ਰਸੂਲਾਂ ਦੇ ਕੰਮ
12 ਉਸ ਸਮੇਂ ਰਾਜਾ ਹੇਰੋਦੇਸ ਮੰਡਲੀ ਦੇ ਕੁਝ ਚੇਲਿਆਂ ਉੱਤੇ ਅਤਿਆਚਾਰ ਕਰਨ ਲੱਗਾ।+ 2 ਉਸ ਨੇ ਯੂਹੰਨਾ ਦੇ ਭਰਾ ਯਾਕੂਬ+ ਨੂੰ ਤਲਵਾਰ ਨਾਲ ਜਾਨੋਂ ਮਾਰ ਦਿੱਤਾ।+ 3 ਜਦੋਂ ਉਸ ਨੇ ਦੇਖਿਆ ਕਿ ਯਹੂਦੀਆਂ ਨੂੰ ਇਸ ਤੋਂ ਖ਼ੁਸ਼ੀ ਹੋਈ ਸੀ, ਤਾਂ ਉਸ ਨੇ ਪਤਰਸ ਨੂੰ ਵੀ ਗਿਰਫ਼ਤਾਰ ਕਰ ਲਿਆ। (ਇਹ ਬੇਖਮੀਰੀ ਰੋਟੀ ਦੇ ਤਿਉਹਾਰ ਦੌਰਾਨ ਹੋਇਆ ਸੀ।)+ 4 ਉਸ ਨੇ ਪਤਰਸ ਨੂੰ ਫੜ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ।+ ਚਾਰ-ਚਾਰ ਪਹਿਰੇਦਾਰਾਂ ਦੀਆਂ ਚਾਰ ਟੋਲੀਆਂ ਵਾਰੀ-ਵਾਰੀ ਉਸ ਉੱਤੇ ਪਹਿਰਾ ਦਿੰਦੀਆਂ ਸਨ। ਹੇਰੋਦੇਸ ਦਾ ਇਰਾਦਾ ਸੀ ਕਿ ਉਹ ਪਤਰਸ ਨੂੰ ਪਸਾਹ ਦੇ ਤਿਉਹਾਰ ਤੋਂ ਬਾਅਦ ਲੋਕਾਂ ਸਾਮ੍ਹਣੇ ਪੇਸ਼ ਕਰੇਗਾ। 5 ਜਦੋਂ ਪਤਰਸ ਜੇਲ੍ਹ ਵਿਚ ਸੀ, ਉਦੋਂ ਮੰਡਲੀ ਉਸ ਲਈ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰਨ ਵਿਚ ਲੱਗੀ ਰਹੀ।+
6 ਜਿਸ ਦਿਨ ਹੇਰੋਦੇਸ ਨੇ ਪਤਰਸ ਨੂੰ ਲੋਕਾਂ ਸਾਮ੍ਹਣੇ ਪੇਸ਼ ਕਰਨਾ ਸੀ, ਉਸ ਤੋਂ ਇਕ ਰਾਤ ਪਹਿਲਾਂ, ਪਤਰਸ ਦੋ ਫ਼ੌਜੀਆਂ ਦੇ ਵਿਚਕਾਰ ਸੁੱਤਾ ਪਿਆ ਸੀ। ਉਹ ਉਨ੍ਹਾਂ ਦੋਵਾਂ ਨਾਲ ਬੇੜੀਆਂ ਨਾਲ ਬੱਝਾ ਹੋਇਆ ਸੀ ਅਤੇ ਪਹਿਰੇਦਾਰ ਜੇਲ੍ਹ ਦੇ ਦਰਵਾਜ਼ੇ ʼਤੇ ਪਹਿਰਾ ਦੇ ਰਹੇ ਸਨ। 7 ਪਰ ਅਚਾਨਕ, ਯਹੋਵਾਹ* ਦਾ ਦੂਤ ਜੇਲ੍ਹ ਦੀ ਕੋਠੜੀ ਵਿਚ ਆ ਖੜ੍ਹਾ ਹੋਇਆ+ ਅਤੇ ਕੋਠੜੀ ਚਾਨਣ ਨਾਲ ਭਰ ਗਈ। ਦੂਤ ਨੇ ਪਤਰਸ ਦੀ ਵੱਖੀ ਨੂੰ ਥਾਪੜ ਕੇ ਉਸ ਨੂੰ ਜਗਾਇਆ ਅਤੇ ਕਿਹਾ: “ਫਟਾਫਟ ਉੱਠ।” ਤਦ ਪਤਰਸ ਦੇ ਹੱਥਾਂ ਤੋਂ ਬੇੜੀਆਂ ਆਪਣੇ ਆਪ ਖੁੱਲ੍ਹ ਗਈਆਂ।