“ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ”
ਕੱਲ੍ਹ ਅਤੇ ਅੱਜ ਉਸ ਦੀ ਜ਼ਿੰਦਗੀ ਬਦਲ ਗਈ
ਮਾਤਸੇਪਾਂਗ ਦੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਸੀ! ਉਸ ਨੂੰ ਆਪਣੀ ਜ਼ਿੰਦਗੀ ਦਾ ਕੋਈ ਮਕਸਦ ਨਜ਼ਰ ਨਹੀਂ ਆਉਂਦਾ ਸੀ। ਮਾਤਸੇਪਾਂਗ ਦੱਖਣੀ ਅਫ਼ਰੀਕਾ ਦੇ ਵਿਚਕਾਰ ਸਥਿਤ ਲਿਸੋਥੋ ਦੇਸ਼ ਦੀ ਰਹਿਣ ਵਾਲੀ ਇਕ ਜਵਾਨ ਕੁੜੀ ਸੀ। ਉਹ ਬਚਪਨ ਤੋਂ ਹੀ ਇਕ ਕੈਥੋਲਿਕ ਸੀ। ਪਰ ਕੈਥੋਲਿਕ ਨਨਾਂ ਨੇ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਉਸ ਦੀ ਮਦਦ ਕਰਨ ਦੀ ਬਜਾਇ, ਕਈ ਸਾਲਾਂ ਤਕ ਉਸ ਦਾ ਨਾਜਾਇਜ਼ ਫ਼ਾਇਦਾ ਉਠਾਇਆ। ਉਨ੍ਹਾਂ ਨੇ ਇਸ ਬੱਚੀ ਨੂੰ ਪੈਸੇ ਦਾ ਲਾਲਚ ਦੇ ਕੇ ਉਸ ਤੋਂ ਅਨੈਤਿਕ ਕੰਮ ਕਰਾਏ।
ਨਤੀਜੇ ਵਜੋਂ, ਮਾਤਸੇਪਾਂਗ ਦਾ ਧਰਮ ਤੋਂ ਵਿਸ਼ਵਾਸ ਉੱਠ ਗਿਆ। ਉਸ ਲਈ ਇਹ ਗੱਲ ਮੰਨਣੀ ਬਹੁਤ ਔਖੀ ਸੀ ਕਿ ਪਰਮੇਸ਼ੁਰ ਇਨਸਾਨਾਂ ਨੂੰ ਪਿਆਰ ਕਰਦਾ ਅਤੇ ਉਨ੍ਹਾਂ ਦੀ ਚਿੰਤਾ ਕਰਦਾ ਹੈ। ਪਿਆਰ ਤੋਂ ਵਾਂਝੀ ਰਹਿਣ ਕਰਕੇ ਅਤੇ ਆਪਣੇ ਨਾਲ ਹੋਏ ਦੁਰਵਿਹਾਰ ਕਰਕੇ, ਮਾਤਸੇਪਾਂਗ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਲੱਗੀ ਸੀ। ਉਹ ਮਹਿਸੂਸ ਕਰਦੀ ਸੀ ਕਿ ਉਹ ਦੁਨੀਆਂ ਵਿਚ ਬਿਲਕੁਲ ਇਕੱਲੀ ਸੀ। ਉਹ ਬਹੁਤ ਹੀ ਝਗੜਾਲੂ ਤੇ ਹਿੰਸਕ ਸੁਭਾਅ ਦੀ ਬਣ ਗਈ ਤੇ ਜੁਰਮ ਦੀ ਦੁਨੀਆਂ ਵਿਚ ਚਲੀ ਗਈ।
ਮਾਤਸੇਪਾਂਗ ਬਾਅਦ ਵਿਚ ਇਕ ਗੈਂਗ ਦੀ ਮੈਂਬਰ ਬਣ ਗਈ ਜੋ ਟ੍ਰੇਨਾਂ ਵਿਚ ਮੁਸਾਫ਼ਰਾਂ ਨੂੰ ਲੁੱਟਦੀ ਹੁੰਦੀ ਸੀ। ਮਾਤਸੇਪਾਂਗ ਫੜੀ ਗਈ ਤੇ ਉਸ ਨੂੰ ਦੱਖਣੀ ਅਫ਼ਰੀਕਾ ਵਿਚ ਜੇਲ੍ਹ ਦੀ ਸਜ਼ਾ ਕੱਟਣੀ ਪਈ। ਬਾਅਦ ਵਿਚ ਉਸ ਨੂੰ ਉਸ ਦੇ ਜੱਦੀ ਦੇਸ਼ ਲਿਸੋਥੋ ਵਾਪਸ ਭੇਜ ਦਿੱਤਾ ਗਿਆ ਜਿੱਥੇ ਉਸ ਨੇ ਅਪਰਾਧ ਦੀ ਜ਼ਿੰਦਗੀ ਜਾਰੀ ਰੱਖੀ। ਸ਼ਰਾਬ, ਹਿੰਸਾ ਅਤੇ ਅਨੈਤਿਕਤਾ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਸਨ।
