ਪਹਿਲਾ ਸਮੂਏਲ
22 ਫਿਰ ਦਾਊਦ ਉੱਥੋਂ ਚਲਾ ਗਿਆ+ ਤੇ ਅਦੁਲਾਮ ਦੀ ਗੁਫਾ ਵਿਚ ਲੁਕ ਗਿਆ।+ ਇਸ ਬਾਰੇ ਜਦ ਉਸ ਦੇ ਭਰਾਵਾਂ ਤੇ ਉਸ ਦੇ ਪਿਤਾ ਦੇ ਸਾਰੇ ਘਰਾਣੇ ਨੂੰ ਪਤਾ ਲੱਗਾ, ਤਾਂ ਉਹ ਉਸ ਕੋਲ ਉੱਥੇ ਚਲੇ ਗਏ। 2 ਅਤੇ ਜਿਹੜੇ ਮੁਸੀਬਤ ਵਿਚ ਸਨ, ਕਰਜ਼ੇ ਹੇਠ ਦੱਬੇ ਹੋਏ ਸਨ ਤੇ ਦੁਖੀ ਸਨ, ਉਹ ਸਾਰੇ ਉਸ ਕੋਲ ਇਕੱਠੇ ਹੋਏ ਅਤੇ ਉਹ ਉਨ੍ਹਾਂ ਦਾ ਮੁਖੀ ਬਣ ਗਿਆ। ਉਸ ਦੇ ਨਾਲ ਲਗਭਗ 400 ਆਦਮੀ ਸਨ।
3 ਫਿਰ ਦਾਊਦ ਉੱਥੋਂ ਮੋਆਬ ਦੇ ਮਿਸਪੇਹ ਨੂੰ ਚਲਾ ਗਿਆ ਤੇ ਉਸ ਨੇ ਮੋਆਬ+ ਦੇ ਰਾਜੇ ਨੂੰ ਕਿਹਾ: “ਕਿਰਪਾ ਕਰ ਕੇ ਮੇਰੇ ਮਾਤਾ-ਪਿਤਾ ਨੂੰ ਉਦੋਂ ਤਕ ਆਪਣੇ ਕੋਲ ਰੱਖ ਲੈ ਜਦ ਤਕ ਮੈਨੂੰ ਪਤਾ ਨਹੀਂ ਲੱਗ ਜਾਂਦਾ ਕਿ ਪਰਮੇਸ਼ੁਰ ਮੇਰੇ ਲਈ ਕੀ ਕਰੇਗਾ।” 4 ਇਸ ਲਈ ਉਹ ਉਨ੍ਹਾਂ ਨੂੰ ਮੋਆਬ ਦੇ ਰਾਜੇ ਕੋਲ ਛੱਡ ਗਿਆ ਅਤੇ ਉਹ ਉਦੋਂ ਤਕ ਉਸ ਦੇ ਨਾਲ ਰਹੇ ਜਦ ਤਕ ਦਾਊਦ ਸੁਰੱਖਿਅਤ ਜਗ੍ਹਾ ਲੁਕਿਆ ਰਿਹਾ।+
5 ਕੁਝ ਸਮੇਂ ਬਾਅਦ ਗਾਦ+ ਨਬੀ ਨੇ ਦਾਊਦ ਨੂੰ ਕਿਹਾ: “ਤੂੰ ਇਸ ਜਗ੍ਹਾ ਲੁਕਿਆ ਨਾ ਰਹਿ। ਇੱਥੋਂ ਯਹੂਦਾਹ ਦੇਸ਼ ਨੂੰ ਚਲਾ ਜਾਹ।”+ ਇਸ ਲਈ ਦਾਊਦ ਉੱਥੋਂ ਹਾਰਥ ਦੇ ਜੰਗਲ ਵਿਚ ਚਲਾ ਗਿਆ।
6 ਸ਼ਾਊਲ ਨੂੰ ਖ਼ਬਰ ਮਿਲੀ ਕਿ ਦਾਊਦ ਤੇ ਉਸ ਦੇ ਨਾਲ ਦੇ ਆਦਮੀਆਂ ਦਾ ਪਤਾ ਲੱਗ ਗਿਆ ਹੈ। ਉਸ ਵੇਲੇ ਸ਼ਾਊਲ ਗਿਬਆਹ+ ਵਿਚ ਉੱਚੀ ਜਗ੍ਹਾ ʼਤੇ ਝਾਊ ਦੇ ਦਰਖ਼ਤ ਹੇਠ ਬਰਛਾ ਫੜੀ ਬੈਠਾ ਸੀ ਤੇ ਉਸ ਦੇ ਸਾਰੇ ਸੇਵਕ ਉਸ ਦੇ ਆਲੇ-ਦੁਆਲੇ ਖੜ੍ਹੇ ਸਨ। 7 ਸ਼ਾਊਲ ਨੇ ਆਪਣੇ ਦੁਆਲੇ ਖੜ੍ਹੇ ਸੇਵਕਾਂ ਨੂੰ ਕਿਹਾ: “ਹੇ ਬਿਨਯਾਮੀਨੀਓ, ਸੁਣੋ! ਕੀ ਯੱਸੀ ਦਾ ਪੁੱਤਰ+ ਵੀ ਤੁਹਾਨੂੰ ਸਾਰਿਆਂ ਨੂੰ ਖੇਤ ਅਤੇ ਅੰਗੂਰਾਂ ਦੇ ਬਾਗ਼ ਦੇਵੇਗਾ? ਕੀ ਉਹ ਤੁਹਾਨੂੰ ਸਾਰਿਆਂ ਨੂੰ ਹਜ਼ਾਰ-ਹਜ਼ਾਰ ਦੇ ਮੁਖੀ ਅਤੇ ਸੌ-ਸੌ ਦੇ ਮੁਖੀ ਨਿਯੁਕਤ ਕਰੇਗਾ?+ 8 ਤੁਸੀਂ ਸਾਰਿਆਂ ਨੇ ਮੇਰੇ ਖ਼ਿਲਾਫ਼ ਸਾਜ਼ਸ਼ ਘੜੀ ਹੈ! ਜਦ ਮੇਰੇ ਆਪਣੇ ਪੁੱਤਰ ਨੇ ਯੱਸੀ ਦੇ ਪੁੱਤਰ ਨਾਲ ਇਕਰਾਰ ਕੀਤਾ,+ ਤਾਂ ਕਿਸੇ ਨੇ ਵੀ ਮੈਨੂੰ ਨਹੀਂ ਦੱਸਿਆ! ਤੁਹਾਡੇ ਵਿੱਚੋਂ ਕਿਸੇ ਨੂੰ ਵੀ ਮੇਰੇ ਨਾਲ ਹਮਦਰਦੀ ਨਹੀਂ। ਮੈਨੂੰ ਕਿਸੇ ਨੇ ਨਹੀਂ ਦੱਸਿਆ ਕਿ ਮੇਰੇ ਆਪਣੇ ਪੁੱਤਰ ਨੇ ਮੇਰੇ ਨੌਕਰ ਨੂੰ ਮੇਰੇ ਖ਼ਿਲਾਫ਼ ਭੜਕਾਇਆ। ਹੁਣ ਉਹ ਮੇਰੇ ʼਤੇ ਹਮਲਾ ਕਰਨ ਲਈ ਘਾਤ ਲਾਈ ਬੈਠਾ ਹੈ।”
9 ਫਿਰ ਸ਼ਾਊਲ ਦੇ ਸੇਵਕਾਂ ਦੇ ਅਧਿਕਾਰੀ ਅਦੋਮੀ ਦੋਏਗ+ ਨੇ ਕਿਹਾ:+ “ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿਚ ਅਹੀਟੂਬ ਦੇ ਪੁੱਤਰ ਅਹੀਮਲਕ ਕੋਲ ਦੇਖਿਆ ਸੀ।