਧ ਅਤੇ ਉਸ ਦਾ ਬਣਾਇਆ ਮਹਿਲ ਦੇਖਿਆ,+ 5 ਨਾਲੇ ਉਸ ਦੇ ਮੇਜ਼ ʼਤੇ ਪਰੋਸਿਆ ਜਾਣ ਵਾਲਾ ਭੋਜਨ,+ ਉਸ ਦੇ ਸੇਵਕਾਂ ਦੇ ਬੈਠਣ ਦਾ ਇੰਤਜ਼ਾਮ, ਖਾਣਾ ਵਰਤਾਉਣ ਵਾਲਿਆਂ ਦਾ ਖਾਣਾ ਪਰੋਸਣ ਦਾ ਤਰੀਕਾ ਤੇ ਉਨ੍ਹਾਂ ਦੀ ਪੁਸ਼ਾਕ, ਉਸ ਦੇ ਸਾਕੀ ਅਤੇ ਉਹ ਹੋਮ-ਬਲ਼ੀਆਂ ਦੇਖੀਆਂ ਜੋ ਉਹ ਯਹੋਵਾਹ ਦੇ ਭਵਨ ਵਿਚ ਬਾਕਾਇਦਾ ਚੜ੍ਹਾਉਂਦਾ ਸੀ, ਤਾਂ ਉਸ ਦੇ ਹੋਸ਼ ਉੱਡ ਗਏ।* 6 ਇਸ ਲਈ ਉਸ ਨੇ ਰਾਜੇ ਨੂੰ ਕਿਹਾ: “ਮੈਂ ਤੇਰੀਆਂ ਪ੍ਰਾਪਤੀਆਂ* ਅਤੇ ਤੇਰੀ ਬੁੱਧ ਬਾਰੇ ਆਪਣੇ ਦੇਸ਼ ਵਿਚ ਜੋ ਕੁਝ ਸੁਣਿਆ, ਉਹ ਬਿਲਕੁਲ ਸੱਚ ਸੀ। 7 ਪਰ ਮੈਨੂੰ ਇਨ੍ਹਾਂ ਗੱਲਾਂ ʼਤੇ ਯਕੀਨ ਨਹੀਂ ਹੋਇਆ ਜਦ ਤਕ ਮੈਂ ਆਪ ਆ ਕੇ ਆਪਣੀ ਅੱਖੀਂ ਦੇਖ ਨਹੀਂ ਲਿਆ। ਸੱਚ ਦੱਸਾਂ ਤਾਂ ਮੈਨੂੰ ਇਸ ਬਾਰੇ ਅੱਧਾ ਵੀ ਨਹੀਂ ਦੱਸਿਆ ਗਿਆ। ਮੈਂ ਜਿੰਨਾ ਸੁਣਿਆ ਸੀ, ਤੇਰੀ ਬੁੱਧ ਅਤੇ ਖ਼ੁਸ਼ਹਾਲੀ ਤਾਂ ਉਸ ਨਾਲੋਂ ਵੀ ਕਿਤੇ ਜ਼ਿਆਦਾ ਹੈ। 8 ਖ਼ੁਸ਼ ਹਨ ਤੇਰੇ ਆਦਮੀ ਤੇ ਧੰਨ ਹਨ ਤੇਰੇ ਸੇਵਕ ਜੋ ਸਦਾ ਤੇਰੀ ਹਜ਼ੂਰੀ ਵਿਚ ਖੜ੍ਹੇ ਰਹਿੰਦੇ ਹਨ ਅਤੇ ਤੇਰੀ ਬੁੱਧ ਦੀਆਂ ਗੱਲਾਂ ਸੁਣਦੇ ਹਨ!+ 9 ਤੇਰੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ+ ਜਿਸ ਨੇ ਤੇਰੇ ਤੋਂ ਖ਼ੁਸ਼ ਹੋ ਕੇ ਤੈਨੂੰ ਇਜ਼ਰਾਈਲ ਦੇ ਸਿੰਘਾਸਣ ʼਤੇ ਬਿਠਾਇਆ। ਇਜ਼ਰਾਈਲ ਨਾਲ ਹਮੇਸ਼ਾ ਪਿਆਰ ਕਰਨ ਕਰਕੇ ਯਹੋਵਾਹ ਨੇ ਤੈਨੂੰ ਰਾਜਾ ਨਿਯੁਕਤ ਕੀਤਾ ਤਾਂਕਿ ਤੂੰ ਨਿਆਂ ਤੇ ਨੇਕੀ ਨਾਲ ਰਾਜ ਕਰੇਂ।”