+ 8 ਦੂਤ ਨੇ ਉਸ ਨੂੰ ਕਿਹਾ: “ਤਿਆਰ ਹੋ* ਅਤੇ ਆਪਣੀ ਜੁੱਤੀ ਪਾ ਲੈ।” ਉਸ ਨੇ ਇਸੇ ਤਰ੍ਹਾਂ ਕੀਤਾ। ਫਿਰ ਦੂਤ ਨੇ ਉਸ ਨੂੰ ਕਿਹਾ: “ਆਪਣਾ ਚੋਗਾ ਪਾ ਕੇ ਮੇਰੇ ਪਿੱਛੇ-ਪਿੱਛੇ ਆਜਾ।” 9 ਉਹ ਦੂਤ ਦੇ ਪਿੱਛੇ-ਪਿੱਛੇ ਬਾਹਰ ਆ ਗਿਆ। ਪਰ ਉਸ ਨੂੰ ਪਤਾ ਨਹੀਂ ਸੀ ਕਿ ਦੂਤ ਦੇ ਰਾਹੀਂ ਜੋ ਵੀ ਹੋ ਰਿਹਾ ਸੀ, ਉਹ ਸੱਚ-ਮੁੱਚ ਹੋ ਰਿਹਾ ਸੀ। ਉਸ ਨੂੰ ਲੱਗਾ ਕਿ ਉਹ ਦਰਸ਼ਣ ਦੇਖ ਰਿਹਾ ਸੀ। 10 ਉਹ ਪਹਿਰੇਦਾਰਾਂ ਦੀ ਪਹਿਲੀ ਤੇ ਦੂਜੀ ਚੌਂਕੀ ਕੋਲੋਂ ਨਿਕਲ ਕੇ ਸ਼ਹਿਰ ਵੱਲ ਨੂੰ ਖੁੱਲ੍ਹਦੇ ਲੋਹੇ ਦੇ ਦਰਵਾਜ਼ੇ ਕੋਲ ਆਏ ਅਤੇ ਦਰਵਾਜ਼ਾ ਆਪਣੇ ਆਪ ਖੁੱਲ੍ਹ ਗਿਆ। ਬਾਹਰ ਆ ਕੇ ਉਹ ਇਕ ਗਲੀ ਵਿਚ ਤੁਰਦੇ ਗਏ ਅਤੇ ਅਚਾਨਕ ਦੂਤ ਉਸ ਨੂੰ ਛੱਡ ਕੇ ਚਲਾ ਗਿਆ। 11 ਪਤਰਸ ਨੂੰ ਜਦੋਂ ਹੋਸ਼ ਆਈ, ਤਾਂ ਉਸ ਨੇ ਆਪਣੇ ਆਪ ਨੂੰ ਕਿਹਾ: “ਹੁਣ ਮੈਂ ਜਾਣ ਗਿਆ ਹਾਂ ਕਿ ਯਹੋਵਾਹ* ਨੇ ਆਪਣਾ ਦੂਤ ਘੱਲ ਕੇ ਮੈਨੂੰ ਹੇਰੋਦੇਸ ਦੇ ਹੱਥੋਂ ਅਤੇ ਉਨ੍ਹਾਂ ਸਾਰੀਆਂ ਗੱਲਾਂ ਤੋਂ ਬਚਾਇਆ ਹੈ ਜੋ ਯਹੂਦੀ ਮੇਰੇ ਨਾਲ ਹੋਣ ਦੀ ਆਸ ਲਾਈ ਬੈਠੇ ਸਨ।”+
12 ਇਸ ਗੱਲ ਦਾ ਅਹਿਸਾਸ ਹੋਣ ਤੋਂ ਬਾਅਦ, ਉਹ ਯੂਹੰਨਾ ਉਰਫ਼ ਮਰਕੁਸ+ ਦੀ ਮਾਤਾ ਮਰੀਅਮ ਦੇ ਘਰ ਚਲਾ ਗਿਆ ਅਤੇ ਉੱਥੇ ਕਈ ਚੇਲੇ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ। 