ਅਧਿਆਇ 75
ਖ਼ੁਸ਼ੀ ਦਾ ਸ੍ਰੋਤ
ਗਲੀਲ ਵਿਚ ਆਪਣੀ ਸੇਵਕਾਈ ਦੇ ਦੌਰਾਨ, ਯਿਸੂ ਨੇ ਚਮਤਕਾਰ ਕੀਤੇ ਸਨ, ਅਤੇ ਉਹ ਹੁਣ ਇਨ੍ਹਾਂ ਨੂੰ ਯਹੂਦਿਯਾ ਵਿਚ ਦੁਹਰਾਉਂਦਾ ਹੈ। ਉਦਾਹਰਣ ਦੇ ਤੌਰ ਤੇ, ਉਹ ਇਕ ਆਦਮੀ ਵਿੱਚੋਂ ਇਕ ਪਿਸ਼ਾਚ ਕੱਢਦਾ ਹੈ ਜਿਸ ਨੇ ਉਸ ਨੂੰ ਬੋਲਣ ਤੋਂ ਰੋਕਿਆ ਹੋਇਆ ਸੀ। ਭੀੜ ਹੈਰਾਨ ਹੁੰਦੀ ਹੈ, ਪਰੰਤੂ ਆਲੋਚਕ ਉਹੀ ਇਤਰਾਜ਼ ਕਰਦੇ ਹਨ ਜੋ ਗਲੀਲ ਵਿਚ ਕੀਤੇ ਗਏ ਸਨ। “ਉਹ ਭੂਤਾਂ [“ਪਿਸ਼ਾਚਾਂ,” ਨਿ ਵ] ਦੇ ਸਰਦਾਰ ਬਆਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ [“ਪਿਸ਼ਾਚਾਂ,” ਨਿ ਵ] ਨੂੰ ਕੱਢਦਾ ਹੈ,” ਉਹ ਦਾਅਵਾ ਕਰਦੇ ਹਨ। ਦੂਜੇ ਲੋਕ ਯਿਸੂ ਦੀ ਸ਼ਨਾਖਤ ਦੇ ਸੰਬੰਧ ਵਿਚ ਉਸ ਤੋਂ ਹੋਰ ਸਬੂਤ ਚਾਹੁੰਦੇ ਹਨ, ਅਤੇ ਉਹ ਸਵਰਗ ਤੋਂ ਇਕ ਨਿਸ਼ਾਨ ਮੰਗ ਕੇ ਉਸ ਨੂੰ ਪਰਤਾਉਣ ਦੀ ਕੋਸ਼ਿਸ਼ ਕਰਦੇ ਹਨ।
ਇਹ ਜਾਣਦੇ ਹੋਏ ਕਿ ਉਹ ਕੀ ਸੋਚ ਰਹੇ ਹਨ, ਯਿਸੂ ਆਪਣੇ ਗਲੀਲ ਦੇ ਆਲੋਚਕਾਂ ਨੂੰ ਉਹੀ ਜਵਾਬ ਦਿੰਦਾ ਹੈ ਜੋ ਉਸ ਨੇ ਉਨ੍ਹਾਂ ਨੂੰ ਦਿੱਤਾ ਸੀ ਜਿਹੜੇ ਗਲੀਲ ਵਿਚ ਸਨ। ਉਹ ਟਿੱਪਣੀ ਕਰਦਾ ਹੈ ਕਿ ਹਰੇਕ ਰਾਜ ਜਿਸ ਵਿਚ ਫੁੱਟ ਹੈ ਆਪੇ ਨਾਸ਼ ਹੋਵੇਗਾ। “ਸੋ,” ਉਹ ਪੁੱਛਦਾ ਹੈ, “ਜੇ ਸ਼ਤਾਨ ਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਗਈ ਤਾਂ ਉਹ ਦਾ ਰਾਜ ਕਿੱਕੁਰ ਠਹਿਰੇਗਾ?” ਉਹ ਇਹ ਕਹਿੰਦਾ ਹੋਇਆ ਆਪਣੇ ਆਲੋਚਕਾਂ ਦੀ ਖਤਰਨਾਕ ਦਸ਼ਾ ਦਿਖਾਉਂਦਾ ਹੈ: “ਜੇ ਮੈਂ ਪਰਮੇਸ਼ੁਰ ਦੀ ਉਂਗਲ ਨਾਲ ਭੂਤਾਂ [“ਪਿਸ਼ਾਚਾਂ,” ਨਿ ਵ] ਨੂੰ ਕੱਢਦਾ ਹਾਂ ਤਾਂ ਪਰਮੇਸ਼ੁਰ ਦਾ ਰਾਜ ਤੁਸਾਂ ਉੱਤੇ ਆ ਪਹੁੰਚਿਆ ਹੈ।”
