ਮਰਨ ਤੋਂ ਬਾਅਦ ਕੀ ਹੁੰਦਾ ਹੈ?
“ਆਤਮਾ ਅਮਰ ਹੈ। ਦੁਸ਼ਟ ਲੋਕਾਂ ਦੀ ਵੀ ਆਤਮਾ ਅਮਰ ਹੁੰਦੀ ਹੈ। . . . ਉਨ੍ਹਾਂ ਨੂੰ ਅਜਿਹੀ ਅੱਗ ਵਿਚ ਸਾੜਿਆ ਜਾਂਦਾ ਹੈ ਜੋ ਕਦੀ ਬੁਝਦੀ ਨਹੀਂ, ਨਾਲੇ ਉਹ ਕਦੀ ਮਰ ਨਹੀਂ ਸਕਦੇ। ਇਸ ਲਈ ਉਨ੍ਹਾਂ ਨੂੰ ਹਮੇਸ਼ਾ-ਹਮੇਸ਼ਾ ਲਈ ਦੁੱਖ ਭੋਗਣੇ ਪੈਂਦੇ ਹਨ।”—ਦੂਜੀ ਅਤੇ ਤੀਜੀ ਸਦੀ ਦਾ ਲੇਖਕ, ਸਿਕੰਦਰੀਆ ਸ਼ਹਿਰ ਦਾ ਕਲੈਮੰਟ।
ਜਿਹੜੇ ਲੋਕ ਨਰਕ ਦੀ ਸਿੱਖਿਆ ਫੈਲਾਉਂਦੇ ਹਨ ਉਹ ਕਲੈਮੰਟ ਵਾਂਗ ਮੰਨਦੇ ਹਨ ਕਿ ਆਤਮਾ ਅਮਰ ਹੈ। ਕੀ ਬਾਈਬਲ ਮੁਤਾਬਕ ਇਹ ਸਿੱਖਿਆ ਸਹੀ ਹੈ? ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਦਾ ਬਚਨ ਅਗਲੇ ਸਵਾਲਾਂ ਦਾ ਕੀ ਜਵਾਬ ਦਿੰਦਾ ਹੈ।
ਕੀ ਪਹਿਲੇ ਇਨਸਾਨ ਆਦਮ ਵਿਚ ਅਮਰ ਆਤਮਾ ਸੀ? ਆਦਮ ਨੂੰ ਬਣਾਉਣ ਤੋਂ ਬਾਅਦ ਪਰਮੇਸ਼ੁਰ ਨੇ ਉਸ ਨੂੰ ਇਹ ਹੁਕਮ ਦਿੱਤਾ: “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤਪਤ 2:16, 17) ਸੋ ਆਦਮ ਵਿਚ ਅਮਰ ਆਤਮਾ ਨਹੀਂ ਸੀ। ਜੇ ਉਸ ਨੇ ਪਰਮੇਸ਼ੁਰ ਦਾ ਹੁਕਮ ਤੋੜਿਆ, ਤਾਂ ਉਸ ਨੇ ਜ਼ਰੂਰ ਮਰਨਾ ਸੀ।
ਪਾਪ ਕਰਨ ਤੋਂ ਬਾਅਦ ਆਦਮ ਨੂੰ ਕੀ ਹੋਇਆ ਸੀ? ਪਰਮੇਸ਼ੁਰ ਨੇ ਉਸ ਨੂੰ ਨਰਕ ਦੀ ਸਜ਼ਾ ਨਹੀਂ ਦਿੱਤੀ ਸੀ। ਬਲਕਿ ਉਸ ਨੇ ਕਿਹਾ: ‘ਤੂੰ ਆਪਣੇ ਮੂੰਹ ਦੇ ਮੁੜ੍ਹਕੇ ਨਾਲ ਰੋਟੀ ਖਾਵੇਂਗਾ ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇਂ ਕਿਉਂਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।’ (ਉਤਪਤ 3:19) ਇਸ ਤੋਂ ਪਤਾ ਲੱਗਦਾ ਹੈ ਕਿ ਜਦ ਆਦਮ ਦੀ ਮੌਤ ਹੋਈ, ਤਾਂ ਉਹ ਮਿੱਟੀ ਵਿਚ ਰਲ ਗਿਆ ਸੀ। ਉਸ ਵਿਚ ਆਤਮਾ ਵਰਗੀ ਕੋਈ ਚੀਜ਼ ਨਹੀਂ ਸੀ ਜੋ ਉਸ ਦੇ ਮਰਨ ਤੋਂ ਬਾਅਦ ਜੀਉਂਦੀ ਰਹੀ।
ਕੀ ਕੋਈ ਇਨਸਾਨ ਹਮੇਸ਼ਾ ਲਈ ਜੀਉਂਦਾ ਹੈ? ਸਾਰੇ ਇਨਸਾਨ ਮਰਦੇ ਹਨ। ਉਪਦੇਸ਼ਕ ਦੀ ਪੋਥੀ 3:20 ਵਿਚ ਬਾਈਬਲ ਕਹਿੰਦੀ ਹੈ ਕਿ ਸਾਰਿਆਂ ਦੇ ਸਾਰੇ ਇੱਕੋ ਥਾਂ ਜਾਂਦੇ ਹਨ, ਸਭ ਦੇ ਸਭ ਮਿੱਟੀ ਤੋਂ ਹਨ ਅਤੇ ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ।” ਪੌਲੁਸ ਰਸੂਲ ਨੇ ਲਿਖਿਆ: “ਇੱਕ ਮਨੁੱਖ [ਆਦਮ] ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀਆਂ 5:12) ਸਾਰੇ ਇਨਸਾਨ ਪਾਪ ਕਰਦੇ ਹਨ, ਇਸ ਲਈ ਉਹ ਸਾਰੇ ਮਰਦੇ ਹਨ।
ਕੀ ਮੁਰਦੇ ਕੁਝ ਜਾਣਦੇ ਹਨ ਜਾਂ ਕੁਝ ਮਹਿਸੂਸ ਕਰਦੇ ਹਨ? ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ।” (ਉਪਦੇਸ਼ਕ ਦੀ ਪੋਥੀ 9:5) ਬਾਈਬਲ ਦੱਸਦੀ ਹੈ ਕਿ ਮੌਤ ਤੋਂ ਬਾਅਦ ਨਾ “ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” (ਉਪਦੇਸ਼ਕ ਦੀ ਪੋਥੀ 9:10) ਸੋ ਮੁਰਦੇ ਨਾ ਕੁਝ ਜਾਣਦੇ ਹਨ ਤੇ ਨਾ ਹੀ ਉਹ ਕੁਝ ਸੋਚ ਸਕਦੇ ਜਾਂ ਮਹਿਸੂਸ ਕਰ ਸਕਦੇ ਹਨ। ਤਾਂ ਫਿਰ ਉਨ੍ਹਾਂ ਨੂੰ ਨਰਕ ਵਿਚ ਕਿਵੇਂ ਸਤਾਇਆ ਜਾ ਸਕਦਾ ਹੈ?
ਯਿਸੂ ਨੇ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ ਸੀ।a (ਯੂਹੰਨਾ 11:11-14) ਪਰ ਕਈ ਲੋਕ ਕਹਿੰਦੇ ਹਨ: ‘ਯਿਸੂ ਨੇ ਤਾਂ ਕਿਹਾ ਸੀ ਕਿ ਪਾਪੀਆਂ ਨੂੰ ਨਰਕ ਦੀ ਅੱਗ ਵਿਚ ਸੁੱਟਿਆ ਜਾਵੇਗਾ।’ ਆਓ ਆਪਾਂ ਦੇਖੀਏ ਕਿ ਯਿਸੂ ਨੇ ਨਰਕ ਬਾਰੇ ਕੀ ਕਿਹਾ ਸੀ। (w08 11/1)
[ਫੁਟਨੋਟ]
a ਹੋਰ ਜਾਣਕਾਰੀ ਲਈ ਸਫ਼ੇ 16 ਅਤੇ 17 ਉੱਤੇ “ਯਿਸੂ ਤੋਂ ਸਿੱਖੋ—ਮਰੇ ਹੋਏ ਲੋਕਾਂ ਦੇ ਮੁੜ ਜੀਉਂਦੇ ਹੋਣ ਦੀ ਉਮੀਦ” ਨਾਂ ਦਾ ਲੇਖ ਦੇਖੋ।