ਪਾਠਕਾਂ ਵੱਲੋਂ ਸਵਾਲ
ਮਸੀਹੀਆਂ ਨੂੰ ਜਨਮ-ਦਿਨ ਨਾਲ ਸੰਬੰਧਿਤ ਨਗਾਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
ਕੁਝ ਸਭਿਆਚਾਰਾਂ ਵਿਚ ਲੋਕ ਨਗਾਂ ਦਾ ਸੰਬੰਧ ਵਿਅਕਤੀ ਦੇ ਜਨਮ ਦੇ ਮਹੀਨੇ ਨਾਲ ਜੋੜਦੇ ਹਨ। ਮਸੀਹੀ ਕਿਸੇ ਖ਼ਾਸ ਨਗ ਵਾਲੀ ਮੁੰਦੀ ਪਾਉਣਗੇ ਜਾਂ ਨਹੀਂ, ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ। (ਗਲਾਤੀਆਂ 6:5) ਪਰ ਇਹ ਫ਼ੈਸਲਾ ਕਰਨ ਵੇਲੇ ਉਨ੍ਹਾਂ ਨੂੰ ਕਈ ਜ਼ਰੂਰੀ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਐਨਸਾਈਕਲੋਪੀਡੀਆ ਬ੍ਰਿਟੈਨਿਕਾ ਮੁਤਾਬਕ, “ਲੋਕ ਆਮ ਤੌਰ ਤੇ ਮੰਨਦੇ ਹਨ ਕਿ ਆਪਣੇ ਜਨਮ-ਦਿਨ ਨਾਲ ਸੰਬੰਧਿਤ ਨਗ ਪਾਉਣ ਨਾਲ ਉਨ੍ਹਾਂ ਦੀ ਕਿਸਮਤ ਚਮਕੇਗੀ ਜਾਂ ਉਹ ਸਿਹਤਮੰਦ ਰਹਿਣਗੇ।” ਇਹੋ ਕਿਤਾਬ ਅੱਗੇ ਕਹਿੰਦੀ ਹੈ: “ਜੋਤਸ਼ੀ ਚਿਰਾਂ ਤੋਂ ਇਹ ਕਹਿੰਦੇ ਆਏ ਹਨ ਕਿ ਕਈ ਨਗਾਂ ਵਿਚ ਜਾਦੂਮਈ ਸ਼ਕਤੀਆਂ ਹੁੰਦੀਆਂ ਹਨ।”
ਖ਼ਾਸ ਕਰਕੇ ਪੁਰਾਣੇ ਸਮਿਆਂ ਵਿਚ ਲੋਕ ਮੰਨਦੇ ਸਨ ਕਿ ਜਨਮ ਸੰਬੰਧੀ ਨਗ ਪਾਉਣ ਨਾਲ ਕਿਸਮਤ ਖੁੱਲ੍ਹਦੀ ਹੈ। ਕੀ ਸੱਚੇ ਮਸੀਹੀ ਇਸ ਗੱਲ ਵਿਚ ਵਿਸ਼ਵਾਸ ਕਰਦੇ ਹਨ? ਨਹੀਂ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਯਹੋਵਾਹ ਨੇ ਉਨ੍ਹਾਂ ਲੋਕਾਂ ਦੀ ਨਿਖੇਧੀ ਕੀਤੀ ਸੀ ਜੋ ਉਸ ਨੂੰ ਛੱਡ ਕੇ ‘ਕਿਸਮਤ ਦੀ ਦੇਵੀ’ ਦੀ ਪੂਜਾ ਕਰਨ ਲੱਗ ਪਏ ਸਨ।—ਯਸਾਯਾਹ 65:11, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਮੱਧਕਾਲ ਦੌਰਾਨ (500-1500 ਸਾ.ਯੁ.) ਜੋਤਸ਼ੀਆਂ ਨੇ ਸਾਲ ਦੇ ਹਰ ਮਹੀਨੇ ਲਈ ਇਕ ਨਗ ਚੁਣਿਆ ਸੀ। ਉਹ ਲੋਕਾਂ ਨੂੰ ਉਨ੍ਹਾਂ ਦੇ ਜਨਮ ਦੇ ਮਹੀਨੇ ਮੁਤਾਬਕ ਨਗ ਪਾਉਣ ਦਾ ਉਤਸ਼ਾਹ ਦਿੰਦੇ ਸਨ ਅਤੇ ਦਾਅਵਾ ਕਰਦੇ ਸਨ ਕਿ ਇਹ ਨਗ ਉਨ੍ਹਾਂ ਨੂੰ ਨੁਕਸਾਨ ਤੋਂ ਬਚਾਉਣਗੇ। ਪਰ ਮਸੀਹੀਆਂ ਲਈ ਜੋਤਸ਼ੀਆਂ ਦੀਆਂ ਗੱਲਾਂ ਨੂੰ ਮੰਨਣਾ ਗ਼ਲਤ ਹੋਵੇਗਾ ਕਿਉਂਕਿ ਬਾਈਬਲ ਇਨ੍ਹਾਂ ਲੋਕਾਂ ਦੀ ਨਿੰਦਾ ਕਰਦੀ ਹੈ।—ਬਿਵਸਥਾ ਸਾਰ 18:9-12.
