ਨਹਮਯਾਹ
5 ਪਰ ਆਦਮੀਆਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ਆਪਣੇ ਯਹੂਦੀ ਭਰਾਵਾਂ ਖ਼ਿਲਾਫ਼ ਉੱਚੀ-ਉੱਚੀ ਦੁਹਾਈ ਦਿੱਤੀ।+ 2 ਕੁਝ ਕਹਿ ਰਹੇ ਸਨ: “ਸਾਡੇ ਧੀਆਂ-ਪੁੱਤਰਾਂ ਸਣੇ ਸਾਡੀ ਗਿਣਤੀ ਬਹੁਤ ਜ਼ਿਆਦਾ ਹੈ। ਸਾਨੂੰ ਖਾਣ ਲਈ ਅਤੇ ਜੀਉਂਦੇ ਰਹਿਣ ਲਈ ਅਨਾਜ ਮਿਲਣਾ ਚਾਹੀਦਾ।” 3 ਕਈ ਹੋਰ ਕਹਿ ਰਹੇ ਸਨ: “ਕਾਲ਼ ਦੌਰਾਨ ਅਨਾਜ ਲੈਣ ਲਈ ਸਾਨੂੰ ਆਪਣੇ ਖੇਤ, ਆਪਣੇ ਅੰਗੂਰਾਂ ਦੇ ਬਾਗ਼ ਅਤੇ ਆਪਣੇ ਘਰ ਗਹਿਣੇ ਰੱਖਣੇ ਪੈ ਰਹੇ ਹਨ।” 4 ਕੁਝ ਹੋਰ ਕਹਿ ਰਹੇ ਸਨ: “ਰਾਜੇ ਨੂੰ ਨਜ਼ਰਾਨਾ ਦੇਣ ਲਈ ਅਸੀਂ ਆਪਣੇ ਖੇਤ ਅਤੇ ਆਪਣੇ ਅੰਗੂਰਾਂ ਦੇ ਬਾਗ਼ ਗਿਰਵੀ ਰੱਖ ਕੇ ਪੈਸੇ ਉਧਾਰ ਲਏ ਹਨ।+ 5 ਸਾਡਾ ਤੇ ਸਾਡੇ ਭਰਾਵਾਂ ਦਾ ਸਰੀਰ ਅਤੇ ਖ਼ੂਨ ਇੱਕੋ ਹੀ ਹੈ* ਅਤੇ ਸਾਡੇ ਬੱਚੇ ਵੀ ਉਨ੍ਹਾਂ ਦੇ ਬੱਚਿਆਂ ਵਰਗੇ ਹੀ ਹਨ; ਫਿਰ ਵੀ ਸਾਡੇ ਧੀਆਂ-ਪੁੱਤਰਾਂ ਨੂੰ ਗ਼ੁਲਾਮੀ ਕਰਨੀ ਪੈ ਰਹੀ ਹੈ ਅਤੇ ਸਾਡੀਆਂ ਕੁਝ ਧੀਆਂ ਤਾਂ ਪਹਿਲਾਂ ਹੀ ਗ਼ੁਲਾਮੀ ਕਰ ਰਹੀਆਂ ਹਨ।+ ਪਰ ਇਸ ਨੂੰ ਰੋਕਣਾ ਸਾਡੇ ਵੱਸ ਦੀ ਗੱਲ ਨਹੀਂ ਕਿਉਂਕਿ ਸਾਡੇ ਖੇਤ ਅਤੇ ਸਾਡੇ ਅੰਗੂਰਾਂ ਦੇ ਬਾਗ਼ ਦੂਜਿਆਂ ਕੋਲ ਹਨ।”
6 ਜਦੋਂ ਮੈਂ ਉਨ੍ਹਾਂ ਦੀ ਦੁਹਾਈ ਅਤੇ ਇਹ ਗੱਲਾਂ ਸੁਣੀਆਂ, ਤਾਂ ਮੈਨੂੰ ਬਹੁਤ ਗੁੱਸਾ ਆਇਆ। 