ਇਕ ਵਾਰ ਜਦੋਂ ਮਾਤਸੇਪਾਂਗ ਬਹੁਤ ਹੀ ਨਿਰਾਸ਼ ਤੇ ਉਦਾਸ ਸੀ, ਤਾਂ ਉਸ ਨੇ ਦਿਲ ਦੀ ਤਹਿ ਤੋਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: “ਹੇ ਰੱਬਾ, ਮੈਂ ਵਾਅਦਾ ਕਰਦੀ ਹਾਂ ਕਿ ਜੇ ਮੈਂ ਜੀਉਂਦੀ ਰਹੀ, ਤਾਂ ਮੈਂ ਤੇਰੀ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ।”
ਕੁਝ ਹੀ ਸਮੇਂ ਬਾਅਦ ਮਾਤਸੇਪਾਂਗ ਨੂੰ ਯਹੋਵਾਹ ਦੇ ਗਵਾਹਾਂ ਦੇ ਮਿਸ਼ਨਰੀ ਮਿਲੇ। ਉਨ੍ਹਾਂ ਨੇ ਉਸ ਨੂੰ ਬਾਈਬਲ ਸਿਖਾਉਣ ਦੀ ਪੇਸ਼ਕਸ਼ ਕੀਤੀ। ਬਾਈਬਲ ਦਾ ਅਧਿਐਨ ਕਰ ਕੇ ਮਾਤਸੇਪਾਂਗ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਨੂੰ ਇਨਸਾਨਾਂ ਦਾ ਫ਼ਿਕਰ ਸੀ। ਉਸ ਨੇ ਸਿੱਖਿਆ ਕਿ “ਝੂਠ ਦਾ ਪਤੰਦਰ” ਸ਼ਤਾਨ ਬੜੀ ਚਲਾਕੀ ਨਾਲ ਕੁਝ ਇਨਸਾਨਾਂ ਵਿਚ ਇਹ ਭਾਵਨਾ ਪੈਦਾ ਕਰਦਾ ਹੈ ਕਿ ਉਹ ਕਿਸੇ ਕੰਮ ਦੇ ਨਹੀਂ ਅਤੇ ਯਹੋਵਾਹ ਕਦੇ ਵੀ ਉਨ੍ਹਾਂ ਨੂੰ ਪਿਆਰ ਨਹੀਂ ਕਰ ਸਕਦਾ।—ਯੂਹੰਨਾ 8:44; ਅਫ਼ਸੀਆਂ 6:11.
ਇਸ ਝੂਠ ਦੇ ਉਲਟ, ਮਾਤਸੇਪਾਂਗ ਨੂੰ ਇਹ ਸਿੱਖ ਕੇ ਬੜਾ ਦਿਲਾਸਾ ਮਿਲਿਆ ਕਿ ਜੇ ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਾਂ, ਪਰਮੇਸ਼ੁਰ ਤੋਂ ਮਾਫ਼ੀ ਮੰਗਦੇ ਹਾਂ ਅਤੇ ਉਸ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਇੱਜ਼ਤ ਦੀ ਜ਼ਿੰਦਗੀ ਜੀ ਸਕਦੇ ਹਾਂ! ਉਸ ਦੀ ਇਹ ਸਮਝਣ ਵਿਚ ਮਦਦ ਕੀਤੀ ਗਈ ਕਿ “ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ” ਅਤੇ ਇਹ ਜ਼ਰੂਰੀ ਨਹੀਂ ਕਿ ਜਿਸ ਨਜ਼ਰ ਤੋਂ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ, ਪਰਮੇਸ਼ੁਰ ਵੀ ਸਾਨੂੰ ਉਸੇ ਨਜ਼ਰ ਤੋਂ ਦੇਖੇ।—1 ਯੂਹੰਨਾ 3:19, 20.
