ਪਰਮੇਸ਼ੁਰ ਦੇ ਸੇਵਕ ਰੁੱਖਾਂ ਵਰਗੇ ਕਿਵੇਂ ਹਨ?
ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ ਜੋ ਇਨਸਾਨ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਲਾਗੂ ਕਰਨ ਵਿਚ ਆਨੰਦ ਕਰਦਾ ਹੈ, “ਉਹ ਤਾਂ ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।” (ਜ਼ਬੂਰਾਂ ਦੀ ਪੋਥੀ 1:1-3) ਆਓ ਆਪਾਂ ਦੇਖੀਏ ਕਿ ਰੁੱਖ ਦੀ ਮਿਸਾਲ ਕਿਉਂ ਇੰਨੀ ਵਧੀਆ ਹੈ।
ਰੁੱਖ ਬਹੁਤ ਸਾਲਾਂ ਤਕ ਜੀਉਂਦੇ ਰਹਿ ਸਕਦੇ ਹਨ। ਮਿਸਾਲ ਲਈ, ਇਹ ਮੰਨਿਆ ਜਾਂਦਾ ਹੈ ਭੂਮੱਧ-ਸਾਗਰ ਦੇ ਇਲਾਕੇ ਵਿਚ ਜ਼ੈਤੂਨ ਦੇ ਕੁਝ ਦਰਖ਼ਤ ਇਕ ਤੋਂ ਦੋ ਹਜ਼ਾਰ ਸਾਲ ਪੁਰਾਣੇ ਹਨ। ਇਸੇ ਤਰ੍ਹਾਂ ਅਫ਼ਰੀਕਾ ਦੇ ਬੋਬਾਬ ਰੁੱਖ ਵੀ ਚਿਰਾਂ ਲਈ ਜੀਉਂਦੇ ਰਹਿੰਦੇ ਹਨ ਅਤੇ ਇਹ ਕਿਹਾ ਗਿਆ ਹੈ ਕਿ ਅਮਰੀਕਾ ਦੇ ਕੈਲੇਫ਼ੋਰਨੀਆ ਰਾਜ ਵਿਚ ਦਿਆਰ ਦਾ ਇਕ ਰੁੱਖ (ਬ੍ਰਿਸਲਕੋਨ ਪਾਈਨ) 4,600 ਸਾਲ ਪੁਰਾਣਾ ਹੈ। ਜੰਗਲ ਵਿਚ ਵੱਡੇ ਦਰਖ਼ਤਾਂ ਨਾਲ ਉਨ੍ਹਾਂ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਵੀ ਫ਼ਾਇਦਾ ਹੁੰਦਾ ਹੈ। ਮਿਸਾਲ ਲਈ, ਲੰਬੇ-ਲੰਬੇ ਰੁੱਖਾਂ ਦੀ ਛਾਂ ਹੇਠ ਬਰੂਟਿਆਂ ਨੂੰ ਰੱਖਿਆ ਮਿਲਦੀ ਹੈ ਅਤੇ ਇਸ ਦੇ ਨਾਲ-ਨਾਲ ਪੱਤੇ ਡਿੱਗ ਕੇ ਜ਼ਮੀਨ ਨੂੰ ਉਪਜਾਊ ਬਣਾਉਂਦੇ ਹਨ।
ਦੁਨੀਆਂ ਦੇ ਸਭ ਤੋਂ ਲੰਬੇ ਦਰਖ਼ਤ ਅਕਸਰ ਜੰਗਲਾਂ ਵਿਚ ਇਕੱਠੇ ਉੱਗਦੇ ਹੁੰਦੇ ਹਨ। ਇਸ ਤਰ੍ਹਾਂ ਉਹ ਇਕ-ਦੂਜੇ ਨੂੰ ਸਹਾਰਾ ਦੇ ਸਕਦੇ ਹਨ। ਸ਼ਾਇਦ ਕਿਸੇ ਮੈਦਾਨ ਵਿਚ ਇਕੱਲਾ ਖੜ੍ਹਾ ਦਰਖ਼ਤ ਤੂਫ਼ਾਨੀ ਮੌਸਮ ਵਿਚ ਜਲਦੀ ਡੇਗਿਆ ਜਾਵੇ। ਪਰ ਜੰਗਲ ਦੇ ਸ਼ਾਨਦਾਰ ਦਰਖ਼ਤਾਂ ਦੀਆਂ ਜੜ੍ਹਾਂ ਇਕ-ਦੂਜੇ ਨਾਲ ਵੱਟੀਆਂ ਹੋਣ ਕਰਕੇ ਉਹ ਤੂਫ਼ਾਨ ਵਿਚ ਦ੍ਰਿੜ੍ਹ ਖੜ੍ਹੇ ਰਹਿ ਸਕਦੇ ਹਨ। ਲੰਬੀਆਂ-ਚੌੜੀਆਂ ਜੜ੍ਹਾਂ ਕਰਕੇ ਦਰਖ਼ਤ ਨੂੰ ਜ਼ਮੀਨ ਵਿੱਚੋਂ ਬਥੇਰਾ ਪਾਣੀ ਅਤੇ ਦੂਸਰੇ ਤੱਤ ਮਿਲ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਰੁੱਖ ਦੀਆਂ ਜੜ੍ਹਾਂ ਜ਼ਮੀਨ ਵਿਚ ਕਾਫ਼ੀ ਦੂਰ ਤਕ ਫੈਲੀਆਂ ਹੋਣ ਜਾਂ ਸ਼ਾਇਦ ਉਸ ਦੀ ਉਚਾਈ ਨਾਲੋਂ ਵੀ ਡੂੰਘੀਆਂ ਹੋਣ।
ਪੌਲੁਸ ਰਸੂਲ ਸ਼ਾਇਦ ਦਰਖ਼ਤਾਂ ਵੱਲ ਇਸ਼ਾਰਾ ਕਰ ਰਿਹਾ ਸੀ ਜਦੋਂ ਉਸ ਨੇ ਮਸੀਹੀਆਂ ਨੂੰ ਕਿਹਾ ਕਿ ‘ਤੁਸੀਂ ਮਸੀਹ ਦੇ ਵਿੱਚ ਚੱਲਦੇ ਜਾਓ। ਅਤੇ ਜੜ੍ਹ ਫੜ ਕੇ ਅਤੇ ਉਹ ਦੇ ਉੱਤੇ ਉਸਰ ਕੇ ਆਪਣੀ ਨਿਹਚਾ ਵਿੱਚ ਦ੍ਰਿੜ੍ਹ ਹੋਵੋ।’ (ਕੁਲੁੱਸੀਆਂ 2:6, 7) ਜੀ ਹਾਂ, ਮਸੀਹੀ ਤਦ ਹੀ ਦ੍ਰਿੜ੍ਹ ਖੜ੍ਹੇ ਰਹਿ ਸਕਦੇ ਹਨ ਜੇ ਉਹ ਮਸੀਹ ਵਿਚ ਜੜ੍ਹ ਫੜੀ ਰੱਖਣ।—1 ਪਤਰਸ 2:21.
