“ਅੱਜ ਮੈਨੂੰ ਯਕੀਨ ਹੋ ਗਿਆ ਕਿ ਰੱਬ ਹੈ”
ਯੂਕਰੇਨੀ ਪਿਛੋਕੜ ਦੀ ਇਕ ਔਰਤ ਐਲੇਗਜ਼ੈਂਡਰਾ ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ ਵਿਚ ਰਹਿੰਦੀ ਹੈ। ਇਕ ਦਿਨ ਜਦ ਉਹ ਕੰਮ ਤੋਂ ਘਰ ਵਾਪਸ ਆ ਰਹੀ ਸੀ, ਤਾਂ ਬਸ ਅੱਡੇ ਤੇ ਬਸ ਦੀ ਉਡੀਕ ਕਰਦਿਆਂ ਉਸ ਦੀ ਨਜ਼ਰ ਜ਼ਮੀਨ ਤੇ ਪਏ ਇਕ ਛੋਟੇ ਜਿਹੇ ਪਰਸ ਤੇ ਪਈ ਜਿਸ ਨੂੰ ਆਉਂਦੇ-ਜਾਂਦੇ ਲੋਕ ਅਣਜਾਣੇ ਵਿਚ ਠੁੱਡਾਂ ਮਾਰ ਕੇ ਇੱਧਰ-ਉੱਧਰ ਕਰ ਰਹੇ ਸਨ। ਪਰਸ ਚੁੱਕ ਕੇ ਜਦ ਉਸ ਨੇ ਉਸ ਦੇ ਅੰਦਰ ਦੇਖਿਆ, ਤਾਂ ਉਹ ਹੱਕੀ-ਬੱਕੀ ਰਹਿ ਗਈ। ਉਸ ਵਿਚ ਪੰਜ-ਪੰਜ ਹਜ਼ਾਰ ਦੇ ਕੋਰੂਨਾ ਨੋਟਾਂ ਦੀ ਥੱਬੀ ਸੀ! ਆਸ-ਪਾਸ ਕੋਈ ਵੀ ਪਰਸ ਦੀ ਤਲਾਸ਼ ਕਰਦਾ ਨਜ਼ਰ ਨਹੀਂ ਆ ਰਿਹਾ ਸੀ। ਐਲੇਗਜ਼ੈਂਡਰਾ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਰੇ। ਚੈੱਕ ਗਣਰਾਜ ਵਿਚ ਇਕ ਪਰਦੇਸੀ ਵਜੋਂ ਰਹਿੰਦਿਆਂ, ਘੱਟ ਆਮਦਨ ਕਰਕੇ ਉਸ ਵਾਸਤੇ ਘਰ ਦਾ ਗੁਜ਼ਾਰਾ ਤੋਰਨਾ ਬਹੁਤ ਮੁਸ਼ਕਲ ਸੀ।
ਘਰ ਪਰਤਣ ਤੇ ਐਲੇਗਜ਼ੈਂਡਰਾ ਨੇ ਪਰਸ ਆਪਣੀ ਧੀ ਵਿਕਟੋਰੀਆ ਨੂੰ ਦਿਖਾਇਆ। ਉਨ੍ਹਾਂ ਨੇ ਪਰਸ ਦੇ ਮਾਲਕ ਦਾ ਨਾਂ ਅਤੇ ਅਤਾ-ਪਤਾ ਲੱਭਣ ਲਈ ਪਰਸ ਨੂੰ ਫਰੋਲਿਆ, ਪਰ ਕੋਈ ਪਤਾ ਨਹੀਂ ਮਿਲਿਆ। ਫਿਰ ਪਰਸ ਵਿੱਚੋਂ ਉਨ੍ਹਾਂ ਦੇ ਹੱਥ ਕਾਗਜ਼ ਦਾ ਇਕ ਟੁਕੜਾ ਲੱਗਾ ਜਿਸ ਤੇ ਕੁਝ ਨੰਬਰ ਲਿਖੇ ਸਨ। ਕਾਗਜ਼ ਦੇ ਇਕ ਪਾਸੇ ਬੈਂਕ ਦਾ ਅਕਾਊਂਟ ਨੰਬਰ ਅਤੇ ਦੂਜੇ ਪਾਸੇ ਕੁਝ ਹੋਰ ਨੰਬਰ ਸਨ। ਪਰਸ ਵਿੱਚੋਂ ਇਕ ਹੋਰ ਪਰਚੀ ਮਿਲੀ ਜਿਸ ਉੱਤੇ ਸਥਾਨਕ ਬੈਂਕ ਦਾ ਪਤਾ ਅਤੇ ਇਹ ਰਕਮ ਲਿਖੀ ਹੋਈ ਸੀ: “3,30,000 ਕੋਰੂਨੀ” (4,47,200 ਰੁਪਏ)। ਦਰਅਸਲ ਪਰਸ ਵਿਚ ਇੰਨੀ ਹੀ ਰਕਮ ਸੀ।
