ਪਹਿਲਾ ਸਮੂਏਲ
20 ਫਿਰ ਦਾਊਦ ਰਾਮਾਹ ਦੇ ਨਾਯੋਥ ਤੋਂ ਭੱਜ ਗਿਆ। ਉਹ ਯੋਨਾਥਾਨ ਕੋਲ ਆਇਆ ਤੇ ਉਸ ਨੂੰ ਕਿਹਾ: “ਮੈਂ ਕੀ ਕੀਤਾ ਹੈ?+ ਮੇਰਾ ਕਸੂਰ ਕੀ ਹੈ ਤੇ ਮੈਂ ਤੇਰੇ ਪਿਤਾ ਖ਼ਿਲਾਫ਼ ਕਿਹੜਾ ਪਾਪ ਕੀਤਾ ਹੈ ਜੋ ਉਹ ਮੇਰੀ ਜਾਨ ਦੇ ਪਿੱਛੇ ਪਿਆ ਹੋਇਆ ਹੈ?” 2 ਇਹ ਸੁਣ ਕੇ ਯੋਨਾਥਾਨ ਨੇ ਕਿਹਾ: “ਇਸ ਤਰ੍ਹਾਂ ਹੋ ਹੀ ਨਹੀਂ ਸਕਦਾ!+ ਤੂੰ ਨਹੀਂ ਮਰੇਂਗਾ। ਦੇਖ! ਮੇਰਾ ਪਿਤਾ ਮੈਨੂੰ ਦੱਸੇ ਬਿਨਾਂ ਕੋਈ ਵੀ ਕੰਮ ਨਹੀਂ ਕਰਦਾ, ਚਾਹੇ ਉਹ ਛੋਟਾ ਕੰਮ ਹੋਵੇ ਜਾਂ ਵੱਡਾ। ਤਾਂ ਫਿਰ, ਮੇਰਾ ਪਿਤਾ ਇਹ ਗੱਲ ਮੈਥੋਂ ਕਿਉਂ ਲੁਕਾਏਗਾ? ਇਸ ਤਰ੍ਹਾਂ ਨਹੀਂ ਹੋਵੇਗਾ।” 3 ਪਰ ਦਾਊਦ ਨੇ ਸਹੁੰ ਖਾ ਕੇ ਕਿਹਾ: “ਤੇਰਾ ਪਿਤਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੇਰੇ ʼਤੇ ਤੇਰੀ ਮਿਹਰ ਹੈ+ ਅਤੇ ਉਹ ਕਹੇਗਾ, ‘ਯੋਨਾਥਾਨ ਨੂੰ ਇਸ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ, ਨਹੀਂ ਤਾਂ ਉਹ ਗੁੱਸੇ ਹੋ ਜਾਵੇਗਾ।’ ਪਰ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਅਤੇ ਤੇਰੀ ਜਾਨ ਦੀ ਸਹੁੰ, ਮੇਰੇ ਤੇ ਮੌਤ ਦੇ ਵਿਚ ਬੱਸ ਇਕ ਕਦਮ ਦਾ ਫ਼ਾਸਲਾ ਹੈ!”+
