ਅਧਿਆਇ 50
ਸਤਾਹਟ ਦਾ ਸਾਮ੍ਹਣਾ ਕਰਨ ਲਈ ਤਿਆਰੀ
ਆਪਣੇ ਰਸੂਲਾਂ ਨੂੰ ਪ੍ਰਚਾਰ ਕਾਰਜ ਕਰਨ ਦੇ ਤਰੀਕਿਆਂ ਬਾਰੇ ਹਿਦਾਇਤ ਦੇਣ ਤੋਂ ਬਾਅਦ, ਯਿਸੂ ਉਨ੍ਹਾਂ ਨੂੰ ਵਿਰੋਧੀਆਂ ਬਾਰੇ ਚੇਤਾਵਨੀ ਦਿੰਦਾ ਹੈ। ਉਹ ਕਹਿੰਦਾ ਹੈ: “ਵੇਖੋ ਮੈਂ ਤੁਹਾਨੂੰ ਭੇਡਾਂ ਵਾਂਙੁ ਬਘਿਆੜਾਂ ਵਿੱਚ ਭੇਜਦਾ ਹਾਂ . . . ਮਨੁੱਖਾਂ ਤੋਂ ਚੌਕਸ ਰਹੋ ਕਿਉਂ ਜੋ ਓਹ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਤੇ ਆਪਣੀਆਂ ਸਮਾਜਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ। ਅਤੇ ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਹਾਜਰ ਕੀਤੇ ਜਾਓਗੇ।”
ਉਸ ਗੰਭੀਰ ਸਤਾਹਟ ਦੇ ਬਾਵਜੂਦ ਜੋ ਉਸ ਦੇ ਅਨੁਯਾਈ ਸਾਮ੍ਹਣਾ ਕਰਨਗੇ, ਯਿਸੂ ਉਨ੍ਹਾਂ ਨੂੰ ਭਰੋਸਾ ਦਿਲਾਉਂਦੇ ਹੋਏ ਵਾਅਦਾ ਕਰਦਾ ਹੈ: “ਜਦ ਓਹ ਤੁਹਾਨੂੰ ਫੜਵਾਉਣ ਤਾਂ ਚਿੰਤਾ ਨਾ ਕਰੋ ਜੋ ਅਸੀਂ ਕਿੱਕੁਰ ਯਾ ਕੀ ਬੋਲੀਏ, ਕਿਉਂਕਿ ਜਿਹੜੀ ਗੱਲ ਤੁਸਾਂ ਬੋਲਣੀ ਹੈ ਉਹ ਤੁਹਾਨੂੰ ਉਸੇ ਘੜੀ ਬਖ਼ਸ਼ੀ ਜਾਵੇਗੀ। ਬੋਲਣ ਵਾਲੇ ਤੁਸੀਂ ਤਾਂ ਨਹੀਂ ਪਰ ਤੁਹਾਡੇ ਪਿਤਾ ਦਾ ਆਤਮਾ ਜਿਹੜਾ ਤੁਹਾਡੇ ਵਿੱਚ ਬੋਲਦਾ ਹੈ।”
ਯਿਸੂ ਜਾਰੀ ਰੱਖਦਾ ਹੈ: “ਅਰ ਭਾਈ ਭਾਈ ਨੂੰ ਅਤੇ ਪਿਉ ਪੁੱਤ੍ਰ ਨੂੰ ਮੌਤ ਲਈ ਫੜਵਾਏਗਾ ਅਤੇ ਬਾਲਕ ਆਪਣੇ ਮਾਪਿਆਂ ਦੇ ਵਿਰੁੱਧ ਉੱਠ ਖੜੇ ਹੋਣਗੇ ਅਤੇ ਉਨ੍ਹਾਂ ਨੂੰ ਮਰਵਾ ਸੁੱਟਣਗੇ।” ਉਹ ਅੱਗੇ ਕਹਿੰਦਾ ਹੈ: “ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।”