10 ਫਿਰ ਉਸ ਨੇ ਰਾਜੇ ਨੂੰ 120 ਕਿੱਕਾਰ* ਸੋਨਾ, ਬਹੁਤ ਸਾਰਾ ਬਲਸਾਨ ਦਾ ਤੇਲ+ ਅਤੇ ਕੀਮਤੀ ਪੱਥਰ ਦਿੱਤੇ।+ ਸ਼ਬਾ ਦੀ ਰਾਣੀ ਨੇ ਜਿੰਨਾ ਬਲਸਾਨ ਦਾ ਤੇਲ ਰਾਜਾ ਸੁਲੇਮਾਨ ਨੂੰ ਦਿੱਤਾ, ਉੱਨਾ ਫਿਰ ਕਦੇ ਵੀ ਨਹੀਂ ਲਿਆਂਦਾ ਗਿਆ।
11 ਹੀਰਾਮ ਦੇ ਜਿਹੜੇ ਜਹਾਜ਼ ਓਫੀਰ ਤੋਂ ਸੋਨਾ ਲਿਆਉਂਦੇ ਸਨ,+ ਉਹ ਓਫੀਰ ਤੋਂ ਚੰਦਨ ਦੀ ਢੇਰ ਸਾਰੀ ਲੱਕੜ+ ਅਤੇ ਕੀਮਤੀ ਪੱਥਰ ਵੀ ਲਿਆਉਂਦੇ ਸਨ।+ 12 ਰਾਜੇ ਨੇ ਯਹੋਵਾਹ ਦੇ ਭਵਨ ਅਤੇ ਆਪਣੇ ਸ਼ਾਹੀ ਮਹਿਲ ਲਈ ਚੰਦਨ ਦੀ ਲੱਕੜ ਦੀਆਂ ਟੇਕਾਂ ਬਣਾਈਆਂ, ਨਾਲੇ ਗਾਇਕਾਂ ਲਈ ਰਬਾਬ ਅਤੇ ਤਾਰਾਂ ਵਾਲੇ ਸਾਜ਼ ਵੀ ਬਣਾਏ।+ ਅਜਿਹੇ ਚੰਦਨ ਦੀ ਇੰਨੀ ਸਾਰੀ ਲੱਕੜ ਅੱਜ ਦੇ ਦਿਨ ਤਕ ਨਾ ਫਿਰ ਕਦੇ ਲਿਆਂਦੀ ਗਈ ਤੇ ਨਾ ਹੀ ਦੇਖੀ ਗਈ।
13 ਰਾਜਾ ਸੁਲੇਮਾਨ ਨੇ ਸ਼ਬਾ ਦੀ ਰਾਣੀ ਨੂੰ ਖੁੱਲ੍ਹ-ਦਿਲੀ ਨਾਲ* ਬਹੁਤ ਕੁਝ ਦਿੱਤਾ। ਇਸ ਤੋਂ ਇਲਾਵਾ, ਉਸ ਨੇ ਉਸ ਨੂੰ ਉਹ ਸਭ ਕੁਝ ਦਿੱਤਾ ਜੋ ਉਹ ਚਾਹੁੰਦੀ ਸੀ ਤੇ ਜੋ ਕੁਝ ਉਸ ਨੇ ਮੰਗਿਆ ਸੀ। ਇਸ ਤੋਂ ਬਾਅਦ ਉਹ ਉੱਥੋਂ ਚਲੀ ਗਈ ਤੇ ਆਪਣੇ ਸੇਵਕਾਂ ਨਾਲ ਆਪਣੇ ਦੇਸ਼ ਨੂੰ ਮੁੜ ਗਈ।+
14 ਇਕ ਸਾਲ ਵਿਚ ਜਿੰਨਾ ਸੋਨਾ ਸੁਲੇਮਾਨ ਕੋਲ ਆਉਂਦਾ ਸੀ, ਉਸ ਦਾ ਭਾਰ 666 ਕਿੱਕਾਰ ਸੋਨੇ ਦੇ ਬਰਾਬਰ ਸੀ।+ 15 ਇਸ ਤੋਂ ਇਲਾਵਾ, ਸੌਦਾਗਰਾਂ ਤੋਂ ਵੀ ਸੋਨਾ ਮਿਲਦਾ ਸੀ ਅਤੇ ਵਪਾਰੀਆਂ, ਅਰਬ ਦੇਸ਼ ਦੇ ਸਾਰੇ ਰਾਜਿਆਂ ਅਤੇ ਦੇਸ਼ ਦੇ ਰਾਜਪਾਲਾਂ ਤੋਂ ਕਾਫ਼ੀ ਮੁਨਾਫ਼ਾ ਹੁੰਦਾ ਸੀ।
