ਪਾਠਕਾਂ ਵੱਲੋਂ ਸਵਾਲ
ਪੌਲੁਸ ਰਸੂਲ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ਕਲੀਸਿਯਾ ਦੀ ਮਦਦ ਹਾਸਲ ਕਰਨ ਲਈ ਇਕ ਵਿਧਵਾ ਨੂੰ “ਇੱਕੋ ਹੀ ਪਤੀ ਦੀ ਪਤਨੀ” ਹੋਣਾ ਚਾਹੀਦਾ ਹੈ?—1 ਤਿਮੋਥਿਉਸ 5:9.
ਸੰਭਵ ਹੈ ਕਿ ਇੱਥੇ ਪੌਲੁਸ ਰਸੂਲ ਦੇ ਇਹ ਸ਼ਬਦ ਕਿ ਵਿਧਵਾ “ਇੱਕੋ ਹੀ ਪਤੀ ਦੀ ਪਤਨੀ” ਹੋਵੇ, ਉਸ ਤੀਵੀਂ ਦੇ ਵਿਧਵਾ ਹੋਣ ਤੋਂ ਪਹਿਲਾਂ ਦੀ ਹਾਲਤ ਨੂੰ ਸੰਕੇਤ ਕਰਦੇ ਹਨ। ਕੀ ਇਸ ਦਾ ਮਤਲਬ ਇਹ ਹੈ ਕਿ ਉਸ ਵਿਧਵਾ ਦਾ ਸਿਰਫ਼ ਇੱਕੋ ਵਾਰ ਵਿਆਹ ਹੋਇਆ ਸੀ? ਜਾਂ ਕੀ ਪੌਲੁਸ ਦੇ ਇਨ੍ਹਾਂ ਸ਼ਬਦਾਂ ਦਾ ਕੁਝ ਹੋਰ ਮਤਲਬ ਸੀ?a
ਕਈਆਂ ਦਾ ਕਹਿਣਾ ਹੈ ਕਿ ਪੌਲੁਸ ਉਨ੍ਹਾਂ ਵਿਧਵਾਵਾਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਦਾ ਸਿਰਫ਼ ਇਕ ਵਾਰ ਵਿਆਹ ਹੋਇਆ ਸੀ। ਇਹ ਸੱਚ ਹੈ ਕਿ ਕਈ ਸਭਿਆਚਾਰਾਂ ਤੇ ਸਮਾਜਾਂ ਵਿਚ ਜੇ ਕੋਈ ਵਿਧਵਾ ਦੁਬਾਰਾ ਵਿਆਹ ਨਹੀਂ ਕਰਵਾਉਂਦੀ ਸੀ, ਤਾਂ ਉਸ ਨੂੰ ਬਹੁਤ ਨੇਕ ਸਮਝਿਆ ਜਾਂਦਾ ਸੀ। ਲੇਕਿਨ, ਪੌਲੁਸ ਦਾ ਜੇ ਇਹ ਮਤਲਬ ਹੁੰਦਾ, ਤਾਂ ਇਹ ਵਿਆਹ ਬਾਰੇ ਉਸ ਦੀਆਂ ਹੋਰ ਕਹੀਆਂ ਗਈਆਂ ਗੱਲਾਂ ਦੇ ਉਲਟ ਹੋਣਾ ਸੀ। ਮਿਸਾਲ ਲਈ, ਕੁਰਿੰਥੁਸ ਦੇ ਮਸੀਹੀਆਂ ਨੂੰ ਉਸ ਨੇ ਸਾਫ਼-ਸਾਫ਼ ਕਿਹਾ ਸੀ ਕਿ ਜੇ ਇਕ ਵਿਧਵਾ ਦੁਬਾਰਾ ਵਿਆਹ ਨਾ ਕਰਵਾਏ, ਤਾਂ ਉਹ ਜ਼ਿਆਦਾ ਖ਼ੁਸ਼ ਰਹੇਗੀ, ਪਰ ਫਿਰ ਵੀ ‘ਵਿਧਵਾ ਨਿਰਬੰਧ ਸੀ, ਜਿਹ ਦੇ ਨਾਲ ਚਾਹੇ ਵਿਆਹੀ ਜਾ ਸਕਦੀ ਸੀ ਪਰ ਕੇਵਲ ਪ੍ਰਭੁ ਵਿੱਚ।’ (1 ਕੁਰਿੰਥੀਆਂ 7:39, 40; ਰੋਮੀਆਂ 7:2, 3) ਇਸ ਦੇ ਨਾਲ-ਨਾਲ ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਲਿਖਦੇ ਹੋਏ ਕਿਹਾ ਸੀ: “ਮੈਂ ਇਹ ਚਾਹੁੰਦਾ ਹਾਂ ਜੋ ਮੁਟਿਆਰ ਵਿਧਵਾਂ ਵਿਆਹ ਕਰਨ।” (1 ਤਿਮੋਥਿਉਸ 5:14) ਸੋ ਜੇ ਇਕ ਵਿਧਵਾ ਦੁਬਾਰਾ ਵਿਆਹ ਕਰਵਾਉਣ ਦਾ ਫ਼ੈਸਲਾ ਕਰਦੀ ਸੀ, ਤਾਂ ਉਸ ਦੀ ਨੁਕਤਾਚੀਨੀ ਨਹੀਂ ਕੀਤੀ ਜਾਂਦੀ ਸੀ।
