ਬੁਰਾਈ ਉੱਤੇ ਜਿੱਤ
“ਏਹ ਮੋਇਆ ਹੋਇਆ ਕੁੱਤਾ ਕਾਹਨੂੰ ਮੇਰੇ ਮਾਹਰਾਜ ਪਾਤਸ਼ਾਹ ਨੂੰ ਸਰਾਪ ਦੇਵੇ? ਆਗਿਆ ਹੋਵੇ ਤਾਂ ਜਾ ਕੇ ਉਹ ਦਾ ਸਿਰ ਉਡਾਵਾਂ!” ਇਹ ਬੇਨਤੀ ਇਸਰਾਏਲੀ ਸੈਨਾਪਤੀ, ਅਬੀਸ਼ਈ ਨੇ ਕੀਤੀ ਸੀ। ਜਦੋਂ ਉਸ ਨੇ ਸੁਣਿਆ ਕਿ ਸ਼ਿਮਈ ਨਾਮਕ ਬਿਨਯਾਮੀਨੀ, ਉਸ ਦੇ ਪ੍ਰਭੂ, ਰਾਜਾ ਦਾਊਦ ਨੂੰ ਨਫ਼ਰਤ ਭਰੀਆਂ ਗਾਲ੍ਹਾਂ ਕੱਢ ਰਿਹਾ ਸੀ, ਤਾਂ ਉਸ ਨੇ ਗੁੱਸੇ ਵਿਚ ਆ ਕੇ ਇਹ ਸਭ ਕੁਝ ਕਿਹਾ।—2 ਸਮੂਏਲ 16:5-9.
ਅਬੀਸ਼ਈ ਉਹੀ ਸਿਧਾਂਤ ਅਪਣਾ ਰਿਹਾ ਸੀ ਜੋ ਆਮ ਤੌਰ ਤੇ ਅੱਜ ਦੇ ਜ਼ਮਾਨੇ ਵਿਚ ਅਪਣਾਇਆ ਜਾਂਦਾ ਹੈ—ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਸਿਧਾਂਤ। ਜੀ ਹਾਂ, ਸ਼ਿਮਈ ਨੇ ਦਾਊਦ ਉੱਤੇ ਗਾਲ੍ਹਾਂ ਦੀ ਜਿਹੜੀ ਬੁਛਾੜ ਕੀਤੀ ਸੀ, ਉਸ ਦੀ ਸਜ਼ਾ ਅਬੀਸ਼ਈ ਉਸ ਨੂੰ ਦੇਣੀ ਚਾਹੁੰਦਾ ਸੀ।
ਪਰ ਦਾਊਦ ਦੀ ਕੀ ਪ੍ਰਤੀਕ੍ਰਿਆ ਸੀ? ਦਾਊਦ ਨੇ ਅਬੀਸ਼ਈ ਨੂੰ ਇਹ ਕਹਿ ਕੇ ਰੋਕ ਦਿੱਤਾ: “ਉਹ ਨੂੰ ਜਾਣ ਦਿਓ।” ਭਾਵੇਂ ਕਿ ਸ਼ਿਮਈ ਦੇ ਲਗਾਏ ਗਏ ਦੋਸ਼ ਗ਼ਲਤ ਸਨ, ਫਿਰ ਵੀ ਦਾਊਦ ਨੇ ਬਦਲਾ ਲੈਣ ਦੀ ਇੱਛਾ ਨਹੀਂ ਰੱਖੀ। ਇਸ ਦੀ ਬਜਾਇ, ਉਸ ਨੇ ਇਸ ਮਾਮਲੇ ਨੂੰ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ।—2 ਸਮੂਏਲ 16:10-13.
ਜਦੋਂ ਉਸ ਦੇ ਪੁੱਤਰ ਨੇ ਉਸ ਦੇ ਵਿਰੁੱਧ ਬਗਾਵਤ ਕੀਤੀ, ਤਾਂ ਦਾਊਦ ਨੂੰ ਉਦੋਂ ਭੱਜਣਾ ਪਿਆ। ਪਰ ਬਗਾਵਤ ਅਸਫ਼ਲ ਹੋਣ ਤੇ, ਜਦੋਂ ਦਾਊਦ ਆਪਣੀ ਰਾਜ-ਗੱਦੀ ਸੰਭਾਲਣ ਲਈ ਵਾਪਸ ਆਇਆ, ਤਾਂ ਉਸ ਦਾ ਸਵਾਗਤ ਕਰਨ ਵਾਲਿਆਂ ਵਿੱਚੋਂ ਪਹਿਲਾਂ ਸ਼ਿਮਈ ਸੀ ਅਤੇ ਉਸ ਨੇ ਦਾਊਦ ਕੋਲੋਂ ਮਾਫ਼ੀ ਮੰਗੀ! ਇਸ ਵਾਰ ਵੀ ਅਬੀਸ਼ਈ ਉਸ ਨੂੰ ਮਾਰਨਾ ਚਾਹੁੰਦਾ ਸੀ, ਪਰ ਦਾਊਦ ਨੇ ਫਿਰ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਰੋਕ ਦਿੱਤਾ।—2 ਸਮੂਏਲ 19:15-23.
ਇਸ ਉਦਾਹਰਣ ਵਿਚ, ਦਾਊਦ ਯੋਗ ਤਰੀਕੇ ਨਾਲ ਯਿਸੂ ਮਸੀਹ ਨੂੰ ਦਰਸਾਉਂਦਾ ਹੈ, ਜਿਸ ਬਾਰੇ ਪਤਰਸ ਰਸੂਲ ਨੇ ਲਿਖਿਆ: “ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ . . . ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਥ ਨਿਆਉਂ ਕਰਦਾ ਹੈ।”—1 ਪਤਰਸ 2:23.
ਅੱਜ ਮਸੀਹੀਆਂ ਨੂੰ ‘ਮਨ ਦੇ ਹਲੀਮ ਹੋਣ, ਬੁਰਿਆਈ ਦੇ ਬਦਲੇ ਬੁਰਿਆਈ ਨਾ ਕਰਨ’ ਦਾ ਉਪਦੇਸ਼ ਦਿੱਤਾ ਜਾਂਦਾ ਹੈ। (1 ਪਤਰਸ 3:8, 9) ਦਾਊਦ ਅਤੇ ਯਿਸੂ ਮਸੀਹ ਦੁਆਰਾ ਰੱਖੀ ਗਈ ਇਸ ਉਦਾਹਰਣ ਉੱਤੇ ਚੱਲ ਕੇ ਅਸੀਂ ਵੀ ‘ਭਲਿਆਈ ਨਾਲ ਬੁਰਿਆਈ ਨੂੰ ਜਿੱਤ’ ਸਕਦੇ ਹਾਂ।—ਰੋਮੀਆਂ 12:17-21.