ਅੱਯੂਬ
21 ਅੱਯੂਬ ਨੇ ਜਵਾਬ ਦਿੱਤਾ:
2 “ਮੇਰੀ ਗੱਲ ਧਿਆਨ ਨਾਲ ਸੁਣੋ;
ਇੱਦਾਂ ਤੁਸੀਂ ਮੈਨੂੰ ਦਿਲਾਸਾ ਦਿਓਗੇ।
3 ਜਦ ਮੈਂ ਬੋਲਾਂ, ਮੇਰੀ ਸਹਿ ਲਇਓ;
ਮੇਰੇ ਬੋਲ ਹਟਣ ਤੋਂ ਬਾਅਦ ਜਿੰਨਾ ਮਰਜ਼ੀ ਮੇਰਾ ਮਜ਼ਾਕ ਉਡਾ ਲਇਓ।+
4 ਕੀ ਮੇਰਾ ਗਿਲਾ ਕਿਸੇ ਆਦਮੀ ਨਾਲ ਹੈ?
ਜੇ ਇੱਦਾਂ ਹੁੰਦਾ, ਤਾਂ ਕੀ ਮੇਰੇ ਸਬਰ ਦਾ ਬੰਨ੍ਹ ਟੁੱਟ ਨਾ ਚੁੱਕਾ ਹੁੰਦਾ?
5 ਮੇਰੇ ਵੱਲ ਦੇਖੋ, ਹੈਰਾਨੀ ਨਾਲ ਤੱਕੋ;
ਆਪਣਾ ਹੱਥ ਮੂੰਹ ʼਤੇ ਰੱਖੋ।
6 ਜਦ ਮੈਂ ਇਸ ਬਾਰੇ ਸੋਚਦਾ ਹਾਂ, ਤਾਂ ਪਰੇਸ਼ਾਨ ਹੋ ਉੱਠਦਾ ਹਾਂ,
ਮੇਰਾ ਸਾਰਾ ਸਰੀਰ ਕੰਬਣ ਲੱਗ ਜਾਂਦਾ ਹੈ।
8 ਉਨ੍ਹਾਂ ਦੇ ਬੱਚੇ ਹਮੇਸ਼ਾ ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਰਹਿੰਦੇ ਹਨ,
ਉਹ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਦੇਖਦੇ ਹਨ।
9 ਉਨ੍ਹਾਂ ਦੇ ਘਰ ਮਹਿਫੂਜ਼ ਹਨ, ਉਨ੍ਹਾਂ ਨੂੰ ਕੋਈ ਡਰ ਨਹੀਂ ਸਤਾਉਂਦਾ,+
ਪਰਮੇਸ਼ੁਰ ਆਪਣੇ ਡੰਡੇ ਨਾਲ ਉਨ੍ਹਾਂ ਨੂੰ ਸਜ਼ਾ ਨਹੀਂ ਦਿੰਦਾ।
10 ਉਨ੍ਹਾਂ ਦੇ ਬਲਦ ਗਾਂਵਾਂ ਨੂੰ ਗੱਭਣ ਕਰਦੇ ਹਨ;
ਉਨ੍ਹਾਂ ਦੀਆਂ ਗਾਂਵਾਂ ਸੂੰਦੀਆਂ ਹਨ ਤੇ ਉਨ੍ਹਾਂ ਦੇ ਗਰਭ ਨਹੀਂ ਡਿੱਗਦੇ।
11 ਉਨ੍ਹਾਂ ਦੇ ਮੁੰਡੇ ਇੱਜੜ ਵਾਂਗ ਬਾਹਰ ਭੱਜਦੇ ਹਨ,
ਉਨ੍ਹਾਂ ਦੇ ਬੱਚੇ ਨੱਚਦੇ-ਟੱਪਦੇ ਹਨ।
12 ਉਹ ਡਫਲੀ ਤੇ ਰਬਾਬ ਨਾਲ ਗਾਉਂਦੇ ਹਨ
ਅਤੇ ਬੰਸਰੀ ਦੀ ਧੁਨ ʼਤੇ ਖ਼ੁਸ਼ੀਆਂ ਮਨਾਉਂਦੇ ਹਨ।+
14 ਪਰ ਉਹ ਸੱਚੇ ਪਰਮੇਸ਼ੁਰ ਨੂੰ ਕਹਿੰਦੇ ਹਨ, ‘ਸਾਨੂੰ ਇਕੱਲੇ ਛੱਡ ਦੇ!