ਜਨਮ-ਦਿਨ ਨਾਲ ਸੰਬੰਧਿਤ ਨਗ ਵਾਲੀ ਮੁੰਦੀ ਨੂੰ ਸ਼ੁਭ ਸਮਝਣਾ ਮਸੀਹੀਆਂ ਲਈ ਸਹੀ ਨਹੀਂ ਹੋਵੇਗਾ। ਯਹੋਵਾਹ ਦੇ ਗਵਾਹ ਜਨਮ-ਦਿਨ ਨਹੀਂ ਮਨਾਉਂਦੇ ਕਿਉਂਕਿ ਇਸ ਨੂੰ ਮਨਾਉਣ ਵਾਲਾ ਵਿਅਕਤੀ ਆਪਣੇ ਆਪ ਨੂੰ ਜ਼ਿਆਦਾ ਅਹਿਮੀਅਤ ਦਿੰਦਾ ਹੈ। ਇਸ ਤੋਂ ਇਲਾਵਾ, ਬਾਈਬਲ ਵਿਚ ਸਿਰਫ਼ ਉਨ੍ਹਾਂ ਰਾਜਿਆਂ ਦੇ ਜਨਮ-ਦਿਨ ਦੇ ਜਸ਼ਨਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੇ ਸਨ।—ਉਤਪਤ 40:20; ਮੱਤੀ 14:6-10.
ਕੁਝ ਲੋਕ ਕਹਿੰਦੇ ਹਨ ਕਿ ਆਪਣੇ ਜਨਮ-ਦਿਨ ਨਾਲ ਸੰਬੰਧਿਤ ਨਗ ਵਾਲੀ ਮੁੰਦੀ ਪਾਉਣ ਨਾਲ ਉਨ੍ਹਾਂ ਦੇ ਸੁਭਾਅ ਤੇ ਚੰਗਾ ਅਸਰ ਪਵੇਗਾ। ਪਰ ਸੱਚੇ ਮਸੀਹੀ ਇਸ ਗੱਲ ਵਿਚ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ‘ਨਵਾਂ ਮਨੁੱਖੀ ਸੁਭਾਓ’ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਅਤੇ ਬਾਈਬਲ ਦੇ ਅਸੂਲਾਂ ਉੱਤੇ ਚੱਲਣ ਨਾਲ ਪੈਦਾ ਹੁੰਦਾ ਹੈ।—ਅਫ਼ਸੀਆਂ 4:22-24, ਨਵਾਂ ਅਨੁਵਾਦ।
ਇਕ ਸੱਚੇ ਮਸੀਹੀ ਨੂੰ ਆਪਣੇ ਦਿਲ ਵਿਚ ਝਾਕ ਕੇ ਦੇਖਣਾ ਚਾਹੀਦਾ ਹੈ ਕਿ ਉਹ ਕਿਸੇ ਖ਼ਾਸ ਨਗ ਵਾਲੀ ਮੁੰਦੀ ਕਿਉਂ ਪਾਉਣੀ ਚਾਹੁੰਦਾ ਹੈ। ਇਸ ਦੇ ਸੰਬੰਧ ਵਿਚ ਉਹ ਆਪਣੇ ਆਪ ਤੋਂ ਪੁੱਛ ਸਕਦਾ ਹੈ, ‘ਕੀ ਮੈਂ ਇਹ ਮੁੰਦੀ ਇਸ ਲਈ ਪਾਉਣੀ ਚਾਹੁੰਦਾ ਹਾਂ ਕਿਉਂਕਿ ਮੈਨੂੰ ਇਹ ਨਗ ਪਸੰਦ ਹੈ? ਜਾਂ ਕਿਤੇ ਇੱਦਾਂ ਤਾਂ ਨਹੀਂ ਕਿ ਲੋਕਾਂ ਦੇ ਅੰਧਵਿਸ਼ਵਾਸ ਦਾ ਮੇਰੇ ਉੱਤੇ ਵੀ ਅਸਰ ਪਿਆ ਹੈ?’
ਇਕ ਮਸੀਹੀ ਨੂੰ ਆਪਣੇ ਦਿਲ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ। ਬਾਈਬਲ ਕਹਿੰਦੀ ਹੈ: “ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!” (ਕਹਾਉਤਾਂ 4:23) ਜਨਮ-ਦਿਨ ਨਾਲ ਸੰਬੰਧਿਤ ਨਗ ਵਾਲੀ ਮੁੰਦੀ ਪਾਉਣ ਦਾ ਫ਼ੈਸਲਾ ਕਰਦੇ ਸਮੇਂ ਹਰ ਮਸੀਹੀ ਨੂੰ ਇਸ ਬਾਰੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਕਿਉਂ ਉਸੇ ਨਗ ਵਾਲੀ ਮੁੰਦੀ ਪਾਉਣੀ ਚਾਹੁੰਦਾ ਹੈ ਅਤੇ ਇਸ ਨੂੰ ਪਾਉਣ ਨਾਲ ਉਸ ਉੱਤੇ ਅਤੇ ਦੂਸਰਿਆਂ ਉੱਤੇ ਕੀ ਅਸਰ ਪੈ ਸਕਦਾ ਹੈ।—ਰੋਮੀਆਂ 14:13.