ਦੂਜਾ ਇਤਿਹਾਸ
36 ਫਿਰ ਦੇਸ਼ ਦੇ ਲੋਕਾਂ ਨੇ ਯੋਸੀਯਾਹ ਦੇ ਪੁੱਤਰ ਯਹੋਆਹਾਜ਼+ ਨੂੰ ਲੈ ਕੇ ਉਸ ਦੇ ਪਿਤਾ ਦੀ ਜਗ੍ਹਾ ਯਰੂਸ਼ਲਮ ਵਿਚ ਰਾਜਾ ਬਣਾ ਦਿੱਤਾ।+ 2 ਯਹੋਆਹਾਜ਼ 23 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ ਤਿੰਨ ਮਹੀਨੇ ਰਾਜ ਕੀਤਾ। 3 ਪਰ ਮਿਸਰ ਦੇ ਰਾਜੇ ਨੇ ਯਰੂਸ਼ਲਮ ਵਿਚ ਉਸ ਨੂੰ ਗੱਦੀਓਂ ਲਾਹ ਦਿੱਤਾ ਅਤੇ ਦੇਸ਼ ਨੂੰ 100 ਕਿੱਕਾਰ* ਚਾਂਦੀ ਅਤੇ ਇਕ ਕਿੱਕਾਰ ਸੋਨਾ ਜੁਰਮਾਨਾ ਲਾ ਦਿੱਤਾ।+ 4 ਇਸ ਤੋਂ ਇਲਾਵਾ, ਮਿਸਰ ਦੇ ਰਾਜੇ ਨੇ ਯਹੋਆਹਾਜ਼ ਦੇ ਭਰਾ ਅਲਯਾਕੀਮ ਨੂੰ ਯਹੂਦਾਹ ਤੇ ਯਰੂਸ਼ਲਮ ਦਾ ਰਾਜਾ ਬਣਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਯਹੋਯਾਕੀਮ ਰੱਖ ਦਿੱਤਾ; ਪਰ ਨਕੋਹ+ ਉਸ ਦੇ ਭਰਾ ਯਹੋਆਹਾਜ਼ ਨੂੰ ਮਿਸਰ ਲੈ ਆਇਆ।+
5 ਯਹੋਯਾਕੀਮ+ 25 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 11 ਸਾਲ ਯਰੂਸ਼ਲਮ ਵਿਚ ਰਾਜ ਕੀਤਾ। ਉਹ ਉਹੀ ਕਰਦਾ ਰਿਹਾ ਜੋ ਉਸ ਦੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ।+ 6 ਬਾਬਲ ਦਾ ਰਾਜਾ ਨਬੂਕਦਨੱਸਰ+ ਉਸ ਵਿਰੁੱਧ ਆਇਆ ਤਾਂਕਿ ਉਸ ਨੂੰ ਤਾਂਬੇ ਦੀਆਂ ਦੋ ਬੇੜੀਆਂ ਨਾਲ ਬੰਨ੍ਹ ਕੇ ਬਾਬਲ ਲੈ ਜਾਵੇ।+ 7 ਨਬੂਕਦਨੱਸਰ ਯਹੋਵਾਹ ਦੇ ਭਵਨ ਦੇ ਕੁਝ ਭਾਂਡੇ ਬਾਬਲ ਲੈ ਗਿਆ ਅਤੇ ਉਨ੍ਹਾਂ ਨੂੰ ਬਾਬਲ ਵਿਚ ਆਪਣੇ ਮਹਿਲ ਵਿਚ ਰੱਖ ਲਿਆ।+ 8 ਯਹੋਯਾਕੀਮ ਦੀ ਬਾਕੀ ਕਹਾਣੀ, ਉਸ ਦੇ ਘਿਣਾਉਣੇ ਕੰਮਾਂ ਬਾਰੇ ਅਤੇ ਜੋ ਕੁਝ ਉਸ ਵਿਰੁੱਧ ਦੇਖਣ ਨੂੰ ਮਿਲਿਆ, ਉਸ ਬਾਰੇ ਇਜ਼ਰਾਈਲ ਅਤੇ ਯਹੂਦਾਹ ਦੇ ਰਾਜਿਆਂ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ; ਅਤੇ ਉਸ ਦਾ ਪੁੱਤਰ ਯਹੋਯਾਕੀਨ ਉਸ ਦੀ ਜਗ੍ਹਾ ਰਾਜਾ ਬਣ ਗਿਆ।+