ਅਸੀਂ ਤੇਰੇ ਰਾਹਾਂ ਬਾਰੇ ਨਹੀਂ ਜਾਣਨਾ ਚਾਹੁੰਦੇ।+
15 ਸਰਬਸ਼ਕਤੀਮਾਨ ਹੈ ਕੌਣ ਕਿ ਅਸੀਂ ਉਸ ਦੀ ਸੇਵਾ ਕਰੀਏ?+
ਉਸ ਬਾਰੇ ਜਾਣ ਕੇ ਸਾਨੂੰ ਕੀ ਫ਼ਾਇਦਾ?’+
16 ਪਰ ਮੈਂ ਜਾਣਦਾ ਹਾਂ ਕਿ ਉਨ੍ਹਾਂ ਦੀ ਖ਼ੁਸ਼ਹਾਲੀ ਉਨ੍ਹਾਂ ਦੇ ਵੱਸ ਵਿਚ ਨਹੀਂ ਹੈ।+
ਮੈਂ ਦੁਸ਼ਟਾਂ ਦੀ ਸੋਚ* ਤੋਂ ਪਰੇ ਰਹਿੰਦਾ ਹਾਂ।+
17 ਦੁਸ਼ਟਾਂ ਦਾ ਦੀਵਾ ਕਿੰਨੀ ਕੁ ਵਾਰ ਬੁਝਦਾ ਹੈ?+
ਉਨ੍ਹਾਂ ਉੱਤੇ ਕਿੰਨੀ ਕੁ ਵਾਰ ਬਿਪਤਾ ਆਉਂਦੀ ਹੈ?
ਉਨ੍ਹਾਂ ਨੂੰ ਨਾਸ਼ ਕਰਨ ਲਈ ਪਰਮੇਸ਼ੁਰ ਕਿੰਨੀ ਕੁ ਵਾਰ ਆਪਣਾ ਗੁੱਸਾ ਕੱਢਦਾ ਹੈ?
18 ਕੀ ਕਦੀ ਹਵਾ ਉਨ੍ਹਾਂ ਨੂੰ ਘਾਹ-ਫੂਸ ਵਾਂਗ ਉਡਾ ਪਾਈ ਹੈ?
ਕੀ ਕਦੇ ਹਨੇਰੀ ਉਨ੍ਹਾਂ ਨੂੰ ਤੂੜੀ ਵਾਂਗ ਉਡਾ ਕੇ ਲੈ ਗਈ ਹੈ?
19 ਪਰਮੇਸ਼ੁਰ ਦੁਸ਼ਟ ਇਨਸਾਨ ਦੀ ਸਜ਼ਾ ਉਸ ਦੇ ਪੁੱਤਰਾਂ ਲਈ ਰੱਖ ਛੱਡੇਗਾ।
ਪਰ ਪਰਮੇਸ਼ੁਰ ਉਸ ਨੂੰ ਵੀ ਸਜ਼ਾ ਦੇਵੇ ਤਾਂਕਿ ਉਸ ਨੂੰ ਵੀ ਇਸ ਦਾ ਪਤਾ ਚੱਲੇ।+
20 ਉਹ ਆਪਣੀਆਂ ਅੱਖਾਂ ਨਾਲ ਆਪਣੀ ਬਰਬਾਦੀ ਦੇਖੇ,
ਉਹ ਸਰਬਸ਼ਕਤੀਮਾਨ ਦੇ ਕ੍ਰੋਧ ਦੇ ਪਿਆਲੇ ਵਿੱਚੋਂ ਪੀਵੇ।+
21 ਜੇ ਉਸ ਦੇ ਮਹੀਨੇ ਘਟਾ ਦਿੱਤੇ ਜਾਣ,*
ਤਾਂ ਉਸ ਨੂੰ ਕੀ ਚਿੰਤਾ ਹੋਣੀ ਕਿ ਉਸ ਦੇ ਪਿੱਛੋਂ ਉਸ ਦੇ ਖ਼ਾਨਦਾਨ ਨਾਲ ਕੀ ਹੁੰਦਾ ਹੈ?+
23 ਅਜਿਹਾ ਇਨਸਾਨ ਵੀ ਮਰ ਜਾਂਦਾ ਹੈ ਜਿਸ ਵਿਚ ਭਰਪੂਰ ਤਾਕਤ ਹੁੰਦੀ ਹੈ,+
ਜੋ ਸੁੱਖ-ਚੈਨ ਨਾਲ ਜੀ ਰਿਹਾ ਹੁੰਦਾ ਹੈ,+
24 ਉਸ ਦੇ ਪੱਟਾਂ ਉੱਤੇ ਚਰਬੀ ਚੜ੍ਹੀ ਹੁੰਦੀ ਹੈ
