ਦੂਜਾ ਇਤਿਹਾਸ
11 ਜਦੋਂ ਰਹਬੁਆਮ ਯਰੂਸ਼ਲਮ ਪਹੁੰਚਿਆ, ਤਾਂ ਉਸ ਨੇ ਤੁਰੰਤ ਯਹੂਦਾਹ ਦੇ ਘਰਾਣੇ ਵਿੱਚੋਂ ਅਤੇ ਬਿਨਯਾਮੀਨ ਦੇ ਗੋਤ+ ਵਿੱਚੋਂ 1,80,000 ਸਿਖਲਾਈ-ਪ੍ਰਾਪਤ* ਯੋਧਿਆਂ ਨੂੰ ਇਜ਼ਰਾਈਲ ਨਾਲ ਯੁੱਧ ਕਰਨ ਲਈ ਇਕੱਠਾ ਕੀਤਾ ਤਾਂਕਿ ਰਹਬੁਆਮ ਨੂੰ ਰਾਜ ਵਾਪਸ ਮਿਲ ਸਕੇ।+ 2 ਫਿਰ ਸੱਚੇ ਪਰਮੇਸ਼ੁਰ ਦੇ ਬੰਦੇ ਸ਼ਮਾਯਾਹ+ ਕੋਲ ਯਹੋਵਾਹ ਦਾ ਇਹ ਬਚਨ ਆਇਆ: 3 “ਯਹੂਦਾਹ ਦੇ ਰਾਜੇ ਸੁਲੇਮਾਨ ਦੇ ਪੁੱਤਰ ਰਹਬੁਆਮ ਅਤੇ ਯਹੂਦਾਹ ਤੇ ਬਿਨਯਾਮੀਨ ਵਿਚ ਸਾਰੇ ਇਜ਼ਰਾਈਲੀਆਂ ਨੂੰ ਕਹਿ, 4 ‘ਯਹੋਵਾਹ ਇਹ ਕਹਿੰਦਾ ਹੈ: “ਤੁਸੀਂ ਉਤਾਂਹ ਜਾ ਕੇ ਆਪਣੇ ਭਰਾਵਾਂ ਨਾਲ ਨਾ ਲੜਿਓ। ਤੁਹਾਡੇ ਵਿੱਚੋਂ ਹਰ ਕੋਈ ਆਪੋ-ਆਪਣੇ ਘਰ ਮੁੜ ਜਾਵੇ ਕਿਉਂਕਿ ਇਹ ਸਭ ਕੁਝ ਮੈਂ ਕਰਾਇਆ ਹੈ।”’”+ ਇਸ ਲਈ ਉਨ੍ਹਾਂ ਨੇ ਯਹੋਵਾਹ ਦੀ ਗੱਲ ਮੰਨ ਲਈ ਅਤੇ ਮੁੜ ਗਏ ਤੇ ਯਾਰਾਬੁਆਮ ਖ਼ਿਲਾਫ਼ ਨਹੀਂ ਗਏ।
5 ਰਹਬੁਆਮ ਯਰੂਸ਼ਲਮ ਵਿਚ ਰਹਿਣ ਲੱਗਾ ਅਤੇ ਉਸ ਨੇ ਯਹੂਦਾਹ ਵਿਚ ਕਿਲੇਬੰਦ ਸ਼ਹਿਰ ਉਸਾਰੇ। 6 ਉਸ ਨੇ ਬੈਤਲਹਮ,+ ਏਟਾਮ ਤੇ ਤਕੋਆ+ ਨੂੰ ਉਸਾਰਿਆ,* 7 ਨਾਲੇ ਬੈਤ-ਸੂਰ, ਸੋਕੋ,+ ਅਦੁਲਾਮ,+ 8 ਗਥ,+ ਮਾਰੇਸ਼ਾਹ, ਜ਼ੀਫ,+ 9 ਅਦੋਰਇਮ, ਲਾਕੀਸ਼,+ ਅਜ਼ੇਕਾਹ,+ 10 ਸੋਰਾਹ, ਅੱਯਾਲੋਨ+ ਅਤੇ ਹਬਰੋਨ+ ਨੂੰ ਉਸਾਰਿਆ। ਯਹੂਦਾਹ ਅਤੇ ਬਿਨਯਾਮੀਨ ਦੇ ਇਨ੍ਹਾਂ ਸ਼ਹਿਰਾਂ ਨੂੰ ਮਜ਼ਬੂਤ ਕੀਤਾ ਗਿਆ। 