ਜ਼ਬੂਰਾਂ ਦੇ ਲਿਖਾਰੀ ਦਾਊਦ ਦੇ ਇਨ੍ਹਾਂ ਸ਼ਬਦਾਂ ਨੂੰ ਪੜ੍ਹ ਕੇ ਮਾਤਸੇਪਾਂਗ ਬਹੁਤ ਖ਼ੁਸ਼ ਹੋਈ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 34:18) ਮਾਤਸੇਪਾਂਗ ਦੀ ‘ਆਤਮਾ ਵੀ ਕੁਚਲੀ’ ਹੋਈ ਸੀ, ਪਰ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਯਹੋਵਾਹ ਕਦੇ ਵੀ ਆਪਣੇ ਸੇਵਕਾਂ ਨੂੰ ਨਹੀਂ ਤਿਆਗਦਾ, ਭਾਵੇਂ ਉਹ ਬਹੁਤ ਹੀ ਨਿਰਾਸ਼ ਹਨ ਜਾਂ ਆਪਣੇ ਆਪ ਨੂੰ ਨਿਕੰਮੇ ਸਮਝਦੇ ਹਨ। ਉਸ ਦਾ ਦਿਲ ਖ਼ੁਸ਼ੀ ਨਾਲ ਭਰ ਗਿਆ ਜਦੋਂ ਉਸ ਨੇ ਸਿੱਖਿਆ ਕਿ ਪਰਮੇਸ਼ੁਰ ਇਕ ਅਯਾਲੀ ਵਾਂਗ ਆਪਣੀਆਂ ਸਾਰੀਆਂ ਭੇਡਾਂ ਦਾ ਬਹੁਤ ਖ਼ਿਆਲ ਰੱਖਦਾ ਹੈ ਅਤੇ ਮੁਸ਼ਕਲ ਸਮਿਆਂ ਵਿਚ ਉਨ੍ਹਾਂ ਨੂੰ ਸੰਭਾਲੀ ਰੱਖਦਾ ਹੈ। (ਜ਼ਬੂਰਾਂ ਦੀ ਪੋਥੀ 55:22; 1 ਪਤਰਸ 5:6, 7) ਖ਼ਾਸਕਰ ਇਨ੍ਹਾਂ ਸ਼ਬਦਾਂ ਨੇ ਮਾਤਸੇਪਾਂਗ ਦੇ ਦਿਲ ਨੂੰ ਛੂਹ ਲਿਆ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8.
ਜਲਦੀ ਹੀ ਪਰਮੇਸ਼ੁਰ ਦੇ ਬਚਨ ਬਾਈਬਲ ਨੇ ਮਾਤਸੇਪਾਂਗ ਦੀ ਜ਼ਿੰਦਗੀ ਵਿਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ। ਉਹ ਬਾਕਾਇਦਾ ਮਸੀਹੀ ਸਭਾਵਾਂ ਵਿਚ ਜਾਣ ਲੱਗ ਪਈ ਅਤੇ ਉਸ ਨੇ ਭੈੜੇ ਕੰਮ ਕਰਨੇ ਛੱਡ ਦਿੱਤੇ। ਇਸ ਦਾ ਨਤੀਜਾ ਕੀ ਨਿਕਲਿਆ? ਉਹ ਹੁਣ ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਅਤੇ ਕਿਰਪਾ ਦੇ ਨਾਕਾਬਲ ਨਹੀਂ ਸਮਝਦੀ। ਉਸ ਨੇ ਬਪਤਿਸਮਾ ਲੈ ਲਿਆ ਅਤੇ ਉਹ ਹੁਣ ਯਹੋਵਾਹ ਦੀ ਇਕ ਗਵਾਹ ਹੈ। ਉਸ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਹਜ਼ਾਰਾਂ ਘੰਟੇ ਬਿਤਾਏ ਹਨ। ਪੁਰਾਣੇ ਜ਼ਖ਼ਮਾਂ ਦੇ ਬਾਵਜੂਦ, ਹੁਣ ਮਾਤਸੇਪਾਂਗ ਇਕ ਖ਼ੁਸ਼ ਅਤੇ ਮਕਸਦ ਭਰੀ ਜ਼ਿੰਦਗੀ ਗੁਜ਼ਾਰ ਰਹੀ ਹੈ। ਇਹ ਇਸ ਗੱਲ ਦਾ ਕਿੰਨਾ ਹੀ ਵੱਡਾ ਸਬੂਤ ਹੈ ਕਿ ਬਾਈਬਲ ਸੱਚ-ਮੁੱਚ ਲੋਕਾਂ ਦੀ ਜ਼ਿੰਦਗੀ ਬਦਲ ਦਿੰਦੀ ਹੈ!—ਇਬਰਾਨੀਆਂ 4:12.