ਯਿਸੂ ਦੇ ਚਮਤਕਾਰਾਂ ਨੂੰ ਦੇਖਣ ਵਾਲਿਆਂ ਨੂੰ ਉਸੇ ਤਰ੍ਹਾਂ ਪ੍ਰਤਿਕ੍ਰਿਆ ਦਿਖਾਉਣੀ ਚਾਹੀਦੀ ਹੈ ਜਿਸ ਤਰ੍ਹਾਂ ਸਦੀਆਂ ਪਹਿਲਾਂ ਮੂਸਾ ਦੇ ਚਮਤਕਾਰ ਦੇਖਣ ਵਾਲਿਆਂ ਨੇ ਦਿਖਾਈ ਸੀ। ਉਹ ਚਿਲਾਏ ਸਨ: “ਏਹ ਤਾਂ ਪਰਮੇਸ਼ੁਰ ਦੀ ਉਂਗਲ ਹੈ!” “ਪਰਮੇਸ਼ੁਰ ਦੀ ਉਂਗਲੀ” ਹੀ ਸੀ ਜਿਸ ਨੇ ਪੱਥਰ ਦੀਆਂ ਫੱਟੀਆਂ ਉੱਤੇ ਦਸ ਹੁਕਮ ਉੱਕਰਾਏ ਸਨ। ਅਤੇ “ਪਰਮੇਸ਼ੁਰ ਦੀ ਉਂਗਲੀ”—ਉਸ ਦੀ ਪਵਿੱਤਰ ਆਤਮਾ, ਜਾਂ ਕ੍ਰਿਆਸ਼ੀਲ ਸ਼ਕਤੀ—ਹੀ ਹੈ ਜੋ ਯਿਸੂ ਨੂੰ ਪਿਸ਼ਾਚਾਂ ਨੂੰ ਕੱਢਣ ਅਤੇ ਬੀਮਾਰਾਂ ਨੂੰ ਚੰਗੇ ਕਰਨ ਦੇ ਯੋਗ ਬਣਾਉਂਦੀ ਹੈ। ਇਸ ਲਈ ਸੱਚ-ਮੁੱਚ ਹੀ ਪਰਮੇਸ਼ੁਰ ਦਾ ਰਾਜ ਇਨ੍ਹਾਂ ਆਲੋਚਕਾਂ ਉੱਤੇ ਆ ਪਹੁੰਚਿਆ ਹੈ, ਕਿਉਂਕਿ ਯਿਸੂ, ਰਾਜ ਦਾ ਮਨੋਨੀਤ ਰਾਜਾ, ਠੀਕ ਉੱਥੇ ਉਨ੍ਹਾਂ ਦੇ ਦਰਮਿਆਨ ਹੈ।
ਫਿਰ ਯਿਸੂ ਦਰਸਾਉਂਦਾ ਹੈ ਕਿ ਪਿਸ਼ਾਚਾਂ ਨੂੰ ਕੱਢਣ ਦੀ ਉਸ ਦੀ ਯੋਗਤਾ ਸ਼ਤਾਨ ਉੱਪਰ ਉਸ ਦੀ ਸ਼ਕਤੀ ਦਾ ਸਬੂਤ ਹੈ, ਠੀਕ ਜਿਵੇਂ ਇਕ ਜ਼ੋਰਾਵਰ ਆਦਮੀ ਆ ਕੇ ਮਹਿਲ ਦੀ ਰਾਖੀ ਕਰਨ ਵਾਲੇ ਇਕ ਹਥਿਆਰ-ਬੰਦ ਆਦਮੀ ਨੂੰ ਵੱਸ ਵਿਚ ਕਰ ਲੈਂਦਾ ਹੈ। ਉਹ ਉਸ ਦ੍ਰਿਸ਼ਟਾਂਤ ਨੂੰ ਵੀ ਦੁਹਰਾਉਂਦਾ ਹੈ ਜਿਹੜਾ ਉਸ ਨੇ ਗਲੀਲ ਵਿਚ ਭ੍ਰਿਸ਼ਟ ਆਤਮਾ ਦੇ ਬਾਰੇ ਦੱਸਿਆ ਸੀ। ਉਹ ਆਤਮਾ ਇਕ ਆਦਮੀ ਨੂੰ ਛੱਡ ਜਾਂਦੀ ਹੈ, ਪਰੰਤੂ ਜਦੋਂ ਉਹ ਆਦਮੀ ਖਾਲੀ ਥਾਂ ਨੂੰ ਚੰਗੀਆਂ ਚੀਜ਼ਾਂ ਨਾਲ ਨਹੀਂ ਭਰਦਾ ਹੈ, ਤਾਂ ਉਹ ਆਤਮਾ ਸੱਤ ਹੋਰਨਾਂ ਨਾਲ ਵਾਪਸ ਮੁੜਦੀ ਹੈ, ਅਤੇ ਉਸ ਆਦਮੀ ਦੀ ਹਾਲਤ ਪਹਿਲਾਂ ਨਾਲੋਂ ਵੀ ਬੁਰੀ ਹੋ ਜਾਂਦੀ ਹੈ।
ਇਨ੍ਹਾਂ ਸਿੱਖਿਆਵਾਂ ਨੂੰ ਸੁਣਦੇ ਹੋਏ, ਭੀੜ ਵਿੱਚੋਂ ਇਕ ਔਰਤ ਉੱਚੀ ਆਵਾਜ਼ ਵਿਚ ਇਹ ਚਿਲਾਉਣ ਲਈ ਪ੍ਰੇਰਿਤ ਹੁੰਦੀ ਹੈ: “ਧੰਨ [“ਖ਼ੁਸ਼,” ਨਿ ਵ] ਹੈ ਉਹ ਕੁੱਖ ਜਿਸ ਵਿੱਚ ਤੂੰ ਪਿਆ ਸੈਂ ਅਤੇ ਉਹ ਦੁੱਧੀਆਂ ਜਿਨ੍ਹਾਂ ਨੂੰ ਤੈਂ ਚੁੰਘਿਆ ਸੀ!” ਕਿਉਂਕਿ ਹਰ ਯਹੂਦੀ ਔਰਤ ਇਕ ਨਬੀ ਦੀ ਅਤੇ ਖ਼ਾਸ ਤੌਰ ਤੇ ਮਸੀਹਾ ਦੀ ਮਾਂ ਬਣਨ ਦੀ ਇੱਛਾ ਕਰਦੀ ਹੈ, ਇਹ ਸਮਝਣਯੋਗ ਹੈ ਕਿ ਇਸ ਔਰਤ ਨੇ ਇਸ ਤਰ੍ਹਾਂ ਕਿਉਂ ਕਿਹਾ। ਜ਼ਾਹਰ ਹੈ ਕਿ ਉਹ ਸੋਚਦੀ ਹੈ ਕਿ ਮਰਿਯਮ ਯਿਸੂ ਦੀ ਮਾਂ ਹੋਣ ਦੇ ਕਾਰਨ ਖ਼ਾਸ ਤੌਰ ਤੇ ਖ਼ੁਸ਼ ਹੋ ਸਕਦੀ ਹੈ।
ਪਰੰਤੂ, ਯਿਸੂ ਤੁਰੰਤ ਹੀ ਖ਼ੁਸ਼ੀ ਦੇ ਸੱਚੇ ਸ੍ਰੋਤ ਦੇ ਸੰਬੰਧ ਵਿਚ ਉਸ ਔਰਤ ਦੇ ਵਿਚਾਰ ਨੂੰ ਸੁਧਾਰਦਾ ਹੈ। “ਨਹੀਂ,” ਉਹ ਜਵਾਬ ਦਿੰਦਾ ਹੈ, “ਬਲਕਿ, ਖ਼ੁਸ਼ ਉਹ ਹਨ ਜੋ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਦਾ ਪਾਲਣ ਕਰਦੇ ਹਨ!” (ਨਿ ਵ) ਯਿਸੂ ਨੇ ਕਦੀ ਵੀ ਸੰਕੇਤ ਨਹੀਂ ਕੀਤਾ ਕਿ ਉਸ ਦੀ ਮਾਂ, ਮਰਿਯਮ, ਨੂੰ ਖ਼ਾਸ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਇਸ ਦੀ ਬਜਾਇ, ਉਸ ਨੇ ਦਿਖਾਇਆ ਕਿ ਸੱਚੀ ਖ਼ੁਸ਼ੀ ਪਰਮੇਸ਼ੁਰ ਦਾ ਵਫ਼ਾਦਾਰ ਸੇਵਕ ਹੋਣ ਕਰ ਕੇ ਪ੍ਰਾਪਤ ਹੁੰਦੀ ਹੈ, ਨਾ ਕਿ ਕਿਸੇ ਸਰੀਰਕ ਬੰਧਨ ਜਾਂ ਪ੍ਰਾਪਤੀ ਵਿਚ।
ਜਿਵੇਂ ਉਸ ਨੇ ਗਲੀਲ ਵਿਚ ਕੀਤਾ ਸੀ, ਯਿਸੂ ਅੱਗੇ ਜਾ ਕੇ ਯਹੂਦਿਯਾ ਦੇ ਲੋਕਾਂ ਨੂੰ ਵੀ ਸਵਰਗ ਤੋਂ ਇਕ ਨਿਸ਼ਾਨ ਮੰਗਣ ਲਈ ਫਿਟਕਾਰਦਾ ਹੈ। ਉਹ ਉਨ੍ਹਾਂ ਨੂੰ ਦੱਸਦਾ ਹੈ ਕਿ ਯੂਨਾਹ ਦੇ ਨਿਸ਼ਾਨ ਤੋਂ ਇਲਾਵਾ ਹੋਰ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ। ਯੂਨਾਹ ਤਿੰਨ ਦਿਨ ਤਕ ਇਕ ਮੱਛੀ ਵਿਚ ਰਹਿਣ ਦੇ ਦੁਆਰਾ ਅਤੇ ਆਪਣੇ ਦਲੇਰ ਪ੍ਰਚਾਰ ਦੁਆਰਾ, ਜਿਸ ਦੇ ਨਤੀਜੇ ਵਜੋਂ ਨੀਨਵਾਹ ਦੇ ਲੋਕ ਤੋਬਾ ਕਰਨ ਨੂੰ ਪ੍ਰੇਰਿਤ ਹੋਏ, ਦੋਨੋਂ ਤਰੀਕਿਆਂ ਤੋਂ ਇਕ ਨਿਸ਼ਾਨ ਬਣਿਆ। ਯਿਸੂ ਕਹਿੰਦਾ ਹੈ, “ਵੇਖੋ ਏਥੇ ਯੂਨਾਹ ਨਾਲੋਂ ਵੀ ਇੱਕ ਵੱਡਾ ਹੈ।” ਇਸੇ ਤਰ੍ਹਾਂ, ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਬੁੱਧੀ ਉੱਤੇ ਅਚੰਭਾ ਕੀਤਾ। ਯਿਸੂ ਇਹ ਵੀ ਕਹਿੰਦਾ ਹੈ: “ਵੇਖੋ ਏਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ।”
ਯਿਸੂ ਸਮਝਾਉਂਦਾ ਹੈ ਕਿ ਜਦੋਂ ਇਕ ਵਿਅਕਤੀ ਦੀਵੇ ਨੂੰ ਬਾਲਦਾ ਹੈ, ਤਾਂ ਉਹ ਇਸ ਨੂੰ ਭੌਰੇ ਵਿਚ ਜਾਂ ਟੋਪੇ ਦੇ ਹੇਠਾਂ ਨਹੀਂ ਸਗੋਂ ਦੀਵਟ ਦੇ ਉੱਪਰ ਰੱਖਦਾ ਹੈ ਤਾਂਕਿ ਲੋਕ ਚਾਨਣ ਨੂੰ ਦੇਖ ਸਕਣ। ਸ਼ਾਇਦ ਉਹ ਸੰਕੇਤ ਕਰ ਰਿਹਾ ਹੈ ਕਿ ਆਪਣੇ ਹਾਜ਼ਰੀਨਾਂ ਵਿਚ ਉਨ੍ਹਾਂ ਜ਼ਿੱਦੀ ਵਿਅਕਤੀਆਂ ਦੇ ਸਾਮ੍ਹਣੇ ਸਿੱਖਿਆ ਦੇਣੀ ਅਤੇ ਚਮਤਕਾਰ ਕਰਨਾ ਦੀਵੇ ਦੇ ਚਾਨਣ ਨੂੰ ਲੁਕਾਉਣ ਦੇ ਬਰਾਬਰ ਹੈ। ਅਜਿਹਿਆਂ ਦਰਸ਼ਕਾਂ ਦੀਆਂ ਅੱਖਾਂ ਨਿਰਮਲ, ਜਾਂ ਕੇਂਦ੍ਰਿਤ ਨਹੀਂ ਹਨ, ਇਸ ਲਈ ਉਸ ਦੇ ਚਮਤਕਾਰਾਂ ਦਾ ਨਿਯਤ ਮਕਸਦ ਪੂਰਾ ਨਹੀਂ ਹੁੰਦਾ ਹੈ।
ਯਿਸੂ ਨੇ ਹੁਣੇ-ਹੁਣੇ ਇਕ ਪਿਸ਼ਾਚ ਨੂੰ ਕੱਢਿਆ ਹੈ ਅਤੇ ਇਕ ਗੁੰਗੇ ਨੂੰ ਬੋਲਣ ਦੇ ਯੋਗ ਬਣਾਇਆ ਹੈ। ਇਸ ਤੋਂ ਉਨ੍ਹਾਂ ਲੋਕਾਂ, ਜਿਨ੍ਹਾਂ ਦੀਆਂ ਅੱਖਾਂ ਨਿਰਮਲ ਜਾਂ ਕੇਂਦ੍ਰਿਤ ਹਨ, ਨੂੰ ਇਸ ਮਹਿਮਾਯੁਕਤ ਕਾਰਨਾਮੇ ਦੀ ਵਡਿਆਈ ਕਰਨ ਅਤੇ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ! ਫਿਰ ਵੀ, ਇਨ੍ਹਾਂ ਆਲੋਚਕਾਂ ਦੇ ਨਾਲ ਅਜਿਹਾ ਨਹੀਂ ਹੁੰਦਾ ਹੈ। ਇਸ ਲਈ, ਯਿਸੂ ਸਮਾਪਤ ਕਰਦਾ ਹੈ: “ਇਸ ਲਈ ਵੇਖ ਕਿ ਉਹ ਚਾਨਣ ਜੋ ਤੇਰੇ ਵਿੱਚ ਹੈ ਕਿਤੇ ਅਨ੍ਹੇਰਾ ਨਾ ਹੋਵੇ। ਉਪਰੰਤ ਜੇ ਤੇਰਾ ਸਾਰਾ ਸਰੀਰ ਚਾਨਣਾ ਹੋਵੇ ਅਤੇ ਕੋਈ ਅੰਗ ਅਨ੍ਹੇਰਾ ਨਾ ਹੋਵੇ ਤਾਂ ਸਾਰਾ ਹੀ ਚਾਨਣਾ ਹੋਵੇਗਾ ਜਿਵੇਂ ਦੀਵਾ ਆਪਣੀ ਜੋਤ ਨਾਲ ਤੈਨੂੰ ਚਾਨਣ ਦਿੰਦਾ ਹੈ।” ਲੂਕਾ 11:14-36; ਕੂਚ 8:18, 19; 31:18; ਮੱਤੀ 12:22, 28.
▪ ਯਿਸੂ ਦਾ ਉਸ ਆਦਮੀ ਨੂੰ ਚੰਗਾ ਕਰਨ ਤੇ ਕੀ ਪ੍ਰਤਿਕ੍ਰਿਆ ਹੁੰਦੀ ਹੈ?
▪ “ਪਰਮੇਸ਼ੁਰ ਦੀ ਉਂਗਲੀ” ਕੀ ਹੈ, ਅਤੇ ਕਿਸ ਤਰ੍ਹਾਂ ਪਰਮੇਸ਼ੁਰ ਦਾ ਰਾਜ ਯਿਸੂ ਦੇ ਸੁਣਨ ਵਾਲਿਆਂ ਉੱਤੇ ਆ ਪਹੁੰਚਿਆ ਹੈ?
▪ ਸੱਚੀ ਖ਼ੁਸ਼ੀ ਦਾ ਸ੍ਰੋਤ ਕੀ ਹੈ?
▪ ਇਕ ਵਿਅਕਤੀ ਕਿਸ ਤਰ੍ਹਾਂ ਇਕ ਨਿਰਮਲ ਅੱਖ ਰੱਖ ਸਕਦਾ ਹੈ?