+ 10 ਅਤੇ ਉਸ ਨੇ ਦਾਊਦ ਵਾਸਤੇ ਯਹੋਵਾਹ ਕੋਲੋਂ ਸਲਾਹ ਪੁੱਛੀ ਤੇ ਉਸ ਨੂੰ ਖਾਣਾ ਦਿੱਤਾ। ਨਾਲੇ ਉਸ ਨੇ ਉਸ ਨੂੰ ਫਲਿਸਤੀ ਗੋਲਿਅਥ ਦੀ ਤਲਵਾਰ ਵੀ ਦੇ ਦਿੱਤੀ।”+ 11 ਇਹ ਸੁਣਦਿਆਂ ਸਾਰ ਰਾਜੇ ਨੇ ਅਹੀਟੂਬ ਦੇ ਪੁੱਤਰ ਯਾਨੀ ਪੁਜਾਰੀ ਅਹੀਮਲਕ ਅਤੇ ਉਸ ਦੇ ਪਿਤਾ ਦੇ ਘਰਾਣੇ ਦੇ ਸਾਰੇ ਪੁਜਾਰੀਆਂ ਨੂੰ, ਜੋ ਨੋਬ ਵਿਚ ਸਨ, ਬੁਲਾਉਣ ਲਈ ਕਿਸੇ ਨੂੰ ਭੇਜਿਆ। ਇਸ ਲਈ ਉਹ ਸਾਰੇ ਰਾਜੇ ਕੋਲ ਆ ਗਏ।
12 ਫਿਰ ਸ਼ਾਊਲ ਨੇ ਕਿਹਾ: “ਅਹੀਟੂਬ ਦੇ ਪੁੱਤਰ, ਗੱਲ ਸੁਣ!” ਉਸ ਨੇ ਜਵਾਬ ਦਿੱਤਾ: “ਹਾਂ, ਮੇਰੇ ਮਾਲਕ।” 13 ਸ਼ਾਊਲ ਨੇ ਉਸ ਨੂੰ ਕਿਹਾ: “ਤੂੰ ਤੇ ਯੱਸੀ ਦੇ ਪੁੱਤਰ ਨੇ ਮੇਰੇ ਖ਼ਿਲਾਫ਼ ਸਾਜ਼ਸ਼ ਕਿਉਂ ਘੜੀ? ਤੂੰ ਉਸ ਨੂੰ ਰੋਟੀ ਤੇ ਤਲਵਾਰ ਦਿੱਤੀ ਅਤੇ ਉਸ ਵਾਸਤੇ ਪਰਮੇਸ਼ੁਰ ਕੋਲੋਂ ਸਲਾਹ ਪੁੱਛੀ। ਉਹ ਮੇਰੇ ਵਿਰੁੱਧ ਉੱਠਿਆ ਹੈ ਅਤੇ ਹੁਣ ਮੇਰੇ ʼਤੇ ਹਮਲਾ ਕਰਨ ਲਈ ਘਾਤ ਲਾਈ ਬੈਠਾ ਹੈ।” 14 ਇਹ ਸੁਣ ਕੇ ਅਹੀਮਲਕ ਨੇ ਰਾਜੇ ਨੂੰ ਜਵਾਬ ਦਿੱਤਾ: “ਤੇਰੇ ਸਾਰੇ ਸੇਵਕਾਂ ਵਿੱਚੋਂ ਕੌਣ ਹੈ ਜੋ ਦਾਊਦ ਜਿੰਨਾ ਭਰੋਸੇਯੋਗ* ਹੋਵੇ?+ ਹੇ ਮਹਾਰਾਜ, ਉਹ ਤੇਰਾ ਜਵਾਈ ਹੈ+ ਤੇ ਤੇਰੇ ਅੰਗ-ਰੱਖਿਅਕਾਂ ਦਾ ਮੁਖੀ ਹੈ ਅਤੇ ਤੇਰੇ ਸਾਰੇ ਘਰਾਣੇ ਵਿਚ ਉਸ ਦੀ ਬੜੀ ਇੱਜ਼ਤ ਹੈ।