[ਸਫ਼ੇ 9 ਉੱਤੇ ਸੁਰਖੀ]
“ਹੇ ਰੱਬਾ, ਮੈਂ ਵਾਅਦਾ ਕਰਦੀ ਹਾਂ ਕਿ ਜੇ ਮੈਂ ਜੀਉਂਦੀ ਰਹੀ, ਤਾਂ ਮੈਂ ਤੇਰੀ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ”
[ਸਫ਼ੇ 9 ਉੱਤੇ ਡੱਬੀ]
ਬਾਈਬਲ ਦੇ ਫ਼ਾਇਦੇਮੰਦ ਸਿਧਾਂਤ
ਬਾਈਬਲ ਦੇ ਕਈ ਸਿਧਾਂਤਾਂ ਨੇ ਦੁਰਵਿਵਹਾਰ ਦੇ ਸ਼ਿਕਾਰ ਹੋਏ ਲੋਕਾਂ ਨੂੰ ਦਿਲਾਸਾ ਦਿੱਤਾ ਹੈ। ਇਨ੍ਹਾਂ ਵਿੱਚੋਂ ਕੁਝ ਸਿਧਾਂਤ ਹੇਠਾਂ ਦਿੱਤੇ ਗਏ ਹਨ:
“ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ [ ਪਰਮੇਸ਼ੁਰ ਦੀਆਂ] ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।” (ਜ਼ਬੂਰਾਂ ਦੀ ਪੋਥੀ 94:19) ਯਹੋਵਾਹ ਦੇ ਬਚਨ ਵਿਚ ਦਿੱਤੀਆਂ “ਤਸੱਲੀਆਂ” ਤੋਂ ਸਾਨੂੰ ਬਹੁਤ ਦਿਲਾਸਾ ਮਿਲਦਾ ਹੈ। ਜਦੋਂ ਅਸੀਂ ਪ੍ਰਾਰਥਨਾ ਅਤੇ ਮਨਨ ਕਰਨ ਦੇ ਸਮੇਂ ਇਨ੍ਹਾਂ ਤਸੱਲੀਆਂ ਉੱਤੇ ਗੌਰ ਕਰਦੇ ਹਾਂ, ਤਾਂ ਸਾਡੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ। ਇਸ ਦੇ ਨਾਲ-ਨਾਲ ਸਾਡਾ ਵਿਸ਼ਵਾਸ ਹੋਰ ਪੱਕਾ ਹੋ ਜਾਂਦਾ ਹੈ ਕਿ ਪਰਮੇਸ਼ੁਰ ਸਾਡਾ ਦੋਸਤ ਹੈ ਜੋ ਸਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ।
“ਉਹ [ਯਹੋਵਾਹ] ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।” (ਜ਼ਬੂਰਾਂ ਦੀ ਪੋਥੀ 147:3) ਯਹੋਵਾਹ ਨੇ ਸਾਡੇ ਉੱਤੇ ਬੜੀ ਦਇਆ ਕਰ ਕੇ ਸਾਡੇ ਪਾਪਾਂ ਦੀ ਮਾਫ਼ੀ ਲਈ ਯਿਸੂ ਦੀ ਕੁਰਬਾਨੀ ਦਿੱਤੀ। ਜੇ ਅਸੀਂ ਯਹੋਵਾਹ ਦੀ ਦਇਆ ਅਤੇ ਯਿਸੂ ਦੀ ਕੁਰਬਾਨੀ ਦੀ ਕਦਰ ਕਰੀਏ, ਤਾਂ ਅਸੀਂ ਦੋਸ਼ੀ ਭਾਵਨਾ ਤੋਂ ਮੁਕਤ ਹੋ ਕੇ ਪੂਰੇ ਵਿਸ਼ਵਾਸ ਨਾਲ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਾਨੂੰ ਬੇਹੱਦ ਆਰਾਮ ਤੇ ਮਨ ਦੀ ਸ਼ਾਂਤੀ ਮਿਲ ਸਕਦੀ ਹੈ।
“ਕੋਈ ਮੇਰੇ [ਯਿਸੂ ਮਸੀਹ] ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ।” (ਯੂਹੰਨਾ 6:44) ਯਹੋਵਾਹ ਆਪਣੀ ਪਵਿੱਤਰ ਆਤਮਾ ਦੁਆਰਾ ਅਤੇ ਰਾਜ ਦੇ ਪ੍ਰਚਾਰ ਦੇ ਕੰਮ ਰਾਹੀਂ ਸਾਨੂੰ ਆਪਣੇ ਪੁੱਤਰ ਵੱਲ ਖਿੱਚਦਾ ਹੈ ਅਤੇ ਸਾਨੂੰ ਸਦਾ ਦੀ ਜ਼ਿੰਦਗੀ ਦੀ ਉਮੀਦ ਦਿੰਦਾ ਹੈ।