9 ਯਹੋਯਾਕੀਨ+ 18 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਤਿੰਨ ਮਹੀਨੇ ਤੇ ਦਸ ਦਿਨ ਯਰੂਸ਼ਲਮ ਵਿਚ ਰਾਜ ਕੀਤਾ; ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ।+ 10 ਸਾਲ ਦੇ ਸ਼ੁਰੂ ਵਿਚ* ਰਾਜਾ ਨਬੂਕਦਨੱਸਰ ਨੇ ਬੰਦਿਆਂ ਨੂੰ ਭੇਜਿਆ ਕਿ ਉਹ ਉਸ ਨੂੰ ਬਾਬਲ ਲੈ ਆਉਣ,+ ਨਾਲੇ ਯਹੋਵਾਹ ਦੇ ਭਵਨ ਵਿੱਚੋਂ ਕੀਮਤੀ ਚੀਜ਼ਾਂ ਵੀ।+ ਉਸ ਨੇ ਉਸ ਦੇ ਚਾਚੇ ਸਿਦਕੀਯਾਹ ਨੂੰ ਯਹੂਦਾਹ ਅਤੇ ਯਰੂਸ਼ਲਮ ਦਾ ਰਾਜਾ ਬਣਾ ਦਿੱਤਾ।+
11 ਸਿਦਕੀਯਾਹ+ 21 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 11 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ 12 ਉਹ ਉਹੀ ਕਰਦਾ ਰਿਹਾ ਜੋ ਉਸ ਦੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ। ਉਸ ਨੇ ਯਿਰਮਿਯਾਹ ਨਬੀ ਅੱਗੇ ਆਪਣੇ ਆਪ ਨੂੰ ਨਿਮਰ ਨਹੀਂ ਕੀਤਾ+ ਜੋ ਯਹੋਵਾਹ ਦੇ ਹੁਕਮ ਨਾਲ ਬੋਲਦਾ ਸੀ। 13 ਉਸ ਨੇ ਰਾਜਾ ਨਬੂਕਦਨੱਸਰ ਵਿਰੁੱਧ ਵੀ ਬਗਾਵਤ ਕੀਤੀ+ ਜਿਸ ਨੇ ਉਸ ਨੂੰ ਪਰਮੇਸ਼ੁਰ ਦੀ ਸਹੁੰ ਖੁਆਈ ਸੀ ਅਤੇ ਉਹ ਢੀਠ* ਤੇ ਪੱਥਰ-ਦਿਲ ਬਣਿਆ ਰਿਹਾ ਤੇ ਉਸ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਵੱਲ ਮੁੜਨ ਤੋਂ ਇਨਕਾਰ ਕਰ ਦਿੱਤਾ। 14 ਪੁਜਾਰੀਆਂ ਦੇ ਸਾਰੇ ਮੁਖੀਆਂ ਅਤੇ ਲੋਕਾਂ ਨੇ ਬੇਵਫ਼ਾਈ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਉਹ ਹੋਰਨਾਂ ਕੌਮਾਂ ਵਾਂਗ ਹਰ ਤਰ੍ਹਾਂ ਦੇ ਘਿਣਾਉਣੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਯਹੋਵਾਹ ਦੇ ਭਵਨ ਨੂੰ ਭ੍ਰਿਸ਼ਟ ਕੀਤਾ+ ਜਿਸ ਨੂੰ ਉਸ ਨੇ ਯਰੂਸ਼ਲਮ ਵਿਚ ਸ਼ੁੱਧ ਕੀਤਾ ਸੀ।