+ 15 ਕੀ ਮੈਂ ਅੱਜ ਪਹਿਲੀ ਵਾਰ ਉਸ ਵਾਸਤੇ ਪਰਮੇਸ਼ੁਰ ਕੋਲੋਂ ਸਲਾਹ ਪੁੱਛੀ ਹੈ?+ ਜੋ ਤੂੰ ਕਹਿ ਰਿਹਾ ਹੈਂ, ਮੈਂ ਉਸ ਤਰ੍ਹਾਂ ਕਰਨ ਬਾਰੇ ਸੋਚ ਵੀ ਨਹੀਂ ਸਕਦਾ! ਰਾਜਾ ਆਪਣੇ ਸੇਵਕ ਅਤੇ ਮੇਰੇ ਪਿਤਾ ਦੇ ਸਾਰੇ ਘਰਾਣੇ ਨੂੰ ਦੋਸ਼ੀ ਨਾ ਠਹਿਰਾਏ ਕਿਉਂਕਿ ਤੇਰੇ ਸੇਵਕ ਨੂੰ ਇਸ ਬਾਰੇ ਕੁਝ ਵੀ ਨਹੀਂ ਸੀ ਪਤਾ।”+
16 ਪਰ ਰਾਜੇ ਨੇ ਕਿਹਾ: “ਅਹੀਮਲਕ, ਤੂੰ ਜੀਉਂਦਾ ਨਹੀਂ ਬਚਣਾ।+ ਤੂੰ ਤੇ ਤੇਰੇ ਪਿਤਾ ਦਾ ਸਾਰਾ ਘਰਾਣਾ ਮਾਰਿਆ ਜਾਵੇਗਾ।”+ 17 ਇਹ ਕਹਿ ਕੇ ਰਾਜੇ ਨੇ ਆਪਣੇ ਦੁਆਲੇ ਖੜ੍ਹੇ ਅੰਗ-ਰੱਖਿਅਕਾਂ* ਨੂੰ ਕਿਹਾ: “ਜਾਓ ਅਤੇ ਯਹੋਵਾਹ ਦੇ ਪੁਜਾਰੀਆਂ ਨੂੰ ਮਾਰ ਸੁੱਟੋ ਕਿਉਂਕਿ ਉਨ੍ਹਾਂ ਨੇ ਦਾਊਦ ਦਾ ਸਾਥ ਦਿੱਤਾ ਹੈ! ਉਨ੍ਹਾਂ ਨੂੰ ਪਤਾ ਸੀ ਕਿ ਉਹ ਭਗੌੜਾ ਹੈ, ਫਿਰ ਵੀ ਉਨ੍ਹਾਂ ਨੇ ਮੈਨੂੰ ਖ਼ਬਰ ਨਹੀਂ ਦਿੱਤੀ!” ਪਰ ਰਾਜੇ ਦੇ ਸੇਵਕ ਯਹੋਵਾਹ ਦੇ ਪੁਜਾਰੀਆਂ ʼਤੇ ਹੱਥ ਨਹੀਂ ਚੁੱਕਣਾ ਚਾਹੁੰਦੇ ਸਨ। 18 ਫਿਰ ਰਾਜੇ ਨੇ ਦੋਏਗ+ ਨੂੰ ਕਿਹਾ: “ਤੂੰ ਜਾਹ ਤੇ ਪੁਜਾਰੀਆਂ ਨੂੰ ਮਾਰ ਸੁੱਟ!” ਅਦੋਮੀ+ ਦੋਏਗ ਉਸੇ ਵੇਲੇ ਗਿਆ ਤੇ ਉਸ ਇਕੱਲੇ ਨੇ ਹੀ ਪੁਜਾਰੀਆਂ ਨੂੰ ਮਾਰ ਸੁੱਟਿਆ। ਉਸ ਦਿਨ ਉਸ ਨੇ 85 ਆਦਮੀਆਂ ਨੂੰ ਜਾਨੋਂ ਮਾਰਿਆ ਜਿਨ੍ਹਾਂ ਨੇ ਮਲਮਲ ਦਾ ਏਫ਼ੋਦ ਪਹਿਨਿਆ ਸੀ।