ਅਧਿਆਇ 66
ਡੇਰਿਆਂ ਦੇ ਪਰਬ ਵਿਖੇ
ਯਿਸੂ ਆਪਣੇ ਬਪਤਿਸਮੇ ਤੋਂ ਲਗਭਗ ਤਿੰਨ ਵਰ੍ਹਿਆਂ ਦੇ ਦੌਰਾਨ ਪ੍ਰਸਿੱਧ ਹੋ ਗਿਆ ਹੈ। ਕਈ ਹਜ਼ਾਰਾਂ ਨੇ ਉਸ ਦੇ ਚਮਤਕਾਰਾਂ ਨੂੰ ਦੇਖਿਆ ਹੈ, ਅਤੇ ਉਸ ਦੇ ਕੰਮਾਂ ਦੀਆਂ ਖ਼ਬਰਾਂ ਪੂਰੇ ਦੇਸ਼ ਵਿਚ ਫੈਲ ਗਈਆਂ ਹਨ। ਹੁਣ, ਜਿਉਂ ਹੀ ਲੋਕੀ ਯਰੂਸ਼ਲਮ ਵਿਚ ਡੇਰਿਆਂ ਦੇ ਪਰਬ ਲਈ ਇਕੱਠੇ ਹੁੰਦੇ ਹਨ, ਉਹ ਉੱਥੇ ਉਸ ਦੀ ਭਾਲ ਕਰਦੇ ਹਨ। “ਉਹ ਕਿੱਥੇ ਹੈ?” ਉਹ ਜਾਣਨਾ ਚਾਹੁੰਦੇ ਹਨ।
ਯਿਸੂ ਵਾਦ-ਵਿਵਾਦ ਦਾ ਇਕ ਵਿਸ਼ਾ ਬਣ ਗਿਆ ਹੈ। “ਉਹ ਭਲਾ ਮਾਨਸ ਹੈ,” ਕਈ ਕਹਿੰਦੇ ਹਨ। “ਨਹੀਂ, ਸਗੋਂ ਉਹ ਲੋਕਾਂ ਨੂੰ ਭਰਮਾਉਂਦਾ ਹੈ,” ਦੂਜੇ ਦਾਅਵਾ ਕਰਦੇ ਹਨ। ਪਰਬ ਦੇ ਆਰੰਭਕ ਦਿਨਾਂ ਦੇ ਦੌਰਾਨ ਅਜਿਹੀਆਂ ਦੱਬੀਆਂ-ਘੁੱਟੀਆਂ ਗੱਲਾਂ ਬਹੁਤ ਹੁੰਦੀਆਂ ਹਨ। ਪਰੰਤੂ ਯਿਸੂ ਦੇ ਪੱਖ ਵਿਚ ਖੁਲ੍ਹੇਆਮ ਬੋਲਣ ਦਾ ਕਿਸੇ ਕੋਲ ਵੀ ਹੌਸਲਾ ਨਹੀਂ ਹੈ। ਇਹ ਇਸ ਕਰਕੇ ਹੈ ਕਿ ਲੋਕੀ ਯਹੂਦੀ ਆਗੂਆਂ ਵੱਲੋਂ ਬਦਲੇ ਦੀ ਕਾਰਵਾਈ ਤੋਂ ਡਰਦੇ ਹਨ।
ਜਦੋਂ ਪਰਬ ਅੱਧਾ ਖਤਮ ਹੋ ਜਾਂਦਾ ਹੈ, ਤਾਂ ਯਿਸੂ ਉੱਥੇ ਪਹੁੰਚਦਾ ਹੈ। ਉਹ ਹੈਕਲ ਨੂੰ ਜਾਂਦਾ ਹੈ, ਜਿੱਥੇ ਲੋਕੀ ਉਸ ਦੀ ਸਿਖਾਉਣ ਦੀ ਅਦਭੁਤ ਯੋਗਤਾ ਉੱਤੇ ਹੈਰਾਨ ਹੁੰਦੇ ਹਨ। ਕਿਉਂ ਜੋ ਯਿਸੂ ਰਾਬਿਨੀ ਪਾਠਸ਼ਾਲਾਵਾਂ ਵਿਚ ਕਦੀ ਨਹੀਂ ਗਿਆ, ਯਹੂਦੀ ਅਚੰਭਾ ਕਰਦੇ ਹਨ: “ਬਿਨ ਪੜ੍ਹੇ ਇਹ ਨੂੰ ਵਿਦਿਆ ਕਿੱਥੋਂ ਆਈ ਹੈ?”