ਅਤੇ ਉਸ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ।*
25 ਪਰ ਇਕ ਅਜਿਹਾ ਇਨਸਾਨ ਵੀ ਹੈ ਜੋ ਬਹੁਤ ਦੁਖੀ ਹੋ ਕੇ* ਮਰਦਾ ਹੈ
ਜਿਸ ਨੇ ਕਦੇ ਚੰਗੀਆਂ ਚੀਜ਼ਾਂ ਦਾ ਸੁਆਦ ਹੀ ਨਹੀਂ ਚੱਖਿਆ।
27 ਦੇਖੋ! ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ
28 ਤੁਸੀਂ ਕਹਿੰਦੇ ਹੋ, ‘ਮੰਨੇ-ਪ੍ਰਮੰਨੇ ਆਦਮੀ ਦਾ ਘਰ ਕਿੱਥੇ ਹੈ
ਅਤੇ ਉਹ ਤੰਬੂ ਕਿੱਥੇ ਹੈ ਜਿੱਥੇ ਦੁਸ਼ਟ ਵੱਸਦਾ ਸੀ?’+
29 ਕੀ ਤੁਸੀਂ ਰਾਹੀਆਂ ਕੋਲੋਂ ਨਹੀਂ ਪੁੱਛਿਆ?
ਕੀ ਤੁਸੀਂ ਉਨ੍ਹਾਂ ਦੀਆਂ ਦੇਖੀਆਂ-ਪਰਖੀਆਂ ਗੱਲਾਂ* ਉੱਤੇ ਗੌਰ ਨਹੀਂ ਕਰਦੇ
30 ਕਿ ਬੁਰੇ ਇਨਸਾਨ ਨੂੰ ਬਿਪਤਾ ਦੇ ਦਿਨ ਬਖ਼ਸ਼ ਦਿੱਤਾ ਜਾਂਦਾ ਹੈ
ਅਤੇ ਕ੍ਰੋਧ ਦੇ ਦਿਨ ਉਸ ਨੂੰ ਬਚਾ ਲਿਆ ਜਾਂਦਾ ਹੈ?
31 ਕੌਣ ਉਸ ਦੇ ਮੂੰਹ ʼਤੇ ਦੱਸੇਗਾ ਕਿ ਉਸ ਦਾ ਰਾਹ ਕਿਹੋ ਜਿਹਾ ਹੈ
ਅਤੇ ਕੌਣ ਉਸ ਦੀ ਕੀਤੀ ਦੀ ਸਜ਼ਾ ਉਸ ਨੂੰ ਦੇਵੇਗਾ?
32 ਜਦ ਉਸ ਨੂੰ ਕਬਰਸਤਾਨ ਲਿਜਾਇਆ ਜਾਂਦਾ ਹੈ,
ਉਦੋਂ ਉਸ ਦੀ ਕਬਰ ʼਤੇ ਪਹਿਰਾ ਦਿੱਤਾ ਜਾਂਦਾ ਹੈ।
33 ਘਾਟੀ ਦੀ ਮਿੱਟੀ ਦੇ ਡਲ਼ੇ ਉਸ ਨੂੰ ਮਿੱਠੇ ਲੱਗਣਗੇ,+
ਸਾਰੀ ਮਨੁੱਖਜਾਤੀ ਉਸ ਦੇ ਪਿੱਛੇ-ਪਿੱਛੇ ਜਾਂਦੀ ਹੈ,*+
ਜਿਵੇਂ ਅਣਗਿਣਤ ਲੋਕ ਉਸ ਤੋਂ ਪਹਿਲਾਂ ਚਲੇ ਗਏ ਹਨ।
34 ਫਿਰ ਤੁਸੀਂ ਮੈਨੂੰ ਫੋਕੀ ਤਸੱਲੀ ਕਿਉਂ ਦਿੰਦੇ ਹੋ?+
ਤੁਹਾਡੇ ਜਵਾਬਾਂ ਵਿਚ ਧੋਖਾ ਹੀ ਧੋਖਾ ਹੈ!”