ਕੀ ਤੁਸੀਂ ਆਪਣੇ ਵਿਸ਼ਵਾਸਾਂ ਬਾਰੇ ਹੋਰਨਾਂ ਨੂੰ ਦੱਸਣ ਲਈ ਤਿਆਰ ਹੋ?
ਕੀ ਤੁਸੀਂ ਆਪਣੇ ਵਿਸ਼ਵਾਸਾਂ ਬਾਰੇ ਹੋਰਨਾਂ ਨੂੰ ਦੱਸਣ ਲਈ ਕਦੀ ਮਜਬੂਰ ਹੋਏ ਹੋ? ਗੌਰ ਕਰੋ ਕਿ ਪੈਰਾਗੂਵਾਏ ਵਿਚ ਰਹਿਣ ਵਾਲੀ 16 ਸਾਲਾਂ ਦੀ ਸੁਸਾਨਾ ਨਾਲ ਕੀ ਹੋਇਆ। ਉਸ ਦੀ ਕਲਾਸ ਵਿਚ ਕਿਸੇ ਨੇ ਕਿਹਾ ਕਿ ਯਹੋਵਾਹ ਦੇ ਗਵਾਹ ਯਿਸੂ ਮਸੀਹ ਤੇ ਮਰਿਯਮ ਨੂੰ ਨਹੀਂ ਮੰਨਦੇ ਅਤੇ ਨਾ ਹੀ ਬਾਈਬਲ ਦੇ “ਪੁਰਾਣੇ ਨੇਮ” ਉੱਤੇ ਵਿਸ਼ਵਾਸ ਕਰਦੇ ਹਨ। ਇਹ ਵੀ ਕਿਹਾ ਗਿਆ ਕਿ ਗਵਾਹ ਇੰਨੇ ਕੱਟੜ ਹਨ ਕਿ ਉਹ ਮਰਨ ਲਈ ਤਿਆਰ ਹੋ ਜਾਣਗੇ, ਪਰ ਖ਼ੂਨ ਨਹੀਂ ਲੈਣਗੇ। ਜੇ ਤੁਸੀਂ ਸੁਸਾਨਾ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਇਨ੍ਹਾਂ ਗੱਲਾਂ ਦਾ ਕੀ ਜਵਾਬ ਦਿੰਦੇ?
ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਸੁਸਾਨਾ ਨੇ ਆਪਣਾ ਹੱਥ ਖੜ੍ਹਾ ਕੀਤਾ। ਕਲਾਸ ਖ਼ਤਮ ਹੋਣ ਹੀ ਵਾਲੀ ਸੀ। ਇਸ ਲਈ ਉਸ ਨੇ ਆਪਣੀ ਟੀਚਰ ਨੂੰ ਪੁੱਛਿਆ ਕਿ ਕੀ ਉਹ ਕਿਸੇ ਹੋਰ ਦਿਨ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਕਲਾਸ ਨੂੰ ਦੱਸ ਸਕਦੀ ਹੈ? ਟੀਚਰ ਨੇ ਆਗਿਆ ਦੇ ਦਿੱਤੀ। ਅਗਲੇ ਦੋ ਹਫ਼ਤਿਆਂ ਦੌਰਾਨ ਸੁਸਾਨਾ ਨੇ ਯਹੋਵਾਹ ਦੇ ਗਵਾਹ—ਉਹ ਕੌਣ ਹਨ? ਉਹ ਕੀ ਮੰਨਦੇ ਹਨ? (ਅੰਗ੍ਰੇਜ਼ੀ) ਨਾਂ ਦਾ ਬਰੋਸ਼ਰ ਵਰਤਦੇ ਹੋਏ ਗੱਲਬਾਤ ਕਰਨ ਲਈ ਤਿਆਰੀ ਕੀਤੀ।