7 ਇਸ ਲਈ ਮੈਂ ਆਪਣੇ ਮਨ ਵਿਚ ਇਨ੍ਹਾਂ ਗੱਲਾਂ ਬਾਰੇ ਸੋਚ-ਵਿਚਾਰ ਕੀਤਾ ਅਤੇ ਮਸਲੇ ਨੂੰ ਪ੍ਰਧਾਨਾਂ ਅਤੇ ਅਧਿਕਾਰੀਆਂ ਕੋਲ ਲੈ ਗਿਆ ਤੇ ਉਨ੍ਹਾਂ ਨੂੰ ਕਿਹਾ: “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਭਰਾ ਕੋਲੋਂ ਵਿਆਜ* ਮੰਗ ਰਿਹਾ ਹੈ।”+
ਨਾਲੇ ਉਨ੍ਹਾਂ ਕਰਕੇ ਮੈਂ ਇਕ ਵੱਡੀ ਸਭਾ ਬੁਲਾਈ। 8 ਮੈਂ ਉਨ੍ਹਾਂ ਨੂੰ ਕਿਹਾ: “ਸਾਡੇ ਹੱਥ-ਵੱਸ ਜੋ ਸੀ, ਉਹ ਕਰ ਕੇ ਅਸੀਂ ਆਪਣੇ ਯਹੂਦੀ ਭਰਾਵਾਂ ਨੂੰ ਵਾਪਸ ਖ਼ਰੀਦਿਆ ਜਿਨ੍ਹਾਂ ਨੂੰ ਕੌਮਾਂ ਦੇ ਹੱਥ ਵੇਚ ਦਿੱਤਾ ਗਿਆ ਸੀ; ਪਰ ਕੀ ਤੁਸੀਂ ਹੁਣ ਆਪਣੇ ਹੀ ਭਰਾਵਾਂ ਨੂੰ ਵੇਚ ਦਿਓਗੇ+ ਅਤੇ ਕੀ ਸਾਨੂੰ ਫਿਰ ਉਨ੍ਹਾਂ ਨੂੰ ਖ਼ਰੀਦਣਾ ਪਵੇਗਾ?” ਇਹ ਸੁਣ ਕੇ ਉਨ੍ਹਾਂ ਦੀ ਬੋਲਤੀ ਬੰਦ ਹੋ ਗਈ ਅਤੇ ਉਹ ਇਕ ਵੀ ਗੱਲ ਨਾ ਕਹਿ ਸਕੇ। 9 ਫਿਰ ਮੈਂ ਕਿਹਾ: “ਜੋ ਤੁਸੀਂ ਕਰ ਰਹੇ ਹੋ, ਉਹ ਠੀਕ ਨਹੀਂ। ਕੀ ਤੁਹਾਨੂੰ ਸਾਡੇ ਪਰਮੇਸ਼ੁਰ ਦਾ ਡਰ ਰੱਖ ਕੇ ਨਹੀਂ ਚੱਲਣਾ ਚਾਹੀਦਾ+ ਤਾਂਕਿ ਕੌਮਾਂ, ਹਾਂ, ਸਾਡੇ ਦੁਸ਼ਮਣ ਸਾਡੀ ਬਦਨਾਮੀ ਨਾ ਕਰ ਸਕਣ? 10 ਨਾਲੇ ਮੈਂ, ਮੇਰੇ ਭਰਾ ਅਤੇ ਮੇਰੇ ਸੇਵਾਦਾਰ ਉਨ੍ਹਾਂ ਨੂੰ ਪੈਸਾ ਅਤੇ ਅਨਾਜ ਉਧਾਰ ਦੇ ਰਹੇ ਹਾਂ। ਮੇਰੀ ਬੇਨਤੀ ਹੈ ਕਿ ਆਪਾਂ ਵਿਆਜ ʼਤੇ ਉਧਾਰ ਦੇਣਾ ਬੰਦ ਕਰ ਦੇਈਏ।+ 11 ਕਿਰਪਾ ਕਰ ਕੇ ਅੱਜ ਹੀ ਉਨ੍ਹਾਂ ਦੇ ਖੇਤ, ਉਨ੍ਹਾਂ ਦੇ ਅੰਗੂਰਾਂ ਦੇ ਬਾਗ਼, ਉਨ੍ਹਾਂ ਦੇ ਜ਼ੈਤੂਨ ਦੇ ਬਾਗ਼ ਅਤੇ ਉਨ੍ਹਾਂ ਦੇ ਘਰ ਵਾਪਸ ਕਰ ਦਿਓ।+ ਨਾਲੇ ਉਨ੍ਹਾਂ ਨੂੰ ਪੈਸੇ ਦਾ, ਅਨਾਜ ਦਾ, ਨਵੇਂ ਦਾਖਰਸ ਦਾ ਅਤੇ ਤੇਲ ਦਾ ਸੌਵਾਂ ਹਿੱਸਾ* ਮੋੜ ਦਿਓ ਜੋ ਤੁਸੀਂ ਉਨ੍ਹਾਂ ਤੋਂ ਵਿਆਜ ਵਜੋਂ ਲੈਂਦੇ ਹੋ।”