ਤਾਂ ਫਿਰ ਤਿਮੋਥਿਉਸ ਨੂੰ ਲਿਖੇ ਪੌਲੁਸ ਦੇ ਸ਼ਬਦ ਸਾਨੂੰ ਕਿਸ ਤਰ੍ਹਾਂ ਸਮਝਣੇ ਚਾਹੀਦੇ ਹਨ? ਸ਼ਬਦ “ਇੱਕੋ ਹੀ ਪਤੀ ਦੀ ਪਤਨੀ” ਸਿਰਫ਼ ਇਸੇ ਆਇਤ ਵਿਚ ਪਾਏ ਜਾਂਦੇ ਹਨ। ਯੂਨਾਨੀ ਭਾਸ਼ਾ ਵਿਚ ਇਨ੍ਹਾਂ ਸ਼ਬਦਾਂ ਦਾ ਅਰਥ ਹੈ “ਇੱਕੋ ਆਦਮੀ ਦੀ ਤੀਵੀਂ।” ਦਿਲਚਸਪੀ ਦੀ ਗੱਲ ਹੈ ਕਿ ਪੌਲੁਸ ਨੇ ਆਪਣੀਆਂ ਚਿੱਠੀਆਂ ਵਿਚ ਕਈ ਵਾਰ ਇਨ੍ਹਾਂ ਸ਼ਬਦਾਂ ਨਾਲ ਮਿਲਦੇ-ਜੁਲਦੇ ਸ਼ਬਦ ਵਰਤੇ ਸਨ ਜਿਵੇਂ ਕਿ “ਇੱਕੋ ਹੀ ਪਤਨੀ ਦਾ ਪਤੀ,” ਜਿਸ ਦਾ ਮੁਢਲੀ ਭਾਸ਼ਾ ਵਿਚ ਅਰਥ ਹੈ “ਆਦਮੀ ਦੀ ਇੱਕੋ ਤੀਵੀਂ।” (1 ਤਿਮੋਥਿਉਸ 3:2, 12; ਤੀਤੁਸ 1:6) ਪੌਲੁਸ ਨੇ ਇਹੀ ਸ਼ਬਦ ਵਰਤੇ ਸਨ ਜਦ ਉਸ ਨੇ ਸਮਝਾਇਆ ਸੀ ਕਿ ਬਜ਼ੁਰਗ ਤੇ ਸਹਾਇਕ ਸੇਵਕ ਬਣਨ ਲਈ ਭਰਾਵਾਂ ਨੂੰ ਕਿਨ੍ਹਾਂ ਮੰਗਾਂ ਤੇ ਪੂਰਾ ਉਤਰਨਾ ਚਾਹੀਦਾ ਹੈ। ਇੱਥੇ ਉਸ ਦਾ ਮਤਲਬ ਸੀ ਕਿ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਹਾਸਲ ਕਰਨ ਲਈ ਇਕ ਵਿਆਹੇ ਆਦਮੀ ਨੂੰ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਅਤੇ ਨੈਤਿਕ ਤੌਰ ਤੇ ਸ਼ੁੱਧ ਰਹਿਣਾ ਚਾਹੀਦਾ ਹੈ।b ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ 1 ਤਿਮੋਥਿਉਸ 5:9 ਦੇ ਹਵਾਲੇ ਦਾ ਵੀ ਇਹੀ ਅਰਥ ਹੋਵੇਗਾ: ਕਲੀਸਿਯਾ ਦੀ ਮਦਦ ਹਾਸਲ ਕਰਨ ਵਾਲੀ ਵਿਧਵਾ ਆਪਣੇ ਪਤੀ ਦੇ ਜੀਉਂਦੇ-ਜੀ ਉਸ ਪ੍ਰਤੀ ਵਫ਼ਾਦਾਰ ਰਹੀ ਹੋਵੇ ਅਤੇ ਨੈਤਿਕ ਤੌਰ ਤੇ ਸ਼ੁੱਧ ਰਹੀ ਹੋਵੇ। ਅਗਲੀਆਂ ਆਇਤਾਂ ਵਿਚ ਪੌਲੁਸ ਵੱਲੋਂ ਦੱਸੀਆਂ ਹੋਰ ਮੰਗਾਂ ਇਹੋ ਜਿਹੀ ਨੇਕ ਔਰਤ ਵੱਲ ਇਸ਼ਾਰਾ ਕਰਦੀਆਂ ਹਨ।—1 ਤਿਮੋਥਿਉਸ 5:10.
[ਫੁਟਨੋਟ]
a ਪੌਲੁਸ ਰਸੂਲ ਦੇ ਜ਼ਮਾਨੇ ਵਿਚ ਯੂਨਾਨੀ-ਰੋਮੀ ਲੋਕਾਂ ਵਿਚ ਇਕ ਤੋਂ ਜ਼ਿਆਦਾ ਪਤੀ ਰੱਖਣ ਦਾ ਰਿਵਾਜ ਨਹੀਂ ਸੀ। ਇਸ ਲਈ, ਲੱਗਦਾ ਨਹੀਂ ਕਿ ਪੌਲੁਸ ਤਿਮੋਥਿਉਸ ਨੂੰ ਇਸ ਬਾਰੇ ਲਿਖ ਰਿਹਾ ਸੀ ਜਾਂ ਜ਼ਿਆਦਾ ਵਿਆਹ ਕਰਨ ਵਾਲੇ ਵਿਅਕਤੀ ਦੀ ਨਿੰਦਿਆ ਕਰ ਰਿਹਾ ਸੀ।
b ਇਸ ਬਾਰੇ ਹੋਰ ਜਾਣਕਾਰੀ ਲਈ ਪਹਿਰਾਬੁਰਜ 1 ਅਕਤੂਬਰ 1996, ਸਫ਼ਾ 24 ਅਤੇ 15 ਸਤੰਬਰ 1980 (ਅੰਗ੍ਰੇਜ਼ੀ), ਸਫ਼ਾ 31 ਤੇ “ਪਾਠਕਾਂ ਵੱਲੋਂ ਸਵਾਲ” ਦੇਖੋ।