ਪਾਠ 48
ਵਿਧਵਾ ਦੇ ਮੁੰਡੇ ਨੂੰ ਜੀਉਂਦਾ ਕੀਤਾ ਗਿਆ
ਸੋਕੇ ਦੌਰਾਨ ਯਹੋਵਾਹ ਨੇ ਏਲੀਯਾਹ ਨੂੰ ਕਿਹਾ: ‘ਸਾਰਫਥ ਨੂੰ ਜਾ। ਉੱਥੇ ਇਕ ਵਿਧਵਾ ਤੈਨੂੰ ਖਾਣਾ ਦੇਵੇਗੀ।’ ਸ਼ਹਿਰ ਦੇ ਫਾਟਕਾਂ ʼਤੇ ਏਲੀਯਾਹ ਨੇ ਗ਼ਰੀਬ ਵਿਧਵਾ ਨੂੰ ਲੱਕੜਾਂ ਇਕੱਠੀਆਂ ਕਰਦੀ ਦੇਖਿਆ। ਉਸ ਨੇ ਵਿਧਵਾ ਤੋਂ ਪਾਣੀ ਮੰਗਿਆ। ਜਦੋਂ ਉਹ ਪਾਣੀ ਲੈਣ ਲਈ ਅੰਦਰ ਜਾਣ ਲੱਗੀ, ਤਾਂ ਉਸ ਨੇ ਪਿੱਛਿਓਂ ਆਵਾਜ਼ ਮਾਰ ਕੇ ਕਿਹਾ: ‘ਕੁਝ ਖਾਣ ਨੂੰ ਲੈ ਆਈਂ।’ ਪਰ ਵਿਧਵਾ ਨੇ ਕਿਹਾ: ‘ਮੇਰੇ ਕੋਲ ਤੈਨੂੰ ਦੇਣ ਲਈ ਕੁਝ ਨਹੀਂ ਹੈ। ਮੇਰੇ ਕੋਲ ਆਪਣੇ ਅਤੇ ਆਪਣੇ ਮੁੰਡੇ ਜੋਗਾ ਹੀ ਆਟਾ ਤੇ ਤੇਲ ਹੈ।’ ਏਲੀਯਾਹ ਨੇ ਉਸ ਨੂੰ ਕਿਹਾ: ‘ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਜੇ ਤੂੰ ਮੈਨੂੰ ਕੁਝ ਖਾਣ ਨੂੰ ਦੇਵੇਂਗੀ, ਤਾਂ ਸੋਕਾ ਖ਼ਤਮ ਹੋਣ ਤਕ ਤੇਰਾ ਆਟਾ ਤੇ ਤੇਰਾ ਤੇਲ ਨਹੀਂ ਮੁੱਕੇਗਾ।’
ਸੋ ਵਿਧਵਾ ਘਰ ਗਈ ਅਤੇ ਯਹੋਵਾਹ ਦੇ ਨਬੀ ਲਈ ਰੋਟੀ ਬਣਾ ਕੇ ਲਿਆਈ। ਯਹੋਵਾਹ ਦੇ ਵਾਅਦੇ ਮੁਤਾਬਕ ਵਿਧਵਾ ਅਤੇ ਉਸ ਦੇ ਮੁੰਡੇ ਕੋਲ ਸੋਕੇ ਦੌਰਾਨ ਹਮੇਸ਼ਾ ਖਾਣ ਲਈ ਸੀ। ਉਸ ਦਾ ਨਾ ਤਾਂ ਆਟਾ ਮੁੱਕਿਆ ਤੇ ਨਾ ਹੀ ਤੇਲ।
