ਵਧੇਰੇ ਜਾਣਕਾਰੀ
ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਨਾਲ ਰੱਬ ਦੀ ਵਡਿਆਈ ਹੁੰਦੀ ਹੈ
ਮਸੀਹੀਆਂ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਦਾ ਹੁਕਮ ਦਿੱਤਾ ਗਿਆ ਹੈ। ਕਈ ਲੋਕ ਇਸ ਨੂੰ “ਪ੍ਰਭੂ ਦਾ ਭੋਜਨ” ਵੀ ਕਹਿੰਦੇ ਹਨ। (1 ਕੁਰਿੰਥੀਆਂ 11:20) ਮਸੀਹੀਆਂ ਲਈ ਇਹ ਯਾਦਗਾਰ ਮਨਾਉਣੀ ਇੰਨੀ ਅਹਿਮ ਕਿਉਂ ਹੈ? ਇਹ ਕਦੋਂ ਅਤੇ ਕਿੱਦਾਂ ਮਨਾਈ ਜਾਣੀ ਚਾਹੀਦੀ ਹੈ?
ਯਿਸੂ ਨੇ ਇਸ ਯਾਦਗਾਰ ਦੀ ਸ਼ੁਰੂਆਤ 33 ਈਸਵੀ ਵਿਚ ਪਸਾਹ ਦੇ ਦਿਨ ਕੀਤੀ ਸੀ। ਪਸਾਹ ਦਾ ਤਿਉਹਾਰ ਸਾਲ ਵਿਚ ਇਕ ਵਾਰ ਮਨਾਇਆ ਜਾਂਦਾ ਸੀ। ਇਹ ਤਿਉਹਾਰ ਯਹੂਦੀ ਕਲੰਡਰ ਮੁਤਾਬਕ ਨੀਸਾਨ ਮਹੀਨੇ ਦੀ ਚੌਦਾਂ ਤਾਰੀਖ਼ ਨੂੰ ਮਨਾਇਆ ਜਾਂਦਾ ਸੀ। ਇਸ ਤਾਰੀਖ਼ ਦਾ ਹਿਸਾਬ ਲਗਾਉਣ ਲਈ ਯਹੂਦੀ ਲੋਕ ਬਸੰਤ ਦੇ ਉਸ ਦਿਨ ਦੀ ਉਡੀਕ ਕਰਦੇ ਸਨ ਜਿਸ ਦਿਨ ਤਕਰੀਬਨ ਦਿਨ ਤੇ ਰਾਤ 12-12 ਘੰਟੇ ਦੇ ਹੁੰਦੇ ਸਨ। ਇਸ ਦਿਨ ਤੋਂ ਬਾਅਦ ਜਦੋਂ ਨਵਾਂ ਚੰਦ ਦਿਖਾਈ ਦਿੰਦਾ ਸੀ ਉਦੋਂ ਨੀਸਾਨ ਦਾ ਮਹੀਨਾ ਸ਼ੁਰੂ ਹੁੰਦਾ ਸੀ। ਇਸ ਮਹੀਨੇ ਦੀ ਚੌਦਾਂ ਤਾਰੀਖ਼ ਨੂੰ ਸੂਰਜ ਡੁੱਬਣ ਤੋਂ ਬਾਅਦ ਪਸਾਹ ਮਨਾਇਆ ਜਾਂਦਾ ਸੀ।
ਯਿਸੂ ਨੇ ਪਸਾਹ ਦਾ ਤਿਉਹਾਰ ਆਪਣੇ ਰਸੂਲਾਂ ਨਾਲ ਮਨਾਇਆ ਸੀ। ਫਿਰ ਯਹੂਦਾ ਇਸਕ੍ਰਿਓਤੀ ਦੇ ਜਾਣ ਤੋਂ ਬਾਅਦ ਯਿਸੂ ਨੇ ਆਪਣੇ ਰਸੂਲਾਂ ਨਾਲ ਆਖ਼ਰੀ ਭੋਜਨ ਖਾਧਾ ਸੀ। ਪਸਾਹ ਦੇ ਤਿਉਹਾਰ ਦੀ ਜਗ੍ਹਾ ਯਿਸੂ ਨੇ ਇਹ ਨਵੀਂ ਰੀਤ ਸ਼ੁਰੂ ਕੀਤੀ। ਇਸ ਲਈ ਇਸ ਨੂੰ ਵੀ ਪਸਾਹ ਵਾਂਗ ਸਾਲ ਵਿਚ ਇਕ ਵਾਰ ਹੀ ਮਨਾਇਆ ਜਾਣਾ ਚਾਹੀਦਾ ਹੈ।
ਮੱਤੀ ਦੀ ਇੰਜੀਲ ਵਿਚ ਅਸੀਂ ਪੜ੍ਹਦੇ ਹਾਂ: “ਯਿਸੂ ਨੇ ਇਕ ਰੋਟੀ ਲਈ ਅਤੇ ਪ੍ਰਾਰਥਨਾ ਕਰ ਕੇ ਤੋੜੀ ਤੇ ਆਪਣੇ ਚੇਲਿਆਂ ਨੂੰ ਦੇ ਕੇ ਕਿਹਾ: ‘ਲਓ ਖਾਓ, ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ।’ ਅਤੇ ਫਿਰ ਉਸ ਨੇ ਦਾਖਰਸ ਦਾ ਪਿਆਲਾ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ: ‘ਲਓ ਤੁਸੀਂ ਸਾਰੇ ਇਸ ਵਿੱਚੋਂ ਪੀਓ, ਇਹ ਦਾਖਰਸ ਮੇਰੇ ਲਹੂ ਨੂੰ ਅਰਥਾਤ “ਇਕਰਾਰ ਦੇ ਲਹੂ” ਨੂੰ ਦਰਸਾਉਂਦਾ ਹੈ ਜੋ ਬਹੁਤ ਸਾਰੇ ਲੋਕਾਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ।’”—ਮੱਤੀ 26:26-28.
ਕਈ ਲੋਕ ਯਕੀਨ ਕਰਦੇ ਹਨ ਕਿ ਯਿਸੂ ਨੇ ਸੱਚ-ਮੁੱਚ ਰੋਟੀ ਨੂੰ ਆਪਣੇ ਮਾਸ ਵਿਚ ਅਤੇ ਦਾਖਰਸ ਨੂੰ ਆਪਣੇ ਲਹੂ ਵਿਚ ਬਦਲ ਦਿੱਤਾ ਸੀ। ਕੀ ਯਿਸੂ ਦੇ ਰਸੂਲਾਂ ਨੇ ਸੱਚ-ਮੁੱਚ ਉਸ ਦਾ ਮਾਸ ਖਾਧਾ ਸੀ ਤੇ ਉਸ ਦਾ ਲਹੂ ਪੀਤਾ ਸੀ? ਬਿਲਕੁਲ ਨਹੀਂ! ਕਿਉਂਕਿ ਜਦ ਯਿਸੂ ਨੇ ਰੋਟੀ ਤੋੜੀ ਸੀ ਤਦ ਉਸ ਦੇ ਸਰੀਰ ਉੱਤੇ ਖਰਾਸ਼ ਤਕ ਨਹੀਂ ਆਈ ਸੀ। ਇਸ ਤੋਂ ਇਲਾਵਾ, ਇਨਸਾਨ ਦਾ ਮਾਸ ਖਾਣਾ ਅਤੇ ਖ਼ੂਨ ਪੀਣਾ ਆਦਮਖੋਰੀ ਹੈ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਾਪ ਹੈ। (ਉਤਪਤ 9:3, 4; ਲੇਵੀਆਂ 17:10) ਲੂਕਾ 22:20 ਦੇ ਮੁਤਾਬਕ ਯਿਸੂ ਨੇ ਕਿਹਾ: “ਇਹ ਦਾਖਰਸ ਮੇਰੇ ਲਹੂ ਦੁਆਰਾ ਕੀਤੇ ਗਏ ਨਵੇਂ ਇਕਰਾਰ ਨੂੰ ਦਰਸਾਉਂਦਾ ਹੈ ਜੋ ਤੁਹਾਡੇ ਲਈ ਵਹਾਇਆ ਜਾਵੇਗਾ।” ਕੀ ਇਹ ਪਿਆਲਾ ਸੱਚ-ਮੁੱਚ ‘ਨਵਾਂ ਇਕਰਾਰ’ ਬਣ ਗਿਆ ਸੀ? ਇਹ ਹੋ ਹੀ ਨਹੀਂ ਸਕਦਾ ਕਿਉਂਕਿ ਇਕਰਾਰ ਕੋਈ ਚੀਜ਼ ਨਹੀਂ, ਸਗੋਂ ਇਕ ਵਾਅਦਾ ਹੈ।