ਆਖ਼ਰ ਉਹ ਦਿਨ ਆ ਗਿਆ। ਪਹਿਲਾਂ ਸੁਸਾਨਾ ਨੇ ਦੱਸਿਆ ਕਿ ਸਾਨੂੰ ਯਹੋਵਾਹ ਦੇ ਗਵਾਹ ਕਿਉਂ ਕਿਹਾ ਜਾਂਦਾ ਹੈ। ਫਿਰ ਉਸ ਨੇ ਸਮਝਾਇਆ ਕਿ ਭਵਿੱਖ ਲਈ ਸਾਡੀ ਉਮੀਦ ਕੀ ਹੈ ਅਤੇ ਇਲਾਜ ਕਰਾਉਣ ਲਈ ਅਸੀਂ ਖ਼ੂਨ ਕਿਉਂ ਨਹੀਂ ਲੈਂਦੇ। ਗੱਲਬਾਤ ਖ਼ਤਮ ਹੋਣ ਤੇ ਉਸ ਨੇ ਸਾਰਿਆਂ ਨੂੰ ਸਵਾਲ ਪੁੱਛਣ ਦਾ ਮੌਕਾ ਦਿੱਤਾ। ਕਈਆਂ ਨੇ ਆਪਣੇ ਹੱਥ ਖੜ੍ਹੇ ਕੀਤੇ। ਟੀਚਰ ਕਾਫ਼ੀ ਹੈਰਾਨ ਸੀ ਕਿ ਸੁਸਾਨਾ ਨੇ ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ ਦਿੱਤੇ।
ਇਕ ਮੁੰਡੇ ਨੇ ਕਿਹਾ, “ਇਕ ਵਾਰ ਮੈਂ ਕਿੰਗਡਮ ਹਾਲ ਗਿਆ ਤੇ ਉੱਥੇ ਕੋਈ ਮੂਰਤੀ ਨਹੀਂ ਦੇਖੀ।” ਟੀਚਰ ਜਾਣਨਾ ਚਾਹੁੰਦੀ ਸੀ ਕਿ ਉੱਥੇ ਮੂਰਤੀਆਂ ਕਿਉਂ ਨਹੀਂ ਸਨ। ਸੁਸਾਨਾ ਨੇ ਬਾਈਬਲ ਵਿੱਚੋਂ ਜ਼ਬੂਰ 115:4-8 ਅਤੇ ਕੂਚ 20:4 ਦੇ ਹਵਾਲੇ ਪੜ੍ਹ ਕੇ ਸੁਣਾਏ ਜਿਸ ਤੇ ਟੀਚਰ ਹੱਕੀ-ਬੱਕੀ ਰਹਿ ਗਈ। ਉਸ ਨੇ ਕਿਹਾ: “ਜੇ ਬਾਈਬਲ ਮੁਤਾਬਕ ਮੂਰਤੀਆਂ ਦੀ ਪੂਜਾ ਕਰਨੀ ਗ਼ਲਤ ਹੈ, ਤਾਂ ਫਿਰ ਸਾਡੇ ਚਰਚ ਮੂਰਤੀਆਂ ਨਾਲ ਕਿਉਂ ਭਰੇ ਪਏ ਹਨ?”
ਇਸ ਤਰ੍ਹਾਂ 40 ਮਿੰਟਾਂ ਤਕ ਸਵਾਲ-ਜਵਾਬ ਚੱਲਦੇ ਰਹੇ। ਜਦ ਸੁਸਾਨਾ ਨੇ ਪੁੱਛਿਆ ਕਿ ਕੀ ਸਾਰੇ ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਣਾ ਚਾਹੁੰਦੇ ਹਨ, ਤਾਂ ਸਾਰਿਆਂ ਨੇ ਹਾਂ ਕੀਤੀ। ਸੋ ਅਗਲੇ ਦਿਨ ਸਾਰਿਆਂ ਨੇ ਵਿਡਿਓ ਵੀ ਦੇਖਿਆ ਜਿਸ ਤੋਂ ਬਾਅਦ ਸੁਸਾਨਾ ਨੇ ਦੱਸਿਆ ਕਿ ਯਹੋਵਾਹ ਦੇ ਗਵਾਹ ਖ਼ੂਨ ਤੋਂ ਬਿਨਾਂ ਕਿਹੋ ਜਿਹਾ ਇਲਾਜ ਕਰਾਉਣ ਲਈ ਰਾਜ਼ੀ ਹਨ। ਇਸ ਬਾਰੇ ਟੀਚਰ ਨੇ ਕਿਹਾ: “ਮੈਨੂੰ ਪਤਾ ਵੀ ਨਹੀਂ ਸੀ ਕਿ ਖ਼ੂਨ ਤੋਂ ਬਿਨਾਂ ਇਲਾਜ ਕਰਾਉਣ ਲਈ ਕਿੰਨਾ ਕੁਝ ਕੀਤਾ ਜਾ ਸਕਦਾ ਹੈ ਤੇ ਇਸ ਦੇ ਕਿੰਨੇ ਫ਼ਾਇਦੇ ਹਨ। ਕੀ ਇਹ ਇਲਾਜ ਸਿਰਫ਼ ਯਹੋਵਾਹ ਦੇ ਗਵਾਹਾਂ ਲਈ ਹਨ?” ਸੁਸਾਨਾ ਨੇ ਕਿਹਾ ਨਹੀਂ, ਤਾਂ ਟੀਚਰ ਬੋਲੀ, “ਅਗਲੀ ਵਾਰ ਜਦ ਯਹੋਵਾਹ ਦੇ ਗਵਾਹ ਮੇਰੇ ਘਰ ਆਉਣਗੇ, ਤਾਂ ਮੈਂ ਜ਼ਰੂਰ ਉਨ੍ਹਾਂ ਨਾਲ ਗੱਲਬਾਤ ਕਰਾਂਗੀ।”
ਸੁਸਾਨਾ ਨੇ 20 ਮਿੰਟਾਂ ਦੀ ਗੱਲਬਾਤ ਕਰਨ ਲਈ ਤਿਆਰੀ ਕੀਤੀ ਸੀ, ਪਰ ਇਹ ਗੱਲਬਾਤ ਤਿੰਨ ਘੰਟਿਆਂ ਤਕ ਚੱਲਦੀ ਰਹੀ। ਇਕ ਹਫ਼ਤੇ ਬਾਅਦ ਹੋਰਨਾਂ ਵਿਦਿਆਰਥੀਆਂ ਨੇ ਵੀ ਕਲਾਸ ਵਿਚ ਆਪੋ-ਆਪਣੇ ਧਰਮ ਬਾਰੇ ਗੱਲਬਾਤ ਕੀਤੀ। ਬਾਕੀਆਂ ਨੇ ਉਨ੍ਹਾਂ ਨੂੰ ਵੀ ਕਈ ਸਵਾਲ ਪੁੱਛੇ, ਪਰ ਉਹ ਆਪਣੇ ਵਿਸ਼ਵਾਸਾਂ ਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਸਕੇ। ਸੋ ਟੀਚਰ ਨੇ ਉਨ੍ਹਾਂ ਨੂੰ ਪੁੱਛਿਆ: ‘ਤੁਸੀਂ ਸੁਸਾਨਾ ਵਾਂਗ ਆਪਣੇ ਧਰਮ ਬਾਰੇ ਸਵਾਲਾਂ ਦੇ ਜਵਾਬ ਸਾਫ਼-ਸਾਫ਼ ਕਿਉਂ ਨਹੀਂ ਦੇ ਸਕਦੇ?’
ਜਵਾਬ ਆਇਆ: “ਉਹ ਤਾਂ ਬਾਈਬਲ ਦੀ ਸਟੱਡੀ ਕਰਦੀ ਰਹਿੰਦੀ ਹੈ। ਪਰ ਅਸੀਂ ਇੱਦਾਂ ਨਹੀਂ ਕਰਦੇ।”
ਫਿਰ ਟੀਚਰ ਨੇ ਸੁਸਾਨਾ ਨੂੰ ਕਿਹਾ, “ਮੰਨਣਾ ਪਊ ਕਿ ਤੁਸੀਂ ਲੋਕ ਬਾਈਬਲ ਦੀ ਸਟੱਡੀ ਕਰ ਕੇ ਉਸ ਦੀ ਸਿੱਖਿਆ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਹੋ। ਸ਼ਾਬਾਸ਼!”