ਬੈਂਕ ਨਾਲ ਸੰਪਰਕ ਕਰਨ ਲਈ ਐਲੇਗਜ਼ੈਂਡਰਾ ਨੇ ਪਰਚੀ ਤੇ ਲਿਖੇ ਫ਼ੋਨ ਨੰਬਰ ਨੂੰ ਵਾਰ-ਵਾਰ ਘੁਮਾਇਆ, ਪਰ ਨੰਬਰ ਲੱਗਾ ਨਹੀਂ। ਇਸ ਲਈ ਉਹ ਫ਼ੌਰਨ ਆਪਣੀ ਧੀ ਨਾਲ ਬੈਂਕ ਨੂੰ ਗਈ ਤੇ ਬੈਂਕ ਦੇ ਕਰਮਚਾਰੀਆਂ ਨੂੰ ਪੂਰੀ ਗੱਲ ਦੱਸੀ। ਕਰਮਚਾਰੀਆਂ ਨੇ ਪਰਸ ਵਿੱਚੋਂ ਮਿਲੇ ਅਕਾਊਂਟ ਨੰਬਰ ਨੂੰ ਦੇਖ ਕੇ ਕਿਹਾ ਕਿ ਇਹ ਉਨ੍ਹਾਂ ਦੀ ਬੈਂਕ ਦਾ ਨਹੀਂ ਹੈ। ਅਗਲੇ ਦਿਨ ਐਲੇਗਜ਼ੈਂਡਰਾ ਬੈਂਕ ਕਰਮਚਾਰੀਆਂ ਨੂੰ ਦੂਜਾ ਨੰਬਰ ਦਿਖਾਉਣ ਲਈ ਲੈ ਗਈ। ਇਸ ਨੰਬਰ ਨੂੰ ਦੇਖ ਕੇ ਉਨ੍ਹਾਂ ਨੇ ਕਿਹਾ ਕਿ ਇਹ ਅਕਾਊਂਟ ਨੰਬਰ ਉਨ੍ਹਾਂ ਦੀ ਬੈਂਕ ਦਾ ਸੀ ਤੇ ਇਹ ਇਕ ਔਰਤ ਦਾ ਅਕਾਊਂਟ ਨੰਬਰ ਸੀ। ਜਦ ਐਲੇਗਜ਼ੈਂਡਰਾ ਤੇ ਵਿਕਟੋਰੀਆ ਨੇ ਉਸ ਔਰਤ ਨਾਲ ਸੰਪਰਕ ਕੀਤਾ, ਤਾਂ ਪਤਾ ਲੱਗਾ ਕਿ ਪਰਸ ਉਸ ਔਰਤ ਦਾ ਹੀ ਸੀ। ਦੋਵੇਂ ਮਾਂ-ਧੀ ਉਸ ਔਰਤ ਨੂੰ ਮਿਲੀਆਂ, ਤਾਂ ਉਸ ਔਰਤ ਨੇ ਉਨ੍ਹਾਂ ਦਾ ਦਿਲੋਂ ਸ਼ੁਕਰੀਆ ਅਦਾ ਕੀਤਾ ਤੇ ਪੁੱਛਿਆ: “ਪੈਸੇ ਮੋੜਨ ਦੇ ਬਦਲੇ ਤੁਸੀਂ ਕੀ ਇਨਾਮ ਚਾਹੁੰਦੀਆਂ ਹੋ?”
ਵਿਕਟੋਰੀਆ ਨੇ ਕਿਹਾ: “ਸਾਨੂੰ ਇਨਾਮ ਦੀ ਕੋਈ ਲੋੜ ਨਹੀਂ। ਜੇ ਸਾਨੂੰ ਇਨਾਮ ਚਾਹੀਦਾ ਹੁੰਦਾ, ਤਾਂ ਅਸੀਂ ਇਹ ਪੈਸੇ ਰੱਖ ਲੈਣੇ ਸਨ।” ਟੁੱਟੀ-ਫੁੱਟੀ ਚੈੱਕ ਬੋਲੀ ਵਿਚ ਉਸ ਨੇ ਕਿਹਾ: “ਅਸੀਂ ਤੁਹਾਨੂੰ ਇਸ ਲਈ ਪੈਸੇ ਵਾਪਸ ਕਰ ਰਹੀਆਂ ਹਾਂ ਕਿਉਂਕਿ ਅਸੀਂ ਯਹੋਵਾਹ ਦੀਆਂ ਗਵਾਹਾਂ ਹਾਂ। ਬਾਈਬਲ ਦੇ ਅਸੂਲਾਂ ਨੂੰ ਮੰਨਣ ਕਰਕੇ ਸਾਡੀ ਜ਼ਮੀਰ ਸਾਨੂੰ ਕਿਸੇ ਦੀ ਚੀਜ਼ ਰੱਖਣ ਦੀ ਇਜਾਜ਼ਤ ਨਹੀਂ ਦਿੰਦੀ।” (ਇਬਰਾਨੀਆਂ 13:18) ਖ਼ੁਸ਼ੀ ਦੇ ਮਾਰੇ ਉਸ ਔਰਤ ਨੇ ਕਿਹਾ: “ਅੱਜ ਮੈਨੂੰ ਯਕੀਨ ਹੋ ਗਿਆ ਕਿ ਰੱਬ ਹੈ।”