ਅੱਯੂਬ
32 ਇਨ੍ਹਾਂ ਤਿੰਨਾਂ ਆਦਮੀਆਂ ਨੇ ਅੱਯੂਬ ਨੂੰ ਜਵਾਬ ਦੇਣਾ ਛੱਡ ਦਿੱਤਾ ਕਿਉਂਕਿ ਅੱਯੂਬ ਨੂੰ ਪੱਕਾ ਯਕੀਨ ਸੀ ਕਿ ਉਹ ਧਰਮੀ ਸੀ।*+ 2 ਪਰ ਰਾਮ ਦੇ ਘਰਾਣੇ ਵਿੱਚੋਂ ਬਰਕਏਲ ਬੂਜ਼ੀ+ ਦੇ ਪੁੱਤਰ ਅਲੀਹੂ ਦਾ ਗੁੱਸਾ ਭੜਕ ਉੱਠਿਆ। ਉਹ ਅੱਯੂਬ ਉੱਤੇ ਇਸ ਲਈ ਅੱਗ-ਬਬੂਲਾ ਹੋਇਆ ਕਿਉਂਕਿ ਉਹ ਪਰਮੇਸ਼ੁਰ ਦੀ ਬਜਾਇ ਖ਼ੁਦ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।+ 3 ਉਸ ਨੂੰ ਅੱਯੂਬ ਦੇ ਤਿੰਨ ਸਾਥੀਆਂ ਉੱਤੇ ਵੀ ਗੁੱਸਾ ਚੜ੍ਹਿਆ ਕਿਉਂਕਿ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਸੁੱਝਿਆ, ਸਗੋਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਦੁਸ਼ਟ ਠਹਿਰਾਇਆ।+ 4 ਉਹ ਅਲੀਹੂ ਤੋਂ ਉਮਰ ਵਿਚ ਵੱਡੇ ਸਨ ਜਿਸ ਕਰਕੇ ਉਹ ਅੱਯੂਬ ਨੂੰ ਜਵਾਬ ਦੇਣ ਦੀ ਉਡੀਕ ਕਰ ਰਿਹਾ ਸੀ।+ 5 ਜਦੋਂ ਅਲੀਹੂ ਨੇ ਦੇਖਿਆ ਕਿ ਇਨ੍ਹਾਂ ਤਿੰਨਾਂ ਆਦਮੀਆਂ ਕੋਲ ਜਵਾਬ ਵਿਚ ਕਹਿਣ ਲਈ ਕੁਝ ਨਹੀਂ ਸੀ, ਤਾਂ ਉਸ ਦਾ ਕ੍ਰੋਧ ਭੜਕ ਉੱਠਿਆ। 6 ਇਸ ਲਈ ਬਰਕਏਲ ਬੂਜ਼ੀ ਦੇ ਪੁੱਤਰ ਅਲੀਹੂ ਨੇ ਬੋਲਣਾ ਸ਼ੁਰੂ ਕੀਤਾ:
ਇਸ ਲਈ ਆਦਰ ਦੇ ਕਾਰਨ ਮੈਂ ਰੁਕਿਆ ਰਿਹਾ+
ਅਤੇ ਜੋ ਮੈਨੂੰ ਪਤਾ ਹੈ, ਉਹ ਤੁਹਾਨੂੰ ਦੱਸਣ ਦੀ ਮੈਂ ਜੁਰਅਤ ਨਹੀਂ ਕੀਤੀ।
7 ਮੈਂ ਸੋਚਿਆ, ‘ਵੱਡਿਆਂ* ਨੂੰ ਬੋਲ ਲੈਣ ਦਿੰਦਾਂ,
ਅਤੇ ਸਿਆਣੀ ਉਮਰ ਵਾਲਿਆਂ ਨੂੰ ਬੁੱਧ ਦੀਆਂ ਗੱਲਾਂ ਕਰ ਲੈਣ ਦਿੰਦਾਂ।’
8 ਪਰ ਲੋਕਾਂ ਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਤੋਂ
ਅਤੇ ਸਰਬਸ਼ਕਤੀਮਾਨ ਦੇ ਸਾਹ ਤੋਂ ਹੀ ਸਮਝ ਮਿਲਦੀ ਹੈ।+