ਫਿਰ ਕੁਝ ਬੁਰਾ ਹੋਇਆ। ਵਿਧਵਾ ਦਾ ਮੁੰਡਾ ਇੰਨਾ ਬੀਮਾਰ ਹੋ ਗਿਆ ਕਿ ਉਹ ਮਰ ਗਿਆ। ਉਸ ਨੇ ਏਲੀਯਾਹ ਨੂੰ ਮਦਦ ਲਈ ਤਰਲੇ ਕੀਤੇ। ਏਲੀਯਾਹ ਨੇ ਉਸ ਕੋਲੋਂ ਮੁੰਡਾ ਫੜਿਆ ਅਤੇ ਉੱਪਰਲੇ ਕਮਰੇ ਵਿਚ ਲੈ ਗਿਆ। ਉਸ ਨੇ ਮੁੰਡੇ ਨੂੰ ਮੰਜੇ ʼਤੇ ਲੰਮਾ ਪਾਇਆ ਅਤੇ ਪ੍ਰਾਰਥਨਾ ਕੀਤੀ: ‘ਯਹੋਵਾਹ, ਮੁੰਡੇ ਨੂੰ ਜੀਉਂਦਾ ਕਰ ਦੇ।’ ਕੀ ਤੁਹਾਨੂੰ ਪਤਾ ਕਿ ਯਹੋਵਾਹ ਲਈ ਇਹ ਕੰਮ ਕਰਨਾ ਇੰਨਾ ਸ਼ਾਨਦਾਰ ਕਿਉਂ ਹੋਣਾ ਸੀ? ਕਿਉਂਕਿ ਜਿੱਥੋਂ ਤਕ ਸਾਨੂੰ ਪਤਾ ਹੈ, ਉਸ ਸਮੇਂ ਤਕ ਕਦੇ ਵੀ ਕਿਸੇ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਗਿਆ ਸੀ। ਨਾਲੇ ਇਹ ਵਿਧਵਾ ਤੇ ਉਸ ਦਾ ਮੁੰਡਾ ਤਾਂ ਇਜ਼ਰਾਈਲੀ ਵੀ ਨਹੀਂ ਸਨ।
ਮੁੰਡਾ ਜੀਉਂਦਾ ਹੋ ਗਿਆ। ਏਲੀਯਾਹ ਨੇ ਵਿਧਵਾ ਨੂੰ ਕਿਹਾ: ‘ਦੇਖ, ਤੇਰਾ ਮੁੰਡਾ ਜੀਉਂਦਾ ਹੋ ਗਿਆ ਹੈ।’ ਉਹ ਬਹੁਤ ਜ਼ਿਆਦਾ ਖ਼ੁਸ਼ ਹੋਈ ਤੇ ਉਸ ਨੇ ਏਲੀਯਾਹ ਨੂੰ ਕਿਹਾ: ‘ਤੂੰ ਸੱਚੀਂ ਰੱਬ ਦਾ ਬੰਦਾ ਹੈਂ। ਮੈਂ ਜਾਣਦੀ ਹਾਂ ਕਿ ਤੂੰ ਉਹੀ ਕਹਿੰਦਾ ਹੈਂ ਜੋ ਯਹੋਵਾਹ ਤੈਨੂੰ ਦੱਸਦਾ ਹੈ ਤੇ ਤੇਰੀ ਗੱਲ ਹਮੇਸ਼ਾ ਸੱਚੀ ਹੁੰਦੀ ਹੈ।’
“ਜ਼ਰਾ ਕਾਂਵਾਂ ਵੱਲ ਧਿਆਨ ਦਿਓ ਜਿਹੜੇ ਨਾ ਬੀਜਦੇ ਹਨ, ਨਾ ਵੱਢਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਦਾਣਿਆਂ ਲਈ ਕੋਠੀਆਂ ਹਨ। ਫਿਰ ਵੀ ਪਰਮੇਸ਼ੁਰ ਉਨ੍ਹਾਂ ਦਾ ਢਿੱਡ ਭਰਦਾ ਹੈ। ਕੀ ਤੁਸੀਂ ਪੰਛੀਆਂ ਨਾਲੋਂ ਕੀਮਤੀ ਨਹੀਂ ਹੋ?”—ਲੂਕਾ 12:24