ਇਸ ਲਈ, ਰੋਟੀ ਅਤੇ ਦਾਖਰਸ ਸਿਰਫ਼ ਨਿਸ਼ਾਨੀਆਂ ਹਨ। ਰੋਟੀ ਯਿਸੂ ਦੇ ਮੁਕੰਮਲ ਸਰੀਰ ਨੂੰ ਦਰਸਾਉਂਦੀ ਹੈ। ਯਿਸੂ ਨੇ ਪਸਾਹ ਤੋਂ ਬਚੀ ਰੋਟੀ ਵਰਤੀ ਜੋ ਬਿਨਾਂ ਖ਼ਮੀਰ ਤੋਂ ਬਣਾਈ ਗਈ ਸੀ। (ਕੂਚ 12:8) ਬਾਈਬਲ ਵਿਚ ਖ਼ਮੀਰ ਅਕਸਰ ਪਾਪ ਨੂੰ ਦਰਸਾਉਂਦਾ ਹੈ। ਇਸ ਲਈ ਰੋਟੀ ਵਿਚ ਖ਼ਮੀਰ ਨਾ ਹੋਣ ਦਾ ਮਤਲਬ ਸੀ ਕਿ ਯਿਸੂ ਦਾ ਸਰੀਰ ਮੁਕੰਮਲ ਤੇ ਪਵਿੱਤਰ ਸੀ।—ਮੱਤੀ 16:11, 12; 1 ਕੁਰਿੰਥੀਆਂ 5:6, 7; 1 ਪਤਰਸ 2:22; 1 ਯੂਹੰਨਾ 2:1, 2.
ਲਾਲ ਦਾਖਰਸ ਯਿਸੂ ਦੇ ਲਹੂ ਨੂੰ ਦਰਸਾਉਂਦਾ ਹੈ। ਯਿਸੂ ਦੇ ਵਹਾਏ ਗਏ ਲਹੂ ਨਾਲ ਨਵੇਂ ਇਕਰਾਰ ਉੱਤੇ ਪੱਕੀ ਮੁਹਰ ਲਗਾਈ ਜਾਂਦੀ ਹੈ। ਯਿਸੂ ਨੇ ਕਿਹਾ ਸੀ ਕਿ ਉਸ ਦਾ ਲਹੂ “ਪਾਪਾਂ ਦੀ ਮਾਫ਼ੀ ਲਈ” ਵਹਾਇਆ ਗਿਆ ਸੀ। ਨਤੀਜੇ ਵਜੋਂ, ਇਨਸਾਨ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਠਹਿਰਾਏ ਜਾ ਸਕਦੇ ਹਨ ਅਤੇ ਨਵੇਂ ਇਕਰਾਰ ਵਿਚ ਸ਼ਾਮਲ ਹੋ ਸਕਦੇ ਹਨ। (ਇਬਰਾਨੀਆਂ 9:14; 10:16, 17) ਇਸ ਇਕਰਾਰ ਕਰਕੇ 1,44,000 ਵਫ਼ਾਦਾਰ ਸੇਵਕਾਂ ਨੂੰ ਸਵਰਗ ਜਾਣ ਦੀ ਉਮੀਦ ਮਿਲਦੀ ਹੈ। ਮਨੁੱਖਜਾਤੀ ਦੇ ਭਲੇ ਲਈ ਉਹ ਰਾਜਿਆਂ ਤੇ ਪੁਜਾਰੀਆਂ ਵਜੋਂ ਸਵਰਗ ਵਿਚ ਸੇਵਾ ਕਰਨਗੇ।—ਉਤਪਤ 22:18; ਯਿਰਮਿਯਾਹ 31:31-33; 1 ਪਤਰਸ 2:9; ਪ੍ਰਕਾਸ਼ ਦੀ ਕਿਤਾਬ 5:9, 10; 14:1-3.