ਪ੍ਰਚਾਰ ਕਾਰਜ ਪ੍ਰਮੁੱਖ ਮਹੱਤਤਾ ਰੱਖਦਾ ਹੈ। ਇਸੇ ਕਾਰਨ ਯਿਸੂ ਸਾਵਧਾਨੀ ਦੀ ਲੋੜ ਉੱਤੇ ਜ਼ੋਰ ਦਿੰਦਾ ਹੈ ਤਾਂਕਿ ਇਹ ਕਾਰਜ ਕਰਨ ਲਈ ਉਹ ਸੁਤੰਤਰ ਰਹਿ ਸਕਣ। “ਜਦ ਲੋਕ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਤਦ ਦੂਏ ਨੂੰ ਭੱਜ ਜਾਓ,” ਉਹ ਕਹਿੰਦਾ ਹੈ, “ਕਿਉਂ ਜੋ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਤੁਸੀਂ ਇਸਰਾਏਲ ਦਿਆਂ ਸਾਰਿਆਂ ਨਗਰਾਂ ਵਿੱਚ ਨਾ ਫਿਰ ਲਵੋਗੇ ਕਿ ਮਨੁੱਖ ਦਾ ਪੁੱਤ੍ਰ ਆ ਜਾਵੇ।”
ਇਹ ਸੱਚ ਹੈ ਕਿ ਯਿਸੂ ਨੇ ਆਪਣੇ 12 ਰਸੂਲਾਂ ਨੂੰ ਇਹ ਹਿਦਾਇਤ, ਚੇਤਾਵਨੀ, ਅਤੇ ਉਤਸ਼ਾਹ ਦਿੱਤਾ ਸੀ, ਪਰੰਤੂ ਇਹ ਉਨ੍ਹਾਂ ਲਈ ਵੀ ਸੀ ਜਿਹੜੇ ਉਸ ਦੀ ਮੌਤ ਅਤੇ ਪੁਨਰ-ਉਥਾਨ ਤੋਂ ਬਾਅਦ ਵਿਸ਼ਵ-ਵਿਆਪੀ ਪ੍ਰਚਾਰ ਕਾਰਜ ਵਿਚ ਹਿੱਸਾ ਲੈਣਗੇ। ਇਹ ਉਸ ਦੇ ਇਹ ਕਹਿਣ ਦੁਆਰਾ ਪ੍ਰਗਟ ਹੁੰਦਾ ਹੈ ਕਿ ਉਸ ਦੇ ਚੇਲਿਆਂ ਨਾਲ ‘ਸਭ ਲੋਕ ਵੈਰ’ ਰੱਖਣਗੇ, ਨਾ ਕਿ ਸਿਰਫ਼ ਇਸਰਾਏਲੀ, ਜਿਨ੍ਹਾਂ ਕੋਲ ਪ੍ਰਚਾਰ ਕਰਨ ਲਈ ਰਸੂਲਾਂ ਨੂੰ ਭੇਜਿਆ ਗਿਆ ਸੀ। ਨਾਲ ਹੀ, ਜਦੋਂ ਯਿਸੂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਥੋੜ੍ਹੇ ਸਮੇਂ ਦੀ ਪ੍ਰਚਾਰ ਮੁਹਿੰਮ ਲਈ ਭੇਜਿਆ ਸੀ, ਤਾਂ ਸਪੱਸ਼ਟ ਹੈ ਕਿ ਰਸੂਲਾਂ ਨੂੰ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਨਹੀਂ ਲਿਜਾਇਆ ਗਿਆ ਸੀ। ਇਸ ਦੇ ਇਲਾਵਾ, ਨਾ ਹੀ ਵਿਸ਼ਵਾਸੀਆਂ ਨੂੰ ਪਰਿਵਾਰਾਂ ਦੇ ਸਦੱਸਾਂ ਦੁਆਰਾ ਮੌਤ ਲਈ ਫੜਵਾਇਆ ਗਿਆ ਸੀ।
ਸੋ ਜਦੋਂ ਉਸ ਨੇ ਇਹ ਕਿਹਾ ਸੀ ਕਿ ਉਸ ਦੇ ਚੇਲੇ ਪੂਰੀ ਤਰ੍ਹਾਂ ਆਪਣੇ ਪ੍ਰਚਾਰ ਸਰਕਟ ਵਿਚ ਨਾ ਫਿਰ ਲੈਣਗੇ ‘ਕਿ ਮਨੁੱਖ ਦਾ ਪੁੱਤ੍ਰ ਆ ਜਾਵੇਗਾ,’ ਯਿਸੂ ਸਾਨੂੰ ਭਵਿੱਖਬਾਣੀ ਦੇ ਤੌਰ ਤੇ ਦੱਸ ਰਿਹਾ ਸੀ ਕਿ ਉਸ ਦੇ ਚੇਲੇ ਪੂਰੀ ਵਸੀ ਹੋਈ ਧਰਤੀ ਦੇ ਸਰਕਟ ਵਿਚ ਪਰਮੇਸ਼ੁਰ ਦੇ ਸਥਾਪਿਤ ਰਾਜ ਬਾਰੇ ਪ੍ਰਚਾਰ ਨਹੀਂ ਪੂਰਾ ਕਰਨਗੇ, ਇਸ ਤੋਂ ਪਹਿਲਾਂ ਕਿ ਮਹਿਮਾਯੁਕਤ ਰਾਜਾ ਯਿਸੂ ਮਸੀਹ ਯਹੋਵਾਹ ਦੇ ਢੰਡਕਾਰ ਦੇ ਰੂਪ ਵਿਚ ਆਰਮਾਗੇਡਨ ਤੇ ਆ ਜਾਵੇਗਾ।