13 ਜਦੋਂ ਉਸ ਨੇ ਬਾਹਰਲਾ ਦਰਵਾਜ਼ਾ ਖੜਕਾਇਆ, ਤਾਂ ਰੋਦੇ ਨਾਂ ਦੀ ਨੌਕਰਾਣੀ ਦੇਖਣ ਆਈ ਕਿ ਦਰਵਾਜ਼ਾ ਕਿਸ ਨੇ ਖੜਕਾਇਆ ਸੀ। 14 ਜਦੋਂ ਉਸ ਨੇ ਪਤਰਸ ਦੀ ਆਵਾਜ਼ ਪਛਾਣੀ, ਤਾਂ ਉਹ ਇੰਨੀ ਖ਼ੁਸ਼ ਹੋ ਗਈ ਕਿ ਦਰਵਾਜ਼ਾ ਖੋਲ੍ਹੇ ਬਿਨਾਂ ਹੀ ਭੱਜ ਕੇ ਅੰਦਰ ਚਲੀ ਗਈ ਅਤੇ ਉਸ ਨੇ ਸਾਰਿਆਂ ਨੂੰ ਦੱਸਿਆ ਕਿ ਦਰਵਾਜ਼ੇ ʼਤੇ ਪਤਰਸ ਖੜ੍ਹਾ ਹੈ। 15 ਉਨ੍ਹਾਂ ਨੇ ਉਸ ਨੂੰ ਕਿਹਾ: “ਤੂੰ ਤਾਂ ਕਮਲ਼ੀ ਹੋ ਗਈ ਹੈਂ।” ਪਰ ਉਹ ਜ਼ੋਰ ਦੇ ਕੇ ਕਹਿੰਦੀ ਰਹੀ ਕਿ ਬਾਹਰ ਪਤਰਸ ਖੜ੍ਹਾ ਹੈ। ਉਹ ਕਹਿਣ ਲੱਗੇ: “ਉਹ ਉਸ ਦਾ ਦੂਤ ਹੋਣਾ।” 16 ਪਰ ਪਤਰਸ ਬਾਹਰ ਖੜ੍ਹਾ ਦਰਵਾਜ਼ਾ ਖੜਕਾਉਂਦਾ ਰਿਹਾ। ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ, ਤਾਂ ਉਹ ਉਸ ਨੂੰ ਦੇਖ ਕੇ ਦੰਗ ਰਹਿ ਗਏ। 17 ਉਸ ਨੇ ਉਨ੍ਹਾਂ ਨੂੰ ਹੱਥ ਨਾਲ ਇਸ਼ਾਰਾ ਕਰ ਕੇ ਚੁੱਪ ਰਹਿਣ ਲਈ ਕਿਹਾ ਅਤੇ ਸਾਰਾ ਕੁਝ ਖੋਲ੍ਹ ਕੇ ਦੱਸਿਆ ਕਿ ਯਹੋਵਾਹ* ਨੇ ਉਸ ਨੂੰ ਜੇਲ੍ਹ ਵਿੱਚੋਂ ਕਿਵੇਂ ਛੁਡਾਇਆ ਸੀ। ਫਿਰ ਉਸ ਨੇ ਕਿਹਾ: “ਇਹ ਸਾਰੀਆਂ ਗੱਲਾਂ ਯਾਕੂਬ+ ਅਤੇ ਭਰਾਵਾਂ ਨੂੰ ਦੱਸ ਦਿਓ।” ਇਹ ਕਹਿ ਕੇ ਉਹ ਕਿਸੇ ਹੋਰ ਜਗ੍ਹਾ ਚਲਾ ਗਿਆ।
18 ਜਦੋਂ ਦਿਨ ਚੜ੍ਹਿਆ, ਤਾਂ ਸਿਪਾਹੀਆਂ ਵਿਚ ਹਲਚਲ ਮੱਚ ਗਈ ਕਿ ਪਤਰਸ ਕਿੱਥੇ ਚਲਾ ਗਿਆ ਹੈ। 19 ਹੇਰੋਦੇਸ ਨੇ ਹਰ ਜਗ੍ਹਾ ਉਸ ਦੀ ਭਾਲ ਕਰਵਾਈ ਅਤੇ ਜਦੋਂ ਉਹ ਨਾ ਮਿਲਿਆ, ਤਾਂ ਉਸ ਨੇ ਪਹਿਰੇਦਾਰਾਂ ਤੋਂ ਪੁੱਛ-ਗਿੱਛ ਕੀਤੀ ਅਤੇ ਹੁਕਮ ਦਿੱਤਾ ਕਿ ਪਹਿਰੇਦਾਰਾਂ ਨੂੰ ਲਿਜਾ ਕੇ ਸਜ਼ਾ ਦਿੱਤੀ ਜਾਵੇ।+ ਫਿਰ ਹੇਰੋਦੇਸ ਯਹੂਦਿਯਾ ਤੋਂ ਕੈਸਰੀਆ ਨੂੰ ਚਲਾ ਗਿਆ ਅਤੇ ਉੱਥੇ ਕੁਝ ਸਮਾਂ ਰਿਹਾ।