4 ਫਿਰ ਯੋਨਾਥਾਨ ਨੇ ਦਾਊਦ ਨੂੰ ਕਿਹਾ: “ਤੂੰ ਜੋ ਵੀ ਕਹੇਂਗਾ, ਮੈਂ ਤੇਰੇ ਲਈ ਕਰਾਂਗਾ।” 5 ਦਾਊਦ ਨੇ ਯੋਨਾਥਾਨ ਨੂੰ ਕਿਹਾ: “ਕੱਲ੍ਹ ਮੱਸਿਆ* ਹੈ+ ਅਤੇ ਮੈਨੂੰ ਰਾਜੇ ਨਾਲ ਖਾਣਾ ਖਾਣ ਲਈ ਬੈਠਣਾ ਪੈਣਾ; ਪਰ ਤੂੰ ਮੈਨੂੰ ਭੇਜ ਦੇ ਤੇ ਮੈਂ ਮੈਦਾਨ ਵਿਚ ਤੀਸਰੇ ਦਿਨ ਦੀ ਸ਼ਾਮ ਤਕ ਲੁਕਿਆ ਰਹਾਂਗਾ। 6 ਜੇ ਤੇਰੇ ਪਿਤਾ ਨੇ ਮੇਰੇ ਬਾਰੇ ਪੁੱਛ ਲਿਆ, ਤਾਂ ਕਹਿ ਦੇਈਂ, ‘ਦਾਊਦ ਨੇ ਮੇਰੇ ਅੱਗੇ ਮਿੰਨਤ ਕੀਤੀ ਸੀ ਕਿ ਮੈਂ ਉਸ ਨੂੰ ਤੁਰੰਤ ਉਸ ਦੇ ਸ਼ਹਿਰ ਬੈਤਲਹਮ+ ਜਾਣ ਦੀ ਇਜਾਜ਼ਤ ਦਿਆਂ ਕਿਉਂਕਿ ਉਸ ਦੇ ਸਾਰੇ ਪਰਿਵਾਰ ਨੇ ਉੱਥੇ ਸਾਲਾਨਾ ਬਲ਼ੀ ਚੜ੍ਹਾਉਣੀ ਹੈ।’+ 7 ਜੇ ਉਸ ਨੇ ਜਵਾਬ ਦਿੱਤਾ, ‘ਠੀਕ ਹੈ,’ ਤਾਂ ਇਸ ਦਾ ਮਤਲਬ ਤੇਰਾ ਸੇਵਕ ਸਹੀ-ਸਲਾਮਤ ਰਹੇਗਾ। ਪਰ ਜੇ ਉਸ ਨੂੰ ਗੁੱਸਾ ਚੜ੍ਹ ਗਿਆ, ਤਾਂ ਸਮਝ ਲਈਂ ਕਿ ਉਸ ਨੇ ਮੈਨੂੰ ਨੁਕਸਾਨ ਪਹੁੰਚਾਉਣ ਦੀ ਠਾਣੀ ਹੋਈ ਹੈ। 8 ਆਪਣੇ ਸੇਵਕ ਲਈ ਅਟੱਲ ਪਿਆਰ ਦਿਖਾਈਂ+ ਕਿਉਂਕਿ ਤੂੰ ਆਪਣੇ ਸੇਵਕ ਨਾਲ ਯਹੋਵਾਹ ਦੇ ਸਾਮ੍ਹਣੇ ਇਕਰਾਰ ਕੀਤਾ ਹੈ।+ ਪਰ ਜੇ ਮੈਂ ਦੋਸ਼ੀ ਹਾਂ,+ ਤਾਂ ਤੂੰ ਆਪ ਮੈਨੂੰ ਮਾਰ ਦੇ। ਮੈਨੂੰ ਆਪਣੇ ਪਿਤਾ ਦੇ ਹਵਾਲੇ ਕਰਨ ਦੀ ਕੀ ਲੋੜ ਹੈ?”
