ਕੀ ਤੁਸੀਂ ਸੱਚੇ ਮਿੱਤਰ ਬਣਾਉਣੇ ਚਾਹੁੰਦੇ ਹੋ?
ਤਕਰੀਬਨ ਸਾਰੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਮਿੱਤਰ ਸੱਚੇ ਹੋਣ। ਸੱਚੇ ਮਿੱਤਰ ਨਾਲ ਆਪਣੇ ਦੁੱਖ ਸਾਂਝੇ ਕਰਨ ਨਾਲ ਜ਼ਿੰਦਗੀ ਜੀਣੀ ਸੌਖੀ ਹੋ ਜਾਂਦੀ ਹੈ। ਪਰ ਤੁਸੀਂ ਸੱਚੇ ਮਿੱਤਰ ਕਿੱਦਾਂ ਬਣਾ ਸਕਦੇ ਹੋ? ਤਕਰੀਬਨ 2,000 ਸਾਲ ਪਹਿਲਾਂ ਯਿਸੂ ਨੇ ਦੱਸਿਆ ਸੀ ਕਿ ਸੱਚਾ ਪਿਆਰ ਸਾਰੇ ਇਨਸਾਨੀ ਰਿਸ਼ਤਿਆਂ ਦੀ ਨੀਂਹ ਹੈ। ਉਸ ਨੇ ਕਿਹਾ ਸੀ: “ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਤਿਹੋ ਜਿਹਾ ਕਰੋ।” (ਲੂਕਾ 6:31) ਇਸ ਸਿੱਖਿਆ ਨੂੰ ਅਕਸਰ ਸੁਨਹਿਰਾ ਨਿਯਮ ਕਿਹਾ ਜਾਂਦਾ ਹੈ। ਇਸ ਸਿੱਖਿਆ ਤੋਂ ਪਤਾ ਚੱਲਦਾ ਹੈ ਕਿ ਮਿੱਤਰ ਬਣਾਉਣ ਲਈ ਸਾਨੂੰ ਨਿਰਸੁਆਰਥ ਅਤੇ ਖੁੱਲ੍ਹੇ ਦਿਲ ਵਾਲੇ ਇਨਸਾਨ ਬਣਨਾ ਚਾਹੀਦਾ ਹੈ। ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਜੇ ਤੁਸੀਂ ਸੱਚੇ ਮਿੱਤਰ ਚਾਹੁੰਦੇ ਹੋ, ਤਾਂ ਤੁਹਾਨੂੰ ਆਪ ਸੱਚੇ ਮਿੱਤਰ ਬਣਨਾ ਪਵੇਗਾ। ਤੁਸੀਂ ਸੱਚੇ ਮਿੱਤਰ ਕਿਵੇਂ ਬਣ ਸਕਦੇ ਹੋ?
ਗੂੜ੍ਹੀ ਮਿੱਤਰਤਾ ਇਕ ਦਿਨ ਵਿਚ ਕਾਇਮ ਨਹੀਂ ਹੋ ਜਾਂਦੀ। ਮਿੱਤਰ ਅਤੇ ਵਾਕਫ਼ਕਾਰ ਵਿਚ ਫ਼ਰਕ ਹੁੰਦਾ ਹੈ। ਮਿੱਤਰ ਨਾਲ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋ, ਵਾਕਫ਼ਕਾਰਾਂ ਨਾਲ ਨਹੀਂ। ਕਿਸੇ ਨਾਲ ਦੋਸਤੀ ਦਾ ਰਿਸ਼ਤਾ ਜੋੜਨ ਵਿਚ ਸਮਾਂ ਲੱਗਦਾ ਹੈ ਤੇ ਜਤਨ ਕਰਨੇ ਪੈਂਦੇ ਹਨ। ਮਿੱਤਰਾਂ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਆਪਣੇ ਦੋਸਤ ਦੀਆਂ ਲੋੜਾਂ ਦਾ ਧਿਆਨ ਰੱਖਣ। ਮਿੱਤਰ ਦੁੱਖ-ਸੁਖ ਵਿਚ ਇਕ-ਦੂਜੇ ਦਾ ਸਾਥ ਦਿੰਦੇ ਹਨ।
ਤੁਸੀਂ ਲੋੜ ਵੇਲੇ ਆਪਣੇ ਮਿੱਤਰ ਦੀ ਮਦਦ ਕਰ ਕੇ ਸੱਚੀ ਮਿੱਤਰਤਾ ਦਾ ਸਬੂਤ ਦੇ ਸਕਦੇ ਹੋ। ਕਹਾਉਤਾਂ 17:17 ਕਹਿੰਦਾ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” ਅਸਲ ਵਿਚ ਦੋਸਤੀ ਦਾ ਬੰਧਨ ਕਈ ਵਾਰੀ ਪਰਿਵਾਰਕ ਰਿਸ਼ਤਿਆਂ ਨਾਲੋਂ ਵੀ ਮਜ਼ਬੂਤ ਹੁੰਦਾ ਹੈ। ਕਹਾਉਤਾਂ 18:24 ਕਹਿੰਦਾ ਹੈ: “ਬਹੁਤ ਸਾਰੇ ਮਿੱਤ੍ਰ ਨੁਕਸਾਨ ਦੇ ਕਾਰਨ ਹਨ, ਪਰ ਅਜੇਹਾ ਵੀ ਹਿੱਤਕਾਰੀ ਹੈ ਜੋ ਭਰਾ ਨਾਲੋਂ ਵੀ ਵੱਧ ਕੇ ਚਿਪਕਦਾ ਹੈ।” ਕੀ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੋਗੇ ਕਿ ਸੱਚੇ ਮਿੱਤਰ ਕਿਵੇਂ ਬਣਾਏ ਜਾ ਸਕਦੇ ਹਨ? ਕੀ ਤੁਸੀਂ ਅਜਿਹੇ ਲੋਕਾਂ ਨਾਲ ਮਿੱਤਰਤਾ ਕਰਨੀ ਚਾਹੋਗੇ ਜੋ ਆਪਣੇ ਪਿਆਰ ਲਈ ਮਸ਼ਹੂਰ ਹਨ? (ਯੂਹੰਨਾ 13:35) ਜੇ ਹਾਂ, ਤਾਂ ਯਹੋਵਾਹ ਦੇ ਗਵਾਹਾਂ ਨੂੰ ਇਸ ਮਾਮਲੇ ਵਿਚ ਤੁਹਾਡੀ ਮਦਦ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ।