ਪਾਠ 58
ਯਰੂਸ਼ਲਮ ਤਬਾਹ ਕੀਤਾ ਗਿਆ
ਯਹੂਦਾਹ ਦੇ ਲੋਕਾਂ ਨੇ ਵਾਰ-ਵਾਰ ਯਹੋਵਾਹ ਨੂੰ ਛੱਡ ਕੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕੀਤੀ। ਬਹੁਤ ਸਾਲਾਂ ਤਕ ਯਹੋਵਾਹ ਉਨ੍ਹਾਂ ਨੂੰ ਮੋੜਨ ਦੀ ਕੋਸ਼ਿਸ਼ ਕਰਦਾ ਰਿਹਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਕਈ ਨਬੀਆਂ ਨੂੰ ਭੇਜਿਆ, ਪਰ ਲੋਕਾਂ ਨੇ ਉਨ੍ਹਾਂ ਦੀ ਗੱਲ ਨਾ ਸੁਣੀ। ਇਸ ਦੀ ਬਜਾਇ, ਉਨ੍ਹਾਂ ਨੇ ਨਬੀਆਂ ਦਾ ਮਜ਼ਾਕ ਉਡਾਇਆ। ਤਾਂ ਫਿਰ ਯਹੋਵਾਹ ਨੇ ਝੂਠੀ ਭਗਤੀ ਦਾ ਖ਼ਾਤਮਾ ਕਿਵੇਂ ਕੀਤਾ?
ਬਾਬਲ ਦਾ ਰਾਜਾ ਨਬੂਕਦਨੱਸਰ ਇਕ ਤੋਂ ਬਾਅਦ ਇਕ ਕੌਮ ਨੂੰ ਹਰਾ ਰਿਹਾ ਸੀ। ਜਦੋਂ ਉਸ ਨੇ ਪਹਿਲੀ ਵਾਰ ਯਰੂਸ਼ਲਮ ਨੂੰ ਹਰਾਇਆ, ਤਾਂ ਉਹ ਰਾਜਾ ਯਹੋਯਾਕੀਨ, ਰਾਜਕੁਮਾਰਾਂ, ਯੋਧਿਆਂ ਅਤੇ ਕਾਰੀਗਰਾਂ ਨੂੰ ਫੜ ਕੇ ਬਾਬਲ ਲੈ ਗਿਆ। ਉਹ ਯਹੋਵਾਹ ਦੇ ਮੰਦਰ ਦਾ ਸਾਰਾ ਖ਼ਜ਼ਾਨਾ ਵੀ ਲੈ ਗਿਆ। ਫਿਰ ਨਬੂਕਦਨੱਸਰ ਨੇ ਸਿਦਕੀਯਾਹ ਨੂੰ ਯਹੂਦਾਹ ਦਾ ਰਾਜਾ ਬਣਾ ਦਿੱਤਾ।
ਪਹਿਲਾਂ-ਪਹਿਲ ਤਾਂ ਸਿਦਕੀਯਾਹ ਨਬੂਕਦਨੱਸਰ ਦੇ ਅਧੀਨ ਰਿਹਾ। ਪਰ ਆਲੇ-ਦੁਆਲੇ ਦੀਆਂ ਕੌਮਾਂ ਅਤੇ ਝੂਠੇ ਨਬੀਆਂ ਨੇ ਸਿਦਕੀਯਾਹ ਨੂੰ ਬਾਬਲ ਖ਼ਿਲਾਫ਼ ਬਗਾਵਤ ਕਰਨ ਲਈ ਕਿਹਾ। ਯਿਰਮਿਯਾਹ ਨੇ ਉਸ ਨੂੰ ਚੇਤਾਵਨੀ ਦਿੱਤੀ: ‘ਜੇ ਤੂੰ ਬਗਾਵਤ ਕੀਤੀ, ਤਾਂ ਯਹੂਦਾਹ ਵਿਚ ਕਤਲੇਆਮ ਹੋਵੇਗਾ, ਕਾਲ਼ ਪਵੇਗਾ ਅਤੇ ਬੀਮਾਰੀਆਂ ਫੈਲਣਗੀਆਂ।’
ਅੱਠ ਸਾਲ ਰਾਜ ਕਰਨ ਤੋਂ ਬਾਅਦ ਸਿਦਕੀਯਾਹ ਨੇ ਬਾਬਲ ਖ਼ਿਲਾਫ਼ ਬਗਾਵਤ ਕਰ ਦਿੱਤੀ। ਉਸ ਨੇ ਮਿਸਰੀ ਫ਼ੌਜ ਤੋਂ ਮਦਦ ਮੰਗੀ। ਨਬੂਕਦਨੱਸਰ ਨੇ ਯਰੂਸ਼ਲਮ ʼਤੇ ਹਮਲਾ ਕਰਨ ਲਈ ਆਪਣੀ ਫ਼ੌਜ ਭੇਜੀ ਅਤੇ ਉਨ੍ਹਾਂ ਨੇ ਸ਼ਹਿਰ ਨੂੰ ਘੇਰ ਲਿਆ। ਯਿਰਮਿਯਾਹ ਨੇ ਸਿਦਕੀਯਾਹ ਨੂੰ ਦੱਸਿਆ: ‘ਯਹੋਵਾਹ ਕਹਿੰਦਾ ਹੈ ਕਿ ਜੇ ਤੂੰ ਬਾਬਲ ਅੱਗੇ ਝੁਕ ਜਾਵੇਂ, ਤਾਂ ਤੇਰਾ ਤੇ ਸ਼ਹਿਰ ਦਾ ਨਾਸ਼ ਨਹੀਂ ਹੋਵੇਗਾ। ਪਰ ਜੇ ਤੂੰ ਨਾ ਝੁਕੇਂ, ਤਾਂ ਬਾਬਲੀ ਯਰੂਸ਼ਲਮ ਨੂੰ ਸਾੜ ਦੇਣਗੇ ਅਤੇ ਤੈਨੂੰ ਗ਼ੁਲਾਮ ਬਣਾ ਕੇ ਲੈ ਜਾਣਗੇ।’ ਸਿਦਕੀਯਾਹ ਨੇ ਕਿਹਾ: ‘ਮੈਂ ਨਹੀਂ ਝੁਕਾਂਗਾ।’
ਡੇਢ ਸਾਲ ਬਾਅਦ ਬਾਬਲੀ ਫ਼ੌਜ ਯਰੂਸ਼ਲਮ ਦੀਆਂ ਕੰਧਾਂ ਢਾਹ ਕੇ ਅੰਦਰ ਆ ਗਈ ਅਤੇ ਸਾਰੇ ਸ਼ਹਿਰ ਨੂੰ ਸਾੜ ਦਿੱਤਾ। ਉਨ੍ਹਾਂ ਨੇ ਮੰਦਰ ਨੂੰ ਅੱਗ ਲਾ ਦਿੱਤੀ, ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ ਅਤੇ ਹਜ਼ਾਰਾਂ ਨੂੰ ਗ਼ੁਲਾਮ ਬਣਾ ਲਿਆ।
ਸਿਦਕੀਯਾਹ ਯਰੂਸ਼ਲਮ ਵਿੱਚੋਂ ਭੱਜ ਗਿਆ, ਪਰ ਬਾਬਲੀਆਂ ਨੇ ਉਸ ਦਾ ਪਿੱਛਾ ਕੀਤਾ। ਉਨ੍ਹਾਂ ਨੇ ਯਰੀਹੋ ਨੇੜੇ ਉਸ ਨੂੰ ਫੜ ਲਿਆ ਅਤੇ ਨਬੂਕਦਨੱਸਰ ਕੋਲ ਲੈ ਗਏ। ਬਾਬਲ ਦੇ ਰਾਜੇ ਨੇ ਸਿਦਕੀਯਾਹ ਦੀਆਂ ਅੱਖਾਂ ਮੋਹਰੇ ਉਸ ਦੇ ਪੁੱਤਰਾਂ ਨੂੰ ਮਾਰ ਦਿੱਤਾ। ਫਿਰ ਨਬੂਕਦਨੱਸਰ ਨੇ ਸਿਦਕੀਯਾਹ ਨੂੰ ਅੰਨ੍ਹਾ ਕਰ ਦਿੱਤਾ ਅਤੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਿੱਥੇ ਬਾਅਦ ਵਿਚ ਉਹ ਮਰ ਗਿਆ। ਪਰ ਯਹੋਵਾਹ ਨੇ ਯਹੂਦਾਹ ਦੇ ਲੋਕਾਂ ਨਾਲ ਵਾਅਦਾ ਕੀਤਾ: ‘70 ਸਾਲਾਂ ਬਾਅਦ ਮੈਂ ਤੁਹਾਨੂੰ ਯਰੂਸ਼ਲਮ ਵਾਪਸ ਲੈ ਜਾਵਾਂਗਾ।’
ਬਾਬਲ ਵਿਚ ਗ਼ੁਲਾਮਾਂ ਵਜੋਂ ਲਿਜਾਏ ਗਏ ਨੌਜਵਾਨਾਂ ਨਾਲ ਕੀ ਹੋਣਾ ਸੀ? ਕੀ ਉਨ੍ਹਾਂ ਨੇ ਯਹੋਵਾਹ ਦੇ ਵਫ਼ਾਦਾਰ ਰਹਿਣਾ ਸੀ?
“ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ, ਤੇਰੇ ਫ਼ੈਸਲੇ ਸਹੀ ਅਤੇ ਧਰਮੀ ਹਨ।”—ਪ੍ਰਕਾਸ਼ ਦੀ ਕਿਤਾਬ 16:7