ਪਾਠ 12
ਯਾਕੂਬ ਨੂੰ ਵਿਰਾਸਤ ਮਿਲੀ
40 ਸਾਲਾਂ ਦੀ ਉਮਰ ਵਿਚ ਇਸਹਾਕ ਦਾ ਵਿਆਹ ਰਿਬਕਾਹ ਨਾਲ ਹੋਇਆ। ਉਹ ਰਿਬਕਾਹ ਨੂੰ ਬਹੁਤ ਪਿਆਰ ਕਰਦਾ ਸੀ। ਸਮੇਂ ਦੇ ਬੀਤਣ ਨਾਲ ਉਨ੍ਹਾਂ ਦੇ ਦੋ ਜੌੜੇ ਮੁੰਡੇ ਹੋਏ।
ਵੱਡੇ ਦਾ ਨਾਂ ਏਸਾਓ ਤੇ ਛੋਟੇ ਦਾ ਨਾਂ ਯਾਕੂਬ ਸੀ। ਏਸਾਓ ਨੂੰ ਬਾਹਰ ਰਹਿਣਾ ਪਸੰਦ ਸੀ ਤੇ ਉਹ ਚੰਗਾ ਸ਼ਿਕਾਰੀ ਸੀ। ਪਰ ਯਾਕੂਬ ਨੂੰ ਘਰ ਰਹਿਣਾ ਵਧੀਆ ਲੱਗਦਾ ਸੀ।
ਉਨ੍ਹਾਂ ਦਿਨਾਂ ਵਿਚ ਪਿਤਾ ਦੀ ਮੌਤ ਤੋਂ ਬਾਅਦ ਜ਼ਮੀਨ ਅਤੇ ਪੈਸੇ ਵਿੱਚੋਂ ਸਭ ਤੋਂ ਜ਼ਿਆਦਾ ਹਿੱਸਾ ਵੱਡੇ ਮੁੰਡੇ ਨੂੰ ਮਿਲਦਾ ਸੀ। ਇਸ ਨੂੰ ਵਿਰਾਸਤ ਕਿਹਾ ਜਾਂਦਾ ਸੀ। ਇਸ ਵਿਰਾਸਤ ਵਿਚ ਯਹੋਵਾਹ ਵੱਲੋਂ ਅਬਰਾਹਾਮ ਨਾਲ ਕੀਤੇ ਵਾਅਦੇ ਵੀ ਸ਼ਾਮਲ ਸਨ। ਏਸਾਓ ਨੇ ਇਨ੍ਹਾਂ ਵਾਅਦਿਆਂ ਪ੍ਰਤੀ ਕੋਈ ਕਦਰ ਨਹੀਂ ਦਿਖਾਈ, ਪਰ ਯਾਕੂਬ ਜਾਣਦਾ ਸੀ ਕਿ ਇਹ ਵਾਅਦੇ ਬਹੁਤ ਅਹਿਮ ਸਨ।
ਇਕ ਦਿਨ ਏਸਾਓ ਪੂਰਾ ਦਿਨ ਸ਼ਿਕਾਰ ਕਰ ਕੇ ਥੱਕਿਆ ਹੋਇਆ ਘਰ ਆਇਆ। ਯਾਕੂਬ ਖਾਣਾ ਬਣਾ ਰਿਹਾ ਸੀ ਤੇ ਏਸਾਓ ਨੂੰ ਖਾਣਾ ਬਣਨ ਦੀ ਖ਼ੁਸ਼ਬੂ ਆਈ। ਉਸ ਨੇ ਯਾਕੂਬ ਨੂੰ ਕਿਹਾ: ‘ਮੈਨੂੰ ਭੁੱਖ ਲੱਗੀ ਹੈ। ਮੈਨੂੰ ਥੋੜ੍ਹੀ ਜਿਹੀ ਲਾਲ ਦਾਲ ਖਾਣ ਨੂੰ ਦੇ।’ ਯਾਕੂਬ ਨੇ ਕਿਹਾ: ‘ਮੈਂ ਤੈਨੂੰ ਦਾਲ ਜ਼ਰੂਰ ਦਿਆਂਗਾ, ਪਰ ਪਹਿਲਾਂ ਮੇਰੇ ਨਾਲ ਵਾਅਦਾ ਕਰ ਕਿ ਤੂੰ ਮੈਨੂੰ ਆਪਣੀ ਵਿਰਾਸਤ ਦੇ ਦੇਵੇਂਗਾ।’ ਏਸਾਓ ਨੇ ਕਿਹਾ: ‘ਮੈਂ ਕੀ ਕਰਨੀ ਵਿਰਾਸਤ, ਤੂੰ ਲੈ ਲਵੀਂ। ਮੈਨੂੰ ਸਿਰਫ਼ ਖਾਣਾ ਚਾਹੀਦਾ।’ ਕੀ ਤੁਹਾਨੂੰ ਲੱਗਦਾ ਕਿ ਏਸਾਓ ਨੇ ਸਮਝਦਾਰੀ ਵਾਲਾ ਕੰਮ ਕੀਤਾ ਸੀ? ਨਹੀਂ। ਏਸਾਓ ਨੇ ਇਕ ਕੌਲੀ ਦਾਲ ਦੇ ਬਦਲੇ ਬਹੁਤ ਕੀਮਤੀ ਚੀਜ਼ ਦੇ ਦਿੱਤੀ।
ਇਸਹਾਕ ਬਹੁਤ ਬੁੱਢਾ ਹੋ ਗਿਆ ਸੀ ਤੇ ਹੁਣ ਵੱਡੇ ਮੁੰਡੇ ਨੂੰ ਬਰਕਤਾਂ ਦੇਣ ਦਾ ਸਮਾਂ ਆ ਗਿਆ ਸੀ। ਪਰ ਰਿਬਕਾਹ ਨੇ ਬਰਕਤਾਂ ਲੈਣ ਲਈ ਆਪਣੇ ਛੋਟੇ ਮੁੰਡੇ ਯਾਕੂਬ ਦੀ ਮਦਦ ਕੀਤੀ। ਜਦੋਂ ਏਸਾਓ ਨੂੰ ਪਤਾ ਲੱਗਾ, ਤਾਂ ਉਹ ਬਹੁਤ ਗੁੱਸੇ ਵਿਚ ਆ ਗਿਆ ਤੇ ਉਸ ਨੇ ਆਪਣੇ ਜੁੜਵੇਂ ਭਰਾ ਨੂੰ ਮਾਰਨ ਦੀ ਯੋਜਨਾ ਬਣਾਈ। ਇਸਹਾਕ ਤੇ ਰਿਬਕਾਹ ਯਾਕੂਬ ਨੂੰ ਬਚਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਉਸ ਨੂੰ ਕਿਹਾ: ‘ਜਾਹ, ਉਦੋਂ ਤਕ ਆਪਣੇ ਮਾਮੇ ਲਾਬਾਨ ਨਾਲ ਜਾ ਕੇ ਰਹਿ, ਜਦੋਂ ਤਕ ਤੇਰੇ ਭਰਾ ਦਾ ਗੁੱਸਾ ਠੰਢਾ ਨਹੀਂ ਹੋ ਜਾਂਦਾ।’ ਯਾਕੂਬ ਨੇ ਆਪਣੇ ਮਾਪਿਆਂ ਦੀ ਗੱਲ ਮੰਨੀ ਤੇ ਆਪਣੀ ਜਾਨ ਬਚਾਉਣ ਲਈ ਭੱਜ ਗਿਆ।
“ਕੀ ਫ਼ਾਇਦਾ ਜੇ ਇਨਸਾਨ ਸਾਰੀ ਦੁਨੀਆਂ ਨੂੰ ਖੱਟ ਲਵੇ, ਪਰ ਆਪਣੀ ਜਾਨ ਗੁਆ ਬੈਠੇ? ਜੇ ਇਨਸਾਨ ਆਪਣਾ ਸਭ ਕੁਝ ਦੇ ਦੇਵੇ, ਤਾਂ ਕੀ ਉਹ ਆਪਣੀ ਜਾਨ ਬਚਾ ਸਕੇਗਾ?”—ਮਰਕੁਸ 8:36, 37