9 ਇਹ ਸੁਣ ਕੇ ਯੋਨਾਥਾਨ ਨੇ ਕਿਹਾ: “ਮੈਂ ਤੇਰੇ ਬਾਰੇ ਇਸ ਤਰ੍ਹਾਂ ਸੋਚ ਵੀ ਨਹੀਂ ਸਕਦਾ! ਜੇ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਪਿਤਾ ਨੇ ਤੈਨੂੰ ਨੁਕਸਾਨ ਪਹੁੰਚਾਉਣ ਦੀ ਠਾਣੀ ਹੋਈ ਹੈ, ਤਾਂ ਕੀ ਮੈਂ ਤੈਨੂੰ ਨਹੀਂ ਦੱਸਾਂਗਾ?”+ 10 ਫਿਰ ਦਾਊਦ ਨੇ ਯੋਨਾਥਾਨ ਨੂੰ ਪੁੱਛਿਆ: “ਮੈਨੂੰ ਇਹ ਕੌਣ ਦੱਸੇਗਾ ਕਿ ਤੇਰੇ ਪਿਤਾ ਨੇ ਤੈਨੂੰ ਗੁੱਸੇ ਨਾਲ ਜਵਾਬ ਦਿੱਤਾ ਹੈ?” 11 ਯੋਨਾਥਾਨ ਨੇ ਦਾਊਦ ਨੂੰ ਕਿਹਾ: “ਚੱਲ ਆਪਾਂ ਬਾਹਰ ਮੈਦਾਨ ਵਿਚ ਚੱਲਦੇ ਹਾਂ।” ਇਸ ਲਈ ਉਹ ਦੋਵੇਂ ਬਾਹਰ ਮੈਦਾਨ ਵਿਚ ਚਲੇ ਗਏ। 12 ਯੋਨਾਥਾਨ ਨੇ ਦਾਊਦ ਨੂੰ ਕਿਹਾ: “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਸ ਗੱਲ ਦਾ ਗਵਾਹ ਹੋਵੇ ਕਿ ਮੈਂ ਕੱਲ੍ਹ ਜਾਂ ਪਰਸੋਂ ਇਸ ਵੇਲੇ ਤਕ ਪਤਾ ਲਗਾ ਲਵਾਂਗਾ ਕਿ ਮੇਰੇ ਪਿਤਾ ਦੇ ਦਿਲ ਵਿਚ ਕੀ ਹੈ। ਜੇ ਉਹ ਦਾਊਦ ਦਾ ਭਲਾ ਚਾਹੁੰਦਾ ਹੋਇਆ, ਤਾਂ ਕੀ ਮੈਂ ਸੰਦੇਸ਼ ਭੇਜ ਕੇ ਤੈਨੂੰ ਇਹ ਖ਼ਬਰ ਨਹੀਂ ਪਹੁੰਚਾਵਾਂਗਾ? 13 ਪਰ ਜੇ ਮੇਰੇ ਪਿਤਾ ਦਾ ਇਰਾਦਾ ਤੈਨੂੰ ਨੁਕਸਾਨ ਪਹੁੰਚਾਉਣ ਦਾ ਹੋਇਆ ਅਤੇ ਮੈਂ ਤੈਨੂੰ ਇਸ ਬਾਰੇ ਨਾ ਦੱਸਿਆ ਤੇ ਤੈਨੂੰ ਸਹੀ-ਸਲਾਮਤ ਨਾ ਭੇਜਿਆ, ਤਾਂ ਯਹੋਵਾਹ ਯੋਨਾਥਾਨ ਦਾ ਵੀ ਉੱਨਾ ਹੀ ਨੁਕਸਾਨ ਕਰੇ, ਸਗੋਂ ਇਸ ਤੋਂ ਵੀ ਜ਼ਿਆਦਾ ਕਰੇ। ਮੇਰੀ ਇਹੀ ਦੁਆ ਹੈ ਕਿ ਯਹੋਵਾਹ ਤੇਰੇ ਨਾਲ ਹੋਵੇ+ ਜਿਵੇਂ ਉਹ ਮੇਰੇ ਪਿਤਾ ਦੇ ਨਾਲ ਹੁੰਦਾ ਸੀ।+ 14 ਜਦ ਤਕ ਮੈਂ ਜੀਉਂਦਾ ਹਾਂ ਤੇ ਭਾਵੇਂ ਮੈਂ ਮਰ ਵੀ ਜਾਵਾਂ, ਫਿਰ ਵੀ ਕੀ ਤੂੰ ਮੈਨੂੰ ਯਹੋਵਾਹ ਦਾ ਅਟੱਲ ਪਿਆਰ ਨਹੀਂ ਦਿਖਾਏਂਗਾ?+ 15 ਮੇਰੇ ਘਰਾਣੇ ਨਾਲ ਅਟੱਲ ਪਿਆਰ ਕਰਨ ਤੋਂ ਕਦੇ ਨਾ ਹਟੀਂ,+ ਉਦੋਂ ਵੀ ਜਦੋਂ ਯਹੋਵਾਹ ਦਾਊਦ ਦੇ ਸਾਰੇ ਦੁਸ਼ਮਣਾਂ ਨੂੰ ਧਰਤੀ ਤੋਂ ਮਿਟਾ ਦੇਵੇਗਾ।” 16 ਇਸ ਲਈ ਯੋਨਾਥਾਨ ਨੇ ਦਾਊਦ ਦੇ ਘਰਾਣੇ ਨਾਲ ਇਹ ਕਹਿੰਦੇ ਹੋਏ ਇਕਰਾਰ ਕੀਤਾ: “ਯਹੋਵਾਹ ਦਾਊਦ ਦੇ ਦੁਸ਼ਮਣਾਂ ਤੋਂ ਲੇਖਾ ਲਵੇਗਾ।” 17 ਫਿਰ ਯੋਨਾਥਾਨ ਨੇ ਆਪਣੇ ਲਈ ਦਾਊਦ ਦੇ ਪਿਆਰ ਦੀ ਦਾਊਦ ਨੂੰ ਦੁਬਾਰਾ ਸਹੁੰ ਖਿਲਾਈ ਕਿਉਂਕਿ ਯੋਨਾਥਾਨ ਦਾਊਦ ਨਾਲ ਆਪਣੀ ਜਾਨ ਜਿੰਨਾ ਪਿਆਰ ਕਰਦਾ ਸੀ।+
18 ਇਸ ਤੋਂ ਬਾਅਦ ਯੋਨਾਥਾਨ ਨੇ ਉਸ ਨੂੰ ਕਿਹਾ: “ਕੱਲ੍ਹ ਮੱਸਿਆ ਹੈ+ ਤੇ ਤੇਰੀ ਜਗ੍ਹਾ ਖਾਲੀ ਦੇਖ ਕੇ ਮੇਰਾ ਪਿਤਾ ਤੈਨੂੰ ਲੱਭਣ ਦੀ ਕੋਸ਼ਿਸ਼ ਕਰੇਗਾ। 19 ਪਰਸੋਂ ਉਹ ਤੇਰੇ ਬਾਰੇ ਜ਼ਰੂਰ ਪੁੱਛੇਗਾ ਅਤੇ ਤੂੰ ਉਸ ਜਗ੍ਹਾ ਜਾਈਂ ਜਿੱਥੇ ਤੂੰ ਉਸ ਦਿਨ* ਲੁਕਿਆ ਸੀ ਤੇ ਇਸ ਪੱਥਰ ਦੇ ਨੇੜੇ ਰਹੀਂ। 20 ਫਿਰ ਮੈਂ ਇਸ ਦੇ ਇਕ ਪਾਸੇ ਤਿੰਨ ਤੀਰ ਮਾਰਾਂਗਾ ਜਿਵੇਂ ਕਿ ਮੈਂ ਨਿਸ਼ਾਨਾ ਲਗਾ ਰਿਹਾ ਹੋਵਾਂ। 