ਉਪਦੇਸ਼ਕ ਦੀ ਕਿਤਾਬ
6 ਮੈਂ ਧਰਤੀ ਉੱਤੇ ਇਕ ਹੋਰ ਅਫ਼ਸੋਸ ਦੀ ਗੱਲ ਦੇਖੀ ਜੋ ਇਨਸਾਨਾਂ ਵਿਚ ਆਮ ਹੈ: 2 ਸੱਚਾ ਪਰਮੇਸ਼ੁਰ ਇਨਸਾਨ ਨੂੰ ਧਨ-ਦੌਲਤ ਤੇ ਮਹਿਮਾ ਦਿੰਦਾ ਹੈ ਤਾਂਕਿ ਉਸ ਕੋਲ ਕਿਸੇ ਚੀਜ਼ ਦੀ ਘਾਟ ਨਾ ਹੋਵੇ ਜੋ ਉਹ ਚਾਹੁੰਦਾ ਹੈ; ਪਰ ਸੱਚਾ ਪਰਮੇਸ਼ੁਰ ਉਸ ਨੂੰ ਇਨ੍ਹਾਂ ਚੀਜ਼ਾਂ ਦਾ ਮਜ਼ਾ ਨਹੀਂ ਲੈਣ ਦਿੰਦਾ, ਸਗੋਂ ਅਜਨਬੀ ਇਨ੍ਹਾਂ ਦਾ ਮਜ਼ਾ ਲੈਂਦਾ ਹੈ। ਇਹ ਵਿਅਰਥ ਹੈ ਅਤੇ ਬਹੁਤ ਦੁੱਖ ਦੀ ਗੱਲ ਹੈ। 3 ਜੇ ਕੋਈ ਆਦਮੀ 100 ਬੱਚਿਆਂ ਦਾ ਪਿਤਾ ਬਣਦਾ ਹੈ ਅਤੇ ਬੁਢਾਪੇ ਤਕ ਲੰਬੀ ਜ਼ਿੰਦਗੀ ਜੀਉਂਦਾ ਹੈ, ਪਰ ਕਬਰ ਵਿਚ ਜਾਣ ਤੋਂ ਪਹਿਲਾਂ ਆਪਣੀਆਂ ਚੰਗੀਆਂ ਚੀਜ਼ਾਂ ਦਾ ਮਜ਼ਾ ਨਹੀਂ ਲੈਂਦਾ, ਤਾਂ ਮੈਂ ਕਹਿੰਦਾ ਹਾਂ ਕਿ ਉਸ ਆਦਮੀ ਨਾਲੋਂ ਮਰਿਆ ਪੈਦਾ ਹੋਇਆ ਬੱਚਾ ਕਿਤੇ ਚੰਗਾ ਹੈ।+ 4 ਉਸ ਬੱਚੇ ਦਾ ਦੁਨੀਆਂ ਵਿਚ ਆਉਣਾ ਵਿਅਰਥ ਸੀ ਅਤੇ ਉਹ ਬੇਨਾਮ ਹੀ ਹਨੇਰੇ ਵਿਚ ਗੁੰਮ ਹੋ ਗਿਆ। 5 ਭਾਵੇਂ ਉਸ ਨੇ ਸੂਰਜ ਦੀ ਰੌਸ਼ਨੀ ਤਕ ਨਹੀਂ ਦੇਖੀ ਜਾਂ ਉਸ ਨੇ ਕੁਝ ਨਹੀਂ ਜਾਣਿਆ, ਫਿਰ ਵੀ ਉਹ ਉਸ ਆਦਮੀ ਨਾਲੋਂ ਕਿਤੇ ਚੰਗਾ ਹੈ।+ 6 ਜੇ 2,000 ਸਾਲ ਜੀ ਕੇ ਵੀ ਜ਼ਿੰਦਗੀ ਦਾ ਮਜ਼ਾ ਨਹੀਂ ਲਿਆ, ਤਾਂ ਕੀ ਫ਼ਾਇਦਾ? ਕੀ ਸਾਰੇ ਜਣੇ ਇੱਕੋ ਹੀ ਜਗ੍ਹਾ ਨਹੀਂ ਜਾਂਦੇ?+