ਆਪਣੀਆਂ ਪ੍ਰਚਾਰ ਹਿਦਾਇਤਾਂ ਜਾਰੀ ਰੱਖਦੇ ਹੋਏ, ਯਿਸੂ ਕਹਿੰਦਾ ਹੈ: “ਚੇਲਾ ਗੁਰੂ ਨਾਲੋਂ ਵੱਡਾ ਨਹੀਂ, ਨਾ ਚਾਕਰ ਆਪਣੇ ਮਾਲਕ ਨਾਲੋਂ।” ਇਸ ਲਈ ਯਿਸੂ ਦੇ ਅਨੁਯਾਈਆਂ ਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਲਈ ਉਹੀ ਦੁਰ-ਵਿਹਾਰ ਅਤੇ ਸਤਾਹਟ ਮਿਲਣ ਦੀ ਆਸ਼ਾ ਰੱਖਣੀ ਚਾਹੀਦੀ ਹੈ ਜਿਵੇਂ ਉਸ ਨੂੰ ਮਿਲੀ ਸੀ। ਫਿਰ ਵੀ ਉਹ ਚੇਤਾਵਨੀ ਦਿੰਦਾ ਹੈ: “ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ ਪਰ ਰੂਹ [“ਪ੍ਰਾਣ,” ਨਿ ਵ] ਨੂੰ ਨਹੀਂ ਮਾਰ ਸੱਕਦੇ ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹੀ ਅਤੇ ਰੂਹ [“ਪ੍ਰਾਣ,” ਨਿ ਵ] ਦੋਹਾਂ ਨੂੰ ਨਰਕ [“ਗ਼ਹੈਨਾ,” ਨਿ ਵ] ਵਿੱਚ ਨਾਸ ਕਰ ਸੱਕਦਾ ਹੈ।”
ਯਿਸੂ ਨੇ ਇਸ ਮਾਮਲੇ ਵਿਚ ਖ਼ੁਦ ਉਦਾਹਰਣ ਸਥਾਪਿਤ ਕਰਨਾ ਸੀ। ਉਹ ਸਰਬਸ਼ਕਤੀਮਾਨ, ਯਹੋਵਾਹ ਪਰਮੇਸ਼ੁਰ ਪ੍ਰਤੀ ਆਪਣੀ ਨਿਸ਼ਠਾ ਦਾ ਸਮਝੌਤਾ ਕਰਨ ਦੀ ਬਜਾਇ ਮੌਤ ਨੂੰ ਨਿਡਰਤਾ ਨਾਲ ਸਹੇਗਾ। ਜੀ ਹਾਂ, ਯਹੋਵਾਹ ਹੀ ਹੈ ਜੋ ਇਕ ਵਿਅਕਤੀ ਦੇ “ਪ੍ਰਾਣ” (ਇਸ ਉਲੇਖ ਵਿਚ ਅਰਥ ਹੈ ਇਕ ਜੀਉਂਦੇ ਪ੍ਰਾਣੀ ਦੇ ਤੌਰ ਤੇ ਇਕ ਵਿਅਕਤੀ ਦੀ ਅਗਾਮੀ ਆਸ਼ਾ) ਨੂੰ ਨਾਸ਼ ਕਰ ਸਕਦਾ ਹੈ ਜਾਂ ਸਦੀਪਕ ਜੀਵਨ ਦਾ ਆਨੰਦ ਮਾਣਨ ਲਈ ਇਕ ਵਿਅਕਤੀ ਨੂੰ ਪੁਨਰ-ਉਥਿਤ ਕਰ ਸਕਦਾ ਹੈ। ਯਹੋਵਾਹ ਕਿੰਨਾ ਹੀ ਪ੍ਰੇਮਪੂਰਣ, ਦਿਆਲੂ ਸਵਰਗੀ ਪਿਤਾ ਹੈ!