21 ਜਦ ਮੈਂ ਸੇਵਾਦਾਰ ਨੂੰ ਘੱਲਾਂਗਾ, ਤਾਂ ਮੈਂ ਕਹਾਂਗਾ, ‘ਜਾਹ, ਤੀਰ ਲੱਭ ਕੇ ਲਿਆ।’ ਜੇ ਮੈਂ ਸੇਵਾਦਾਰ ਨੂੰ ਕਹਾਂ, ‘ਦੇਖ! ਤੀਰ ਤੇਰੇ ਇਸ ਪਾਸੇ ਹਨ, ਉਨ੍ਹਾਂ ਨੂੰ ਲਿਆ,’ ਤਾਂ ਤੂੰ ਵਾਪਸ ਆ ਸਕਦਾ ਹੈਂ ਕਿਉਂਕਿ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਇਸ ਦਾ ਮਤਲਬ ਹੋਵੇਗਾ ਕਿ ਤੇਰੇ ਲਈ ਸਭ ਠੀਕ-ਠਾਕ ਹੈ ਤੇ ਤੈਨੂੰ ਕੋਈ ਖ਼ਤਰਾ ਨਹੀਂ। 22 ਪਰ ਜੇ ਮੈਂ ਮੁੰਡੇ ਨੂੰ ਕਹਾਂ, ‘ਦੇਖ! ਤੀਰ ਤੇਰੇ ਤੋਂ ਦੂਰ ਹਨ,’ ਤਾਂ ਤੂੰ ਚਲਾ ਜਾਈਂ ਕਿਉਂਕਿ ਯਹੋਵਾਹ ਤੈਨੂੰ ਘੱਲ ਰਿਹਾ ਹੋਵੇਗਾ। 23 ਜੋ ਇਕਰਾਰ ਅਸੀਂ ਇਕ-ਦੂਜੇ ਨਾਲ ਕੀਤਾ ਹੈ,+ ਯਹੋਵਾਹ ਸਦਾ ਲਈ ਉਸ ਦਾ ਗਵਾਹ ਹੋਵੇ।”+
24 ਫਿਰ ਦਾਊਦ ਮੈਦਾਨ ਵਿਚ ਲੁਕ ਗਿਆ। ਜਦ ਮੱਸਿਆ ਆਈ, ਤਾਂ ਰਾਜਾ ਖਾਣਾ ਖਾਣ ਲਈ ਆਪਣੀ ਜਗ੍ਹਾ ਬੈਠ ਗਿਆ।+ 25 ਰਾਜਾ ਕੰਧ ਕੋਲ ਉਸ ਜਗ੍ਹਾ ਬੈਠਾ ਸੀ ਜਿੱਥੇ ਉਹ ਹਮੇਸ਼ਾ ਬੈਠਦਾ ਸੀ। ਯੋਨਾਥਾਨ ਉਸ ਦੇ ਸਾਮ੍ਹਣੇ ਸੀ ਅਤੇ ਅਬਨੇਰ+ ਸ਼ਾਊਲ ਦੇ ਨਾਲ ਬੈਠਾ ਸੀ, ਪਰ ਦਾਊਦ ਦੀ ਜਗ੍ਹਾ ਖਾਲੀ ਸੀ। 26 ਸ਼ਾਊਲ ਨੇ ਉਸ ਦਿਨ ਕੁਝ ਨਹੀਂ ਕਿਹਾ ਕਿਉਂਕਿ ਉਸ ਨੇ ਸੋਚਿਆ: ‘ਕੁਝ ਹੋ ਗਿਆ ਹੋਣਾ ਜਿਸ ਕਰਕੇ ਉਹ ਸ਼ੁੱਧ ਨਹੀਂ ਹੋਣਾ।+ ਹਾਂ, ਉਹ ਅਸ਼ੁੱਧ ਹੋ ਗਿਆ ਹੋਣਾ।’ 27 ਮੱਸਿਆ ਤੋਂ ਅਗਲੇ ਦਿਨ ਯਾਨੀ ਦੂਸਰੇ ਦਿਨ ਵੀ ਦਾਊਦ ਦੀ ਜਗ੍ਹਾ ਖਾਲੀ ਸੀ। ਇਸ ਲਈ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਪੁੱਛਿਆ: “ਯੱਸੀ ਦਾ ਪੁੱਤਰ+ ਖਾਣਾ ਖਾਣ ਕਿਉਂ ਨਹੀਂ ਆਇਆ, ਉਹ ਨਾ ਕੱਲ੍ਹ ਆਇਆ, ਨਾ ਅੱਜ?” 28 ਯੋਨਾਥਾਨ ਨੇ ਸ਼ਾਊਲ ਨੂੰ ਜਵਾਬ ਦਿੱਤਾ: “ਦਾਊਦ ਨੇ ਮੇਰੇ ਅੱਗੇ ਮਿੰਨਤ ਕੀਤੀ ਸੀ ਕਿ ਮੈਂ ਉਸ ਨੂੰ ਬੈਤਲਹਮ ਜਾਣ ਦੀ ਇਜਾਜ਼ਤ ਦੇ ਦਿਆਂ।+ 29 ਉਸ ਨੇ ਕਿਹਾ, ‘ਕਿਰਪਾ ਕਰ ਕੇ ਮੈਨੂੰ ਜਾਣ ਦੀ ਇਜਾਜ਼ਤ ਦੇ ਕਿਉਂਕਿ ਸਾਡੇ ਪਰਿਵਾਰ ਨੇ ਸ਼ਹਿਰ ਵਿਚ ਬਲ਼ੀ ਚੜ੍ਹਾਉਣੀ ਹੈ ਤੇ ਮੇਰੇ ਸਕੇ ਭਰਾ ਨੇ ਮੈਨੂੰ ਬੁਲਾਇਆ ਹੈ। ਇਸ ਲਈ ਜੇ ਮੇਰੇ ʼਤੇ ਤੇਰੀ ਮਿਹਰ ਹੈ, ਤਾਂ ਕਿਰਪਾ ਕਰ ਕੇ ਮੈਨੂੰ ਚੁੱਪ-ਚਪੀਤੇ ਜਾਣ ਦੇ ਤਾਂਕਿ ਮੈਂ ਆਪਣੇ ਭਰਾਵਾਂ ਨੂੰ ਮਿਲ ਆਵਾਂ।’ ਇਸੇ ਲਈ ਉਹ ਰਾਜੇ ਦੇ ਮੇਜ਼ ʼਤੇ ਨਹੀਂ ਆਇਆ।” 30 ਇਹ ਸੁਣ ਕੇ ਸ਼ਾਊਲ ਯੋਨਾਥਾਨ ʼਤੇ ਗੁੱਸੇ ਨਾਲ ਭੜਕ ਉੱਠਿਆ ਤੇ ਉਸ ਨੂੰ ਕਿਹਾ: “ਓਏ ਬਾਗ਼ੀ ਔਰਤ ਦੇ ਪੁੱਤਰਾ, ਤੈਨੂੰ ਕੀ ਲੱਗਦਾ ਕਿ ਮੈਨੂੰ ਪਤਾ ਨਹੀਂ ਕਿ ਤੂੰ ਯੱਸੀ ਦੇ ਪੁੱਤਰ ਦਾ ਪੱਖ ਲੈ ਰਿਹਾ ਹੈਂ? ਇਸ ਤਰ੍ਹਾਂ ਕਰ ਕੇ ਤੂੰ ਆਪਣੀ ਤੇ ਆਪਣੀ ਮਾਂ ਦੀ ਬੇਇੱਜ਼ਤੀ ਕਰ ਰਿਹਾ ਹੈਂ।* 31 ਯੱਸੀ ਦੇ ਪੁੱਤਰ ਦੇ ਜੀਉਂਦੇ-ਜੀ ਨਾ ਤੂੰ ਜ਼ਿਆਦਾ ਦੇਰ ਰਹਿਣਾ ਤੇ ਨਾ ਹੀ ਤੇਰਾ ਰਾਜ।+ ਇਸ ਲਈ ਹੁਣ ਕਿਸੇ ਨੂੰ ਭੇਜ ਕੇ ਉਸ ਨੂੰ ਮੇਰੇ ਕੋਲ ਲਿਆ ਕਿਉਂਕਿ ਉਸ ਨੂੰ ਮਰਨਾ ਹੀ ਪਵੇਗਾ।”*+