ਕਿਨ੍ਹਾਂ ਨੂੰ ਰੋਟੀ ਖਾਣੀ ਅਤੇ ਦਾਖਰਸ ਪੀਣਾ ਚਾਹੀਦਾ ਹੈ? ਸਿਰਫ਼ ਉਨ੍ਹਾਂ ਨੂੰ ਜੋ ਨਵੇਂ ਇਕਰਾਰ ਵਿਚ ਸ਼ਾਮਲ ਹਨ ਯਾਨੀ ਜਿਨ੍ਹਾਂ ਕੋਲ ਸਵਰਗ ਜਾਣ ਦੀ ਉਮੀਦ ਹੈ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਉਨ੍ਹਾਂ ਨੂੰ ਗਵਾਹੀ ਦਿੰਦੀ ਹੈ ਕਿ ਉਹ ਸਵਰਗ ਵਿਚ ਰਾਜ ਕਰਨ ਲਈ ਚੁਣੇ ਗਏ ਹਨ। (ਰੋਮੀਆਂ 8:16) ਯਿਸੂ ਨੇ ਉਨ੍ਹਾਂ ਨਾਲ ਰਾਜ ਦਾ ਇਕਰਾਰ ਵੀ ਕੀਤਾ ਸੀ।—ਲੂਕਾ 22:29.
ਲੇਕਿਨ ਉਨ੍ਹਾਂ ਬਾਰੇ ਕੀ ਜਿਹੜੇ ਧਰਤੀ ਉੱਤੇ ਸਦਾ ਲਈ ਜੀਉਣ ਦੀ ਉਮੀਦ ਰੱਖਦੇ ਹਨ? ਉਹ ਯਿਸੂ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਨ, ਪਰ ਉਹ ਰੋਟੀ ਤੇ ਦਾਖਰਸ ਨਹੀਂ ਲੈਂਦੇ। ਯਹੋਵਾਹ ਦੇ ਗਵਾਹ ਸਾਲ ਵਿਚ ਇਕ ਵਾਰ ਨੀਸਾਨ ਦੀ ਚੌਦਾਂ ਤਾਰੀਖ਼ ਨੂੰ ਸੂਰਜ ਡੁੱਬਣ ਤੋਂ ਬਾਅਦ ਇਹ ਯਾਦਗਾਰ ਮਨਾਉਂਦੇ ਹਨ। ਭਾਵੇਂ ਦੁਨੀਆਂ ਵਿਚ ਥੋੜ੍ਹੇ ਹੀ ਯਹੋਵਾਹ ਦੇ ਗਵਾਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਕੋਲ ਸਵਰਗ ਜਾਣ ਦੀ ਉਮੀਦ ਹੈ, ਫਿਰ ਵੀ ਇਹ ਯਾਦਗਾਰ ਸਾਰੇ ਮਸੀਹੀਆਂ ਦੀਆਂ ਨਜ਼ਰਾਂ ਵਿਚ ਬਹੁਤ ਅਹਿਮੀਅਤ ਰੱਖਦੀ ਹੈ। ਇਸ ਯਾਦਗਾਰ ʼਤੇ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਜਾਂਦਾ ਹੈ ਕਿ ਯਹੋਵਾਹ ਅਤੇ ਯਿਸੂ ਉਨ੍ਹਾਂ ਨਾਲ ਕਿੰਨਾ ਪਿਆਰ ਕਰਦੇ ਹਨ।—ਯੂਹੰਨਾ 3:16.