16 ਰਾਜਾ ਸੁਲੇਮਾਨ ਨੇ ਸੋਨੇ ਨਾਲ ਹੋਰ ਧਾਤਾਂ ਮਿਲਾ ਕੇ 200 ਵੱਡੀਆਂ-ਵੱਡੀਆਂ ਢਾਲਾਂ ਬਣਾਈਆਂ+ (ਹਰੇਕ ਢਾਲ ਲਈ 600 ਸ਼ੇਕੇਲ* ਸੋਨਾ ਲੱਗਾ)+ 17 ਅਤੇ ਉਸ ਨੇ ਸੋਨੇ ਨਾਲ ਹੋਰ ਧਾਤਾਂ ਮਿਲਾ ਕੇ 300 ਛੋਟੀਆਂ ਢਾਲਾਂ* ਬਣਾਈਆਂ (ਹਰੇਕ ਛੋਟੀ ਢਾਲ ਲਈ ਤਿੰਨ ਮਾਈਨਾ* ਸੋਨਾ ਲੱਗਾ)। ਫਿਰ ਰਾਜੇ ਨੇ ਇਨ੍ਹਾਂ ਨੂੰ “ਲਬਾਨੋਨ ਵਣ ਭਵਨ”+ ਵਿਚ ਰੱਖ ਦਿੱਤਾ।
18 ਰਾਜੇ ਨੇ ਹਾਥੀ-ਦੰਦ ਦਾ ਇਕ ਵੱਡਾ ਸਾਰਾ ਸਿੰਘਾਸਣ ਵੀ ਬਣਾਇਆ+ ਤੇ ਉਸ ਨੂੰ ਖਾਲਸ ਸੋਨੇ ਨਾਲ ਮੜ੍ਹਿਆ।+ 19 ਸਿੰਘਾਸਣ ਤਕ ਜਾਣ ਲਈ ਛੇ ਪੌਡੇ ਸਨ, ਸਿੰਘਾਸਣ ਦੇ ਪਿੱਛੇ ਇਕ ਗੋਲ ਛਤਰ ਸੀ, ਗੱਦੀ ਦੇ ਦੋਵੇਂ ਪਾਸੇ ਬਾਹਾਂ ਸਨ ਤੇ ਬਾਹਾਂ ਦੇ ਨਾਲ ਦੋ ਸ਼ੇਰ+ ਖੜ੍ਹੇ ਸਨ। 20 ਛੇ ਪੌਡਿਆਂ ʼਤੇ 12 ਸ਼ੇਰ ਖੜ੍ਹੇ ਸਨ ਯਾਨੀ ਛਿਆਂ ਪੌਡਿਆਂ ਦੇ ਹਰ ਸਿਰੇ ʼਤੇ ਇਕ-ਇਕ ਸ਼ੇਰ। ਹੋਰ ਕਿਸੇ ਵੀ ਰਾਜ ਵਿਚ ਇਸ ਤਰ੍ਹਾਂ ਦਾ ਸਿੰਘਾਸਣ ਨਹੀਂ ਬਣਾਇਆ ਗਿਆ ਸੀ।
21 ਰਾਜਾ ਸੁਲੇਮਾਨ ਦੇ ਪੀਣ ਵਾਲੇ ਸਾਰੇ ਭਾਂਡੇ ਸੋਨੇ ਦੇ ਸਨ ਅਤੇ “ਲਬਾਨੋਨ ਵਣ ਭਵਨ”+ ਦੇ ਸਾਰੇ ਭਾਂਡੇ ਖਾਲਸ ਸੋਨੇ ਦੇ ਸਨ। ਕੋਈ ਵੀ ਚੀਜ਼ ਚਾਂਦੀ ਦੀ ਨਹੀਂ ਬਣੀ ਸੀ ਕਿਉਂਕਿ ਸੁਲੇਮਾਨ ਦੇ ਦਿਨਾਂ ਵਿਚ ਚਾਂਦੀ ਨੂੰ ਕੁਝ ਵੀ ਨਹੀਂ ਸਮਝਿਆ ਜਾਂਦਾ ਸੀ।+ 22 ਰਾਜੇ ਦੇ ਤਰਸ਼ੀਸ਼+ ਦੇ ਜਹਾਜ਼ ਸਮੁੰਦਰ ਵਿਚ ਹੀਰਾਮ ਦੇ ਜਹਾਜ਼ਾਂ ਨਾਲ ਸਨ। ਹਰ ਤੀਸਰੇ ਸਾਲ ਇਕ ਵਾਰ ਤਰਸ਼ੀਸ਼ ਦੇ ਜਹਾਜ਼ ਸੋਨੇ, ਚਾਂਦੀ, ਹਾਥੀ-ਦੰਦਾਂ,+ ਬਾਂਦਰਾਂ ਅਤੇ ਮੋਰਾਂ ਨਾਲ ਲੱਦੇ ਹੋਏ ਆਉਂਦੇ ਸਨ।