32 ਪਰ ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਕਿਹਾ: “ਕਿਉਂ, ਉਸ ਨੂੰ ਕਿਉਂ ਮਰਨਾ ਪੈਣਾ?+ ਉਸ ਨੇ ਕੀਤਾ ਕੀ ਹੈ?” 33 ਇਹ ਸੁਣ ਕੇ ਸ਼ਾਊਲ ਨੇ ਉਸ ਨੂੰ ਮਾਰਨ ਲਈ ਉਸ ਵੱਲ ਬਰਛਾ ਵਗਾਹ ਕੇ ਮਾਰਿਆ+ ਤੇ ਯੋਨਾਥਾਨ ਜਾਣ ਗਿਆ ਕਿ ਉਸ ਦੇ ਪਿਤਾ ਨੇ ਦਾਊਦ ਨੂੰ ਜਾਨੋਂ ਮਾਰਨ ਦੀ ਠਾਣੀ ਹੋਈ ਸੀ।+ 34 ਯੋਨਾਥਾਨ ਉਸੇ ਵੇਲੇ ਗੁੱਸੇ ਵਿਚ ਮੇਜ਼ ਤੋਂ ਉੱਠ ਖੜ੍ਹਾ ਹੋਇਆ ਤੇ ਉਸ ਨੇ ਮੱਸਿਆ ਤੋਂ ਦੂਜੇ ਦਿਨ ਕੁਝ ਨਹੀਂ ਖਾਧਾ ਕਿਉਂਕਿ ਉਹ ਦਾਊਦ ਦੇ ਕਰਕੇ ਦੁਖੀ ਸੀ+ ਕਿ ਉਸ ਦੇ ਪਿਤਾ ਨੇ ਦਾਊਦ ਨੂੰ ਬੇਇੱਜ਼ਤ ਕੀਤਾ।
35 ਸਵੇਰੇ ਯੋਨਾਥਾਨ ਆਪਣੇ ਕਹੇ ਮੁਤਾਬਕ ਦਾਊਦ ਨੂੰ ਮਿਲਣ ਲਈ ਮੈਦਾਨ ਵਿਚ ਗਿਆ ਅਤੇ ਉਸ ਨਾਲ ਇਕ ਜਵਾਨ ਸੇਵਾਦਾਰ ਸੀ।+ 36 ਉਸ ਨੇ ਆਪਣੇ ਸੇਵਾਦਾਰ ਨੂੰ ਕਿਹਾ: “ਮੈਂ ਤੀਰ ਮਾਰਾਂਗਾ। ਤੂੰ ਭੱਜ ਕੇ ਉਨ੍ਹਾਂ ਨੂੰ ਲੱਭ ਲਿਆਈਂ।” ਸੇਵਾਦਾਰ ਭੱਜ ਕੇ ਗਿਆ ਤੇ ਯੋਨਾਥਾਨ ਨੇ ਉਸ ਤੋਂ ਅਗਾਂਹ ਤੀਰ ਮਾਰਿਆ। 