+ 19 ਉਸ ਨੇ ਪੁਜਾਰੀਆਂ ਦੇ ਸ਼ਹਿਰ ਨੋਬ+ ʼਤੇ ਹਮਲਾ ਕੀਤਾ; ਉਸ ਨੇ ਆਦਮੀਆਂ, ਔਰਤਾਂ, ਬੱਚਿਆਂ, ਇੱਥੋਂ ਤਕ ਕਿ ਦੁੱਧ ਚੁੰਘਦੇ ਬੱਚਿਆਂ ਨੂੰ ਵੀ ਵੱਢ ਸੁੱਟਿਆ। ਨਾਲੇ ਉਸ ਨੇ ਬਲਦਾਂ, ਗਧਿਆਂ ਅਤੇ ਭੇਡਾਂ ਨੂੰ ਵੀ ਤਲਵਾਰ ਨਾਲ ਵੱਢ ਦਿੱਤਾ।
20 ਪਰ ਅਹੀਟੂਬ ਦੇ ਪੁੱਤਰ ਅਹੀਮਲਕ ਦਾ ਇਕ ਪੁੱਤਰ ਅਬਯਾਥਾਰ+ ਬਚ ਗਿਆ ਤੇ ਉਹ ਭੱਜ ਕੇ ਦਾਊਦ ਕੋਲ ਚਲਾ ਗਿਆ ਤਾਂਕਿ ਉਸ ਦਾ ਸਾਥ ਦੇਵੇ। 21 ਅਬਯਾਥਾਰ ਨੇ ਦਾਊਦ ਨੂੰ ਦੱਸਿਆ: “ਸ਼ਾਊਲ ਨੇ ਯਹੋਵਾਹ ਦੇ ਪੁਜਾਰੀਆਂ ਦਾ ਕਤਲ ਕਰ ਦਿੱਤਾ ਹੈ।” 22 ਇਹ ਸੁਣ ਕੇ ਦਾਊਦ ਨੇ ਅਬਯਾਥਾਰ ਨੂੰ ਕਿਹਾ: “ਜਿਸ ਦਿਨ ਮੈਂ ਅਦੋਮੀ ਦੋਏਗ ਨੂੰ ਉੱਥੇ ਦੇਖਿਆ ਸੀ, ਮੈਨੂੰ ਉਸੇ ਦਿਨ ਪਤਾ ਲੱਗ ਗਿਆ ਸੀ+ ਕਿ ਉਹ ਸ਼ਾਊਲ ਨੂੰ ਜ਼ਰੂਰ ਦੱਸੇਗਾ। ਤੇਰੇ ਪਿਤਾ ਦੇ ਘਰਾਣੇ ਦੇ ਸਾਰੇ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਮੈਂ ਹੀ ਹਾਂ। 23 ਤੂੰ ਮੇਰੇ ਨਾਲ ਰਹਿ। ਡਰ ਨਾ ਕਿਉਂਕਿ ਜਿਹੜਾ ਤੇਰੀ ਜਾਨ ਦੇ ਪਿੱਛੇ ਪਿਆ ਹੈ ਉਹ ਮੇਰੀ ਜਾਨ ਦੇ ਪਿੱਛੇ ਵੀ ਪਿਆ ਹੈ; ਮੈਂ ਤੇਰੀ ਹਿਫਾਜ਼ਤ ਕਰਾਂਗਾ।”+