10 ਇਸ ਲਈ ਮੈਂ ਕਹਿੰਦਾ ਹਾਂ, ‘ਮੇਰੀ ਸੁਣ,
ਮੈਂ ਵੀ ਤੈਨੂੰ ਦੱਸਾਂਗਾ ਜੋ ਮੈਨੂੰ ਪਤਾ ਹੈ।’
11 ਦੇਖੋ! ਮੈਂ ਤੁਹਾਡੀਆਂ ਗੱਲਾਂ ਦੀ ਉਡੀਕ ਕੀਤੀ;
ਮੈਂ ਤੁਹਾਡੀਆਂ ਦਲੀਲਾਂ ਸੁਣਦਾ ਰਿਹਾ+
ਅਤੇ ਜਦ ਤੁਸੀਂ ਕਹਿਣ ਲਈ ਸ਼ਬਦ ਲੱਭ ਰਹੇ ਸੀ, ਉਦੋਂ ਵੀ ਮੈਂ ਰੁਕਿਆ ਰਿਹਾ।+
12 ਮੈਂ ਬੜੇ ਧਿਆਨ ਨਾਲ ਤੁਹਾਡੀ ਗੱਲ ਸੁਣੀ,
ਪਰ ਤੁਹਾਡੇ ਵਿੱਚੋਂ ਨਾ ਤਾਂ ਕੋਈ ਅੱਯੂਬ ਨੂੰ ਗ਼ਲਤ ਸਾਬਤ ਕਰ ਸਕਿਆ*
ਅਤੇ ਨਾ ਹੀ ਉਸ ਦੀਆਂ ਦਲੀਲਾਂ ਦਾ ਜਵਾਬ ਦੇ ਸਕਿਆ।
13 ਇਸ ਲਈ ਇਹ ਨਾ ਕਹੋ, ‘ਅਸੀਂ ਬੁੱਧ ਨੂੰ ਪਾ ਲਿਆ ਹੈ;
ਪਰਮੇਸ਼ੁਰ ਹੀ ਉਸ ਨੂੰ ਗ਼ਲਤ ਸਾਬਤ ਕਰ ਸਕਦਾ ਹੈ, ਨਾ ਕਿ ਇਨਸਾਨ।’
14 ਉਸ ਨੇ ਮੇਰੇ ਖ਼ਿਲਾਫ਼ ਗੱਲਾਂ ਨਹੀਂ ਕਹੀਆਂ,
ਇਸ ਲਈ ਮੈਂ ਤੁਹਾਡੀਆਂ ਦਲੀਲਾਂ ਨਾਲ ਉਸ ਨੂੰ ਜਵਾਬ ਨਹੀਂ ਦਿਆਂਗਾ।
15 ਇਹ ਘਬਰਾਏ ਹੋਏ ਹਨ, ਇਨ੍ਹਾਂ ਕੋਲ ਕੋਈ ਜਵਾਬ ਨਹੀਂ;
ਇਨ੍ਹਾਂ ਕੋਲ ਕਹਿਣ ਨੂੰ ਕੁਝ ਨਹੀਂ ਬਚਿਆ।
16 ਮੈਂ ਉਡੀਕ ਕੀਤੀ, ਪਰ ਇਹ ਕੁਝ ਬੋਲਦੇ ਹੀ ਨਹੀਂ;
ਇਹ ਬੱਸ ਖੜ੍ਹੇ ਹਨ ਤੇ ਇਨ੍ਹਾਂ ਨੂੰ ਹੁਣ ਕੋਈ ਜਵਾਬ ਨਹੀਂ ਸੁੱਝਦਾ।
17 ਇਸ ਲਈ ਹੁਣ ਮੈਂ ਜਵਾਬ ਦਿਆਂਗਾ;
ਮੈਂ ਵੀ ਦੱਸਾਂਗਾ ਜੋ ਮੈਨੂੰ ਪਤਾ ਹੈ
18 ਕਿਉਂਕਿ ਮੇਰੇ ਮਨ ਵਿਚ ਬਹੁਤ ਸਾਰੀਆਂ ਗੱਲਾਂ ਭਰੀਆਂ ਪਈਆਂ ਹਨ;
ਮੇਰੇ ਅੰਦਰ ਸ਼ਕਤੀ ਮੈਨੂੰ ਮਜਬੂਰ ਕਰਦੀ ਹੈ।
19 ਮੈਂ ਅੰਦਰੋਂ ਉਸ ਦਾਖਰਸ ਦੀ ਤਰ੍ਹਾਂ ਹਾਂ ਜਿਸ ਦੀ ਹਵਾੜ ਕੱਢਣ ਲਈ ਕੋਈ ਛੇਕ ਨਾ ਹੋਵੇ,
ਹਾਂ, ਨਵੀਆਂ ਮਸ਼ਕਾਂ ਦੀ ਤਰ੍ਹਾਂ ਜੋ ਫਟਣ ਹੀ ਵਾਲੀਆਂ ਹਨ।+
20 ਮੈਨੂੰ ਬੋਲਣ ਦਿਓ ਤਾਂਕਿ ਮੈਨੂੰ ਚੈਨ ਮਿਲੇ!
ਮੈਂ ਆਪਣੇ ਬੁੱਲ੍ਹ ਖੋਲ੍ਹਾਂਗਾ ਤੇ ਜਵਾਬ ਦਿਆਂਗਾ।