37 ਜਦ ਸੇਵਾਦਾਰ ਉਸ ਜਗ੍ਹਾ ਪਹੁੰਚਿਆ ਜਿੱਥੇ ਯੋਨਾਥਾਨ ਨੇ ਤੀਰ ਮਾਰਿਆ ਸੀ, ਤਾਂ ਯੋਨਾਥਾਨ ਨੇ ਸੇਵਾਦਾਰ ਨੂੰ ਪੁਕਾਰ ਕੇ ਕਿਹਾ: “ਕੀ ਤੀਰ ਤੇਰੇ ਤੋਂ ਅਗਾਂਹ ਨਹੀਂ ਚਲਾ ਗਿਆ?” 38 ਯੋਨਾਥਾਨ ਨੇ ਆਪਣੇ ਸੇਵਾਦਾਰ ਨੂੰ ਆਵਾਜ਼ ਮਾਰ ਕੇ ਕਿਹਾ: “ਛੇਤੀ ਕਰ! ਫਟਾਫਟ ਜਾਹ! ਦੇਰ ਨਾ ਕਰ!” ਅਤੇ ਯੋਨਾਥਾਨ ਦੇ ਸੇਵਾਦਾਰ ਨੇ ਤੀਰ ਚੁੱਕੇ ਤੇ ਵਾਪਸ ਆਪਣੇ ਮਾਲਕ ਕੋਲ ਆ ਗਿਆ। 39 ਸੇਵਾਦਾਰ ਨੂੰ ਪਤਾ ਨਹੀਂ ਲੱਗਾ ਕਿ ਇਸ ਸਭ ਦਾ ਕੀ ਮਤਲਬ ਸੀ। ਸਿਰਫ਼ ਯੋਨਾਥਾਨ ਤੇ ਦਾਊਦ ਇਸ ਦਾ ਮਤਲਬ ਜਾਣਦੇ ਸਨ। 40 ਫਿਰ ਯੋਨਾਥਾਨ ਨੇ ਆਪਣੇ ਹਥਿਆਰ ਸੇਵਾਦਾਰ ਨੂੰ ਦੇ ਦਿੱਤੇ ਤੇ ਉਸ ਨੂੰ ਕਿਹਾ: “ਜਾਹ, ਇਨ੍ਹਾਂ ਨੂੰ ਲੈ ਕੇ ਸ਼ਹਿਰ ਚਲਾ ਜਾ।”
41 ਜਦ ਸੇਵਾਦਾਰ ਚਲਾ ਗਿਆ, ਤਾਂ ਦਾਊਦ ਉਸ ਜਗ੍ਹਾ ਤੋਂ ਉੱਠਿਆ ਜੋ ਲਾਗੇ ਹੀ ਦੱਖਣ ਵੱਲ ਸੀ। ਫਿਰ ਉਸ ਨੇ ਗੋਡਿਆਂ ਭਾਰ ਬੈਠ ਕੇ ਤਿੰਨ ਵਾਰ ਜ਼ਮੀਨ ਤਕ ਸਿਰ ਨਿਵਾਇਆ ਤੇ ਉਨ੍ਹਾਂ ਦੋਹਾਂ ਨੇ ਇਕ-ਦੂਜੇ ਨੂੰ ਚੁੰਮਿਆ ਤੇ ਇਕ-ਦੂਜੇ ਲਈ ਰੋਏ, ਪਰ ਦਾਊਦ ਜ਼ਿਆਦਾ ਰੋਇਆ। 42 ਯੋਨਾਥਾਨ ਨੇ ਦਾਊਦ ਨੂੰ ਕਿਹਾ: “ਸ਼ਾਂਤੀ ਨਾਲ ਜਾਹ ਕਿਉਂਕਿ ਅਸੀਂ ਦੋਹਾਂ ਨੇ ਯਹੋਵਾਹ ਦੇ ਨਾਂ ʼਤੇ ਇਹ ਕਹਿੰਦੇ ਹੋਏ ਸਹੁੰ ਖਾਧੀ ਹੈ,+ ‘ਯਹੋਵਾਹ ਹਮੇਸ਼ਾ ਲਈ ਤੇਰੇ ਤੇ ਮੇਰੇ ਵਿਚਕਾਰ ਅਤੇ ਤੇਰੀ ਔਲਾਦ ਤੇ ਮੇਰੀ ਔਲਾਦ ਦੇ ਵਿਚਕਾਰ ਰਹੇ।’”+
ਫਿਰ ਦਾਊਦ ਉੱਠ ਕੇ ਚਲਾ ਗਿਆ ਅਤੇ ਯੋਨਾਥਾਨ ਸ਼ਹਿਰ ਨੂੰ ਮੁੜ ਗਿਆ।