20 ਹੁਣ ਰਾਜਾ ਹੇਰੋਦੇਸ ਸੋਰ ਅਤੇ ਸੀਦੋਨ ਦੇ ਲੋਕਾਂ ਨਾਲ ਬਹੁਤ ਹੀ ਗੁੱਸੇ ਸੀ।* ਇਸ ਲਈ ਉਹ ਲੋਕ ਇਕ ਮਨ ਹੋ ਕੇ ਉਸ ਕੋਲ ਆਏ ਅਤੇ ਉਨ੍ਹਾਂ ਨੇ ਰਾਜੇ ਦੇ ਮਹਿਲ ਦੀ ਦੇਖ-ਰੇਖ ਕਰਨ ਵਾਲੇ ਬਲਾਸਤੁਸ ਨੂੰ ਮਨਾ ਲਿਆ ਕਿ ਉਹ ਰਾਜੇ ਨਾਲ ਉਨ੍ਹਾਂ ਦੀ ਸੁਲ੍ਹਾ ਕਰਾ ਦੇਵੇ ਕਿਉਂਕਿ ਉਨ੍ਹਾਂ ਦੇ ਦੇਸ਼ ਵਿਚ ਖਾਣ-ਪੀਣ ਦੀਆਂ ਚੀਜ਼ਾਂ ਰਾਜੇ ਦੇ ਦੇਸ਼ ਤੋਂ ਹੀ ਆਉਂਦੀਆਂ ਸਨ। 21 ਫਿਰ ਇਕ ਖ਼ਾਸ ਦਿਨ ʼਤੇ ਹੇਰੋਦੇਸ ਸ਼ਾਹੀ ਲਿਬਾਸ ਪਾ ਕੇ ਨਿਆਂ ਦੇ ਸਿੰਘਾਸਣ ਉੱਤੇ ਬੈਠ ਗਿਆ ਅਤੇ ਪਰਜਾ ਨੂੰ ਭਾਸ਼ਣ ਦੇਣ ਲੱਗਾ। 22 ਤਦ ਇਕੱਠੇ ਹੋਏ ਸਾਰੇ ਲੋਕ ਉੱਚੀ-ਉੱਚੀ ਕਹਿਣ ਲੱਗ ਪਏ: “ਇਹ ਇਨਸਾਨ ਦੀ ਆਵਾਜ਼ ਨਹੀਂ, ਸਗੋਂ ਦੇਵਤੇ ਦੀ ਆਵਾਜ਼ ਹੈ!” 23 ਉਸੇ ਵੇਲੇ ਯਹੋਵਾਹ* ਦੇ ਦੂਤ ਨੇ ਉਸ ਨੂੰ ਸਜ਼ਾ ਦਿੱਤੀ ਕਿਉਂਕਿ ਉਸ ਨੇ ਪਰਮੇਸ਼ੁਰ ਦੀ ਮਹਿਮਾ ਨਹੀਂ ਕੀਤੀ ਅਤੇ ਉਹ ਕੀੜੇ ਪੈ ਕੇ ਮਰ ਗਿਆ।
24 ਪਰ ਯਹੋਵਾਹ* ਦਾ ਬਚਨ ਫੈਲਦਾ ਗਿਆ ਅਤੇ ਨਵੇਂ ਚੇਲਿਆਂ ਦੀ ਗਿਣਤੀ ਵਧਦੀ ਗਈ।+
25 ਬਰਨਾਬਾਸ+ ਤੇ ਸੌਲੁਸ ਯਰੂਸ਼ਲਮ ਵਿਚ ਲੋੜਵੰਦ ਭਰਾਵਾਂ ਲਈ ਚੀਜ਼ਾਂ ਪਹੁੰਚਾਉਣ ਦਾ ਕੰਮ ਮੁਕਾ ਕੇ+ ਵਾਪਸ ਅੰਤਾਕੀਆ ਨੂੰ ਚਲੇ ਗਏ ਅਤੇ ਆਪਣੇ ਨਾਲ ਯੂਹੰਨਾ ਨੂੰ ਵੀ ਲੈ ਗਏ+ ਜੋ ਮਰਕੁਸ ਕਹਾਉਂਦਾ ਹੈ।