ਅਧਿਆਇ 114
ਸਮਾਰਕ ਭੋਜਨ
ਆਪਣੇ ਰਸੂਲਾਂ ਦੇ ਪੈਰ ਧੋਣ ਤੋਂ ਬਾਅਦ, ਯਿਸੂ ਸ਼ਾਸਤਰ ਵਿੱਚੋਂ ਜ਼ਬੂਰ 41:9 ਦਾ ਹਵਾਲਾ ਦਿੰਦੇ ਹੋਏ ਕਹਿੰਦਾ ਹੈ: “ਉਸ ਨੇ ਜਿਹੜਾ ਮੇਰੀ ਰੋਟੀ ਖਾਂਦਾ ਹੈ ਮੇਰੇ ਉੱਤੇ ਆਪਣੀ ਲੱਤ ਚੁੱਕੀ।” ਫਿਰ, ਆਤਮਾ ਵਿਚ ਪਰੇਸ਼ਾਨ ਹੋ ਕੇ ਉਹ ਵਿਆਖਿਆ ਕਰਦਾ ਹੈ: “ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ।”
ਰਸੂਲ ਦੁਖੀ ਹੋਣ ਲੱਗਦੇ ਹਨ ਅਤੇ ਇਕ-ਇਕ ਕਰ ਕੇ ਯਿਸੂ ਨੂੰ ਕਹਿੰਦੇ ਹਨ: “ਕੀ ਉਹ ਮੈਂ ਹਾਂ?” ਯਹੂਦਾ ਇਸਕਰਿਯੋਤੀ ਵੀ ਪੁੱਛਣ ਵਿਚ ਸ਼ਾਮਲ ਹੋ ਜਾਂਦਾ ਹੈ। ਯੂਹੰਨਾ, ਜਿਹੜਾ ਮੇਜ਼ ਵਿਖੇ ਯਿਸੂ ਦੇ ਨਾਲ ਲੇਟਿਆ ਹੋਇਆ ਹੈ, ਯਿਸੂ ਦੀ ਛਾਤੀ ਤੇ ਢੋਹ ਲਾ ਕੇ ਪੁੱਛਦਾ ਹੈ: “ਪ੍ਰਭੁ ਜੀ ਉਹ ਕਿਹੜਾ ਹੈ?”
“ਬਾਰਾਂ ਵਿੱਚੋਂ ਇੱਕ ਜਣਾ ਜਿਹੜਾ ਮੇਰੇ ਨਾਲ ਕਟੋਰੇ ਵਿੱਚ ਹੱਥ ਡੋਬਦਾ ਹੈ ਸੋਈ ਹੈ,” ਯਿਸੂ ਜਵਾਬ ਦਿੰਦਾ ਹੈ। “ਮਨੁੱਖ ਦਾ ਪੁੱਤ੍ਰ ਤਾਂ ਜਾਂਦਾ ਹੈ ਜਿਵੇਂ ਉਹ ਦੇ ਹੱਕ ਵਿੱਚ ਲਿਖਿਆ ਹੈ ਪਰ ਹਾਇ ਉਸ ਮਨੁੱਖ ਉੱਤੇ ਜਿਹ ਦੀ ਰਾਹੀਂ ਮਨੁੱਖ ਦਾ ਪੁੱਤ੍ਰ ਫੜਵਾਇਆ ਜਾਂਦਾ ਹੈ! ਉਸ ਮਨੁੱਖ ਦੇ ਲਈ ਭਲਾ ਹੁੰਦਾ ਜੋ ਉਹ ਿਨੱਜ ਜੰਮਦਾ।” ਇਸ ਤੋਂ ਬਾਅਦ, ਸ਼ਤਾਨ ਫਿਰ ਤੋਂ ਯਹੂਦਾ ਵਿਚ ਦਾਖ਼ਲ ਹੁੰਦਾ ਹੈ, ਉਸ ਦੇ ਦਿਲ ਦੀ ਉਹ ਖੁਲ੍ਹੀ ਥਾਂ ਦਾ ਲਾਭ ਉਠਾ ਕੇ, ਜਿਹੜਾ ਕਿ ਦੁਸ਼ਟ ਬਣ ਚੁੱਕਾ ਹੈ। ਮਗਰੋਂ ਉਸੇ ਰਾਤ, ਯਿਸੂ ਉਚਿਤ ਤੌਰ ਤੇ ਯਹੂਦਾ ਨੂੰ ‘ਨਾਸ ਦਾ ਪੁੱਤ੍ਰ’ ਸੱਦਦਾ ਹੈ।