ਪਰਮੇਸ਼ੁਰ ਦੇ ਸੇਵਕ ਹੋਰ ਕਿਨ੍ਹਾਂ ਤਰੀਕਿਆਂ ਨਾਲ ਰੁੱਖਾਂ ਦੀ ਤਰ੍ਹਾਂ ਹਨ? ਜਿਸ ਤਰ੍ਹਾਂ ਝੁੰਡ ਵਿਚ ਰੁੱਖ ਇਕ-ਦੂਸਰੇ ਨੂੰ ਸਹਾਰਾ ਦਿੰਦੇ ਹਨ, ਉਸੇ ਤਰ੍ਹਾਂ ਜਿਹੜੇ ਲੋਕ ਮਸੀਹੀ ਕਲੀਸਿਯਾ ਨਾਲ ਸੰਗਤ ਰੱਖਦੇ ਹਨ ਉਨ੍ਹਾਂ ਨੂੰ ਆਪਣੇ ਭੈਣਾਂ-ਭਰਾਵਾਂ ਤੋਂ ਸਹਾਰਾ ਮਿਲਦਾ ਹੈ। (ਗਲਾਤੀਆਂ 6:2) ਵਫ਼ਾਦਾਰ ਅਤੇ ਦ੍ਰਿੜ੍ਹ ਮਸੀਹੀ, ਜਿਨ੍ਹਾਂ ਦੀਆਂ ਸੱਚਾਈ ਵਿਚ ਡੂੰਘੀਆਂ ਜੜ੍ਹਾਂ ਹਨ, ਉਹ ਨਵਿਆਂ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਨ। ਇਸ ਤਰ੍ਹਾਂ ਉਹ ਤੂਫ਼ਾਨ ਵਰਗੇ ਵਿਰੋਧ ਦਾ ਸਾਮ੍ਹਣਾ ਕਰਦੇ ਹੋਏ ਵੀ ਨਿਹਚਾ ਵਿਚ ਮਜ਼ਬੂਤ ਖੜ੍ਹੇ ਰਹਿ ਸਕਦੇ ਹਨ। (ਰੋਮੀਆਂ 1:11, 12) ਨਵੇਂ ਭੈਣ-ਭਰਾ ਜ਼ਿਆਦਾ ਤਜਰਬੇਕਾਰ ਮਸੀਹੀਆਂ ਦੀ “ਛਾਂ” ਜਾਂ ਪਨਾਹ ਹੇਠਾਂ ਵਧ-ਫੁੱਲ ਸਕਦੇ ਹਨ। (ਰੋਮੀਆਂ 15:1) ਇਸ ਦੇ ਨਾਲ-ਨਾਲ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਸਾਰੇ ਲੋਕ ‘ਧਰਮ ਦੇ ਬਲੂਤਾਂ’ ਯਾਨੀ ਮਸਹ ਕੀਤੇ ਹੋਏ ਮਸੀਹੀਆਂ ਤੋਂ ਮਿਲ ਰਹੀ ਰੂਹਾਨੀ ਖ਼ੁਰਾਕ ਤੋਂ ਲਾਭ ਉਠਾ ਸਕਦੇ ਹਨ।—ਯਸਾਯਾਹ 61:3.
ਸਾਡਾ ਦਿਲ ਕਿੰਨਾ ਖਿੜ ਉੱਠਦਾ ਹੈ ਜਦੋਂ ਅਸੀਂ ਭਵਿੱਖ ਵਿਚ ਆਪਣੀ ਉਮੀਦ ਬਾਰੇ ਸੋਚਦੇ ਹਾਂ! ਹਾਂ, ਪਰਮੇਸ਼ੁਰ ਨੇ ਯਸਾਯਾਹ 65:22 ਵਿਚ ਵਾਅਦਾ ਕੀਤਾ ਹੈ: “ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ।”
[ਸਫ਼ੇ 28 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Godo-Foto