ਰਾਜ ਘੋਸ਼ਕ ਰਿਪੋਰਟ ਕਰਦੇ ਹਨ
‘ਇਸ ਪਾਰ ਉਤਰ ਕੇ ਸਾਡੀ ਸਹਾਇਤਾ ਕਰੋ’
ਸਾਲ 2000 ਦੇ ਜੁਲਾਈ ਮਹੀਨੇ ਵਿਚ ਆਸਟ੍ਰੀਆ, ਜਰਮਨੀ, ਅਤੇ ਸਵਿਟਜ਼ਰਲੈਂਡ ਵਿਚ ਜਰਮਨ ਭਾਸ਼ਾ ਬੋਲਣ ਵਾਲੇ ਭੈਣਾਂ-ਭਰਾਵਾਂ ਨੂੰ ਬੋਲੀਵੀਆ ਜਾ ਕੇ ਪ੍ਰਚਾਰ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਹ ਕਿਉਂ? ਕਿਉਂਕਿ ਬੋਲੀਵੀਆ ਦੇ ਸੈਂਟਾ ਕਰੂਜ਼ ਸ਼ਹਿਰ ਦੇ ਆਲੇ-ਦੁਆਲੇ ਦੇ 300 ਕਿਲੋਮੀਟਰ ਦੇ ਇਲਾਕੇ ਵਿਚ ਮੇਨੋਨਾਇਟ ਈਸਾਈ ਪੰਥ ਦੇ ਲੋਕ ਬਾਈਬਲ ਵਿਚ ਗਹਿਰੀ ਦਿਲਚਸਪੀ ਲੈ ਰਹੇ ਸਨ। ਇਹ ਖੇਤੀ-ਬਾੜੀ ਕਰਨ ਵਾਲੇ ਲੋਕ ਹੋਰਾਂ ਤੋਂ ਦੂਰ, ਛੋਟੇ-ਛੋਟੇ ਪਿੰਡਾਂ ਵਿਚ ਰਹਿੰਦੇ ਹਨ।
ਲਗਭਗ 140 ਗਵਾਹਾਂ ਨੇ ਉਸ ਸੱਦੇ ਨੂੰ ਕਬੂਲ ਕੀਤਾ। ਕਈ ਭੈਣ-ਭਰਾ ਕੁਝ ਹਫ਼ਤਿਆਂ ਲਈ ਪ੍ਰਚਾਰ ਕਰਨ ਗਏ ਅਤੇ ਦੂਸਰੇ ਇਕ ਸਾਲ ਜਾਂ ਇਸ ਤੋਂ ਜ਼ਿਆਦਾ ਚਿਰ ਲਈ ਵੀ ਗਏ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੇ ਪਹਿਲੀ ਸਦੀ ਦੇ ਮਿਸ਼ਨਰੀ ਭਰਾਵਾਂ ਦੀ ਰੀਸ ਕੀਤੀ ਜਿਨ੍ਹਾਂ ਨੇ ਇਸ ਸੱਦੇ ਨੂੰ ਕਬੂਲ ਕੀਤਾ ਸੀ ਕਿ ‘ਇਸ ਪਾਰ ਮਕਦੂਨਿਯਾ ਵਿੱਚ ਉਤਰ ਕੇ ਸਾਡੀ ਸਹਾਇਤਾ ਕਰੋ।’—ਰਸੂਲਾਂ ਦੇ ਕਰਤੱਬ 16:9, 10.