7 ਇਕ ਆਦਮੀ ਜਿੰਨੀ ਵੀ ਮਿਹਨਤ ਕਰਦਾ ਹੈ, ਆਪਣਾ ਢਿੱਡ ਭਰਨ ਲਈ ਕਰਦਾ ਹੈ,+ ਪਰ ਉਸ ਦੀ ਭੁੱਖ ਨਹੀਂ ਮਿਟਦੀ। 8 ਤਾਂ ਫਿਰ, ਬੁੱਧੀਮਾਨ ਇਨਸਾਨ ਮੂਰਖ ਨਾਲੋਂ ਕਿਵੇਂ ਚੰਗਾ ਹੋਇਆ?+ ਜਾਂ ਫਿਰ, ਜੇ ਗ਼ਰੀਬ ਆਪਣਾ ਗੁਜ਼ਾਰਾ ਕਰਨਾ* ਜਾਣਦਾ ਹੈ, ਤਾਂ ਇਸ ਦਾ ਉਸ ਨੂੰ ਕੀ ਫ਼ਾਇਦਾ? 9 ਉਨ੍ਹਾਂ ਚੀਜ਼ਾਂ ਦਾ ਮਜ਼ਾ ਲੈਣਾ ਚੰਗਾ ਹੈ ਜੋ ਅੱਖਾਂ ਸਾਮ੍ਹਣੇ ਹਨ, ਨਾ ਕਿ ਆਪਣੀਆਂ ਇੱਛਾਵਾਂ ਪਿੱਛੇ ਭੱਜਣਾ। ਇਹ ਵੀ ਵਿਅਰਥ ਹੈ ਅਤੇ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।
10 ਜੋ ਕੁਝ ਵੀ ਹੋਂਦ ਵਿਚ ਹੈ, ਉਸ ਦਾ ਪਹਿਲਾਂ ਹੀ ਨਾਂ ਰੱਖਿਆ ਜਾ ਚੁੱਕਾ ਹੈ ਅਤੇ ਇਹ ਪਤਾ ਲੱਗ ਗਿਆ ਹੈ ਕਿ ਇਨਸਾਨ ਹੈ ਹੀ ਕੀ; ਉਹ ਆਪਣੇ ਨਾਲੋਂ ਤਾਕਤਵਰ ਨਾਲ ਬਹਿਸ* ਨਹੀਂ ਕਰ ਸਕਦਾ। 11 ਬਹੁਤੀਆਂ ਗੱਲਾਂ* ਵਿਅਰਥ ਸਾਬਤ ਹੁੰਦੀਆਂ ਹਨ; ਇਨਸਾਨ ਨੂੰ ਉਨ੍ਹਾਂ ਦਾ ਕੀ ਫ਼ਾਇਦਾ? 12 ਕੌਣ ਜਾਣਦਾ ਹੈ ਕਿ ਛੋਟੀ ਜਿਹੀ ਵਿਅਰਥ ਜ਼ਿੰਦਗੀ ਵਿਚ ਇਨਸਾਨ ਲਈ ਕੀ ਕਰਨਾ ਸਭ ਤੋਂ ਵਧੀਆ ਹੈ ਜੋ ਪਰਛਾਵੇਂ ਵਾਂਗ ਬੀਤ ਜਾਂਦੀ ਹੈ?+ ਕੌਣ ਉਸ ਨੂੰ ਦੱਸ ਸਕਦਾ ਹੈ ਕਿ ਉਸ ਦੇ ਮਰਨ ਤੋਂ ਬਾਅਦ ਧਰਤੀ ਉੱਤੇ ਕੀ ਹੋਵੇਗਾ?