ਯਿਸੂ ਫਿਰ ਆਪਣੇ ਚੇਲਿਆਂ ਨੂੰ ਇਕ ਦ੍ਰਿਸ਼ਟਾਂਤ ਨਾਲ ਉਤਸ਼ਾਹ ਦਿੰਦਾ ਹੈ ਜਿਹੜਾ ਉਨ੍ਹਾਂ ਦੇ ਲਈ ਯਹੋਵਾਹ ਦੀ ਪ੍ਰੇਮਪੂਰਣ ਪਰਵਾਹ ਨੂੰ ਉਜਾਗਰ ਕਰਦਾ ਹੈ। “ਭਲਾ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ?” ਉਹ ਪੁੱਛਦਾ ਹੈ। “ਅਤੇ ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ। ਪਰ ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਸੋ ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।”
ਉਹ ਰਾਜ ਸੰਦੇਸ਼ ਜਿਸ ਦੀ ਘੋਸ਼ਣਾ ਕਰਨ ਲਈ ਯਿਸੂ ਆਪਣੇ ਚੇਲਿਆਂ ਨੂੰ ਨਿਯੁਕਤ ਕਰਦਾ ਹੈ, ਪਰਿਵਾਰਾਂ ਨੂੰ ਵਿਭਾਜਿਤ ਕਰੇਗਾ, ਕਿਉਂਕਿ ਪਰਿਵਾਰ ਦੇ ਕੁਝ ਸਦੱਸ ਇਸ ਨੂੰ ਕਬੂਲ ਕਰਨਗੇ ਅਤੇ ਦੂਜੇ ਇਸ ਨੂੰ ਰੱਦ ਕਰਨਗੇ। “ਇਹ ਨਾ ਸਮਝੋ ਭਈ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ,” ਯਿਸੂ ਸਮਝਾਉਂਦਾ ਹੈ। “ਮੇਲ ਕਰਾਉਣ ਨਹੀਂ ਸਗੋਂ ਤਲਵਾਰ ਚਲਾਉਣ ਆਇਆ ਹਾਂ।” ਇਸ ਕਰਕੇ, ਪਰਿਵਾਰ ਦੇ ਇਕ ਸਦੱਸ ਨੂੰ ਬਾਈਬਲ ਸੱਚਾਈ ਨੂੰ ਕਬੂਲ ਕਰਨ ਲਈ ਹੌਸਲੇ ਦੀ ਲੋੜ ਪੈਂਦੀ ਹੈ। “ਜੋ ਕੋਈ ਪਿਉ ਯਾ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਜੋਗ ਨਹੀਂ,” ਯਿਸੂ ਕਹਿੰਦਾ ਹੈ, “ਅਤੇ ਜੋ ਕੋਈ ਪੁੱਤ੍ਰ ਯਾ ਧੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਜੋਗ ਨਹੀਂ।”
ਆਪਣੀਆਂ ਹਿਦਾਇਤਾਂ ਸਮਾਪਤ ਕਰਦੇ ਹੋਏ, ਯਿਸੂ ਸਮਝਾਉਂਦਾ ਹੈ ਕਿ ਜਿਹੜਾ ਉਸ ਦੇ ਚੇਲਿਆਂ ਨੂੰ ਕਬੂਲ ਕਰਦਾ ਹੈ, ਉਸ ਨੂੰ ਵੀ ਕਬੂਲ ਕਰਦਾ ਹੈ। “ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਨੂੰ ਚੇਲੇ ਦੇ ਨਾਉਂ ਉੱਤੇ ਨਿਰਾ ਇੱਕ ਕਟੋਰਾ ਠੰਢੇ ਪਾਣੀ ਦਾ ਪਿਆਵੇ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਉਹ ਆਪਣਾ ਫਲ ਕਦੀ ਨਾ ਗੁਆਵੇਗਾ।” ਮੱਤੀ 10:16-42.
▪ ਯਿਸੂ ਆਪਣੇ ਚੇਲਿਆਂ ਨੂੰ ਕਿਹੜੀਆਂ ਚੇਤਾਵਨੀਆਂ ਦਿੰਦਾ ਹੈ?
▪ ਉਹ ਉਨ੍ਹਾਂ ਨੂੰ ਕੀ ਉਤਸ਼ਾਹ ਅਤੇ ਦਿਲਾਸਾ ਦਿੰਦਾ ਹੈ?
▪ ਯਿਸੂ ਦੀਆਂ ਹਿਦਾਇਤਾਂ ਆਧੁਨਿਕ-ਦਿਨਾਂ ਦੇ ਮਸੀਹੀਆਂ ਲਈ ਵੀ ਕਿਉਂ ਲਾਗੂ ਹੁੰਦੀਆਂ ਹਨ?
▪ ਕਿਸ ਤਰੀਕਿਓਂ ਯਿਸੂ ਦਾ ਇਕ ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਹੈ?