ਮਸੀਹੀ ਪ੍ਰੇਮ ਆਪਣੇ ਕੰਮਾਂ ਦੁਆਰਾ ਦਿਖਾਇਆ ਜਾਂਦਾ ਹੈ
ਜਦੋਂ ਤ੍ਰਿਨੀਦਾਦ ਵਿਚ ਰਹਿਣ ਵਾਲੇ ਬਾਰਥੌਲੋਮਿਓ ਨਾਂ ਦੇ ਪਰਿਵਾਰ ਦਾ ਘਰ ਅੱਗ ਲੱਗ ਕੇ ਸੁਆਹ ਹੋ ਗਿਆ ਸੀ, ਤਾਂ ਉਹ ਆਪਣੀਆਂ ਜਾਨਾਂ ਤੋਂ ਛੁੱਟ ਸਭ ਕੁਝ ਗੁਆ ਬੈਠੇ ਸੀ। ਉਹ ਲਾਗੇ ਰਹਿਣ ਵਾਲੇ ਰਿਸ਼ਤੇਦਾਰਾਂ ਦੇ ਘਰ ਠਹਿਰ ਸਕੇ ਸਨ, ਪਰ ਗੱਲ ਇੱਥੇ ਹੀ ਨਹੀਂ ਖ਼ਤਮ ਹੋਈ।
ਓਲਿਵ ਬਾਰਥੌਲੋਮਿਓ ਯਹੋਵਾਹ ਦੀ ਗਵਾਹ ਹੈ। ਉਸ ਦੀ ਕਲੀਸਿਯਾ ਦੇ ਮੈਂਬਰਾਂ ਨੇ ਅਤੇ ਆਲੇ-ਦੁਆਲੇ ਦੇ ਹੋਰ ਗਵਾਹਾਂ ਨੇ ਚੰਦਾ ਇਕੱਠਾ ਕੀਤਾ ਤਾਂਕਿ ਓਲਿਵ ਅਤੇ ਉਸ ਦੇ ਟੱਬਰ ਦਾ ਘਰ ਮੁੜ ਬਣਾਇਆ ਜਾ ਸਕੇ। ਇਕ ਕਮੇਟੀ ਨੇ ਉਸਾਰੀ ਦੇ ਕੰਮ ਦੀ ਦੇਖ-ਭਾਲ ਕੀਤੀ ਅਤੇ ਕੰਮ ਸ਼ੁਰੂ ਹੋਇਆ। ਯਹੋਵਾਹ ਦੇ 20 ਕੁ ਗਵਾਹ ਅਤੇ ਕਈ ਗੁਆਂਢੀ ਮਦਦ ਕਰਨ ਲਈ ਆਏ। ਕੁਝ ਨੌਜਵਾਨਾਂ ਨੇ ਵੀ ਕੰਮ ਵਿਚ ਹਿੱਸਾ ਲਿਆ ਅਤੇ ਦੂਸਰਿਆਂ ਨੇ ਰੋਟੀ-ਪਾਣੀ ਤਿਆਰ ਕਰਨ ਵਿਚ ਹੱਥ ਵਟਾਇਆ।
ਤ੍ਰਿਨੀਦਾਦ ਦੇ ਸੰਡੇ ਗਾਰਡੀਅਨ ਅਖ਼ਬਾਰ ਦੀ ਰਿਪੋਰਟ ਵਿਚ ਓਲਿਵ ਨੇ ਕਿਹਾ ਕਿ “ਮੇਰਾ ਪਰਿਵਾਰ ਸਭ ਕੁਝ ਦੇਖ ਕੇ ਹੱਕਾ-ਬੱਕਾ ਰਹਿ ਗਿਆ। ਉਹ ਯਹੋਵਾਹ ਦੇ ਗਵਾਹ ਨਹੀਂ ਹਨ। ਇਸ ਕੰਮ ਨੂੰ ਦੇਖ ਕੇ ਮੇਰਾ ਪਤੀ ਹਾਲੇ ਵੀ ਹੈਰਾਨ ਹੈ।”
ਉਸਾਰੀ ਦੇ ਕੰਮ ਦੀ ਦੇਖ-ਭਾਲ ਕਰਨ ਵਾਲੇ ਭਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਮਸੀਹੀ ਪ੍ਰੇਮ ਦੇ ਸੱਚੇ ਨਿਸ਼ਾਨ ਹਨ। ਉਸ ਨੇ ਅੱਗੇ ਕਿਹਾ ਕਿ “ਅਸੀਂ ਘਰ-ਘਰ ਜਾ ਕੇ ਪ੍ਰੇਮ ਦੇ ਬਾਰੇ ਸਿਰਫ਼ ਗੱਲਾਂ-ਬਾਤਾਂ ਹੀ ਨਹੀਂ ਕਰਦੇ, ਪਰ ਅਸੀਂ ਆਪਣੇ ਕੰਮਾਂ ਦੁਆਰਾ ਵੀ ਇਹ ਗੁਣ ਦਿਖਾਉਂਦੇ ਹਾਂ।”—ਯੂਹੰਨਾ 13:34, 35.
[ਸਫ਼ੇ 32 ਉੱਤੇ ਤਸਵੀਰ]
ਓਲਿਵ ਬਾਰਥੌਲੋਮਿਓ ਅਤੇ ਉਸ ਦਾ ਪਤੀ