ਜੇ ਸੁਸਾਨਾ ਚਾਹੁੰਦੀ, ਤਾਂ ਉਹ ਚੁੱਪ ਰਹਿ ਸਕਦੀ ਸੀ। ਪਰ ਉਸ ਨੇ ਦਲੇਰੀ ਨਾਲ ਗੱਲ ਕਰ ਕੇ ਉਸ ਇਸਰਾਏਲੀ ਕੁੜੀ ਦੀ ਰੀਸ ਕੀਤੀ ਜਿਸ ਨੂੰ ਸੀਰੀਆਈ ਲੋਕ ਬੰਦੀ ਬਣਾ ਕੇ ਲੈ ਗਏ ਸਨ। ਉਹ ਨਿੱਕੀ ਕੁੜੀ ਸੀਰੀਆਈ ਫ਼ੌਜ ਦੇ ਸੈਨਾਪਤੀ ਨਅਮਾਨ ਦੇ ਘਰ ਨੌਕਰਾਣੀ ਸੀ। ਉਸ ਸੈਨਾਪਤੀ ਨੂੰ ਕੋੜ੍ਹ ਦੀ ਬੀਮਾਰੀ ਸੀ। ਉਸ ਕੁੜੀ ਨੇ ਹਿੰਮਤ ਨਾਲ ਆਪਣੀ ਮਾਲਕਣ ਨੂੰ ਕਿਹਾ: “ਜੇ ਕਿਤੇ ਮੇਰਾ ਸੁਆਮੀ ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ ਹੈ ਤਾਂ ਉਹ ਉਹ ਨੂੰ ਉਹ ਦੇ ਕੋੜ੍ਹ ਤੋਂ ਚੰਗਿਆਂ ਕਰ ਦਿੰਦਾ।” ਕੁੜੀ ਸੱਚੇ ਪਰਮੇਸ਼ੁਰ ਯਹੋਵਾਹ ਬਾਰੇ ਗੱਲ ਕਰਨ ਤੋਂ ਆਪਣੇ ਆਪ ਨੂੰ ਰੋਕ ਨਾ ਸਕੀ। ਨਤੀਜੇ ਵਜੋਂ ਉਸ ਦਾ ਮਾਲਕ ਨਅਮਾਨ ਯਹੋਵਾਹ ਦਾ ਇਕ ਸੇਵਕ ਬਣ ਗਿਆ।—2 ਰਾਜ. 5:3, 17.
ਇਸੇ ਤਰ੍ਹਾਂ ਸੁਸਾਨਾ ਯਹੋਵਾਹ ਅਤੇ ਉਸ ਦੇ ਲੋਕਾਂ ਬਾਰੇ ਗਵਾਹੀ ਦੇਣ ਤੋਂ ਆਪਣੇ ਆਪ ਨੂੰ ਰੋਕ ਨਾ ਸਕੀ। ਜਦ ਉਸ ਦੇ ਵਿਸ਼ਵਾਸਾਂ ਬਾਰੇ ਸਵਾਲ ਉਠਾਏ ਗਏ, ਤਾਂ ਉਹ ਜਵਾਬ ਦੇਣ ਤੋਂ ਪਿੱਛੇ ਨਾ ਹਟੀ। ਉਸ ਨੇ ਬਾਈਬਲ ਦਾ ਇਹ ਹੁਕਮ ਮੰਨਿਆ: “ਮਸੀਹ ਨੂੰ ਪ੍ਰਭੁ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਭੈ ਨਾਲ।” (1 ਪਤ. 3:15) ਮੌਕਾ ਮਿਲਣ ਤੇ ਕੀ ਤੁਸੀਂ ਵੀ ਆਪਣੇ ਵਿਸ਼ਵਾਸਾਂ ਬਾਰੇ ਹੋਰਨਾਂ ਨੂੰ ਦੱਸਣ ਲਈ ਤਿਆਰ ਰਹਿੰਦੇ ਹੋ?
[ਸਫ਼ਾ 17 ਉੱਤੇ ਤਸਵੀਰ]
ਅਸੀਂ ਇਨ੍ਹਾਂ ਚੀਜ਼ਾਂ ਦੀ ਮਦਦ ਨਾਲ ਗਵਾਹੀ ਦੇ ਸਕਦੇ ਹਾਂ