12 ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਅਸੀਂ ਇਹ ਸਭ ਉਨ੍ਹਾਂ ਨੂੰ ਮੋੜ ਦਿਆਂਗੇ ਅਤੇ ਬਦਲੇ ਵਿਚ ਕੁਝ ਨਹੀਂ ਮੰਗਾਂਗੇ। ਅਸੀਂ ਐਨ ਉਸੇ ਤਰ੍ਹਾਂ ਕਰਾਂਗੇ ਜਿੱਦਾਂ ਤੂੰ ਕਹਿੰਦਾ ਹੈਂ।” ਇਸ ਲਈ ਮੈਂ ਪੁਜਾਰੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਆਦਮੀਆਂ ਨੂੰ ਸਹੁੰ ਚੁਕਾਈ ਕਿ ਉਹ ਇਹ ਵਾਅਦਾ ਪੂਰਾ ਕਰਨ। 13 ਨਾਲੇ ਮੈਂ ਆਪਣੇ ਕੱਪੜੇ ਦੇ ਪੱਲੇ ਝਾੜੇ* ਤੇ ਕਿਹਾ: “ਸੱਚਾ ਪਰਮੇਸ਼ੁਰ ਇਸੇ ਤਰ੍ਹਾਂ ਉਸ ਹਰ ਆਦਮੀ ਨੂੰ ਉਸ ਦੇ ਘਰ ਤੋਂ ਅਤੇ ਉਸ ਦੀ ਜਾਇਦਾਦ ਤੋਂ ਝਾੜੇ ਜੋ ਇਹ ਵਾਅਦਾ ਪੂਰਾ ਨਾ ਕਰੇ। ਉਸ ਨੂੰ ਇਸੇ ਤਰ੍ਹਾਂ ਝਾੜਿਆ ਜਾਵੇ ਅਤੇ ਖਾਲੀ ਕੀਤਾ ਜਾਵੇ।” ਇਹ ਸੁਣ ਕੇ ਸਾਰੀ ਮੰਡਲੀ ਨੇ ਕਿਹਾ: “ਆਮੀਨ!”* ਫਿਰ ਉਨ੍ਹਾਂ ਨੇ ਯਹੋਵਾਹ ਦੀ ਵਡਿਆਈ ਕੀਤੀ ਅਤੇ ਲੋਕਾਂ ਨੇ ਆਪਣੇ ਵਾਅਦੇ ਦੇ ਮੁਤਾਬਕ ਕੀਤਾ।
14 ਇਸ ਤੋਂ ਇਲਾਵਾ, ਰਾਜੇ ਅਰਤਹਸ਼ਸਤਾ+ ਨੇ ਜਿਸ ਦਿਨ ਤੋਂ ਮੈਨੂੰ ਯਹੂਦਾਹ ਦੇਸ਼ ਵਿਚ ਉਨ੍ਹਾਂ ਦਾ ਰਾਜਪਾਲ ਬਣਾਇਆ ਹੈ,+ ਹਾਂ, ਰਾਜਾ ਅਰਤਹਸ਼ਸਤਾ ਦੇ ਰਾਜ ਦੇ 20ਵੇਂ ਸਾਲ+ ਤੋਂ ਲੈ ਕੇ 32ਵੇਂ ਸਾਲ ਤਕ+ ਯਾਨੀ 12 ਸਾਲਾਂ ਤਕ ਨਾ ਮੈਂ ਤੇ ਨਾ ਹੀ ਮੇਰੇ ਭਰਾਵਾਂ ਨੇ ਉਹ ਖਾਣਾ ਖਾਧਾ ਜੋ ਰਾਜਪਾਲ ਲਈ ਠਹਿਰਾਇਆ ਜਾਂਦਾ ਸੀ।+ 15 ਪਰ ਮੇਰੇ ਤੋਂ ਪਹਿਲਾਂ ਹੋਏ ਰਾਜਪਾਲ ਲੋਕਾਂ ʼਤੇ ਬੋਝ ਪਾਉਂਦੇ ਸਨ ਅਤੇ ਉਹ ਹਰ ਰੋਜ਼ ਉਨ੍ਹਾਂ ਤੋਂ ਰੋਟੀ ਅਤੇ ਦਾਖਰਸ ਬਦਲੇ 40 ਸ਼ੇਕੇਲ* ਚਾਂਦੀ ਲੈਂਦੇ ਸਨ। ਨਾਲੇ ਉਨ੍ਹਾਂ ਦੇ ਸੇਵਾਦਾਰ ਲੋਕਾਂ ʼਤੇ ਜ਼ੁਲਮ ਕਰਦੇ ਸਨ। ਪਰ ਪਰਮੇਸ਼ੁਰ ਦਾ ਡਰ ਹੋਣ ਕਰਕੇ+ ਮੈਂ ਇਸ ਤਰ੍ਹਾਂ ਨਹੀਂ ਕੀਤਾ।+
16 ਇਸ ਤੋਂ ਇਲਾਵਾ, ਮੈਂ ਇਹ ਕੰਧ ਬਣਾਉਣ ਵਿਚ ਹੱਥ ਵਟਾਇਆ ਅਤੇ ਅਸੀਂ ਕਿਸੇ ਦਾ ਖੇਤ ਨਹੀਂ ਲਿਆ;+ ਮੇਰੇ ਸਾਰੇ ਸੇਵਾਦਾਰ ਉੱਥੇ ਕੰਮ ਕਰਨ ਵਿਚ ਜੁਟੇ ਹੋਏ ਸਨ। 17 ਮੇਰੇ ਮੇਜ਼ ਤੋਂ 150 ਯਹੂਦੀ ਤੇ ਅਧਿਕਾਰੀ ਖਾਣਾ ਖਾਂਦੇ ਸਨ, ਨਾਲੇ ਉਹ ਲੋਕ ਵੀ ਖਾਂਦੇ ਸਨ ਜੋ ਕੌਮਾਂ ਵਿੱਚੋਂ ਸਾਡੇ ਕੋਲ ਆਏ ਸਨ। 18 ਮੇਰੇ ਪੈਸਿਆਂ ਨਾਲ* ਹਰ ਰੋਜ਼ ਇਕ ਬਲਦ, ਛੇ ਪਲ਼ੀਆਂ ਹੋਈਆਂ ਭੇਡਾਂ ਅਤੇ ਪੰਛੀ ਤਿਆਰ ਕੀਤੇ ਜਾਂਦੇ ਸਨ ਅਤੇ ਦਸਾਂ ਦਿਨਾਂ ਵਿਚ ਇਕ ਵਾਰ ਸਾਨੂੰ ਤਰ੍ਹਾਂ-ਤਰ੍ਹਾਂ ਦਾ ਦਾਖਰਸ ਬਹੁਤਾਤ ਵਿਚ ਦਿੱਤਾ ਜਾਂਦਾ ਸੀ। ਇਸ ਦੇ ਬਾਵਜੂਦ ਮੈਂ ਉਸ ਖਾਣੇ ਦੀ ਮੰਗ ਨਹੀਂ ਕੀਤੀ ਜੋ ਰਾਜਪਾਲ ਲਈ ਠਹਿਰਾਇਆ ਜਾਂਦਾ ਸੀ ਕਿਉਂਕਿ ਲੋਕੀ ਤਾਂ ਪਹਿਲਾਂ ਹੀ ਸੇਵਾ ਦੇ ਬੋਝ ਥੱਲੇ ਦੱਬੇ ਹੋਏ ਸਨ। 19 ਹੇ ਮੇਰੇ ਪਰਮੇਸ਼ੁਰ, ਇਨ੍ਹਾਂ ਲੋਕਾਂ ਖ਼ਾਤਰ ਮੈਂ ਜੋ ਕੁਝ ਕੀਤਾ ਹੈ, ਉਸ ਦੇ ਬਦਲੇ ਮੈਨੂੰ ਯਾਦ ਰੱਖੀਂ ਅਤੇ ਮੇਰੇ ʼਤੇ ਮਿਹਰ ਕਰੀਂ।*+