ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਵੀਹਵੀਂ ਸਦੀ ਵਿਚ ਆਪਣੀ ਨਿਹਚਾ ਦੀ ਖ਼ਾਤਰ ਮਰੇ ਗਵਾਹਾਂ ਨੇ ਸਵੀਡਨ ਵਿਚ ਗਵਾਹੀ ਦਿੱਤੀ
“ਗਵਾਹ” ਲਈ ਯੂਨਾਨੀ ਸ਼ਬਦ ਹੈ ਮੌਰਟੀਰ ਜਿਸ ਤੋਂ ਅੰਗ੍ਰੇਜ਼ੀ ਸ਼ਬਦ “ਮਾਰਟਰ” (martyr) ਆਇਆ ਹੈ। ਇਸ ਸ਼ਬਦ ਦਾ ਮਤਲਬ ਹੈ “ਉਹ ਵਿਅਕਤੀ ਜੋ ਆਪਣੀ ਮੌਤ ਰਾਹੀਂ ਗਵਾਹੀ ਦਿੰਦਾ ਹੈ।” ਪਹਿਲੀ ਸਦੀ ਦੇ ਬਹੁਤ ਸਾਰੇ ਮਸੀਹੀਆਂ ਨੇ ਆਪਣੀ ਨਿਹਚਾ ਦੀ ਖ਼ਾਤਰ ਮਰ ਕੇ ਯਹੋਵਾਹ ਬਾਰੇ ਗਵਾਹੀ ਦਿੱਤੀ ਸੀ।
ਉਸੇ ਤਰ੍ਹਾਂ 20ਵੀਂ ਸਦੀ ਵਿਚ ਵੀ ਹਜ਼ਾਰਾਂ ਹੀ ਗਵਾਹ ਰਾਜਨੀਤਿਕ ਤੇ ਰਾਸ਼ਟਰਵਾਦੀ ਵਾਦ-ਵਿਸ਼ਿਆਂ ਵਿਚ ਆਪਣੀ ਨਿਰਪੱਖਤਾ ਬਣਾਈ ਰੱਖਣ ਕਾਰਨ ਹਿਟਲਰ ਦੇ ਹਿਮਾਇਤੀਆਂ ਹੱਥੋਂ ਮਾਰੇ ਗਏ ਸਨ। ਆਧੁਨਿਕ ਸਮੇਂ ਵਿਚ ਨਿਹਚਾ ਖ਼ਾਤਰ ਮਾਰੇ ਗਏ ਇਹ ਗਵਾਹ ਵੀ ਜ਼ਬਰਦਸਤ ਗਵਾਹੀ ਦਿੰਦੇ ਹਨ। ਹਾਲ ਹੀ ਵਿਚ ਸਵੀਡਨ ਵਿਚ ਇਸੇ ਤਰ੍ਹਾਂ ਹੀ ਹੋਇਆ।
ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਦੀ 50ਵੀਂ ਵਰ੍ਹੇ-ਗੰਢ ਦੇ ਸੰਬੰਧ ਵਿਚ ਸਵੀਡਨ ਦੀ ਸਰਕਾਰ ਨੇ ਨਾਜ਼ੀਆਂ ਦੁਆਰਾ ਕੀਤੇ ਸਰਬਨਾਸ਼ ਬਾਰੇ ਪੂਰੇ ਦੇਸ਼ ਵਿਚ ਸਿੱਖਿਆ ਮੁਹਿੰਮ ਚਲਾਈ। ਇਸ ਮੁਹਿੰਮ ਨੂੰ “ਲਿਵਿੰਗ ਹਿਸਟਰੀ” (ਜੀਉਂਦਾ-ਜਾਗਦਾ ਇਤਿਹਾਸ) ਕਿਹਾ ਗਿਆ। ਯਹੋਵਾਹ ਦੇ ਗਵਾਹਾਂ ਨੂੰ ਇਸ ਮੁਹਿੰਮ ਵਿਚ ਹਿੱਸਾ ਲੈਣ ਤੇ ਆਪਣੇ ਤਜਰਬੇ ਸਾਂਝੇ ਕਰਨ ਦਾ ਸੱਦਾ ਦਿੱਤਾ ਗਿਆ ਸੀ।
ਯਹੋਵਾਹ ਦੇ ਗਵਾਹਾਂ ਨੇ ਇਸ ਮੁਹਿੰਮ ਦੌਰਾਨ ਇਕ ਪ੍ਰਦਰਸ਼ਨੀ ਲਗਾਈ ਜਿਸ ਦਾ ਵਿਸ਼ਾ ਸੀ “ਨਾਜ਼ੀ ਅਤਿਆਚਾਰ ਦੇ ਭੁਲਾਏ ਜਾ ਚੁੱਕੇ ਸ਼ਿਕਾਰ।” ਸਭ ਤੋਂ ਪਹਿਲਾਂ ਇਹ ਪ੍ਰਦਰਸ਼ਨੀ ਸਟਰੈਂਗਨਸ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੇ ਅਸੈਂਬਲੀ ਹਾਲ ਵਿਚ ਲਗਾਈ ਗਈ। ਪਹਿਲੇ ਦਿਨ 8,400 ਤੋਂ ਵੱਧ ਲੋਕ ਇਸ ਪ੍ਰਦਰਸ਼ਨੀ ਨੂੰ ਦੇਖਣ ਆਏ। ਅਤੇ ਸਰਬਨਾਸ਼ ਵਿੱਚੋਂ ਬਚੇ ਗਵਾਹ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਲੋਕਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ।! ਸਾਲ 1999 