11 ਇਸ ਤੋਂ ਇਲਾਵਾ ਉਸ ਨੇ ਕਿਲੇਬੰਦ ਥਾਵਾਂ ਨੂੰ ਮਜ਼ਬੂਤ ਕੀਤਾ ਤੇ ਉਨ੍ਹਾਂ ਥਾਵਾਂ ʼਤੇ ਹਾਕਮ ਠਹਿਰਾਏ ਤੇ ਉਹ ਉੱਥੇ ਭੋਜਨ, ਤੇਲ ਅਤੇ ਦਾਖਰਸ ਮੁਹੱਈਆ ਕਰਾਉਂਦਾ ਸੀ 12 ਅਤੇ ਉਸ ਨੇ ਸਾਰੇ ਵੱਖੋ-ਵੱਖਰੇ ਸ਼ਹਿਰਾਂ ਵਿਚ ਵੱਡੀਆਂ ਢਾਲਾਂ ਅਤੇ ਨੇਜ਼ੇ ਮੁਹੱਈਆ ਕਰਾਏ; ਉਸ ਨੇ ਉਨ੍ਹਾਂ ਨੂੰ ਬਹੁਤ ਮਜ਼ਬੂਤ ਕੀਤਾ। ਯਹੂਦਾਹ ਅਤੇ ਬਿਨਯਾਮੀਨ ਉਸ ਦੇ ਰਹੇ।
13 ਸਾਰੇ ਇਜ਼ਰਾਈਲ ਦੇ ਪੁਜਾਰੀ ਅਤੇ ਲੇਵੀ ਆਪੋ-ਆਪਣੇ ਇਲਾਕੇ ਵਿੱਚੋਂ ਉਸ ਦਾ ਸਾਥ ਦੇਣ ਲਈ ਉਸ ਕੋਲ ਆਏ। 14 ਲੇਵੀ ਆਪਣੀਆਂ ਚਰਾਂਦਾਂ ਤੇ ਜ਼ਮੀਨ-ਜਾਇਦਾਦ ਛੱਡ ਕੇ+ ਯਹੂਦਾਹ ਅਤੇ ਯਰੂਸ਼ਲਮ ਆ ਗਏ ਕਿਉਂਕਿ ਯਾਰਾਬੁਆਮ ਤੇ ਉਸ ਦੇ ਪੁੱਤਰਾਂ ਨੇ ਉਨ੍ਹਾਂ ਨੂੰ ਯਹੋਵਾਹ ਦੇ ਪੁਜਾਰੀਆਂ ਵਜੋਂ ਸੇਵਾ ਕਰਨੋਂ ਹਟਾ ਦਿੱਤਾ ਸੀ।+ 15 ਫਿਰ ਯਾਰਾਬੁਆਮ ਨੇ ਉੱਚੀਆਂ ਥਾਵਾਂ ਲਈ, ਬੱਕਰਿਆਂ ਵਰਗੇ ਦਿਸਣ ਵਾਲੇ ਦੁਸ਼ਟ ਦੂਤਾਂ*+ ਲਈ ਤੇ ਉਨ੍ਹਾਂ ਵੱਛਿਆਂ ਲਈ ਜੋ ਉਸ ਨੇ ਬਣਾਏ ਸਨ,+ ਆਪਣੇ ਹੀ ਪੁਜਾਰੀ ਨਿਯੁਕਤ ਕੀਤੇ।+ 16 ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਉਹ ਲੋਕ ਜਿਨ੍ਹਾਂ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੂੰ ਭਾਲਣ ʼਤੇ ਆਪਣਾ ਮਨ ਲਾਇਆ ਹੋਇਆ ਸੀ, ਉਨ੍ਹਾਂ ਦੇ ਮਗਰ-ਮਗਰ ਯਰੂਸ਼ਲਮ ਆ ਗਏ ਤਾਂਕਿ ਉਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਅੱਗੇ ਬਲ਼ੀ ਚੜ੍ਹਾਉਣ।+ 17 ਤਿੰਨ ਸਾਲ ਉਨ੍ਹਾਂ ਨੇ ਯਹੂਦਾਹ ਦੇ ਰਾਜ ਨੂੰ ਮਜ਼ਬੂਤ ਕੀਤਾ ਅਤੇ ਸੁਲੇਮਾਨ ਦੇ ਪੁੱਤਰ ਰਹਬੁਆਮ ਦਾ ਸਾਥ ਦਿੱਤਾ ਕਿਉਂਕਿ ਤਿੰਨ ਸਾਲਾਂ ਤਕ ਉਹ ਦਾਊਦ ਅਤੇ ਸੁਲੇਮਾਨ ਦੇ ਰਾਹ ʼਤੇ ਚੱਲਦੇ ਰਹੇ।
18 ਫਿਰ ਰਹਬੁਆਮ ਨੇ ਮਹਲਥ ਨਾਲ ਵਿਆਹ ਕਰਾਇਆ ਜੋ ਦਾਊਦ ਦੇ ਪੁੱਤਰ ਯਿਰਮੋਥ ਅਤੇ ਯੱਸੀ ਦੇ ਪੁੱਤਰ ਅਲੀਆਬ+ ਦੀ ਧੀ ਅਬੀਹੈਲ ਦੀ ਕੁੜੀ ਸੀ। 19 ਸਮਾਂ ਬੀਤਣ ਤੇ ਉਸ ਤੋਂ ਉਸ ਦੇ ਇਹ ਪੁੱਤਰ ਹੋਏ: ਯੂਸ਼, ਸ਼ਮਰਯਾਹ ਅਤੇ ਜ਼ਾਹਮ। 20 ਇਸ ਤੋਂ ਬਾਅਦ ਉਸ ਨੇ ਅਬਸ਼ਾਲੋਮ+ ਦੀ ਦੋਹਤੀ ਮਾਕਾਹ ਨਾਲ ਵਿਆਹ ਕਰਾ ਲਿਆ। ਸਮਾਂ ਬੀਤਣ ਤੇ ਉਸ ਨੇ ਉਸ ਦੇ ਪੁੱਤਰਾਂ ਅਬੀਯਾਹ,+ ਅੱਤਈ, ਜ਼ੀਜ਼ਾ ਅਤੇ ਸ਼ਲੋਮੀਥ ਨੂੰ ਜਨਮ ਦਿੱਤਾ। 21 ਰਹਬੁਆਮ ਅਬਸ਼ਾਲੋਮ ਦੀ ਦੋਹਤੀ ਮਾਕਾਹ ਨੂੰ ਆਪਣੀਆਂ ਸਾਰੀਆਂ ਪਤਨੀਆਂ ਤੇ ਰਖੇਲਾਂ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ।+ ਉਸ ਦੀਆਂ 18 ਪਤਨੀਆਂ ਤੇ 60 ਰਖੇਲਾਂ ਸਨ ਅਤੇ ਉਸ ਦੇ 28 ਪੁੱਤਰ ਤੇ 60 ਧੀਆਂ ਹੋਈਆਂ। 22 ਰਹਬੁਆਮ ਨੇ ਮਾਕਾਹ ਦੇ ਪੁੱਤਰ ਅਬੀਯਾਹ ਨੂੰ ਉਸ ਦੇ ਭਰਾਵਾਂ ਵਿਚ ਮੁਖੀ ਤੇ ਆਗੂ ਠਹਿਰਾਇਆ ਕਿਉਂਕਿ ਉਹ ਉਸ ਨੂੰ ਰਾਜਾ ਬਣਾਉਣਾ ਚਾਹੁੰਦਾ ਸੀ। 23 ਪਰ ਉਸ ਨੇ ਸਮਝ ਤੋਂ ਕੰਮ ਲਿਆ ਤੇ ਆਪਣੇ ਕੁਝ ਪੁੱਤਰਾਂ ਨੂੰ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਇਲਾਕਿਆਂ ਦੇ ਸਾਰੇ ਕਿਲੇਬੰਦ ਸ਼ਹਿਰਾਂ ਵਿਚ ਘੱਲ* ਦਿੱਤਾ+ ਅਤੇ ਉਸ ਨੇ ਉਨ੍ਹਾਂ ਨੂੰ ਖਾਣ-ਪੀਣ ਦਾ ਬਹੁਤ ਸਾਰਾ ਸਾਮਾਨ ਦਿੱਤਾ ਤੇ ਬਹੁਤ ਸਾਰੀਆਂ ਔਰਤਾਂ ਨਾਲ ਉਨ੍ਹਾਂ ਦੇ ਵਿਆਹ ਕਰਾਏ।