ਇਨ੍ਹਾਂ ਭੈਣਾਂ-ਭਰਾਵਾਂ ਨੂੰ ਬੋਲੀਵੀਆ ਜਾ ਕੇ ਮੇਨੋਨਾਇਟ ਲੋਕਾਂ ਦੇ ਪਿੰਡਾਂ ਵਿਚ ਪ੍ਰਚਾਰ ਕਰਨ ਲਈ ਕਿਸ ਤਰ੍ਹਾਂ ਦੇ ਜਤਨ ਕਰਨੇ ਪਏ? ਉੱਥੇ ਦੀ ਇਕ ਕਲੀਸਿਯਾ ਦਾ ਨਿਗਾਹਬਾਨ ਦੱਸਦਾ ਹੈ: “ਮੇਨੋਨਾਇਟ ਲੋਕਾਂ ਦੇ 43 ਛੋਟੇ-ਛੋਟੇ ਪਿੰਡ ਹਨ। ਇਕ ਪਿੰਡ ਤਕ ਪਹੁੰਚਣ ਲਈ ਜੀਪ ਵਿਚ ਅੱਠ ਕੁ ਘੰਟੇ ਲੱਗਦੇ ਹਨ। ਸਭ ਤੋਂ ਦੂਰ ਇਲਾਕਿਆਂ ਤਕ ਪਹੁੰਚਣ ਲਈ ਚਾਰ ਦਿਨ ਵੀ ਲੱਗ ਸਕਦੇ ਹਨ ਜਿਸ ਕਰਕੇ ਵਾਟ ਵਿਚ ਤੰਬੂਆਂ ਵਿਚ ਸੌਣਾ ਪੈਂਦਾ ਹੈ। ਪਰ ਇਹ ਜਤਨ ਵਿਅਰਥ ਨਹੀਂ ਹਨ ਕਿਉਂਕਿ ਇਨ੍ਹਾਂ ਲੋਕਾਂ ਵਿੱਚੋਂ ਤਕਰੀਬਨ ਕਿਸੇ ਨੇ ਵੀ ਪਹਿਲਾਂ ਯਹੋਵਾਹ ਦੇ ਰਾਜ ਬਾਰੇ ਖ਼ੁਸ਼ ਖ਼ਬਰੀ ਨਹੀਂ ਸੁਣੀ।”
ਪਹਿਲਾਂ-ਪਹਿਲ ਮੇਨੋਨਾਇਟ ਲੋਕ ਗਵਾਹਾਂ ਨੂੰ ਦੇਖ ਕੇ ਖ਼ੁਸ਼ ਨਹੀਂ ਸਨ। ਪਰ ਗਵਾਹਾਂ ਦੇ ਵਾਰ-ਵਾਰ ਜਾਣ ਕਰਕੇ ਉਨ੍ਹਾਂ ਨੇ ਉਨ੍ਹਾਂ ਦੇ ਸੰਦੇਸ਼ ਦੀ ਕਦਰ ਕੀਤੀ। ਮਿਸਾਲ ਵਜੋਂ, ਇਕ ਕਿਸਾਨ ਨੇ ਕਿਹਾ ਕਿ ਉਹ ਇਕ ਸਾਲ ਤੋਂ ਜਾਗਰੂਕ ਬਣੋ! ਰਸਾਲੇ ਪੜ੍ਹ ਰਿਹਾ ਸੀ। ਉਸ ਨੇ ਅੱਗੇ ਕਿਹਾ: “ਮੈਂ ਜਾਣਦਾ ਹਾਂ ਕਿ ਇੱਥੇ ਕਈ ਲੋਕ ਤੁਹਾਡੀਆਂ ਗੱਲਾਂ ਪਸੰਦ ਨਹੀਂ ਕਰਦੇ, ਪਰ ਮੇਰੇ ਖ਼ਿਆਲ ਵਿਚ ਤੁਹਾਡੀਆਂ ਗੱਲਾਂ ਸੱਚ ਹਨ।” ਇਕ ਹੋਰ ਪਿੰਡ ਵਿਚ ਇਕ ਆਦਮੀ ਨੇ ਕਿਹਾ: “ਮੇਰੇ ਕਈ ਗੁਆਂਢੀ ਕਹਿੰਦੇ ਹਨ ਕਿ ਤੁਸੀਂ ਝੂਠੇ ਨਬੀ ਹੋ, ਦੂਸਰੇ ਕਹਿੰਦੇ ਹਨ ਕਿ ਤੁਸੀਂ ਸੱਚਾਈ ਸਿੱਖਾਲਦੇ ਹੋ। ਮੈਂ ਤੁਹਾਡੀ ਗੱਲ ਸੁਣਨੀ ਚਾਹੁੰਦਾ ਹਾਂ ਤਾਂਕਿ ਮੈਂ ਜਾਣ ਸਕਾਂ ਕਿ ਸੱਚ ਕੀ ਹੈ।”
