ਬਾਈਬਲ ਦੀ ਸਲਾਹ ਤੁਹਾਡਾ ਵਿਆਹੁਤਾ ਜੀਵਨ ਸੁਖੀ ਬਣਾ ਸਕਦੀ ਹੈ
ਵਿਆਹ—ਕੁਝ ਲੋਕ ਇਹ ਸ਼ਬਦ ਸੁਣ ਕੇ ਖ਼ੁਸ਼ੀ ਨਾਲ ਖਿੜ੍ਹ ਉੱਠਦੇ ਹਨ। ਪਰ ਹੋਰ ਲੋਕ ਇਹ ਸ਼ਬਦ ਸੁਣ ਕੇ ਤੜਫ਼ ਉੱਠਦੇ ਹਨ। ਇਕ ਪਤਨੀ ਦੁਖੀ ਮਨ ਨਾਲ ਕਹਿੰਦੀ ਹੈ: “ਪਤੀ ਦੇ ਹੁੰਦੇ ਹੋਏ ਵੀ ਮੈਂ ਆਪਣੇ ਆਪ ਨੂੰ ਇਕੱਲੀ ਮਹਿਸੂਸ ਕਰਦੀ ਹਾਂ। ਉਹ ਨਾ ਤਾਂ ਮੇਰੇ ਵੱਲ ਧਿਆਨ ਦਿੰਦੇ ਹਨ ਤੇ ਨਾ ਹੀ ਦੋ ਘੜੀਆਂ ਬੈਠ ਕੇ ਮੇਰੇ ਨਾਲ ਗੱਲਾਂ ਕਰਦੇ ਹਨ।”
ਜੋ ਮੁੰਡਾ-ਕੁੜੀ ਕਦੇ ਇਕੱਠੇ ਜੀਉਣ-ਮਰਨ ਦੀਆਂ ਕਸਮਾਂ ਖਾਂਦੇ ਸਨ, ਉਹ ਇਕ-ਦੂਜੇ ਤੋਂ ਇੰਨੇ ਦੂਰ ਕਿਉਂ ਚਲੇ ਜਾਂਦੇ ਹਨ? ਇਸ ਦਾ ਇਕ ਕਾਰਨ ਇਹ ਹੈ ਕਿ ਵਿਆਹੁਤਾ ਜੀਵਨ ਨੂੰ ਸੁਖੀ ਬਣਾਉਣ ਬਾਰੇ ਉਨ੍ਹਾਂ ਨੂੰ ਕੋਈ ਸਿਖਲਾਈ ਨਹੀਂ ਦਿੱਤੀ ਜਾਂਦੀ। ਇਕ ਮੈਡੀਕਲ ਪੱਤਰਕਾਰ ਕਹਿੰਦਾ ਹੈ: “ਵਿਆਹ ਕਰਾਉਣ ਤੋਂ ਪਹਿਲਾਂ ਮੁੰਡੇ-ਕੁੜੀਆਂ ਨੂੰ ਇਸ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ।”
ਅਮਰੀਕਾ ਵਿਚ ਨਿਊ ਜਰਸੀ ਦੀ ਯੂਨੀਵਰਸਿਟੀ ਦੁਆਰਾ ਕੀਤਾ ਗਿਆ ਅਧਿਐਨ ਉੱਪਰ ਦੱਸੀ ਗੱਲ ਦੀ ਪੁਸ਼ਟੀ ਕਰਦਾ ਹੈ। ਇਸ ਅਧਿਐਨ ਦੇ ਡਾਇਰੈਕਟਰ ਲਿਖਦੇ ਹਨ: “ਇਸ ਅਧਿਐਨ ਵਿਚ ਸ਼ਾਮਲ ਜ਼ਿਆਦਾਤਰ ਪਤੀ-ਪਤਨੀ ਅਜਿਹੇ ਘਰਾਂ ਵਿਚ ਜੰਮੇ-ਪਲੇ ਸਨ ਜਿਨ੍ਹਾਂ ਵਿਚ ਉਨ੍ਹਾਂ ਦੇ ਮਾਤਾ-ਪਿਤਾ ਜਾਂ ਤਾਂ ਆਪਸ ਵਿਚ ਖ਼ੁਸ਼ ਨਹੀਂ ਸਨ ਜਾਂ ਉਨ੍ਹਾਂ ਦਾ ਤਲਾਕ ਹੋ ਚੁੱਕਾ ਸੀ। ਉਹ ਦੁਖੀ ਵਿਆਹੁਤਾ ਜੀਵਨ ਬਾਰੇ ਸਭ ਕੁਝ ਜਾਣਦੇ ਹਨ, ਪਰ ਸੁਖੀ ਵਿਆਹੁਤਾ ਜੀਵਨ ਬਾਰੇ ਉਹ ਕੁਝ ਨਹੀਂ ਜਾਣਦੇ। ਕੁਝ ਲੋਕਾਂ ਨੇ ਸਿਰਫ਼ ਇੰਨਾ ਹੀ ਕਿਹਾ ਕਿ ‘ਸੁਖੀ ਵਿਆਹੁਤਾ ਜੀਵਨ ਉਹ ਹੈ ਜੋ ਮੇਰੇ ਮਾਤਾ-ਪਿਤਾ ਦੀ ਜ਼ਿੰਦਗੀ ਤੋਂ ਉਲਟ ਹੈ।’”