15 ਉਨ੍ਹਾਂ ਦੇ ਪਿਉ-ਦਾਦਿਆਂ ਦਾ ਪਰਮੇਸ਼ੁਰ ਯਹੋਵਾਹ ਆਪਣੇ ਸੰਦੇਸ਼ ਦੇਣ ਵਾਲਿਆਂ ਰਾਹੀਂ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਰਿਹਾ, ਹਾਂ, ਵਾਰ-ਵਾਰ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਰਿਹਾ ਕਿਉਂਕਿ ਉਸ ਨੂੰ ਆਪਣੇ ਲੋਕਾਂ ਅਤੇ ਆਪਣੇ ਨਿਵਾਸ-ਸਥਾਨ ʼਤੇ ਤਰਸ ਆਉਂਦਾ ਸੀ। 16 ਪਰ ਉਹ ਸੱਚੇ ਪਰਮੇਸ਼ੁਰ ਵੱਲੋਂ ਸੰਦੇਸ਼ ਦੇਣ ਵਾਲਿਆਂ ਦਾ ਮਜ਼ਾਕ ਉਡਾਉਂਦੇ ਰਹੇ+ ਅਤੇ ਉਨ੍ਹਾਂ ਨੇ ਉਸ ਦੀਆਂ ਗੱਲਾਂ ਨੂੰ ਤੁੱਛ ਸਮਝਿਆ+ ਤੇ ਉਸ ਦੇ ਨਬੀਆਂ ਦਾ ਮਜ਼ਾਕ ਉਡਾਇਆ।+ ਉਹ ਉਦੋਂ ਤਕ ਇਸ ਤਰ੍ਹਾਂ ਕਰਦੇ ਰਹੇ ਜਦ ਤਕ ਉਨ੍ਹਾਂ ਦੇ ਸੁਧਰਨ ਦੀ ਕੋਈ ਉਮੀਦ ਨਾ ਰਹੀ। ਅਖ਼ੀਰ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ।+
17 ਇਸ ਲਈ ਉਸ ਨੇ ਕਸਦੀਆਂ ਦੇ ਰਾਜੇ ਨੂੰ ਉਨ੍ਹਾਂ ਵਿਰੁੱਧ ਲਿਆਂਦਾ+ ਜਿਸ ਨੇ ਉਨ੍ਹਾਂ ਦੇ ਪਵਿੱਤਰ ਸਥਾਨ ਵਿਚ+ ਉਨ੍ਹਾਂ ਦੇ ਮੁੰਡਿਆਂ ਨੂੰ ਤਲਵਾਰ ਨਾਲ ਵੱਢ ਸੁੱਟਿਆ;+ ਉਸ ਨੇ ਗੱਭਰੂ ਜਾਂ ਕੁਆਰੀ, ਬੁੱਢੇ ਜਾਂ ਬੀਮਾਰ ʼਤੇ ਕੋਈ ਤਰਸ ਨਾ ਖਾਧਾ।+ ਪਰਮੇਸ਼ੁਰ ਨੇ ਸਭ ਕੁਝ ਉਸ ਦੇ ਹੱਥ ਵਿਚ ਦੇ ਦਿੱਤਾ।+ 18 ਸੱਚੇ ਪਰਮੇਸ਼ੁਰ ਦੇ ਭਵਨ ਦੀਆਂ ਵੱਡੀਆਂ-ਛੋਟੀਆਂ ਸਾਰੀਆਂ ਚੀਜ਼ਾਂ, ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਅਤੇ ਰਾਜੇ ਤੇ ਉਸ ਦੇ ਹਾਕਮਾਂ ਦੇ ਖ਼ਜ਼ਾਨੇ, ਹਾਂ, ਉਹ ਸਭ ਕੁਝ ਬਾਬਲ ਲੈ ਆਇਆ।+ 19 ਉਸ ਨੇ ਸੱਚੇ ਪਰਮੇਸ਼ੁਰ ਦੇ ਭਵਨ ਨੂੰ ਸਾੜ ਸੁੱਟਿਆ,+ ਯਰੂਸ਼ਲਮ ਦੀ ਕੰਧ ਢਾਹ ਦਿੱਤੀ,+ ਉਸ ਦੇ ਸਾਰੇ ਪੱਕੇ ਬੁਰਜਾਂ ਨੂੰ ਅੱਗ ਨਾਲ ਸਾੜ ਦਿੱਤਾ ਤੇ ਹਰ ਬਹੁਮੁੱਲੀ ਚੀਜ਼ ਤਬਾਹ ਕਰ ਦਿੱਤੀ।+ 20 ਉਹ ਤਲਵਾਰ ਤੋਂ ਬਚੇ ਹੋਇਆਂ ਨੂੰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ+ ਅਤੇ ਉਹ ਉਸ ਦੇ ਤੇ ਉਸ ਦੇ ਪੁੱਤਰਾਂ ਦੇ ਦਾਸ ਬਣ ਗਏ+ ਜਦ ਤਕ ਫਾਰਸ* ਨੇ ਰਾਜ ਕਰਨਾ ਸ਼ੁਰੂ ਨਹੀਂ ਕੀਤਾ+ 21 ਤਾਂਕਿ ਯਿਰਮਿਯਾਹ ਰਾਹੀਂ ਕਿਹਾ ਯਹੋਵਾਹ ਦਾ ਬਚਨ ਪੂਰਾ ਹੋਵੇ+ ਅਤੇ ਦੇਸ਼ ਆਪਣੇ ਸਬਤਾਂ ਦਾ ਹਿਸਾਬ ਚੁਕਾ ਨਾ ਦੇਵੇ।+ ਵਿਰਾਨੀ ਦੇ ਸਾਰੇ ਦਿਨ ਪੂਰਾ ਦੇਸ਼ ਸਬਤ ਮਨਾਉਂਦਾ ਰਿਹਾ ਜਦ ਤਕ 70 ਸਾਲ ਪੂਰੇ ਨਾ ਹੋ ਗਏ।+
22 ਫਾਰਸ ਦੇ ਰਾਜੇ ਖੋਰਸ+ ਦੇ ਪਹਿਲੇ ਸਾਲ ਵਿਚ ਯਹੋਵਾਹ ਨੇ ਖੋਰਸ ਦੇ ਮਨ ਨੂੰ ਉਭਾਰਿਆ ਕਿ ਉਹ ਆਪਣੇ ਸਾਰੇ ਰਾਜ ਵਿਚ ਇਕ ਐਲਾਨ ਕਰਵਾਏ ਤਾਂਕਿ ਯਿਰਮਿਯਾਹ ਰਾਹੀਂ ਕਿਹਾ ਯਹੋਵਾਹ ਦਾ ਬਚਨ+ ਪੂਰਾ ਹੋਵੇ। ਉਸ ਨੇ ਇਹ ਐਲਾਨ ਲਿਖਵਾ ਵੀ ਲਿਆ।+ ਇਹ ਐਲਾਨ ਸੀ: 23 “ਫਾਰਸ ਦਾ ਰਾਜਾ ਖੋਰਸ ਇਹ ਕਹਿੰਦਾ ਹੈ, ‘ਆਕਾਸ਼ ਦੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਧਰਤੀ ਦੇ ਸਾਰੇ ਰਾਜ ਦਿੱਤੇ ਹਨ+ ਅਤੇ ਉਸ ਨੇ ਮੈਨੂੰ ਯਹੂਦਾਹ ਦੇ ਯਰੂਸ਼ਲਮ ਵਿਚ ਉਸ ਲਈ ਇਕ ਭਵਨ ਬਣਾਉਣ ਦਾ ਕੰਮ ਸੌਂਪਿਆ ਹੈ।+ ਤੁਹਾਡੇ ਸਾਰਿਆਂ ਵਿਚ ਜਿਹੜਾ ਵੀ ਉਸ ਦੀ ਪਰਜਾ ਵਿੱਚੋਂ ਹੈ, ਉਸ ਦਾ ਪਰਮੇਸ਼ੁਰ ਯਹੋਵਾਹ ਉਸ ਦੇ ਨਾਲ ਹੋਵੇ ਅਤੇ ਉਹ ਉਤਾਂਹ ਯਰੂਸ਼ਲਮ ਨੂੰ ਜਾਵੇ।’”+