ਕੀ ਤੁਸੀਂ ਮੌਕੇ ਦਾ ਫ਼ਾਇਦਾ ਉਠਾ ਕੇ ਪ੍ਰਚਾਰ ਕਰਦੇ ਹੋ?
“ਕੀ ਸੱਚ ਨਾਮ ਦੀ ਕੋਈ ਚੀਜ਼ ਹੈ?” ਇਸੇ ਵਿਸ਼ੇ ਤੇ ਪੋਲੈਂਡ ਵਿਚ ਇਕ ਲੇਖ ਲਿਖਣ ਦਾ ਮੁਕਾਬਲਾ ਹੋਇਆ ਸੀ। ਲੇਖਕਾਂ ਨੂੰ ਦਿੱਤੀਆਂ ਹਿਦਾਇਤਾਂ ਵਿਚ ਦੱਸਿਆ ਗਿਆ ਸੀ ਕਿ “ਨਾ ਹੀ ਸੱਚ ਨਾਂ ਦੀ ਕੋਈ ਚੀਜ਼ ਹੈ ਤੇ ਨਾ ਸਾਨੂੰ ਇਸ ਦੀ ਕੋਈ ਲੋੜ ਹੈ।” ਅਗਾਤਾ ਜੋ ਇਕ 15 ਸਾਲ ਦੀ ਸਟੂਡੈਂਟ ਅਤੇ ਯਹੋਵਾਹ ਦੀ ਗਵਾਹ ਹੈ ਨੇ ਮੌਕੇ ਦਾ ਫ਼ਾਇਦਾ ਉਠਾ ਕੇ ਆਪਣੇ ਵਿਸ਼ਵਾਸ ਹੋਰਨਾਂ ਨਾਲ ਸਾਂਝੀ ਕਰਨ ਦਾ ਫ਼ੈਸਲਾ ਕੀਤਾ।
ਇਸ ਲੇਖ ਦੀ ਤਿਆਰੀ ਕਰਨ ਤੋਂ ਪਹਿਲਾਂ ਅਗਾਤਾ ਨੇ ਪ੍ਰਾਰਥਨਾ ਰਾਹੀਂ ਯਹੋਵਾਹ ਦੀ ਮਦਦ ਮੰਗੀ ਅਤੇ ਫਿਰ ਉਸ ਨੇ ਇਸ ਵਿਸ਼ੇ ਤੇ ਜਾਣਕਾਰੀ ਜਮ੍ਹਾ ਕਰਨੀ ਸ਼ੁਰੂ ਕੀਤੀ। ਲੇਖ ਲਿਖਣ ਲਈ ਉਸ ਨੇ 1 ਜੁਲਾਈ 1995 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਤੋਂ ਜਾਣਕਾਰੀ ਲਈ। ਇਸ ਵਿਚ ਪੁੰਤਿਯੁਸ ਪਿਲਾਤੁਸ ਨੇ ਯਿਸੂ ਤੋਂ ਪੁੱਛਿਆ: “ਸਚਿਆਈ ਹੁੰਦੀ ਕੀ ਹੈ?” (ਯੂਹੰਨਾ 18:38) ਪੁੰਤਿਯੁਸ ਪਿਲਾਤੁਸ ਨੇ ਜਦ ਨੱਕ ਚਾੜ੍ਹ ਕੇ ਇਹ ਸਵਾਲ ਪੁੱਛਿਆ ਸੀ, ਤਾਂ ਮਾਨੋ ਉਹ ਕਹਿ ਰਿਹਾ ਸੀ ਕਿ ਸੱਚਾਈ ਹੱਥ ਆਉਣ ਵਾਲੀ ਕੋਈ ਚੀਜ਼ ਨਹੀਂ ਹੈ।
ਅਗਾਤਾ ਨੇ ਅੱਗੇ ਲਿਖਿਆ ਕਿ ਇਸ ਲੇਖ ਦੇ ਵਿਸ਼ੇ ਅਤੇ ਹਿਦਾਇਤਾਂ ਨੂੰ ਪੜ੍ਹ ਕੇ ਉਸ ਨੂੰ ਪੁੰਤਿਯੁਸ ਪਿਲਾਤੁਸ ਦਾ ਸਵਾਲ ਯਾਦ ਆਇਆ ਸੀ। ਫਿਰ ਉਸ ਨੇ ਇਸ ਗੱਲ ਤੇ ਚਰਚਾ ਕੀਤੀ ਕਿ ਜ਼ਰੂਰੀ ਨਹੀਂ ਜੋ ਤੁਹਾਨੂੰ ਸਹੀ ਲੱਗੇ ਉਹ ਹੋਰਨਾਂ ਨੂੰ ਵੀ ਸਹੀ ਲੱਗੇਗਾ। ਉਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇੱਦਾਂ ਦੀ ਸੋਚਣੀ ਕਰਕੇ ਹੀ ਦੁਨੀਆਂ ਵਿਚ ਚੰਗੇ ਅਸੂਲਾਂ ਅਤੇ ਮਿਆਰਾਂ ਦੀ ਕਦਰ ਘੱਟਦੀ ਜਾਂਦੀ ਹੈ। ਫਿਰ ਉਸ ਨੇ ਕਈ ਸਵਾਲ ਪੁੱਛੇ ਜਿਵੇਂ, “ਸਾਡੇ ਵਿੱਚੋਂ ਕੌਣ ਹਵਾਈ ਜਹਾਜ਼ ਉੱਤੇ ਚੜ੍ਹੇਗਾ ਜੇ ਉਸ ਨੂੰ ਹਵਾ ਵਿਚ ਉੱਡਣ ਦੇ ਨਿਯਮਾਂ ਉੱਤੇ ਕੋਈ ਭਰੋਸਾ ਨਾ ਹੋਵੇ?” ਅੱਗੇ ਉਸ ਨੇ ਸਮਝਾਇਆ ਕਿ ਅਸੀਂ ਪਰਮੇਸ਼ੁਰ ਦੇ ਬਚਨ ਉੱਤੇ ਇਸ ਲਈ ਪੂਰਾ ਭਰੋਸਾ ਰੱਖ ਸਕਦੇ ਹਾਂ ਕਿਉਂਕਿ ਇਸ ਦੀ ਸੱਚਾਈ ਦਾ ਸਬੂਤ ਸਾਨੂੰ, ਇਤਿਹਾਸ, ਪੁਰਾਣੀਆਂ ਲੱਭਤਾਂ, ਵਿਗਿਆਨ ਅਤੇ ਸਮਾਜਕ-ਵਿਗਿਆਨ ਤੋਂ ਮਿਲਦਾ ਹੈ। ਅਗਾਤਾ ਨੇ ਅੰਤ ਵਿਚ ਕਿਹਾ ਕਿ ਉਹ ਇਹੀ ਉਮੀਦ ਰੱਖਦੀ ਹੈ ਕਿ ਜੋ ਲੋਕ ਸੱਚੇ ਦਿਲ ਨਾਲ ਸੱਚਾਈ ਨੂੰ ਭਾਲਦੇ ਹਨ ਉਹ ਧੀਰਜ ਰੱਖਣਗੇ ਅਤੇ ਸੱਚਾਈ ਮਿਲਣ ਤੇ ਉਸ ਨੂੰ ਨਿਮਰਤਾ ਨਾਲ ਕਬੂਲ ਕਰਨਗੇ।
ਇਸ ਲੇਖ ਲਈ ਅਗਾਤਾ ਨੂੰ ਇਕ ਸਪੈਸ਼ਲ ਡਿਪਲੋਮਾ ਮਿਲਿਆ ਤੇ ਇਸ ਨੂੰ ਪੜ੍ਹਨ ਲਈ ਉਸ ਦੇ ਅਧਿਆਪਕ ਬਹੁਤ ਉਤਾਵਲੇ ਸਨ। ਇਹੀ ਨਹੀਂ ਉਸ ਨੂੰ ਸਾਰੀ ਕਲਾਸ ਦੇ ਸਾਮ੍ਹਣੇ ਆਪਣਾ ਲੇਖ ਪੜ੍ਹਨ ਦਾ ਮੌਕਾ ਵੀ ਮਿਲਿਆ। ਨਤੀਜੇ ਵਜੋਂ ਉਸ ਨੇ ਕਲਾਸ ਦੇ ਕਈ ਸਟੂਡੈਂਟਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਅਗਾਤਾ ਖ਼ੁਸ਼ ਹੈ ਕਿ ਉਸ ਨੇ ਮੌਕੇ ਦਾ ਫ਼ਾਇਦਾ ਉਠਾ ਕਿ ਹੋਰਨਾਂ ਨਾਲ ਆਪਣੇ ਵਿਸ਼ਵਾਸ ਸਾਂਝੀ ਕੀਤੇ। ਜੀ ਹਾਂ, ਮੌਕੇ ਦਾ ਫ਼ਾਇਦਾ ਉਠਾ ਕੇ ਪ੍ਰਚਾਰ ਕਰਨ ਦੇ ਚੰਗੇ ਨਤੀਜੇ ਨਿਕਲਦੇ ਹਨ। ਕੀ ਤੁਸੀਂ ਹਰ ਮੌਕੇ ਦਾ ਫ਼ਾਇਦਾ ਉਠਾ ਕੇ ਪ੍ਰਚਾਰ ਕਰ ਰਹੇ ਹੋ?