ਕੀ ਮਸੀਹੀ ਜੋੜੇ ਸਮੱਸਿਆਵਾਂ ਤੋਂ ਬਚੇ ਹੋਏ ਹਨ? ਨਹੀਂ। ਇਸੇ ਕਾਰਨ ਪਹਿਲੀ ਸਦੀ ਵਿਚ ਕੁਝ ਮਸੀਹੀ ਆਪਣੇ ਜੀਵਨ ਸਾਥੀ ਤੋਂ ‘ਛੁਟਕਾਰਾ ਢੂੰਡ’ ਰਹੇ ਸਨ ਜਿਸ ਕਰਕੇ ਉਨ੍ਹਾਂ ਨੂੰ ਤਾੜਨਾ ਦਿੱਤੀ ਗਈ ਸੀ। (1 ਕੁਰਿੰਥੀਆਂ 7:27) ਹਰ ਵਿਆਹ ਵਿਚ ਸਮੱਸਿਆਵਾਂ ਆਉਂਦੀਆਂ ਹਨ ਕਿਉਂਕਿ ਵਿਆਹ ਦੋ ਨਾਮੁਕੰਮਲ ਇਨਸਾਨਾਂ ਦਾ ਮੇਲ ਹੁੰਦਾ ਹੈ। ਪਰ ਅਸੀਂ ਆਪਣੇ ਵਿਆਹੁਤਾ ਜੀਵਨ ਨੂੰ ਸਫ਼ਲ ਬਣਾ ਸਕਦੇ ਹਾਂ। ਪਤੀ-ਪਤਨੀ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰ ਕੇ ਆਪਣੇ ਰਿਸ਼ਤੇ ਵਿਚ ਮਿਠਾਸ ਭਰ ਸਕਦੇ ਹਨ।
ਇਹ ਸੱਚ ਹੈ ਕਿ ਬਾਈਬਲ ਸਿਰਫ਼ ਵਿਆਹ ਦੀ ਕਿਤਾਬ ਨਹੀਂ ਹੈ। ਪਰ ਇਸ ਦਾ ਲੇਖਕ ਪਰਮੇਸ਼ੁਰ ਹੈ ਜਿਸ ਨੇ ਵਿਆਹ ਦੀ ਸ਼ੁਰੂਆਤ ਕੀਤੀ ਸੀ। ਇਸ ਲਈ ਅਸੀਂ ਆਸ ਰੱਖ ਸਕਦੇ ਹਾਂ ਕਿ ਇਸ ਵਿਚ ਦਿੱਤੇ ਸਿਧਾਂਤ ਸਾਡੀ ਮਦਦ ਕਰਨਗੇ। ਯਹੋਵਾਹ ਪਰਮੇਸ਼ੁਰ ਨੇ ਆਪਣੇ ਨਬੀ ਯਸਾਯਾਹ ਦੁਆਰਾ ਕਿਹਾ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ। ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।”—ਯਸਾਯਾਹ 48:17, 18.
ਕੀ ਤੁਹਾਡੇ ਦੋਨਾਂ ਵਿਚ ਪਹਿਲਾਂ ਵਾਲਾ ਪਿਆਰ ਨਹੀਂ ਰਿਹਾ? ਕੀ ਪਿਆਰ ਤੋਂ ਵਾਂਝੇ ਵਿਆਹੁਤਾ ਜੀਵਨ ਵਿਚ ਤੁਹਾਡਾ ਦਮ ਘੁੱਟ ਰਿਹਾ ਹੈ? ਛੱਬੀ ਸਾਲਾਂ ਤੋਂ ਵਿਆਹੀ ਇਕ ਪਤਨੀ ਨੇ ਕਿਹਾ: “ਬਿਨਾਂ ਪਿਆਰ ਦੇ ਰਿਸ਼ਤੇ ਵਿਚ ਜ਼ਿੰਦਗੀ ਭਰ ਬੱਝੇ ਰਹਿਣਾ ਮੌਤ ਨਾਲੋਂ ਬਦਤਰ ਹੈ। ਮੈਂ ਦੱਸ ਨਹੀਂ ਸਕਦੀ ਕਿ ਮੈਂ ਕਿੰਨੀ ਦੁਖੀ ਹਾਂ।” ਪਰ ਹਾਰ ਮੰਨਣ ਦੀ ਬਜਾਇ, ਕਿਉਂ ਨਹੀਂ ਤੁਸੀਂ ਆਪਣੇ ਵਿਆਹੁਤਾ ਜੀਵਨ ਵਿਚ ਫਿਰ ਤੋਂ ਮਿਠਾਸ ਭਰਨ ਦੇ ਜਤਨ ਕਰੋ? ਵਿਆਹੁਤਾ ਜੀਵਨ ਨੂੰ ਸਫ਼ਲ ਬਣਾਉਣ ਲਈ ਇਕ-ਦੂਸਰੇ ਦਾ ਸਾਥ ਨਿਭਾਉਣ ਦਾ ਪੱਕਾ ਫ਼ੈਸਲਾ ਕਰਨਾ ਬਹੁਤ ਜ਼ਰੂਰੀ ਹੈ। ਅਗਲੇ ਲੇਖ ਵਿਚ ਦੱਸਿਆ ਗਿਆ ਹੈ ਕਿ ਇਸ ਮਾਮਲੇ ਵਿਚ ਬਾਈਬਲ ਦੇ ਸਿਧਾਂਤ ਪਤੀ-ਪਤਨੀ ਦੀ ਮਦਦ ਕਿਵੇਂ ਕਰ ਸਕਦੇ ਹਨ।