“ਮੇਰੀ ਸਿੱਖਿਆ ਮੇਰੀ ਆਪਣੀ ਨਹੀਂ,” ਯਿਸੂ ਸਮਝਾਉਂਦਾ ਹੈ, “ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ। ਜੇ ਕੋਈ ਉਹ ਦੀ ਮਰਜ਼ੀ ਪੂਰੀ ਕਰਨੀ ਚਾਹੇ ਤਾਂ ਉਹ ਇਸ ਸਿੱਖਿਆ ਦੇ ਵਿਖੇ ਜਾਣੇਗਾ ਭਈ ਇਹ ਪਰਮੇਸ਼ੁਰ ਤੋਂ ਹੈ ਯਾ ਮੈਂ ਆਪਣੀ ਵੱਲੋਂ ਬੋਲਦਾ ਹਾਂ।” ਯਿਸੂ ਦੀ ਸਿੱਖਿਆ ਪਰਮੇਸ਼ੁਰ ਦੀ ਬਿਵਸਥਾ ਦੀ ਨਜ਼ਦੀਕੀ ਤੌਰ ਤੇ ਪਾਲਣ ਕਰਦੀ ਹੈ। ਇਸ ਲਈ, ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਉਹ ਪਰਮੇਸ਼ੁਰ ਦੀ ਵਡਿਆਈ ਭਾਲਦਾ ਹੈ, ਨਾ ਕਿ ਆਪਣੀ। “ਕੀ ਮੂਸਾ ਨੇ ਤੁਹਾਨੂੰ ਸ਼ਰਾ ਨਹੀਂ ਦਿੱਤੀ?” ਯਿਸੂ ਪੁੱਛਦਾ ਹੈ। ਤਾੜਨਾ ਵਜੋਂ, ਉਹ ਕਹਿੰਦਾ ਹੈ: “ਤੁਹਾਡੇ ਵਿੱਚੋਂ ਕੋਈ ਸ਼ਰਾ ਉੱਤੇ ਨਹੀਂ ਚੱਲਦਾ।”
“ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਕਿਉਂ ਪਏ ਹੋ?” ਯਿਸੂ ਫਿਰ ਪੁੱਛਦਾ ਹੈ।
ਭੀੜ ਵਿਚ ਲੋਕੀ, ਸੰਭਵ ਹੈ ਕਿ ਪਰਬ ਲਈ ਆਏ ਯਾਤਰੀ, ਅਜਿਹੇ ਯਤਨਾਂ ਤੋਂ ਅਣਜਾਣ ਹਨ। ਉਹ ਇਸ ਗੱਲ ਨੂੰ ਅਕਲਪਿਤ ਸੋਚਦੇ ਹਨ ਕਿ ਕੋਈ ਅਜਿਹੇ ਅਦਭੁਤ ਗੁਰੂ ਨੂੰ ਮਾਰਨਾ ਚਾਹੇਗਾ। ਇਸ ਲਈ ਉਹ ਵਿਸ਼ਵਾਸ ਕਰਦੇ ਹਨ ਕਿ ਇਹ ਸੋਚਣ ਲਈ ਯਿਸੂ ਵਿਚ ਜ਼ਰੂਰ ਕੋਈ ਨੁਕਸ ਹੈ। “ਤੈਨੂੰ ਤਾਂ ਭੂਤ [“ਪਿਸ਼ਾਚ,” ਨਿ ਵ] ਚਿੰਬੜਿਆ ਹੋਇਆ ਹੈ,” ਉਹ ਕਹਿੰਦੇ ਹਨ। “ਕੌਣ ਤੇਰੇ ਮਾਰ ਸੁੱਟਣ ਦੇ ਮਗਰ ਪਿਆ ਹੈ?”
ਯਹੂਦੀ ਆਗੂ ਯਿਸੂ ਨੂੰ ਮਾਰ ਸੁੱਟਣਾ ਚਾਹੁੰਦੇ ਹਨ, ਭਾਵੇਂ ਕਿ ਭੀੜ ਨੂੰ ਸ਼ਾਇਦ ਇਸ ਦਾ ਅਹਿਸਾਸ ਨਹੀਂ ਹੈ। ਜਦੋਂ ਯਿਸੂ ਨੇ ਡੇਢ ਵਰ੍ਹੇ ਪਹਿਲਾਂ ਇਕ ਆਦਮੀ ਨੂੰ ਸਬਤ ਦੇ ਦਿਨ ਚੰਗਾ ਕੀਤਾ ਸੀ, ਤਦ ਆਗੂਆਂ ਨੇ ਉਸ ਨੂੰ ਮਾਰਨ ਦਾ ਯਤਨ ਕੀਤਾ ਸੀ। ਇਸ ਲਈ ਯਿਸੂ ਹੁਣ ਉਨ੍ਹਾਂ ਦੇ ਬੇਤੁਕੇਪਣ ਵੱਲ ਸੰਕੇਤ ਕਰਦੇ ਹੋਏ ਉਨ੍ਹਾਂ ਨੂੰ ਪੁੱਛਦਾ ਹੈ: “ਜਾਂ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਕੀਤੀ ਜਾਂਦੀ ਹੈ ਇਸ ਕਰਕੇ ਜੋ ਮੂਸਾ ਦੀ ਸ਼ਰਾ ਟੁੱਟ ਨਾ ਜਾਏ ਤਾਂ ਕੀ ਤੁਸੀਂ ਮੇਰੇ ਉੱਤੇ ਇਸ ਲਈ ਖੁਣਸਦੇ ਹੋ ਜੋ ਮੈਂ ਸਬਤ ਦੇ ਦਿਨ ਇੱਕ ਮਨੁੱਖ ਨੂੰ ਬਿਲਕੁਲ ਚੰਗਾ ਕੀਤਾ? ਵਿਖਾਵੇ ਦੇ ਅਨੁਸਾਰ ਨਿਆਉਂ ਨਾ ਕਰੋ ਪਰੰਤੁ ਸੱਚਾ ਨਿਆਉਂ ਕਰੋ।”
ਯਰੂਸ਼ਲਮ ਦੇ ਨਿਵਾਸੀ, ਜੋ ਇਸ ਹਾਲਾਤ ਤੋਂ ਜਾਣੂ ਹਨ, ਹੁਣ ਕਹਿੰਦੇ ਹਨ: “ਕੀ ਇਹ ਉਹੋ ਨਹੀਂ ਜਿਹ ਦੇ ਮਾਰ ਸੁੱਟਣ ਦੇ ਮਗਰ ਓਹ ਪਏ ਹਨ? ਅਰ ਵੇਖੋ ਉਹ ਤਾਂ ਖੁਲ੍ਹੇ ਬਚਨ ਪਿਆ ਬੋਲਦਾ ਹੈ ਅਤੇ ਓਹ ਉਸ ਨੂੰ ਕੁਝ ਨਹੀਂ ਆਖਦੇ। ਕੀ ਸਰਦਾਰਾਂ ਨੇ ਸੱਚ ਜਾਣ ਲਿਆ ਜੋ ਇਹੋ ਮਸੀਹ ਹੈ?” ਯਰੂਸ਼ਲਮ ਦੇ ਇਹ ਨਿਵਾਸੀ ਵਿਆਖਿਆ ਕਰਦੇ ਹਨ ਕਿ ਕਿਉਂ ਉਹ ਵਿਸ਼ਵਾਸ ਨਹੀਂ ਕਰਦੇ ਕਿ ਯਿਸੂ ਹੀ ਮਸੀਹ ਹੈ: “ਅਸੀਂ ਇਹ ਨੂੰ ਜਾਣਦੇ ਹਾਂ ਜੋ ਕਿੱਥੋਂ ਦਾ ਹੈ ਪਰ ਜਾਂ ਮਸੀਹ ਆਊਗਾ ਤਾਂ ਕੋਈ ਨਹੀਂ ਜਾਣੂ ਜੋ ਉਹ ਕਿੱਥੋਂ ਦਾ ਹੈ।”
ਯਿਸੂ ਜਵਾਬ ਦਿੰਦਾ ਹੈ: “ਤੁਸੀਂ ਤਾਂ ਮੈਨੂੰ ਜਾਣਦੇ, ਨਾਲੇ ਇਹ ਵੀ ਜਾਣਦੇ ਹੋ ਜੋ ਮੈਂ ਕਿੱਥੋਂ ਦਾ ਹਾਂ। ਮੈਂ ਆਪਣੇ ਆਪ ਨਹੀਂ ਆਇਆ ਪਰ ਜਿਹ ਨੇ ਮੈਨੂੰ ਘੱਲਿਆ ਸੋ ਸੱਚਾ ਹੈ ਜਿਹ ਨੂੰ ਤੁਸੀਂ ਨਹੀਂ ਜਾਣਦੇ। ਮੈਂ ਉਹ ਨੂੰ ਜਾਣਦਾ ਹਾਂ ਕਿਉਂ ਜੋ ਮੈਂ ਉਹ ਦੀ ਵੱਲੋਂ ਹਾਂ ਅਤੇ ਉਹ ਨੇ ਮੈਨੂੰ ਘੱਲਿਆ।” ਇਸ ਤੇ ਉਹ ਉਸ ਨੂੰ ਸ਼ਾਇਦ ਕੈਦ ਵਿਚ ਸੁੱਟਣ ਲਈ ਜਾਂ ਉਸ ਨੂੰ ਮਰਵਾਉਣ ਲਈ ਉਸ ਨੂੰ ਫੜਨ ਦਾ ਯਤਨ ਕਰਦੇ ਹਨ। ਫਿਰ ਵੀ ਉਹ ਸਫਲ ਨਹੀਂ ਹੁੰਦੇ ਹਨ ਕਿਉਂਕਿ ਅਜੇ ਯਿਸੂ ਦੇ ਮਰਨ ਦਾ ਸਮਾਂ ਨਹੀਂ ਹੈ।
ਫਿਰ ਵੀ, ਬਹੁਤੇਰੇ ਲੋਕ ਯਿਸੂ ਉੱਤੇ ਨਿਹਚਾ ਕਰਦੇ ਹਨ, ਜਿਵੇਂ ਕਿ ਉਨ੍ਹਾਂ ਨੂੰ ਕਰਨੀ ਚਾਹੀਦੀ ਹੈ। ਕਿਉਂ, ਉਹ ਪਾਣੀ ਉੱਤੇ ਚੱਲਿਆ, ਉਸ ਨੇ ਹਵਾਵਾਂ ਨੂੰ ਸ਼ਾਂਤ ਕੀਤਾ, ਤੂਫ਼ਾਨੀ ਝੀਲ ਨੂੰ ਸ਼ਾਂਤ ਕੀਤਾ, ਚਮਤਕਾਰੀ ਢੰਗ ਨਾਲ ਕੁਝ ਰੋਟੀਆਂ ਅਤੇ ਮੱਛੀਆਂ ਤੋਂ ਹਜ਼ਾਰਾਂ ਨੂੰ ਖੁਆਇਆ, ਬੀਮਾਰਾਂ ਨੂੰ ਚੰਗੇ ਕੀਤਾ, ਲੰਗੜਿਆਂ ਨੂੰ ਚੱਲਣ ਯੋਗ ਬਣਾਇਆ, ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹੀਆਂ, ਕੋੜ੍ਹੀਆਂ ਨੂੰ ਚੰਗੇ ਕੀਤਾ, ਅਤੇ ਇੱਥੋਂ ਤਕ ਕਿ ਮੁਰਦਿਆਂ ਨੂੰ ਵੀ ਜੀ ਉਠਾਇਆ। ਇਸ ਲਈ ਉਹ ਪੁੱਛਦੇ ਹਨ: “ਜਾਂ ਮਸੀਹ ਆਊਗਾ ਤਾਂ ਭਲਾ, ਉਹ ਉਨ੍ਹਾਂ ਨਿਸ਼ਾਨਾਂ ਨਾਲੋਂ ਜਿਹੜੇ ਇਸ ਨੇ ਵਿਖਾਲੇ ਹਨ ਕੁਝ ਵੱਧ ਵਿਖਾਲੂ?”
ਜਦੋਂ ਫ਼ਰੀਸੀ ਭੀੜ ਨੂੰ ਇਨ੍ਹਾਂ ਗੱਲਾਂ ਬਾਰੇ ਬੁੜ-ਬੁੜ ਕਰਦੇ ਹੋਏ ਸੁਣਦੇ ਹਨ, ਤਾਂ ਉਹ ਅਤੇ ਮੁੱਖ ਜਾਜਕ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਅਫ਼ਸਰਾਂ ਨੂੰ ਭੇਜਦੇ ਹਨ। ਯੂਹੰਨਾ 7:11-32.
▪ ਯਿਸੂ ਪਰਬ ਵਿਖੇ ਕਦੋਂ ਪਹੁੰਚਦਾ ਹੈ, ਅਤੇ ਲੋਕੀ ਉਸ ਬਾਰੇ ਕੀ ਕਹਿ ਰਹੇ ਹਨ?
▪ ਕਈ ਲੋਕ ਸ਼ਾਇਦ ਕਿਉਂ ਕਹਿ ਰਹੇ ਹਨ ਕਿ ਯਿਸੂ ਨੂੰ ਪਿਸ਼ਾਚ ਚਿੰਬੜਿਆ ਹੋਇਆ ਹੈ?
▪ ਯਿਸੂ ਦੇ ਬਾਰੇ ਯਰੂਸ਼ਲਮ ਦੇ ਨਿਵਾਸੀਆਂ ਦਾ ਕੀ ਦ੍ਰਿਸ਼ਟੀਕੋਣ ਹੈ?
▪ ਬਹੁਤੇਰੇ ਲੋਕ ਯਿਸੂ ਉੱਤੇ ਨਿਹਚਾ ਕਿਉਂ ਕਰਦੇ ਹਨ?