ਯਿਸੂ ਹੁਣ ਯਹੂਦਾ ਨੂੰ ਕਹਿੰਦਾ ਹੈ: “ਜੋ ਤੂੰ ਕਰਨਾ ਹੈਂ ਸੋ ਛੇਤੀ ਕਰ!” ਦੂਜਿਆਂ ਰਸੂਲਾਂ ਵਿੱਚੋਂ ਕੋਈ ਨਹੀਂ ਸਮਝਦਾ ਹੈ ਕਿ ਯਿਸੂ ਦਾ ਕੀ ਮਤਲਬ ਹੈ। ਕਈ ਅਨੁਮਾਨ ਲਗਾਉਂਦੇ ਹਨ ਕਿ ਕਿਉਂ ਜੋ ਯਹੂਦਾ ਕੋਲ ਪੈਸਿਆਂ ਦਾ ਬਕਸਾ ਹੈ, ਯਿਸੂ ਉਸ ਨੂੰ ਕਹਿ ਰਿਹਾ ਹੈ: “ਤਿਉਹਾਰ ਦੇ ਲਈ ਜੋ ਕੁਝ ਸਾਨੂੰ ਲੋੜੀਦਾ ਹੈ ਸੋ ਮੁੱਲ ਲਿਆ,” ਜਾਂ ਕਿ ਉਸ ਨੂੰ ਜਾ ਕੇ ਕੰਗਾਲਾਂ ਨੂੰ ਕੁਝ ਦੇਣਾ ਚਾਹੀਦਾ ਹੈ।
ਯਹੂਦਾ ਦੇ ਜਾਣ ਤੋਂ ਬਾਅਦ, ਯਿਸੂ ਆਪਣੇ ਵਫ਼ਾਦਾਰ ਰਸੂਲਾਂ ਨਾਲ ਇਕ ਬਿਲਕੁਲ ਨਵਾਂ ਤਿਉਹਾਰ, ਜਾਂ ਯਾਦਗਾਰ ਉਤਸਵ ਕਾਇਮ ਕਰਦਾ ਹੈ। ਉਹ ਇਕ ਰੋਟੀ ਲੈਂਦਾ ਹੈ, ਧੰਨਵਾਦ ਦੀ ਪ੍ਰਾਰਥਨਾ ਕਰਦਾ ਹੈ, ਅਤੇ ਤੋੜ ਕੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਦਿੰਦਾ ਹੈ: “ਲਓ ਖਾਓ।” ਉਹ ਵਿਆਖਿਆ ਕਰਦਾ ਹੈ: “ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।”
ਜਦੋਂ ਹਰੇਕ ਨੇ ਰੋਟੀ ਖਾ ਲਈ, ਤਾਂ ਯਿਸੂ ਦਾਖ ਰਸ ਦਾ ਇਕ ਪਿਆਲਾ ਲੈਂਦਾ ਹੈ, ਸਪੱਸ਼ਟ ਤੌਰ ਤੇ ਪਸਾਹ ਸੇਵਾ ਵਿਚ ਇਸਤੇਮਾਲ ਕੀਤਾ ਜਾਣ ਵਾਲਾ ਚੌਥਾ ਪਿਆਲਾ। ਉਹ ਇਸ ਤੇ ਵੀ ਧੰਨਵਾਦ ਦੀ ਪ੍ਰਾਰਥਨਾ ਕਰਦਾ ਹੈ, ਉਨ੍ਹਾਂ ਨੂੰ ਦਿੰਦਾ ਹੈ, ਅਤੇ ਉਨ੍ਹਾਂ ਨੂੰ ਇਸ ਵਿੱਚੋਂ ਪੀਣ ਲਈ ਕਹਿ ਕੇ ਬਿਆਨ ਕਰਦਾ ਹੈ: “ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ।”
ਸੋ ਅਸਲ ਵਿਚ, ਇਹ ਯਿਸੂ ਦੀ ਮੌਤ ਦਾ ਸਮਾਰਕ ਹੈ। ਇਹ ਹਰ ਵਰ੍ਹੇ ਨੀਸਾਨ 14 ਨੂੰ ਉਸ ਦੀ ਯਾਦਗੀਰੀ ਵਿਚ ਦੁਹਰਾਇਆ ਜਾਵੇਗਾ, ਜਿਵੇਂ ਯਿਸੂ ਕਹਿੰਦਾ ਹੈ। ਇਹ ਸਮਾਰਕ ਮਨਾਉਣ ਵਾਲਿਆਂ ਨੂੰ ਯਾਦ ਦਿਲਾਏਗਾ ਕਿ ਯਿਸੂ ਅਤੇ ਉਸ ਦੇ ਸਵਰਗੀ ਪਿਤਾ ਨੇ ਮਨੁੱਖਜਾਤੀ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਕੀ ਪ੍ਰਬੰਧ ਕੀਤਾ ਹੈ। ਉਨ੍ਹਾਂ ਯਹੂਦੀਆਂ ਦੇ ਲਈ ਜਿਹੜੇ ਮਸੀਹ ਦੇ ਅਨੁਯਾਈ ਬਣਦੇ ਹਨ, ਇਹ ਤਿਉਹਾਰ ਪਸਾਹ ਦੀ ਥਾਂ ਲਵੇਗਾ।
ਨਵਾਂ ਨੇਮ, ਜਿਹੜਾ ਯਿਸੂ ਦੇ ਵਹਾਏ ਗਏ ਲਹੂ ਦੁਆਰਾ ਕਾਇਮ ਕੀਤਾ ਜਾਂਦਾ ਹੈ, ਪੁਰਾਣੇ ਬਿਵਸਥਾ ਨੇਮ ਦੀ ਥਾਂ ਲੈਂਦਾ ਹੈ। ਯਿਸੂ ਮਸੀਹ ਦੋ ਪੱਖਾਂ ਦੇ ਦਰਮਿਆਨ ਇਸ ਨੇਮ ਦਾ ਵਿਚੋਲਾ ਹੈ—ਇਕ ਪਾਸੇ, ਯਹੋਵਾਹ ਪਰਮੇਸ਼ੁਰ, ਅਤੇ ਦੂਜੇ ਪਾਸੇ, ਆਤਮਾ ਤੋਂ ਜੰਮੇ 1,44,000 ਮਸੀਹੀ। ਪਾਪਾਂ ਦੀ ਮਾਫ਼ੀ ਦੇ ਲਈ ਪ੍ਰਬੰਧ ਕਰਨ ਦੇ ਇਲਾਵਾ, ਇਹ ਨੇਮ ਰਾਜਿਆਂ-ਜਾਜਕਾਂ ਦੀ ਇਕ ਸਵਰਗੀ ਕੌਮ ਬਣਨ ਦੀ ਵੀ ਇਜਾਜ਼ਤ ਦਿੰਦਾ ਹੈ। ਮੱਤੀ 26:21-29; ਮਰਕੁਸ 14:18-25; ਲੂਕਾ 22:19-23; ਯੂਹੰਨਾ 13:18-30; 17:12; 1 ਕੁਰਿੰਥੀਆਂ 5:7.
▪ ਇਕ ਸਾਥੀ ਦੇ ਸੰਬੰਧ ਵਿਚ ਯਿਸੂ ਕਿਹੜੀ ਭਵਿੱਖਬਾਣੀ ਦਾ ਹਵਾਲਾ ਦਿੰਦਾ ਹੈ, ਅਤੇ ਉਹ ਇਸ ਨੂੰ ਕਿਸ ਤਰ੍ਹਾਂ ਲਾਗੂ ਕਰਦਾ ਹੈ?
▪ ਰਸੂਲ ਕਿਉਂ ਅਤਿਅੰਤ ਦੁਖੀ ਹੁੰਦੇ ਹਨ, ਅਤੇ ਉਨ੍ਹਾਂ ਵਿੱਚੋਂ ਹਰੇਕ ਕੀ ਪੁੱਛਦਾ ਹੈ?
▪ ਯਿਸੂ ਯਹੂਦਾ ਨੂੰ ਕੀ ਕਰਨ ਲਈ ਕਹਿੰਦਾ ਹੈ, ਪਰੰਤੂ ਬਾਕੀ ਰਸੂਲ ਇਨ੍ਹਾਂ ਹਿਦਾਇਤਾਂ ਦਾ ਕਿਸ ਤਰ੍ਹਾਂ ਅਰਥ ਕੱਢਦੇ ਹਨ?
▪ ਯਹੂਦਾ ਦੇ ਜਾਣ ਤੋਂ ਬਾਅਦ, ਯਿਸੂ ਕਿਹੜਾ ਤਿਉਹਾਰ ਕਾਇਮ ਕਰਦਾ ਹੈ, ਅਤੇ ਇਹ ਕੀ ਉਦੇਸ਼ ਪੂਰਾ ਕਰਦਾ ਹੈ?
▪ ਨਵੇਂ ਨੇਮ ਦੇ ਵਿਚ ਕੌਣ ਸ਼ਾਮਲ ਹਨ, ਅਤੇ ਇਹ ਨੇਮ ਕੀ ਸੰਪੰਨ ਕਰਦਾ ਹੈ?