ਦੇ ਅਖ਼ੀਰ ਤਕ, ਇਹ ਪ੍ਰਦਰਸ਼ਨੀ ਪੂਰੇ ਸਵੀਡਨ ਵਿਚ 100 ਨਾਲੋਂ ਜ਼ਿਆਦਾ ਅਜਾਇਬ ਘਰਾਂ ਅਤੇ ਜਨਤਕ ਲਾਇਬ੍ਰੇਰੀਆਂ ਵਿਚ ਲਗਾਈ ਜਾ ਚੁੱਕੀ ਸੀ ਜਿਸ ਨੂੰ ਤਕਰੀਬਨ 1,50,000 ਲੋਕਾਂ ਨੇ ਦੇਖਿਆ। ਇਨ੍ਹਾਂ ਲੋਕਾਂ ਵਿਚ ਕਈ ਸਰਕਾਰੀ ਅਧਿਕਾਰੀ ਵੀ ਸਨ ਜਿਨ੍ਹਾਂ ਨੇ ਪ੍ਰਦਰਸ਼ਨੀ ਦੀ ਬੜੀ ਤਾਰੀਫ਼ ਕੀਤੀ।
ਸਵੀਡਨ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਨਾਲ ਸੰਬੰਧਿਤ ਹੋਰ ਕਿਸੇ ਵੀ ਘਟਨਾ ਬਾਰੇ ਅਖ਼ਬਾਰਾਂ ਵਿਚ ਐਨਾ ਜ਼ਿਆਦਾ ਨਹੀਂ ਛਾਪਿਆ ਗਿਆ ਤੇ ਨਾ ਹੀ ਐਨੀ ਜ਼ਿਆਦਾ ਮਸ਼ਹੂਰੀ ਹੋਈ। ਬਹੁਤ ਸਾਰੇ ਲੋਕਾਂ ਨੇ ਪੁੱਛਿਆ: “ਤੁਸੀਂ ਨਾਜ਼ੀ ਅਤਿਆਚਾਰ ਸਹਿਣ ਦੇ ਆਪਣੇ ਤਜਰਬੇ ਸਾਨੂੰ ਪਹਿਲਾਂ ਕਿਉਂ ਨਹੀਂ ਦੱਸੇ?”
ਆਪਣੇ ਖੇਤਰ ਵਿਚ ਪ੍ਰਦਰਸ਼ਨੀ ਦਿਖਾਉਣ ਤੋਂ ਬਾਅਦ, ਇਕ ਕਲੀਸਿਯਾ ਨੇ ਰਿਪੋਰਟ ਦਿੱਤੀ ਕਿ ਬਾਈਬਲ ਸਟੱਡੀਆਂ ਵਿਚ 30 ਪ੍ਰਤਿਸ਼ਤ ਵਾਧਾ ਹੋਇਆ! ਇਕ ਗਵਾਹ ਨੇ ਆਪਣੇ ਸਹਿਕਰਮੀ ਨੂੰ ਪ੍ਰਦਰਸ਼ਨੀ ਦੇਖਣ ਲਈ ਬੁਲਾਇਆ। ਉਹ ਸਹਿਕਰਮੀ ਖ਼ੁਸ਼ੀ-ਖ਼ੁਸ਼ੀ ਆਉਣ ਲਈ ਮੰਨ ਗਿਆ ਤੇ ਆਪਣੇ ਨਾਲ ਇਕ ਦੋਸਤ ਨੂੰ ਲਿਆਇਆ। ਬਾਅਦ ਵਿਚ ਉਸ ਦੀ ਦੋਸਤ ਨੇ ਕਿਹਾ ਕਿ ਉਸ ਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਲੋਕੀ ਐਨੀ ਪੱਕੀ ਨਿਹਚਾ ਕਿਵੇਂ ਰੱਖ ਸਕਦੇ ਹਨ ਜਿਸ ਦੇ ਲਈ ਉਹ ਆਪਣੀ ਨਿਹਚਾ ਤਿਆਗਣ ਦੇ ਦਸਤਾਵੇਜ਼ ਉੱਤੇ ਦਸਤਖਤ ਕਰਨ ਦੀ ਬਜਾਇ ਮਰਨਾ ਪਸੰਦ ਕਰਦੇ ਸਨ। ਇਸ ਗੱਲ ਤੇ ਹੋਰ ਚਰਚਾ ਹੋਈ ਤੇ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਗਈ।
ਪਹਿਲੀ ਸਦੀ ਦੇ ਮਸੀਹੀਆਂ ਵਾਂਗ, ਆਪਣੀ ਨਿਹਚਾ ਦੀ ਖ਼ਾਤਰ ਮਰਨ ਵਾਲੇ ਇਨ੍ਹਾਂ 20ਵੀਂ ਸਦੀ ਦੇ ਗਵਾਹਾਂ ਨੇ ਨਿਧੜਕ ਹੋ ਕੇ ਗਵਾਹੀ ਦਿੱਤੀ ਕਿ ਸਿਰਫ਼ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਜੋ ਸਾਡੀ ਪੱਕੀ ਨਿਹਚਾ ਅਤੇ ਵਫ਼ਾਦਾਰੀ ਦੇ ਜੋਗ ਹੈ।—ਪਰਕਾਸ਼ ਦੀ ਪੋਥੀ 4:11.
[ਸਫ਼ੇ 13 ਉੱਤੇ ਤਸਵੀਰ]
ਕੈਂਪ ਦੇ ਕੈਦੀ: Państwowe Muzeum Oświęcim-Brzezinka, courtesy of the USHMM Photo Archives