ਹੁਣ ਬੋਲੀਵੀਆ ਵਿਚ ਇਕ ਜਰਮਨ ਭਾਸ਼ਾ ਦੀ ਕਲੀਸਿਯਾ ਸਥਾਪਿਤ ਹੋ ਚੁੱਕੀ ਹੈ। ਇਸ ਦੇ 35 ਮੈਂਬਰ ਹਨ ਜਿਨ੍ਹਾਂ ਵਿੱਚੋਂ 14 ਜਣੇ ਪਾਇਨੀਅਰੀ ਕਰਦੇ ਹਨ। ਹੁਣ ਤਕ 14 ਮੇਨੋਨਾਇਟ ਲੋਕ ਯਹੋਵਾਹ ਦੇ ਗਵਾਹ ਬਣੇ ਹਨ ਅਤੇ 9 ਹੋਰ ਬਾਕਾਇਦਾ ਮੀਟਿੰਗਾਂ ਵਿਚ ਆਉਂਦੇ ਹਨ। ਇਕ ਵੱਡੀ ਉਮਰ ਦੇ ਭਰਾ, ਜਿਸ ਨੇ ਹਾਲ ਹੀ ਵਿਚ ਬਪਤਿਸਮਾ ਲਿਆ ਹੈ, ਨੇ ਕਿਹਾ: “ਅਸੀਂ ਇਨ੍ਹਾਂ ਗੱਲਾਂ ਵਿਚ ਯਹੋਵਾਹ ਦਾ ਹੱਥ ਦੇਖ ਸਕਦੇ ਹਾਂ। ਉਸ ਨੇ ਜਰਮਨ ਬੋਲਣ ਵਾਲੇ ਤਜਰਬੇਕਾਰ ਭੈਣ-ਭਰਾ ਸਾਡੀ ਮਦਦ ਕਰਨ ਲਈ ਭੇਜੇ ਹਨ ਅਤੇ ਇਸ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ।” ਉਸ ਦੀ 17 ਸਾਲਾਂ ਦੀ ਬੇਟੀ ਨੇ ਵੀ ਬਪਤਿਸਮਾ ਲਿਆ ਹੋਇਆ ਹੈ ਅਤੇ ਉਸ ਨੇ ਕਿਹਾ: “ਯਹੋਵਾਹ ਦੀ ਸੇਵਾ ਵਿਚ ਉਨ੍ਹਾਂ ਬਾਹਰੋਂ ਆਏ ਜਵਾਨ ਭੈਣਾਂ-ਭਰਾਵਾਂ ਦਾ ਜੋਸ਼ ਹੋਰਨਾਂ ਵਿਚ ਜੋਸ਼ ਪੈਦਾ ਕਰਦਾ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਪਾਇਨੀਅਰ ਹਨ ਜੋ ਆਪਣਾ ਸਮਾਂ ਤੇ ਪੈਸਾ ਲਾ ਕੇ ਸਾਡੀ ਮਦਦ ਕਰਨ ਲਈ ਸਾਡੇ ਦੇਸ਼ ਆਏ ਹਨ। ਮੈਂ ਵੀ ਉਨ੍ਹਾਂ ਦੀ ਰੀਸ ਕਰਨੀ ਚਾਹੁੰਦੀ ਹਾਂ।”
ਜਿਨ੍ਹਾਂ ਭੈਣਾਂ-ਭਰਾਵਾਂ ਨੇ ਉਸ ‘ਪਾਰ ਉਤਰਨ’ ਦਾ ਸੱਦਾ ਕਬੂਲ ਕੀਤਾ, ਉਨ੍ਹਾਂ ਨੂੰ ਇਸ ਕੰਮ ਵਿਚ ਬਹੁਤ, ਬਹੁਤ ਖ਼ੁਸ਼ੀਆਂ ਮਿਲੀਆਂ ਹਨ।