23 ਧਰਤੀ ਦੇ ਸਾਰੇ ਰਾਜਿਆਂ ਨਾਲੋਂ ਰਾਜਾ ਸੁਲੇਮਾਨ ਕੋਲ ਕਿਤੇ ਜ਼ਿਆਦਾ ਧਨ-ਦੌਲਤ ਤੇ ਬੁੱਧ ਸੀ।+ 24 ਅਤੇ ਧਰਤੀ ਦੇ ਕੋਨੇ-ਕੋਨੇ ਤੋਂ ਲੋਕ ਸੁਲੇਮਾਨ ਨੂੰ ਮਿਲਣ ਆਉਂਦੇ ਸਨ* ਤਾਂਕਿ ਉਸ ਦੀਆਂ ਬੁੱਧ ਦੀਆਂ ਗੱਲਾਂ ਸੁਣਨ ਜੋ ਬੁੱਧ ਪਰਮੇਸ਼ੁਰ ਨੇ ਉਸ ਦੇ ਮਨ ਵਿਚ ਪਾਈ ਸੀ।+ 25 ਉਨ੍ਹਾਂ ਵਿੱਚੋਂ ਹਰ ਕੋਈ ਤੋਹਫ਼ੇ ਲੈ ਕੇ ਆਉਂਦਾ ਸੀ ਜਿਵੇਂ ਸੋਨੇ-ਚਾਂਦੀ ਦੀਆਂ ਚੀਜ਼ਾਂ, ਕੱਪੜੇ, ਹਥਿਆਰ, ਬਲਸਾਨ ਦਾ ਤੇਲ, ਘੋੜੇ ਅਤੇ ਖੱਚਰ। ਸਾਲ-ਦਰ-ਸਾਲ ਇਸੇ ਤਰ੍ਹਾਂ ਚੱਲਦਾ ਰਿਹਾ।
26 ਸੁਲੇਮਾਨ ਰਥ ਅਤੇ ਘੋੜੇ* ਇਕੱਠੇ ਕਰਦਾ ਰਿਹਾ; ਉਸ ਕੋਲ 1,400 ਰਥ ਅਤੇ 12,000 ਘੋੜੇ* ਸਨ+ ਅਤੇ ਉਹ ਉਨ੍ਹਾਂ ਨੂੰ ਰਥਾਂ ਵਾਲੇ ਸ਼ਹਿਰਾਂ ਵਿਚ ਅਤੇ ਯਰੂਸ਼ਲਮ ਵਿਚ ਆਪਣੇ ਕੋਲ ਰੱਖਦਾ ਸੀ।+
27 ਯਰੂਸ਼ਲਮ ਵਿਚ ਰਾਜੇ ਨੇ ਚਾਂਦੀ ਦੇ ਇੰਨੇ ਢੇਰ ਲਾ ਦਿੱਤੇ ਜਿਵੇਂ ਚਾਂਦੀ ਨਹੀਂ ਪੱਥਰ ਹੋਣ ਅਤੇ ਉਸ ਨੇ ਸ਼ੇਫਲਾਹ ਦੇ ਗੂਲਰ* ਦੇ ਦਰਖ਼ਤਾਂ ਜਿੰਨੀ ਬਹੁਤ ਸਾਰੀ ਦਿਆਰ ਦੀ ਲੱਕੜ ਇਕੱਠੀ ਕੀਤੀ।+
28 ਸੁਲੇਮਾਨ ਦੇ ਘੋੜੇ ਮਿਸਰ ਤੋਂ ਲਿਆਂਦੇ ਜਾਂਦੇ ਸਨ ਅਤੇ ਰਾਜੇ ਦੇ ਸੌਦਾਗਰ ਠਹਿਰਾਈ ਹੋਈ ਕੀਮਤ ʼਤੇ ਘੋੜਿਆਂ ਦੇ ਝੁੰਡਾਂ ਦੇ ਝੁੰਡ ਖ਼ਰੀਦ ਕੇ ਲਿਆਉਂਦੇ ਸਨ।*+ 29 ਮਿਸਰ ਤੋਂ ਮੰਗਵਾਏ ਹਰੇਕ ਰਥ ਦੀ ਕੀਮਤ ਚਾਂਦੀ ਦੇ 600 ਟੁਕੜੇ ਅਤੇ ਹਰੇਕ ਘੋੜੇ ਦੀ ਕੀਮਤ ਚਾਂਦੀ ਦੇ 150 ਟੁਕੜੇ ਸੀ; ਉਹ ਅੱਗੋਂ ਉਨ੍ਹਾਂ ਨੂੰ ਹਿੱਤੀਆਂ+ ਦੇ ਸਾਰੇ ਰਾਜਿਆਂ ਅਤੇ ਸੀਰੀਆ ਦੇ ਰਾਜਿਆਂ ਨੂੰ ਵੇਚ ਦਿੰਦੇ ਸਨ।